ਈਰਾਨ ਜੰਗ : ਤੇਲ ਤੋਂ ਇਲਾਵਾ ਦਵਾਈਆਂ, ਖਾਦਾਂ ਸਣੇ ਰੋਜ਼ਾਨਾ ਜੀਵਨ ਦੀਆਂ ਇਹ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ, ਭਾਰਤ 'ਤੇ ਕੀ ਅਸਰ ਪੈ ਸਕਦਾ ਹੈ

ਤਸਵੀਰ ਸਰੋਤ, KARIM SAHIB/AFP via Getty Images
- ਲੇਖਕ, ਏਂਜਲ ਬਰਮਿਊਡੇਜ਼
- ਰੋਲ, ਬੀਬੀਸੀ ਨਿਊਜ਼ ਵਰਲਡ
- ਪੜ੍ਹਨ ਦਾ ਸਮਾਂ: 9 ਮਿੰਟ
ਅਮਰੀਕਾ ਅਤੇ ਇਜ਼ਰਾਇਲ ਵੱਲੋਂ ਈਰਾਨ ਦੇ ਖ਼ਿਲਾਫ਼ ਜੰਗ ਸ਼ੁਰੂ ਕੀਤੇ 23 ਦਿਨ ਹੋ ਚੁੱਕੇ ਹਨ। ਇਸ ਟਕਰਾਅ ਦਾ ਅਸਰ ਹੁਣ ਦੁਨੀਆ ਦੀ ਅਰਥਵਿਵਸਥਾ 'ਤੇ ਸਾਫ਼ ਦਿਖਾਈ ਦੇਣ ਲੱਗ ਪਿਆ ਹੈ।
ਲੰਘੀ 9 ਮਾਰਚ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਮਾਪਦੰਡ ਮੰਨੇ ਜਾਣ ਵਾਲੇ ਬ੍ਰੈਂਟ ਅਤੇ ਡਬਲਯੂਟੀਆਈ ਕਰੂਡ ਦੀਆਂ ਕੀਮਤਾਂ ਪਹਿਲੀ ਵਾਰ 2022 ਤੋਂ ਬਾਅਦ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚਲੀਆਂ ਗਈਆਂ ਸਨ।
ਹਾਲਾਂਕਿ ਉਸੇ ਦਿਨ ਇਹ ਕੀਮਤਾਂ ਘੱਟ ਕੇ 95 ਡਾਲਰ ਤੋਂ ਹੇਠਾਂ ਆ ਗਈਆਂ ਸਨ। ਪਰ ਬੀਤੇ ਕੁਝ ਦਿਨਾਂ ਵਿੱਚ ਤੇਲ ਟੈਂਕਰਾਂ 'ਤੇ ਕੀਤੇ ਗਏ ਨਵੇਂ ਹਮਲਿਆਂ ਤੋਂ ਬਾਅਦ ਕੱਚੇ ਤੇਲ ਦੀ ਕੀਮਤ ਇੱਕ ਵਾਰ ਫਿਰ 100 ਡਾਲਰ ਪ੍ਰਤੀ ਬੈਰਲ ਦੇ ਨੇੜੇ-ਤੇੜੇ ਚੱਲ ਰਹੀ ਹੈ।
27 ਫ਼ਰਵਰੀ ਨੂੰ, ਭਾਵ ਸੰਘਰਸ਼ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ, ਬ੍ਰੈਂਟ ਅਤੇ ਡਬਲਯੂਟੀਆਈ ਕਰੂਡ ਦੀਆਂ ਕੀਮਤਾਂ ਲਗਭਗ 70 ਡਾਲਰ ਪ੍ਰਤੀ ਬੈਰਲ ਦੇ ਨੇੜੇ-ਤੇੜੇ ਸਨ।
