You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ ਨੂੰ ਮੁੱਖ ਰੱਖਦਿਆਂ ਹਰਭਜਨ ਮਾਨ ਦੀ ਸ਼੍ਰੋਮਣੀ ਪੰਜਾਬੀ ਐਵਾਰਡ ਨੂੰ ਨਾਂਹ - ਪ੍ਰੈੱਸ ਰਿਵੀਊ
ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਕਿਸਾਨੀ ਅੰਦੋਲਨ ਦੇ ਚਲਦਿਆਂ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਐਲਾਨੇ ਗਏ ਸ਼੍ਰੋਮਣੀ ਪੁਰਸਕਾਰ ਨੂੰ ਨਾਂਹ ਕਹਿ ਦਿੱਤੀ ਹੈ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਵੀਰਵਾਰ 3 ਦਸੰਬਰ ਨੂੰ ਸੂਬੇ ਦੇ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਐਵਾਰਡ ਲਈ ਨਾਵਾਂ ਦਾ ਐਲਾਨ ਹੋਇਆ ਸੀ ਅਤੇ ਹਰਭਜਨ ਮਾਨ ਦੀ ਸ਼੍ਰੋਮਣੀ ਗਾਇਕ ਵਜੋਂ ਇਹ ਐਵਾਰਡ ਦੇਣ ਲਈ ਚੋਣ ਹੋਈ ਸੀ।
ਹਰਭਜਨ ਮਾਨ ਨੇ ਬਕਾਇਦਾ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਇਸ ਐਵਾਰਡ ਲਈ ਚੁਣੇ ਜਾਣ ਦਾ ਧੰਨਵਾਦ ਕੀਤਾ ਪਰ ਨਾਲ ਹੀ ਲਿਖਿਆ ਕਿ ਉਹ ਇਹ ਐਵਾਰਡ ਨਹੀਂ ਲੈਣਾ ਚਾਹੁੰਦੇ ਅਤੇ 'ਸਾਡਾ ਸਭ ਦਾ ਧਿਆਨ ਇਸ ਵੇਲੇ ਸ਼ਾਂਤਮਈ ਕਿਸਾਨ ਅੰਦੋਲਨ ਵੱਲ ਹੋਣਾ ਚਾਹੀਦਾ ਹੈ'।
ਹਰਭਜਨ ਮਾਨ ਤੋਂ ਇਲਾਵਾ ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਨੇ ਵੀ ਸ਼੍ਰੋਮਣੀ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਦੀਆਂ ਗੋਡਨੀਆਂ ਲਵਾਈਆਂ: ਸ਼ਿਵ ਸੈਨਾ
ਸ਼ਿਵ ਸੈਨਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਨਵੇਂ ਖ਼ੇਤੀ ਕਾਨੂੰਨਾਂ ਦੇ ਖ਼ਿਲਾਫ਼ ਮੁਜ਼ਾਹਰਿਆਂ ਰਾਹੀਂ ਮੋਦੀ ਸਰਕਾਰ ਦੀਆਂ ਗੋਡਨੀਆਂ ਲਗਵਾ ਦਿੱਤੀਆਂ ਹਨ।
ਇੰਡੀਆ ਟੂਡੇ ਵਿੱਚ ਛਪੀ ਖ਼ਬਰ ਮੁਤਾਬਕ ਪੰਜਾਬ ਦੇ ਕਿਸਾਨਾਂ ਵੱਲੋਂ ਦਿਖਾਈ ਗਈ ਏਕਤਾ ਤੋਂ ਦੁਨੀਆਂ ਸਿੱਖ ਲੈ ਰਹੀ ਹੈ। ਸ਼ਿਵ ਸੈਨਾ ਨੇ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਸੁਣਨ ਦੀ ਅਪੀਲ ਵੀ ਕੀਤੀ ਹੈ।
ਸ਼ਿਵ ਸੈਨਾ ਦੇ ਪੱਤਰ ਸਾਮਨਾ ਦੇ ਸੰਪਾਦਕੀ ਲੇਖ ਵਿੱਚ ਕਿਹਾ ਗਿਆ ਹੈ, ''ਕੜਾਕੇ ਦੀ ਠੰਢ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਪਸੀਨੇ ਲਿਆ ਦਿੱਤੇ ਹਨ।"
