ਯੂਕੇ ਵਿੱਚ ਸਿੱਖ ਸੁਪਰਹੀਰੋ ਵਾਲੀ ਅੰਗਰੇਜ਼ੀ ਫ਼ਿਲਮ ਬਣੀ, ਇਸ ਫਿਲਮ ਵਿੱਚ ਸਿੱਖਾਂ ਦੇ ਕਿਹੜੇ ਮੁੱਦੇ ਦਿਖਾਏ ਗਏ

ਤਸਵੀਰ ਸਰੋਤ, FlexSingh Studios
- ਲੇਖਕ, ਐਮੀ ਕੋਲ
- ਰੋਲ, ਬੀਬੀਸੀ ਮਿਡਲੈਂਡਸ ਟੂਡੇਅ
- ਲੇਖਕ, ਐਂਡ੍ਰੀਊ ਡੋਅਕਿਨਸ
- ਰੋਲ, ਵੈਸਟ ਮਿਡਲੈਂਡਸ
- ਪੜ੍ਹਨ ਦਾ ਸਮਾਂ: 4 ਮਿੰਟ
ਅੰਗ੍ਰੇਜ਼ੀ ਭਾਸ਼ਾ 'ਚ ਸਿੱਖ ਸੁਪਰਹੀਰੋ ਫਿਲਮ ਬਣਾਉਣ ਵਾਲੇ ਫਲੈਕਸ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਭਾਈਚਾਰੇ ਨੂੰ 'ਹਰ ਸੰਭਵ ਬਿਹਤਰੀਨ ਤਰੀਕੇ' ਨਾਲ ਦਰਸਾਉਣਾ ਚਾਹੁੰਦਾ ਹੈ।
ਫਲੈਕ ਸਿੰਘ ਨੇ ‘ਨਾਈਨਥ ਮਾਸਟਰ: ਵੇਅ ਆਫ ਏ ਵਾਰੀਅਰ’ ਫਿਲਮ ਬਣਾਈ ਹੈ। ਇਹ ਫਿਲਮ ਅੰਗਰੇਜ਼ੀ ਭਾਸ਼ਾ ਵਿੱਚ ਹੈ।
ਵੋਲਵਰਹੈਮਪਟਨ ਦੇ ਰਹਿਣ ਵਾਲੇ ਡਾਇਰੈਕਟਰ ਫਲੈਕਸ ਸਿੰਘ ਕਹਿੰਦੇ ਹਨ, "ਹੌਲੀਵੁੱਡ ਜਾਂ ਬ੍ਰਿਟਿਸ਼ ਸਿਨੇਮਾ 'ਚ ਮੈਂ ਕੋਈ ਮੇਰੇ ਵਰਗੀ ਦਿੱਖ ਵਾਲਾ ਕਿਰਦਾਰ ਨਹੀਂ ਦੇਖਿਆ।"
ਉਨ੍ਹਾਂ ਦੇ ਸਟੂਡੀਓ ਮੁਤਾਬਿਕ ਫਿਲਮ ਨਾਈਨਥ ਮਾਸਟਰ: ਵੇਅ ਆਫ ਏ ਵਾਰੀਅਰ, ਇੱਕ ਮਾਰਸ਼ਲ ਆਰਟਸ ਐਕਸ਼ਨ ਫਿਲਮ ਹੈ ਜਿਸ ਦਾ ਥੀਮ ਬਹਾਦਰੀ ਅਤੇ ਅਨੁਸ਼ਾਸਨ ਹੈ ਪਰ ਇਸ ਦੀਆਂ ਜੜ੍ਹਾਂ 'ਅਜੋਕੇ ਬ੍ਰਿਟੇਨ' ਨਾਲ ਜੁੜੀਆਂ ਹੋਈਆਂ ਹਨ।
ਅੰਗਰੇਜ਼ੀ ’ਚ ਬਣੀ ਪਹਿਲੀ ਸਿੱਖ ਸੁਪਰਹੀਰੋ ਫਿਲਮ ਹੋਣ ਦਾ ਦਾਅਵਾ

ਫਲੈਕਸ ਸਿੰਘ ਮੁਤਾਬਕ ਉਨ੍ਹਾਂ ਦੀ ਫਿਲਮ 'ਦੁਨੀਆ ਦੀ ਪਹਿਲੀ ਸਿੱਖ ਸੁਪਰਹੀਰੋ ਫਿਲਮ ਹੈ ਜੋ ਅੰਗ੍ਰੇਜ਼ੀ ਭਾਸ਼ਾ 'ਚ ਬਣਾਈ ਗਈ ਹੈ।' ਉਹ ਕਹਿੰਦੇ ਹਨ, "ਮੇਰੇ ਲਈ ਮੇਰੀ ਪੱਗ ਮੇਰੇ ਸਿਰ ਦਾ ਤਾਜ ਹੈ। ਇਹ ਮੇਰੀ ਪਛਾਣ ਹੈ, ਮੇਰੀ ਤਾਕਤ ਹੈ ਅਤੇ ਮੇਰੀ ਜ਼ਿੰਮੇਵਾਰੀ ਹੈ।"
"ਮੈਂ ਚਾਹੁੰਦਾ ਹਾਂ ਕਿ ਨੌਜਵਾਨ ਪੀੜ੍ਹੀ, ਨਾ ਸਿਰਫ਼ ਸਿੱਖ ਸਗੋਂ ਤਮਾਮ ਬ੍ਰਿਟਿਸ਼ ਬੱਚੇ ਸਮਝਣ ਕਿ ਤੁਸੀਂ ਜੋ ਵੀ ਹੋ, ਉਸ 'ਤੇ ਮਾਣ ਮਹਿਸੂਸ ਕਰ ਸਕਦੇ ਹੋ ਅਤੇ ਕਹਾਣੀ ਦਾ ਹਿੱਸਾ ਬਣ ਸਕਦੇ ਹੋ।"
ਫਲੈਕਸ ਸਿੰਘ, ਜਿਨ੍ਹਾਂ ਨੇ ਖੁਦ ਇਹ ਫਿਲਮ ਲਿਖੀ ਅਤੇ ਇਸ 'ਚ ਮੁੱਖ ਕਿਰਦਾਰ ਵੀ ਨਿਭਾਇਆ, ਕਹਿੰਦੇ ਹਨ ਜਦੋਂ ਉਹ ਵੱਡੇ ਹੋ ਰਹੇ ਸਨ ਤਾਂ ਉਨ੍ਹਾਂ ਨੂੰ ਫਿਲਮਾਂ, ਖਾਸ ਤੌਰ 'ਤੇ ਮਾਰਸ਼ਲ ਆਰਟਸ 'ਤੇ ਆਧਾਰਿਤ ਫਿਲਮਾਂ ਨੇ ਕਾਫੀ ਪ੍ਰੇਰਿਤ ਕੀਤਾ।"
ਉਹ ਅੱਗੇ ਕਹਿੰਦੇ ਹਨ, "ਸਿੱਖ ਹਮੇਸ਼ਾ ਤੋਂ ਹੀ ਬਹਾਦਰ ਯੋਧੇ ਰਹੇ ਹਨ ਅਤੇ ਮੈਂ ਆਪਣੇ ਭਾਈਚਾਰੇ ਨੂੰ ਬਿਹਤਰੀਨ ਢੰਗ ਨਾਲ ਦਰਸਾਉਣਾ ਚਾਹੁੰਦਾ ਹਾਂ।"
2021 ਦੀ ਜਨਗਣਨਾ ਮੁਤਾਬਕ, ਇੰਗਲੈਂਡ ਦੇ ਵੈਸਟ ਮਿਡਲੈਂਡਸ 'ਚ ਸਿੱਖਾਂ ਦੀ ਵੱਡੀ ਆਬਾਦੀ ਹੈ।

'ਸਿੱਖ ਭਾਈਚਾਰੇ ਨੂੰ 'ਬਿਹਤਰੀਨ ਤਰੀਕੇ' ਨਾਲ ਦਰਸਾਉਣਾ ਚਾਹੁੰਦਾ'
ਇਸ ਫਿਲਮ ਨੂੰ ਬਣਨ 'ਚ ਚਾਰ ਸਾਲ ਲੱਗੇ ਅਤੇ ਇਹ ਬਰਮਿੰਘਮ, ਵੋਲਵਰਹੈਮਪਟਨ, ਲੰਡਨ ਅਤੇ ਵੇਲਜ਼ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਹੋਈ।
ਫਲੈਕਸ ਸਿੰਘ ਦੱਸਦੇ ਹਨ ਕਿ ਇਹ ਫਿਲਮ, "ਇੱਕ ਅਜਿਹੇ ਨੌਜਵਾਨ ਦੀ ਕਹਾਣੀ ਅਤੇ ਜ਼ਿੰਦਗੀ ਜਿਉਣ ਦੇ ਤਰੀਕੇ 'ਤੇ ਆਧਾਰਿਤ ਹੈ, ਜੋ ਅਨਾਥ ਹੈ ਅਤੇ ਜਿਸ ਨੂੰ ਸਿਰਫ਼ ਉਸਦੀ ਦਿੱਖ ਕਾਰਨ ਨਕਾਰ ਦਿੱਤਾ ਗਿਆ ਸੀ।"
"ਫਿਰ ਇੱਕ ਦਿਨ ਉਹ ਸਾਮੂਰਾਏ ਸੈਨਸੇਈ (ਮਾਰਸ਼ਲ ਆਰਟਸ ਗੁਰੂ) ਨੂੰ ਮਿਲਦਾ ਹੈ, ਜਿਸ ਨੂੰ ਸਿਖਾਉਂਦੇ ਹਨ ਕਿ ਅਸਲ 'ਚ ਅਨੁਸ਼ਾਸਨ ਕੀ ਹੁੰਦਾ ਅਤੇ ਕਿਵੇਂ ਉਹ ਨਾ ਸਿਰਫ਼ ਖੁਦ ਨੂੰ ਬਲਕਿ ਹੋਰਨਾਂ ਲੋਕਾਂ ਦੀ ਵੀ ਰੱਖਿਆ ਕਰ ਸਕਦਾ ਹੈ।"
ਵੀਰਵਾਰ ਨੂੰ ਬਰਮਿੰਘਮ ਦੇ ਮਿਡਲੈਂਡਸ ਆਰਟਸ ਸੈਂਟਰ 'ਚ ਇਸ ਫਿਲਮ ਦਾ ਪ੍ਰੀਮੀਅਰ ਕੀਤਾ ਗਿਆ।
ਸਮਾਗਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਫਲੈਕਸ ਸਿੰਘ ਨੇ ਦੱਸਿਆ ਕਿ ਇਸ ਸਮਾਗਮ 'ਚ ਉਸਦੇ ਬਚਪਨ ਦੇ ਦੋਸਤ ਅਤੇ ਸਕੂਲ ਅਧਿਆਪਕ ਵੀ ਮੌਜੂਦ ਹਨ।
ਉਹ ਦੱਸਦੇ ਹਨ, "ਸਕੂਲ ਜਾਣ ਤੋਂ ਲੈਕੇ ਗਲੀਆਂ 'ਚ ਫੁੱਟਬਾਲ ਖੇਡਣ ਤੱਕ , ਮੈਂ ਮਿਡਲੈਂਡਸ 'ਚ ਵੱਡਾ ਹੋਇਆ ਹਾਂ।"
"ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਮਿਡਲੈਂਡਸ ਨੂੰ ਸ਼ਾਨਦਾਰ ਤਰੀਕੇ ਨਾਲ ਪੇਸ਼ ਕਰ ਸਕਿਆ।"
"ਇਹ ਇੱਕ ਅਜਿਹੀ ਥਾਂ ਹੈ ਜੋ ਹੁਨਰ ਅਤੇ ਰਚਨਾਤਮਕਤਾ ਨਾਲ ਭਰੀ ਹੋਈ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)