ਇੰਧਨ ਦੀਆਂ ਕੀਮਤਾਂ ਵਿੱਚ ਆਏ ਇਸ ਤੇਜ਼ ਵਾਧੇ ਦਾ ਸਭ ਤੋਂ ਵੱਡਾ ਕਾਰਨ ਹੈ ਹੋਰਮੁਜ਼ ਸਟ੍ਰੇਟ ਤੋਂ ਸਮੁੰਦਰੀ ਆਵਾਜਾਈ ਦਾ ਲਗਭਗ ਠੱਪ ਹੋ ਜਾਣਾ।
ਈਰਾਨ ਸਰਕਾਰ ਨੇ ਦੁਸ਼ਮਣ ਦੇਸ਼ਾਂ ਦੇ ਜਹਾਜ਼ਾਂ ਨੂੰ ਇਸ ਸਮੁੰਦਰੀ ਰਸਤੇ ਤੋਂ ਨਾ ਲੰਘਣ ਦੀ ਚੇਤਾਵਨੀ ਦਿੱਤੀ ਹੈ। ਹੋਰਮੁਜ਼ ਸਟ੍ਰੇਟ ਉਹੀ ਰਸਤਾ ਹੈ, ਜਿਸ ਰਾਹੀਂ ਦੁਨੀਆ ਦੇ ਕਰੀਬ 20 ਫ਼ੀਸਦੀ ਤੇਲ ਅਤੇ ਗੈਸ ਦੀ ਸਪਲਾਈ ਹੁੰਦੀ ਹੈ।
ਈਰਾਨ ਨਾਲ ਜੰਗ ਅਤੇ ਹੋਰਮੁਜ਼ ਸਟ੍ਰੇਟ ਦੇ ਰਾਹ ਵਿੱਚ ਰੁਕਾਵਟਾਂ ਕਾਰਨ ਤੇਲ ਅਤੇ ਗੈਸ ਦੀਆਂ ਕੀਮਤਾਂ ਵਧਣ ਦਾ ਅੰਦਾਜ਼ਾ ਪਹਿਲਾਂ ਹੀ ਲਗਾ ਲਿਆ ਗਿਆ ਸੀ।
ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਅਸਰ ਸਿਰਫ਼ ਇੱਥੋਂ ਤੱਕ ਸੀਮਿਤ ਨਹੀਂ ਰਹੇਗਾ।
ਆਉਣ ਵਾਲੇ ਸਮੇਂ ਵਿੱਚ ਇਸ ਦੇ ਝਟਕੇ ਅਰਥਵਿਵਸਥਾ ਦੇ ਹੋਰ ਖੇਤਰਾਂ ਵਿੱਚ ਵੀ ਮਹਿਸੂਸ ਕੀਤੇ ਜਾਣਗੇ ਅਤੇ ਇਸ ਦਾ ਅਸਰ ਪੂਰੀ ਦੁਨੀਆ 'ਤੇ ਹੋਵੇਗਾ।
1. ਖਾਣਾ-ਪੀਣਾ ਕਾਫ਼ੀ ਮਹਿੰਗਾ ਹੋ ਜਾਵੇਗਾ

ਤਸਵੀਰ ਸਰੋਤ, Getty Images
ਮੌਜੂਦਾ ਸੰਘਰਸ਼ ਦਾ ਅਸਰ ਉਨ੍ਹਾਂ ਦੇਸ਼ਾਂ 'ਤੇ ਵੀ ਪੈ ਰਿਹਾ ਹੈ ਜੋ ਦੁਨੀਆ ਦੇ ਵੱਡੇ ਖਾਦ ਨਿਰਯਾਤਕ (ਬਰਾਮਦ ਕਰਨ ਵਾਲੇ) ਹਨ।
ਇਕਨਾਮਿਕ ਕਾਮਪਲੇਕਸਿਟੀ ਆਬਜ਼ਰਵੇਟਰੀ ਦੇ ਅੰਕੜਿਆਂ ਮੁਤਾਬਕ, ਓਮਾਨ, ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨਾਈਟ੍ਰੋਜਨ ਆਧਾਰਿਤ ਖਾਦਾਂ ਦੇ ਦੁਨੀਆ ਦੇ ਚਾਰ ਸਭ ਤੋਂ ਵੱਡੇ ਨਿਰਯਾਤਕ ਹਨ।
ਇਹ ਖਾਦਾਂ ਕੁਦਰਤੀ ਗੈਸ ਤੋਂ ਪੈਦਾ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਫਸਲਾਂ ਲਈ ਵਰਤੀਆਂ ਜਾਂਦੀਆਂ ਹਨ ਜਿਨ੍ਹਾਂ ਨਾਲ ਦੁਨੀਆ ਦੇ ਅੱਧੇ ਭੋਜਨ ਪਦਾਰਥ ਪੈਦਾ ਹੁੰਦੇ ਹਨ।
ਹਾਲਾਂਕਿ ਜੰਗ ਦੇ ਬਾਵਜੂਦ ਇਸ ਖੇਤਰ ਦੀਆਂ ਜ਼ਿਆਦਾਤਰ ਖਾਦ ਕੰਪਨੀਆਂ ਹੁਣ ਤੱਕ ਕੰਮ ਕਰ ਰਹੀਆਂ ਹਨ, ਪਰ ਕਤਰ ਐਨਰਜੀ ਨੂੰ ਆਪਣਾ ਉਤਪਾਦਨ ਰੋਕਣਾ ਪਿਆ ਸੀ। ਇਹ ਯੂਰੀਆ ਬਣਾਉਣ ਵਾਲੀਆਂ ਪ੍ਰਮੁੱਖ ਕੰਪਨੀਆਂ ਵਿੱਚੋਂ ਇੱਕ ਹੈ।
ਅਸਲ ਵਿੱਚ ਈਰਾਨ ਦੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਕਰਕੇ ਗੈਸ ਦੀ ਸਪਲਾਈ ਵਿੱਚ ਰੁਕਾਵਟ ਆ ਗਈ ਸੀ।
ਦੂਜੇ ਪਾਸੇ, ਭਾਵੇਂ ਕੁਝ ਕੰਪਨੀਆਂ ਨੇ ਉਤਪਾਦਨ ਜਾਰੀ ਰੱਖਿਆ ਹੋਇਆ ਹੈ, ਪਰ ਉਨ੍ਹਾਂ ਨੂੰ ਇਸ ਦਾ ਪੂਰਾ ਲਾਭ ਨਹੀਂ ਮਿਲ ਪਾ ਰਿਹਾ ਹੈ।
ਹੋਰਮੁਜ਼ ਸਟ੍ਰੇਟ ਲਗਭਗ ਬੰਦ ਹੋਣ ਕਰਕੇ ਇਹ ਕੰਪਨੀਆਂ ਖਾਦਾਂ (ਫਰਟਿਲਾਈਜ਼ਰ) ਨਿਰਯਾਤ ਨਹੀਂ ਕਰ ਪਾ ਰਹੀਆਂ ਹਨ।
ਬਲੂਮਬਰਗ ਦੇ ਮੁਤਾਬਕ, ਦੁਨੀਆ ਦੀ ਕੁੱਲ ਫਰਟਿਲਾਈਜ਼ਰ ਸਪਲਾਈ ਦਾ ਲਗਭਗ ਇੱਕ-ਤਿਹਾਈ ਹਿੱਸਾ ਇਸੇ ਰਸਤੇ ਰਾਹੀਂ ਜਾਂਦਾ ਹੈ।
ਇਸ ਸਥਿਤੀ ਨੂੰ ਇਹ ਤੱਥ ਹੋਰ ਵੀ ਗੰਭੀਰ ਬਣਾਉਂਦਾ ਹੈ ਕਿ ਈਰਾਨ ਖੁਦ ਵੀ ਫਰਟਿਲਾਈਜ਼ਰ ਦਾ ਨਿਰਯਾਤਕ ਹੈ।
ਚੀਨ ਨੇ 2025 ਦੇ ਅੰਤ ਵਿੱਚ ਇਹ ਫ਼ੈਸਲਾ ਕੀਤਾ ਸੀ ਕਿ ਉਹ ਫਾਸਫੇਟ ਖਾਦਾਂ ਦਾ ਨਿਰਯਾਤ (ਬਰਾਮਦ) ਪੂਰੀ ਤਰ੍ਹਾਂ ਰੋਕ ਦੇਵੇਗਾ ਅਤੇ ਅਗਸਤ 2026 ਤੱਕ ਯੂਰੀਆ ਦੇ ਨਿਰਯਾਤ 'ਤੇ ਸਖਤ ਪਾਬੰਦੀਆਂ ਲਗਾਏਗਾ ਤਾਂ ਜੋ ਆਪਣੇ ਦੇਸ਼ ਦੇ ਕਿਸਾਨਾਂ ਲਈ ਲੋੜੀਂਦੀ ਸਪਲਾਈ ਯਕੀਨੀ ਬਣਾਈ ਜਾ ਸਕੇ।
ਇਕਨਾਮਿਕ ਕਾਮਪਲੇਕਸਿਟੀ ਆਬਜ਼ਰਵੇਟਰੀ ਦੇ ਅਨੁਸਾਰ, ਚੀਨ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਨਾਈਟ੍ਰੋਜਨ ਖਾਦ ਨਿਰਯਾਤਕ ਹੈ।
ਇਨ੍ਹਾਂ ਸਾਰੇ ਕਾਰਨਾਂ ਦਾ ਨਤੀਜਾ ਇਹ ਹੈ ਕਿ ਖਾਦਾਂ ਦੀਆਂ ਕੀਮਤਾਂ ਹੁਣ ਤੇਜ਼ੀ ਨਾਲ ਵਧਣ ਲੱਗੀਆਂ ਹਨ।
ਅਮਰੀਕਾ ਵਿੱਚ ਖਾਦਾਂ ਦੇ ਸਭ ਤੋਂ ਵੱਡਾ ਪ੍ਰਵੇਸ਼ ਦੁਆਰ ਮੰਨੀ ਜਾਣ ਵਾਲੀ ਨਿਊ ਔਰਲੀਅਨਜ਼ ਬੰਦਰਗਾਹ 'ਤੇ, ਜੰਗ ਦੇ ਪਹਿਲੇ ਹੀ ਹਫ਼ਤੇ ਵਿੱਚ ਖਾਦਾਂ ਦੀ ਕੀਮਤ 516 ਡਾਲਰ ਪ੍ਰਤੀ ਟਨ ਤੋਂ ਵਧ ਕੇ 683 ਡਾਲਰ ਪ੍ਰਤੀ ਟਨ ਤੱਕ ਪਹੁੰਚ ਗਈ।
ਇਹ ਸਥਿਤੀ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਉੱਤਰੀ ਗੋਲਾਰਧ ਦੇਸ਼ਾਂ ਵਿੱਚ ਕਿਸਾਨ ਬੁਆਈ ਦੀ ਤਿਆਰੀ ਕਰ ਰਹੇ ਹੁੰਦੇ ਹਨ। ਇਸ ਲਈ ਹਾਲਾਤ ਹੋਰ ਵੀ ਮੁਸ਼ਕਲ ਹੋ ਗਏ ਹਨ।

ਅਮਰੀਕਨ ਫਾਰਮ ਬਿਊਰੋ ਫੈਡਰੇਸ਼ਨ ਦੇ ਅੰਕੜਿਆਂ ਮੁਤਾਬਕ, ਅਮਰੀਕਾ ਵਿੱਚ ਹਰ ਸਾਲ ਮਾਰਚ ਅਤੇ ਅਪ੍ਰੈਲ ਮਹੀਨਿਆਂ ਵਿੱਚ ਹੀ ਖਾਦਾਂ ਦਾ ਲਗਭਗ 25 ਫ਼ੀਸਦੀ ਹਿੱਸਾ ਆਯਾਤ (ਦਰਾਮਦ) ਕੀਤਾ ਜਾਂਦਾ ਹੈ।
ਸਾਊਥ ਕੈਰੋਲੀਨਾ ਵਿੱਚ ਕਪਾਹ, ਮੱਕੀ ਅਤੇ ਸੋਇਆਬੀਨ ਦੀ ਖੇਤੀ ਕਰਨ ਵਾਲੇ ਕਿਸਾਨ ਹੈਰੀ ਓਟ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਇਸਦੇ ਲਈ ਇਸ ਤੋਂ ਮਾੜਾ ਸਮਾਂ ਹੋਰ ਕੋਈ ਨਹੀਂ ਹੋ ਸਕਦਾ ਸੀ।''
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਇਹ ਸੰਘਰਸ਼ ਲੰਮਾ ਚੱਲਦਾ ਹੈ ਤਾਂ ਇੱਕ ਤੋਂ ਤਿੰਨ ਮਹੀਨਿਆਂ ਦੇ ਅੰਦਰ ਉਪਭੋਗਤਾਵਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ 'ਤੇ ਇਸ ਦਾ ਅਸਰ ਮਹਿਸੂਸ ਹੋਣ ਲੱਗ ਪਵੇਗਾ।
ਨਾ ਸਿਰਫ਼ ਭੋਜਨ ਪਦਾਰਥ ਮਹਿੰਗੇ ਹੋਣਗੇ, ਸਗੋਂ ਉਨ੍ਹਾਂ ਦੀ ਘਾਟ ਵੀ ਹੋ ਸਕਦੀ ਹੈ, ਕਿਉਂਕਿ ਲੋੜੀਂਦੀ ਮਾਤਰਾ ਵਿੱਚ ਖਾਦਾਂ ਨਾ ਮਿਲਣ ਕਰਕੇ ਫਸਲਾਂ ਘੱਟ ਹੋਣਗੀਆਂ।
ਇਸ ਦਾ ਸਭ ਤੋਂ ਗੰਭੀਰ ਅਸਰ ਗਰੀਬ ਦੇਸ਼ਾਂ ਅਤੇ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ 'ਤੇ ਪੈ ਸਕਦਾ ਹੈ, ਜਿੱਥੇ ਇਹ ਸਥਿਤੀ ਭੁੱਖਮਰੀ ਵਿੱਚ ਤਬਦੀਲ ਹੋ ਸਕਦੀ ਹੈ।
ਸੰਯੁਕਤ ਰਾਸ਼ਟਰ ਦੇ ਵਿਸ਼ਵ ਭੋਜਨ ਪ੍ਰੋਗਰਾਮ ਨੇ ਇੱਕ ਬਿਆਨ ਵਿੱਚ ਚੇਤਾਵਨੀ ਦਿੱਤੀ ਹੈ, "ਮੱਧ ਪੂਰਬ ਵਿੱਚ ਵਧਦੇ ਸੰਘਰਸ਼ ਕਰਕੇ ਭੋਜਨ ਅਤੇ ਇੰਧਨ ਦੀਆਂ ਕੀਮਤਾਂ ਵਿੱਚ ਆਈ ਅਚਾਨਕ ਤੇਜ਼ੀ ਇੱਕ ਅਜਿਹਾ ਡੋਮਿਨੋ ਪ੍ਰਭਾਵ ਪੈਦਾ ਕਰ ਸਕਦੀ ਹੈ, ਜੋ ਇਸ ਖੇਤਰ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਰਹਿੰਦੀ ਕਮਜ਼ੋਰ ਅਬਾਦੀ ਲਈ ਭੁੱਖ ਦੀ ਸਮੱਸਿਆ ਨੂੰ ਹੋਰ ਗੰਭੀਰ ਬਣਾ ਦੇਵੇਗੀ।"
ਦਵਾਈਆਂ ਦੀ ਸਪਲਾਈ 'ਤੇ ਪਵੇਗਾ ਅਸਰ

ਤਸਵੀਰ ਸਰੋਤ, Soumyabrata Roy/NurPhoto via Getty Images
ਮੱਧ ਪੂਰਬ ਵਿੱਚ ਚੱਲ ਰਹੀ ਜੰਗ ਹੁਣ ਦਵਾਈਆਂ ਅਤੇ ਫਾਰਮਾਸਿਊਟਿਕਲ ਉਤਪਾਦਾਂ ਦੀ ਵਿਸ਼ਵ ਪੱਧਰੀ ਸਪਲਾਈ ਚੇਨ ਨੂੰ ਵੀ ਪ੍ਰਭਾਵਿਤ ਕਰਨ ਲੱਗੀ ਹੈ।
ਇਸ ਦਾ ਸਭ ਤੋਂ ਵੱਡਾ ਕਾਰਨ ਹੈ ਦੁਬਈ 'ਤੇ ਹੋਏ ਹਮਲੇ। ਦੁਬਈ ਨੂੰ ਦੁਨੀਆ ਦੇ ਫਾਰਮਾ ਖੇਤਰ ਦਾ ਇੱਕ ਮਹੱਤਵਪੂਰਨ ਲਾਜਿਸਟਿਕ ਸੈਂਟਰ ਮੰਨਿਆ ਜਾਂਦਾ ਹੈ।
ਸੰਯੁਕਤ ਅਰਬ ਅਮੀਰਾਤ ਦਾ ਸਭ ਤੋਂ ਵੱਧ ਅਬਾਦੀ ਵਾਲੇ ਇਸ ਸ਼ਹਿਰ ਵਿੱਚ ਦੁਨੀਆ ਦੇ ਸਭ ਤੋਂ ਵਿਅਸਤ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿੱਚੋਂ ਇੱਕ ਹੈ, ਜਿੱਥੇ ਸਾਲ 2025 ਵਿੱਚ ਲਗਭਗ 9.5 ਕਰੋੜ ਯਾਤਰੀਆਂ ਦੀ ਆਵਾਜਾਈ ਦਰਜ ਕੀਤੀ ਗਈ ਹੈ।
ਇਹੀ ਹਵਾਈ ਅੱਡਾ ਦਵਾਈਆਂ ਅਤੇ ਹੋਰ ਫਾਰਮਾਸਿਊਟਿਕਲ ਉਤਪਾਦਾਂ ਦੇ ਕਾਰਗੋ ਡਿਸਟ੍ਰੀਬਿਊਸ਼ਨ ਦਾ ਵੀ ਇੱਕ ਵੱਡਾ ਕੇਂਦਰ ਹੈ, ਖ਼ਾਸ ਕਰਕੇ ਉਨ੍ਹਾਂ ਦਵਾਈਆਂ ਲਈ ਜਿਨ੍ਹਾਂ ਨੂੰ ਠੰਢੇ ਤਾਪਮਾਨ, ਭਾਵ 'ਕੋਲਡ ਚੇਨ', ਵਿੱਚ ਰੱਖਣਾ ਲਾਜ਼ਮੀ ਹੁੰਦਾ ਹੈ।
ਇਹ ਹਵਾਈ ਅੱਡਾ ਭਾਰਤ ਦੇ ਫਾਰਮਾਸਿਊਟਿਕਲ ਉਦਯੋਗ ਲਈ ਖ਼ਾਸ ਤੌਰ 'ਤੇ ਬਹੁਤ ਮਹੱਤਵਪੂਰਨ ਹੈ।
ਭਾਰਤ ਦੁਨੀਆ ਵਿੱਚ ਜੇਨੇਰਿਕ ਦਵਾਈਆਂ ਦਾ ