ਐੱਲਪੀਜੀ ਸੰਕਟ: ਪੰਜਾਬ ਦੇ ਲੋਹਾ ਉਦਯੋਗ ਉੱਤੇ ਕੀ ਅਸਰ ਪਿਆ, ਐੱਲਪੀਜੀ ਦੀ ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 4 ਮਿੰਟ
ਐੱਲਪੀਜੀ ਸੰਕਟ ਦਾ ਅਸਰ ਹੁਣ ਉਦਯੋਗ ਉੱਤੇ ਨਜ਼ਰ ਆਉਣ ਲੱਗਾ ਹੈ। ਲੁਧਿਆਣਾ ਦਾ ਲੋਹਾ ਉਦਯੋਗ ਐੱਲਪੀਜੀ ਦੀ ਸਪਲਾਈ ਵਿੱਚ ਪਏ ਵਿਘਨ ਨਾਲ ਜੂਝ ਰਿਹਾ ਹੈ।
ਕਈ ਫੈਕਟਰੀਆਂ ਆਪਣੇ ਉਤਪਾਦਨ ਜਾਂ ਸਪਲਾਈ ਘਟਾਉਣ ਲਈ ਮਜਬੂਰ ਹਨ। ਲੋਹਾ ਉਦਯੋਗ ਵਿੱਚ ਲੋਹੇ ਨੂੰ ਨਰਮ, ਕਠੋਰ ਅਤੇ ਇਕਸਾਰ ਕਰਨ ਲਈ ਹੀਟ ਟ੍ਰੀਟਮੈਂਟ ਕੀਤੀ ਜਾਂਦੀ ਹੈ, ਜੋ ਐੱਲਪੀਜੀ ਨਾਲ ਹੁੰਦੀ ਹੈ।
ਲੋਹਾ ਉਦਯੋਗ ਨਾਲ ਜੁੜੇ ਉਦਯੋਗਪਤੀਆਂ ਦਾ ਦਾਅਵਾ ਹੈ ਕਿ ਐੱਲਪੀਜੀ ਸੰਕਟ ਕਾਰਨ ਉਨ੍ਹਾਂ ਨੂੰ ਹੀਟ ਟ੍ਰੀਟਮੈਂਟ ਲਈ ਲੋੜੀਂਦੀ ਸਪਲਾਈ ਨਹੀਂ ਮਿਲ ਰਹੀ, ਜਿਸ ਕਰਕੇ ਉਨ੍ਹਾਂ ਨੂੰ ਸਮੱਸਿਆ ਆ ਰਹੀ ਹੈ।
ਉਦਯੋਗਪਤੀਆਂ ਦਾ ਕਹਿਣਾ ਹੈ ਕਿ ਇਸ ਕਾਰਨ ਉਨ੍ਹਾਂ ਦੀ ਆਮਦਨ 'ਤੇ ਅਸਰ ਪੈ ਰਿਹਾ ਹੈ। ਨਾਲ ਹੀ ਉਨ੍ਹਾਂ ਨੂੰ ਐੱਲਪੀਜੀ ਭੱਠੀਆਂ ਨੂੰ ਡੀਜ਼ਲ ਭੱਠੀਆਂ ਵਿੱਚ ਬਦਲਣ ਲਈ ਵਾਧੂ ਖਰਚਾ ਕਰਨਾ ਪਵੇਗਾ।
ਐੱਲਪੀਜੀ ਦੀ ਵਰਤੋਂ ਕਿੱਥੇ ਹੁੰਦੀ ਹੈ
ਸੰਦੀਪ ਜੈਨ ਪਿਛਲੇ ਲੰਬੇ ਸਮੇਂ ਤੋਂ ਲੋਹਾ ਉਦਯੋਗ ਨਾਲ ਜੁੜੇ ਹੋਏ ਹਨ। ਉਹ ਲੁਧਿਆਣਾ ਵਿੱਚ ਐੱਲਐੱਸਆਰ ਫੋਰਜ ਪ੍ਰਾਈਵੇਟ ਲਿਮਿਟਡ ਫੈਕਟਰੀ ਚਲਾਉਂਦੇ ਹਨ।
ਉਨ੍ਹਾਂ ਦੀ ਫੈਕਟਰੀ ਵਿੱਚ ਲੋਹੇ ਨੂੰ ਆਕਾਰ ਦੇਣ ਦਾ ਕੰਮ ਹੁੰਦਾ ਹੈ। ਇਸ ਲਈ ਹਥੌੜੇ, ਦਬਾਅ ਅਤੇ ਰੋਲਿੰਗ ਪ੍ਰਕਿਰਿਆਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਦੀ ਫੈਕਟਰੀ ਵਿੱਚ ਤਿਆਰ ਹੋਇਆ ਲੋਹਾ ਟਰੈਕਟਰ ਬਣਾਉਣ ਵਾਲੀਆਂ ਨਾਮਵਰ ਫੈਕਟਰੀਆਂ ਨੂੰ ਸਪਲਾਈ ਹੁੰਦਾ ਹੈ।
ਉਹ ਕਹਿੰਦੇ ਹਨ, "ਲੋਹੇ ਨੂੰ ਆਕਾਰ ਦੇਣ ਵਾਲੇ ਉਦਯੋਗ ਵਿੱਚ ਮੁੱਖ ਕੰਮ ਹੀਟ ਟ੍ਰੀਟਮੈਂਟ ਦਾ ਹੁੰਦਾ ਹੈ। ਇਹ ਚਾਰ ਕਿਸਮਾਂ ਦੀ ਹੁੰਦੀ ਹੈ, ਲੋਹੇ ਨੂੰ ਨਰਮ ਕਰਨਾ (ਐਨੀਲਿੰਗ), ਇਕਸਾਰ ਕਰਨਾ (ਨਾਰਮਲਾਈਜ਼ਿੰਗ), ਕਠੋਰਤਾ ਵਧਾਉਣਾ (ਹਾਰਡਨਿੰਗ) ਅਤੇ ਭੁਰਭੁਰਾਪਨ ਘਟਾਉਣਾ (ਟੈਂਪਰਿੰਗ)। ਇਹ ਸਾਰੇ ਕੰਮ ਐੱਲਪੀਜੀ ਨਾਲ ਹੀ ਹੁੰਦੇ ਹਨ।"

ਸਪਲਾਈ ਵਿੱਚ ਵਿਘਨ ਪੈਣ ਨਾਲ ਕੀ ਪ੍ਰਭਾਵ ਪਿਆ
ਜੈਨ ਕਹਿੰਦੇ ਹਨ, "ਪਿਛਲੇ ਕਈ ਦਿਨਾਂ ਤੋਂ ਐੱਲਪੀਜੀ ਦੀ ਸਪਲਾਈ ਵਿੱਚ ਵਿਘਨ ਪੈਣ ਨਾਲ ਹੀਟ ਟ੍ਰੀਟਮੈਂਟ ਦਾ ਕੰਮ ਰੁਕ ਗਿਆ ਹੈ। ਅਸੀਂ ਮੁੱਖ ਤੌਰ 'ਤੇ ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਲੋਹਾ ਸਪਲਾਈ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਕਹਿ ਦਿੱਤਾ ਹੈ ਕਿ ਅਸੀਂ ਅਗਲੇ ਦਿਨਾਂ ਵਿੱਚ ਲੋਹਾ ਸਪਲਾਈ ਨਹੀਂ ਕਰ ਸਕਾਂਗੇ, ਕਿਉਂਕਿ ਅਸੀਂ ਹੀਟ ਟ੍ਰੀਟਮੈਂਟ ਨਹੀਂ ਕਰ ਸਕਦੇ।"
ਜੈਨ ਕਹਿੰਦੇ ਹਨ, "ਫਿਲਹਾਲ ਤਾਂ ਕੇਵਲ ਹੀਟ ਟ੍ਰੀਟਮੈਂਟ ਹੀ ਬੰਦ ਹੈ, ਪਰ ਸਾਨੂੰ ਲੋਹੇ ਨੂੰ ਆਕਾਰ ਦੇਣ ਵਾਲਾ ਕੰਮ ਵੀ ਬੰਦ ਕਰਨਾ ਪੈ ਸਕਦਾ ਹੈ। ਜੇਕਰ ਹੀਟ ਟ੍ਰੀਟਮੈਂਟ ਨਹੀਂ ਹੋ ਰਹੀ, ਤਾਂ ਅਸੀਂ ਲੋਹੇ ਨੂੰ ਆਕਾਰ ਦੇ ਕੇ ਕੀ ਕਰਾਂਗੇ।"
ਸ਼ਾਰੂ ਸਟੀਲ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਕੇਕੇ ਗਰਗ ਕਹਿੰਦੇ ਹਨ, "ਸਾਡਾ ਕੰਮ ਤੇਲ ਅਤੇ ਗੈਸ 'ਤੇ ਆਧਾਰਿਤ ਹੈ। ਐੱਲਪੀਜੀ ਦੀ ਘਾਟ ਕਾਰਨ ਗੈਸ ਪਲਾਂਟ ਬੰਦ ਪਿਆ ਹੈ। ਐੱਲਪੀਜੀ ਨਾਲ ਅਸੀਂ ਲੋਹੇ ਨੂੰ ਨਰਮ ਅਤੇ ਇਕਸਾਰ ਕਰਦੇ ਹਾਂ।"
"ਐੱਲਪੀਜੀ ਨਾ ਮਿਲਣ ਕਰਕੇ ਅਸੀਂ ਲੋਹੇ ਨੂੰ ਨਰਮ ਅਤੇ ਇਕਸਾਰ ਨਹੀਂ ਕਰ ਸਕ ਰਹੇ, ਜਿਸ ਕਰਕੇ ਸਾਡੇ ਉਤਪਾਦ ਨਹੀਂ ਵਿਕ ਰਹੇ ਅਤੇ ਸਾਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ।"
"ਜੇਕਰ ਲੋਹੇ ਨੂੰ ਆਕਾਰ ਦੇਣ ਵਾਲਾ ਕੰਮ ਬੰਦ ਹੋਇਆ ਤਾਂ ਲੋਹਾ ਖਰੀਦਣ ਦਾ ਕੰਮ ਵੀ ਬੰਦ ਹੋਵੇਗਾ, ਜਿਸ ਨਾਲ ਰੋਲਿੰਗ ਮਿਲਾਂ 'ਤੇ ਅਸਰ ਪਵੇਗਾ।"
ਜੈਨ ਕਹਿੰਦੇ ਹਨ, "ਮੇਰੀ ਫੈਕਟਰੀ ਵਿੱਚ ਬਣਦੇ ਉਤਪਾਦਾਂ ਵਿੱਚੋਂ 50 ਫੀਸਦੀ ਨੂੰ ਹੀਟ ਟ੍ਰੀਟਮੈਂਟ ਦੀ ਲੋੜ ਹੁੰਦੀ ਹੈ। ਜਿਹੜੇ ਉਤਪਾਦਾਂ ਨੂੰ ਇਸਦੀ ਲੋੜ ਨਹੀਂ, ਉਹ ਅਸੀਂ ਨਿਰਵਿਘਨ ਸਪਲਾਈ ਕਰ ਰਹੇ ਹਾਂ।"

ਉਦਯੋਗ ਕਿਹੜੇ ਨਵੇਂ ਰਾਹ ਲੱਭ ਰਹੇ ਹਨ
ਜੈਨ ਕਹਿੰਦੇ ਹਨ, "ਹੁਣ ਅਸੀਂ ਐੱਲਪੀਜੀ ਭੱਠੀਆਂ ਦੇ ਬਦਲ ਲੱਭ ਰਹੇ ਹਾਂ। ਇਸ ਲਈ ਅਸੀਂ ਐੱਲਪੀਜੀ ਅਧਾਰਤ ਭੱਠੀ ਨੂੰ ਡੀਜ਼ਲ ਭੱਠੀ ਵਿੱਚ ਬਦਲਣ ਬਾਰੇ ਸੋਚ ਰਹੇ ਹਾਂ। ਇਸ 'ਤੇ ਲਗਭਗ 10 ਤੋਂ 15 ਲੱਖ ਰੁਪਏ ਦਾ ਖਰਚਾ ਆਵੇਗਾ।"
ਕੇਕੇ ਗਰਗ ਕਹਿੰਦੇ ਹਨ, "ਅਸੀਂ ਨੁਕਸਾਨ ਝੱਲ ਰਹੇ ਹਾਂ। ਜੇਕਰ ਇਹ ਜਾਰੀ ਰਿਹਾ, ਤਾਂ ਇਸਦਾ ਅਸਰ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ 'ਤੇ ਪਵੇਗਾ। ਮਜ਼ਦੂਰਾਂ ਦੀ ਰੋਜ਼ੀ-ਰੋਟੀ ਕਿਵੇਂ ਚੱਲੇਗੀ।"
ਸੰਦੀਪ ਜੈਨ ਕਹਿੰਦੇ ਹਨ, "ਜੇਕਰ ਨੁਕਸਾਨ ਜਾਰੀ ਰਿਹਾ, ਤਾਂ ਅਸੀਂ ਮਜ਼ਬੂਰੀ ਵਿੱਚ ਮਜ਼ਦੂਰਾਂ ਨੂੰ ਛੁੱਟੀ 'ਤੇ ਭੇਜਣ ਲਈ ਮਜਬੂਰ ਹੋਵਾਂਗੇ।"

ਲੋਹਾ ਉਦਯੋਗ ਨਾਲ ਜੁੜੇ ਹੋਰ ਉਦਯੋਗਾਂ 'ਤੇ ਕੀ ਅਸਰ ਪਵੇਗਾ
ਫੈਡਰੇਸ਼ਨ ਆਫ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨਜ਼ ਦੇ ਪ੍ਰਧਾਨ ਬਦਿਸ਼ ਜਿੰਦਲ ਕਹਿੰਦੇ ਹਨ, "ਐੱਲਪੀਜੀ ਸੰਕਟ ਨਾਲ ਲੋਹਾ ਉਦਯੋਗ ਪ੍ਰਭਾਵਿਤ ਹੋਇਆ ਹੈ। ਇਸ ਦੇ ਪ੍ਰਭਾਵ ਨਾਲ ਆਟੋ ਪਾਰਟਸ ਅਤੇ ਹੋਰ ਸੰਬੰਧਿਤ ਉਦਯੋਗ ਵੀ ਪ੍ਰਭਾਵਿਤ ਹੋ ਰਹੇ ਹਨ।"
"ਸਾਰੇ ਉਦਯੋਗ ਇੱਕ-ਦੂਜੇ ਨਾਲ ਜੁੜੇ ਹਨ। ਇਸ ਸੰਕਟ ਨਾਲ ਐਕਸਪੋਰਟ ਅਤੇ ਉਦਯੋਗ ਦੇ ਵਿਕਾਸ ਦੋਵੇਂ 'ਤੇ ਅਸਰ ਪਵੇਗਾ।"

ਪ੍ਰਸ਼ਾਸਨ ਨੇ ਕੀ ਕਿਹਾ
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ, "ਘਰੇਲੂ ਵਰਤੋਂ ਲਈ ਐੱਲਪੀਜੀ ਗੈਸ ਕਾਫੀ ਹੈ। ਉਦਯੋਗਿਕ ਖੇਤਰ ਵਿੱਚ ਗੈਸ ਦੀ ਵਰਤੋਂ ਸਬੰਧੀ ਅਸੀਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































