'ਪੜ੍ਹਾਈ ਪੂਰੀ ਕਰਕੇ ਵਾਪਸ ਆਉਣ ਵਾਲਾ ਸੀ', ਕੈਨੇਡਾ ਵਿੱਚ ਗੁਰਕੀਰਤ ਦੇ ਕਥਿਤ ਕਤਲ ਬਾਰੇ ਮਾਪੇ ਕੀ ਬੋਲੇ

ਗੁਰਕੀਰਤ ਸਿੰਘ

ਤਸਵੀਰ ਸਰੋਤ, Gurkirat Family

ਤਸਵੀਰ ਕੈਪਸ਼ਨ, ਗੁਰਕੀਰਤ ਸਿੰਘ ਮਨੋਚਾ ਦਾ ਕਤਲ 14 ਮਾਰਚ ਦੀ ਰਾਤ ਨੂੰ ਕਰ ਦਿੱਤਾ ਗਿਆ ਸੀ
    • ਲੇਖਕ, ਵਿਸ਼ਣੂਕਾਂਤ ਤਿਵਾਰੀ
    • ਰੋਲ, ਬੀਬੀਸੀ ਪੱਤਰਕਾਰ, ਭੋਪਾਲ
  • ਪੜ੍ਹਨ ਦਾ ਸਮਾਂ: 5 ਮਿੰਟ

"ਬਹੁਤ ਨੇਕ ਬੱਚਾ ਸੀ। ਬਿਜ਼ਨਸ ਦੀ ਪੜ੍ਹਾਈ ਕਰਨ ਕੈਨੇਡਾ ਗਿਆ ਸੀ, ਹੁਣ ਕਦੇ ਨਹੀਂ ਆਵੇਗਾ।" ਫ਼ੋਨ 'ਤੇ ਇਹ ਕਹਿੰਦੇ ਹੋਏ ਪ੍ਰਭਕੀਰਤ ਸਿੰਘ ਮਨੋਚਾ ਦਾ ਗਲ਼ਾ ਭਰ ਆਇਆ।

ਦਰਅਸਲ ਉਨ੍ਹਾਂ ਦੇ ਛੋਟੇ ਭਰਾ ਗੁਰਕੀਰਤ ਸਿੰਘ ਮਨੋਚਾ ਦੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਦੇ ਇੱਕ ਸ਼ਹਿਰ ਫ਼ੋਰਟ ਸੇਂਟ ਜੌਨ ਵਿੱਚ ਕਥਿਤ ਤੌਰ 'ਤੇ 10-12 ਲੋਕਾਂ ਨੇ ਕੁੱਟਮਾਰ ਦੇ ਬਾਅਦ ਗੱਡੀ ਚੜ੍ਹਾ ਕੇ ਕਤਲ ਕਰ ਦਿੱਤਾ ਗਿਆ।

ਗੁਰਕੀਰਤ ਸਿੰਘ ਮਨੋਚਾ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦੇ ਉੱਜੈਨ ਜ਼ਿਲ੍ਹੇ ਦੇ ਰਹਿਣ ਵਾਲੇ ਸਨ।

23 ਸਾਲਾ ਗੁਰਕੀਰਤ ਸਿੰਘ ਮਨੋਚਾ ਉੱਜੈਨ ਦੇ ਆਪਣੇ ਘਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਨੇਡਾ ਦੇ ਨੌਰਦਰਨ ਲਾਈਟਸ ਕਾਲਜ ਵਿੱਚ ਬਿਜ਼ਨਸ ਮੈਨੇਜਮੈਂਟ ਦੇ ਪੋਸਟ ਡਿਗਰੀ ਡਿਪਲੋਮਾ ਪ੍ਰੋਗਰਾਮ ਦੀ ਪੜ੍ਹਾਈ ਕਰ ਰਹੇ ਸਨ।

ਇੱਥੇ ਹੀ 14 ਮਾਰਚ ਦੀ ਰਾਤ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।

ਕੈਨੇਡਾ ਪੁਲਿਸ ਨੇ ਹੁਣ ਤੱਕ ਕੀ ਜਾਣਕਾਰੀ ਦਿੱਤੀ

ਪ੍ਰਭਕੀਰਤ ਨੇ ਬੀਬੀਸੀ ਨਿਊਜ਼ ਨਾਲ ਗੱਲ ਕਰਦਿਆਂ ਕਿਹਾ, "ਜਿਸ ਰਾਤ ਮੇਰੇ ਭਰਾ ਨਾਲ ਇਹ ਘਟਨਾ ਹੋਈ ਉਸੇ ਰਾਤ ਮੈਂ ਲਗਭਗ ਤਿੰਨ-ਚਾਰ ਘੰਟੇ ਪਹਿਲਾਂ ਉਸ ਨਾਲ ਗੱਲ ਕੀਤੀ ਸੀ। ਬਹੁਤ ਦੂਰ ਰਹਿੰਦਾ ਸੀ ਤਾਂ ਅਸੀਂ ਫ਼ੋਨ 'ਤੇ ਹੀ ਰੋਜ਼ਾਨਾ ਹਾਲਚਾਲ ਲੈ ਲੈਂਦੇ ਸੀ। ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਭਰਾ ਨਾਲ ਉਹ ਆਖ਼ਰੀ ਗੱਲ ਹੋਵੇਗੀ।"

ਫਿਲਹਾਲ ਪਰਿਵਾਰ ਸਦਮੇ ਵਿੱਚ ਹੈ ਅਤੇ ਪਰੇਸ਼ਾਨ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਗੁਰਕੀਰਤ ਦੇ ਕਤਲ ਦੇ ਸਬੰਧ ਵਿੱਚ ਰੌਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਜੇ ਆਉਣੀ ਬਾਕੀ ਹੈ, ਜੋ ਮੌਤ ਦੇ ਕਾਰਨ ਨੂੰ ਸਪਸ਼ਟ ਕਰੇਗੀ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਵਿੱਚ ਅਹਿਮ ਭੂਮਿਕਾ ਨਿਭਾਏਗੀ।

ਮੋਹਨ ਯਾਦਵ

ਤਸਵੀਰ ਸਰੋਤ, X

ਤਸਵੀਰ ਕੈਪਸ਼ਨ, ਮੋਹਨ ਯਾਦਵ 17 ਮਾਰਚ ਨੂੰ ਉੱਜੈਨ ਵਿੱਚ ਗੁਰਕੀਰਤ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ

ਗੁਰਕੀਰਤ ਨਾਲ ਵਾਪਰੀ ਘਟਨਾ ਬਾਰੇ ਦੋਸਤ ਨੇ ਫ਼ੋਨ ਕਰ ਕੇ ਦੱਸਿਆ

ਪਰਿਵਾਰ ਨੂੰ ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਉਸ ਰਾਤ ਗੁਰਕੀਰਤ ਆਪਣੇ ਕੰਮ ਤੋਂ ਬਾਅਦ ਕੁਝ ਸਾਥੀਆਂ ਨਾਲ ਬਾਹਰ ਗਏ ਸਨ।

ਪ੍ਰਭਕੀਰਤ ਨੇ ਕਿਹਾ, "ਜੋ ਪਤਾ ਲੱਗਿਆ ਹੈ ਉਸਦੇ ਹਿਸਾਬ ਨਾਲ ਆਪਣੇ ਕਾਲਜ ਦੇ ਕੁਝ ਹੋਰ ਦੋਸਤਾਂ ਨਾਲ ਕੰਮ ਤੋਂ ਬਾਅਦ ਬਾਹਰ ਗਿਆ ਸੀ। ਆਮ ਤੌਰ 'ਤੇ ਜਿਵੇਂ ਸਾਰੇ ਬੱਚੇ ਜਾਂਦੇ ਹਨ। ਕਿਸੇ ਗੱਲ ਨੂੰ ਲੈ ਕੇ ਉਸ ਗਰੁੱਪ ਵਿੱਚ ਵਿਵਾਦ ਹੋਇਆ, ਬਹਿਸ ਅੱਗੇ ਵਧੀ ਅਤੇ ਹਿੰਸਕ ਹੋ ਗਈ। ਪਹਿਲਾਂ ਤਾਂ ਭਰਾ ਨੂੰ ਬਹੁਤ ਮਾਰਿਆ ਫਿਰ ਉਸ 'ਤੇ ਗੱਡੀ ਚੜ੍ਹਾ ਦਿੱਤੀ। ਬਾਕੀ ਪੁਲਿਸ ਅਜੇ ਜਾਂਚ ਕਰ ਰਹੀ ਹੈ।"

ਉਨ੍ਹਾਂ ਨੇ ਕਿਹਾ, "ਉਥੋਂ ਗੁਰਕੀਰਤ ਦੇ ਇੱਕ ਦੋਸਤ ਨੇ ਫ਼ੋਨ ਕਰਕੇ ਦੱਸਿਆ ਕਿ ਇਹ ਹੋ ਗਿਆ ਹੈ। ਉਸ ਨੂੰ ਬਹੁਤ ਸੱਟ ਲੱਗੀ ਸੀ।"

ਪਰਿਵਾਰ ਦੇ ਮੁਤਾਬਕ, ਗੁਰਕੀਰਤ 'ਤੇ 10 ਤੋਂ 12 ਲੋਕਾਂ ਦੇ ਸਮੂਹ ਨੇ ਹਮਲਾ ਕੀਤਾ। ਗੰਭੀਰ ਤੌਰ 'ਤੇ ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

ਪਿਤਾ ਦੇ ਬਿਜ਼ਨਸ ਨੂੰ ਅੱਗੇ ਵਧਾਉਣਾ ਚਾਹੁੰਦੇ ਸਨ

ਗੁਰਕੀਰਤ ਦੇ ਭਰਾ ਦੱਸਦੇ ਹਨ ਕਿ ਪੜ੍ਹਾਈ ਵਿੱਚ ਚੰਗੇ ਹੋਣ ਕਰਕੇ ਉਨ੍ਹਾਂ ਦੇ ਭਰਾ ਨੇ ਕੈਨੇਡਾ ਤੋਂ ਬਿਜ਼ਨਸ ਦੀ ਪੜ੍ਹਾਈ ਕਰਨ ਦਾ ਪਲਾਨ ਕੀਤਾ ਸੀ।

ਉਹ ਕਹਿੰਦੇ ਹਨ, "ਉਸਦਾ ਸੁਪਨਾ ਸੀ ਕਿ ਚੰਗੀ ਤੋਂ ਚੰਗੀ ਥਾਂ ਤੋਂ ਪੜ੍ਹਾਈ ਕਰਕੇ ਪਿਤਾ ਜੀ ਦੇ ਬਿਜ਼ਨਸ ਨੂੰ ਵਧਾਉਣਾ ਚਾਹੁੰਦਾ ਸੀ। ਗ੍ਰੈਜੂਏਸ਼ਨ ਤੋਂ ਬਾਅਦ ਉਸ ਨੇ ਸਭ ਕੁਝ ਪਤਾ ਕਰਕੇ ਕੈਨੇਡਾ ਵਿੱਚ ਪੜ੍ਹਾਈ ਕਰਨ ਦਾ ਮਨ ਬਣਾਇਆ। ਅਸੀਂ ਉਸਦੀ ਪੜ੍ਹਾਈ ਲਈ ਐਜੂਕੇਸ਼ਨ ਲੋਨ ਲਿਆ ਅਤੇ 2024 ਵਿੱਚ ਉਹ ਪੜ੍ਹਾਈ ਕਰਨ ਗਿਆ ਸੀ। ਕੁਝ ਹੀ ਸਮੇਂ ਵਿੱਚ ਪੜ੍ਹਾਈ ਪੂਰੀ ਕਰਕੇ ਵਾਪਸ ਆਉਣਾ ਸੀ।"

ਪਰਿਵਾਰ ਦੇ ਅਨੁਸਾਰ, ਗੁਰਕੀਰਤ ਦਾ ਟੀਚਾ ਆਪਣਾ ਕੋਰਸ ਪੂਰਾ ਕਰਨਾ, ਬਿਜ਼ਨਸ ਮੈਨੇਜਮੈਂਟ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਹਾਸਲ ਕਰਨਾ ਅਤੇ ਫਿਰ ਭਾਰਤ ਮੁੜ ਕੇ ਆਪਣੇ ਪਿਤਾ ਦੇ ਫੂਡ ਸਪਲਾਈ ਕਾਰੋਬਾਰ ਨੂੰ ਅੱਗੇ ਵਧਾਉਣਾ ਸੀ।

ਗੁਰਕੀਰਤ ਦੇ ਭਰਾ ਦੱਸਦੇ ਹਨ ਕਿ ਉਨ੍ਹਾਂ ਲਈ ਇਹ ਸਿਰਫ਼ ਪੜ੍ਹਾਈ ਨਹੀਂ ਸੀ, ਬਲਕਿ ਪਰਿਵਾਰ ਅਤੇ ਪਿਤਾ ਦੇ ਸਾਲਾਂ ਦੇ ਕੰਮ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਤਿਆਰੀ ਸੀ।

ਉਨ੍ਹਾਂ ਦੇ ਪਿਤਾ ਗੁਰਜੀਤ ਸਿੰਘ ਮਨੋਚਾ ਦੱਸਦੇ ਹਨ ਕਿ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਬੇਟੇ ਨਾਲ ਗੱਲ ਹੋਈ ਸੀ। ਉਨ੍ਹਾਂ ਨੇ ਕਿਹਾ, "ਜਿਵੇਂ ਬਾਕੀ ਦਿਨਾਂ ਵਿੱਚ ਗੱਲ ਹੁੰਦੀ ਸੀ ਵੈਸੇ ਹੀ ਉਸ ਦਿਨ ਵੀ ਹੋਈ। ਉਸਨੇ ਕਿਹਾ ਸੀ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਵਾਲਾ ਹੈ ਅਤੇ ਜਲਦੀ ਘਰ ਆ ਜਾਵੇਗਾ।"

ਮੋਹਨ ਯਾਦਵ

ਤਸਵੀਰ ਸਰੋਤ, X

ਤਸਵੀਰ ਕੈਪਸ਼ਨ, ਮੋਹਨ ਯਾਦਵ ਹਰ ਸੰਭਵ ਦਾ ਭਰੋਸਾ ਦਿੱਤਾ

ਪੜ੍ਹਾਈ ਦੇ ਨਾਲ-ਨਾਲ ਕਰਦੇ ਸਨ ਕੰਮ

ਕੈਨੇਡਾ ਵਿੱਚ ਗੁਰਕੀਰਤ ਹਫ਼ਤੇ ਵਿੱਚ ਚਾਰ ਦਿਨ ਕਾਲਜ ਵਿੱਚ ਪੜ੍ਹਾਈ ਕਰਦੇ ਸਨ ਅਤੇ ਬਾਕੀ ਤਿੰਨ ਦਿਨ ਕੰਮ ਕਰਦੇ ਸਨ। ਪਰਿਵਾਰ ਦੇ ਮੁਤਾਬਕ, ਉਨ੍ਹਾਂ ਨੇ ਇੱਕ ਸਥਾਨਕ ਸੁਪਰਮਾਰਕੀਟ ਵਿੱਚ ਨੌਕਰੀ ਵੀ ਕਰ ਲਈ ਸੀ ਤਾਂ ਜੋ ਆਪਣੇ ਖ਼ਰਚਿਆਂ ਨੂੰ ਸੰਭਾਲ ਸਕਣ।

ਦੂਜੇ ਪਾਸੇ, ਉੱਜੈਨ ਵਿੱਚ ਗੁਰਕੀਰਤ ਦਾ ਪਰਿਵਾਰ ਆਪਣੇ ਬੇਟੇ ਦੀ ਮ੍ਰਿਤਕ ਦੇਹ ਲਿਆਂਦੇ ਜਾਣ ਦਾ ਇੰਤਜ਼ਾਰ ਕਰ ਰਿਹਾ ਹੈ।

ਵਿਦੇਸ਼ ਤੋਂ ਕਿਸੇ ਵਿਅਕਤੀ ਦੀ ਦੇਹ ਨੂੰ ਭਾਰਤ ਵੈ ਕੇ ਆਉਣਾ ਇੱਕ ਸਮਾਂ ਲੈਣ ਵਾਲੀ ਪ੍ਰਕਿਰਿਆ ਹੁੰਦੀ ਹੈ, ਖ਼ਾਸ ਤੌਰ 'ਤੇ ਜਦੋਂ ਮਾਮਲਾ ਅਪਰਾਧਿਕ ਜਾਂਚ ਨਾਲ ਜੁੜਿਆ ਹੋਵੇ।

ਪ੍ਰਭਕੀਰਤ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ ਕਿ ਉਨ੍ਹਾਂ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮਦਦ ਲਈ ਬੇਨਤੀ ਕੀਤੀ ਹੈ।

ਉਨ੍ਹਾਂ ਨੇ ਕਿਹਾ, "ਸਾਨੂੰ ਦੱਸਿਆ ਗਿਆ ਕਿ ਪੋਸਟਮਾਰਟਮ 20 ਮਾਰਚ ਤੱਕ ਪੂਰਾ ਹੋ ਸਕਦਾ ਹੈ। ਅਸੀਂ ਆਪਣੀ ਸੂਬਾ ਅਤੇ ਕੇਂਦਰ ਸਰਕਾਰ ਤੋਂ ਭਰਾ ਦੀ ਦੇਹ ਨੂੰ ਘਰ ਲੈ ਕੇ ਆਉਣ ਵਿੱਚ ਮਦਦ ਮੰਗੀ ਹੈ।"

ਗੁਰਕੀਰਤ ਸਿੰਘ ਦੇ ਕੈਨੇਡਾ ਵਿੱਚ ਕਤਲ ਤੋਂ ਬਾਅਦ ਮੰਗਲਵਾਰ 17 ਮਾਰਚ ਨੂੰ ਮੁੱਖ ਮੰਤਰੀ ਡਾ. ਮੋਹਨ ਯਾਦਵ ਪਰਿਵਾਰਕ ਮੈਂਬਰਾਂ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ। ਉੱਜੈਨ ਵਿੱਚ ਦੇਵਾਸ ਰੋਡ ਸਥਿਤ ਪਾਰਸ਼ਵਨਾਥ ਸਿਟੀ ਵਿੱਚ ਮੁੱਖ ਮੰਤਰੀ ਨੇ ਪਰਿਵਾਰ ਦੇ ਮੈਂਬਰਾਂ ਨਾਲ ਚਰਚਾ ਕਰਕੇ ਹਮਦਰਦੀ ਜਤਾਈ ਅਤੇ ਮਦਦ ਦਾ ਭਰੋਸਾ ਦਿੱਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)