"ਮੁਜ਼ਾਹਰਾ ਹੋਰ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ। ਮੋਦੀ ਸਰਕਾਰ ਨੂੰ ਪਹਿਲਾਂ ਕਦੇ ਅਜਿਹੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਸਰਕਾਰ ਨੂੰ ਕਿਸਾਨਾਂ ਨੇ ਘੁਟਨੇ ਟੇਕਣ ਤੇ ਮਜਬੂਰ ਕਰ ਦਿੱਤਾ ਹੈ।''
ਪੰਜਾਬ ਵਿੱਚ ਕੋਰੋਨਾ ਦੇ ਨਵੇਂ 726 ਕੇਸ, 20 ਮੌਤਾਂ
ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕਾਰਨ ਲੰਘੇ 24 ਘੰਟਿਆਂ ਵਿੱਚ 20 ਮੌਤਾਂ ਹੋ ਗਈਆਂ ਹਨ। 726 ਨਵੇਂ ਮਾਮਲਿਆਂ ਦੇ ਨਾਲ ਹੀ ਹੁਣ ਤੱਕ ਸੂਬੇ ਵਿੱਚ ਕੁੱਲ ਕੋਰੋਨਾ ਲਾਗ ਦੇ ਕੇਸ 1 ਲੱਖ 54 ਹਜ਼ਾਰ 788 ਹੋ ਗਏ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੈਡੀਕਲ ਬੁਲੇਟਿਨ ਦੇ ਹਵਾਲੇ ਨਾਲ ਇਸ ਵੇਲੇ ਪੰਜਾਬ ਵਿੱਚ 7,785 ਐਕਟਿਵ ਕੇਸ ਹਨ। ਮੋਹਾਲੀ ਵਿੱਚ 133 ਨਵੇਂ ਕੇਸ ਆਏ ਹਨ ਅਤੇ ਇਸ ਤੋਂ ਬਾਅਦ ਜਲੰਧਰ ਵਿੱਚ 126 ਅਤੇ ਲੁਧਿਆਣਾ ਵਿੱਚ 100 ਕੇਸ ਆਏ ਹਨ।
ਮੈਡੀਕਲ ਬੁਲੇਟਿਨ ਮੁਤਾਬਕ ਹੁਣ ਤੱਕ 643 ਮਰੀਜ਼ਾਂ ਨੂੰ ਲਾਗ ਤੋਂ ਛੁਟਕਾਰਾ ਮਿਲਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਹੈਦਰਾਬਾਦ ਨਗਰ ਨਿਗਮ ਚੋਣਾਂ: ਭਾਜਪਾ ਦੀਆਂ ਸੀਟਾਂ 4 ਤੋਂ 48 ਹੋਈਆਂ
ਹੈਦਰਾਬਾਦ ਨਗਰ ਨਿਗਮ ਚੋਣਾਂ ਵਿੱਚ ਤੇਲੰਗਾਨਾ ਦੀ ਟੀਆਰਐੱਸ ਪਾਰਟੀ ਨੇ ਸਭ ਤੋਂ ਵੱਧ 56 ਸੀਟਾਂ ਹਾਸਿਲ ਕੀਤੀਆਂ ਹਨ। ਪਰ ਸਭ ਤੋਂ ਵੱਧ ਫ਼ਾਇਦੇ ਵਿੱਚ ਭਾਜਪਾ ਰਹੀ ਹੈ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ ਭਾਜਪਾ ਨੂੰ 48 ਸੀਟਾਂ ਮਿਲੀਆਂ ਹਨ। ਅਸਦੁਦੀਨ ਓਵੈਸੀ ਦੀ ਪਾਰਟੀ ਏਆਈਐਮਆਈਐਮ 44 ਸੀਟਾਂ ਜਿੱਤਣ ਵਿੱਚ ਸਫ਼ਲ ਰਹੀ। ਭਾਜਪਾ ਨੂੰ 2016 ਵਿੱਚ 4 ਸੀਟਾਂ ਮਿਲੀਆਂ ਸਨ ਅਤੇ ਹੁਣ 48।
ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੇ ਖ਼ਾਤੇ ਵਿੱਚ ਦੋ ਸੀਟਾਂ ਹੀ ਆਈਆਂ ਅਤੇ ਇਸ ਵਾਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। 150 ਵਾਰਡਾਂ ਵਾਲੇ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਵਿੱਚ ਬਹੁਮਤ ਦਾ ਅੰਕੜਾ 75 ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: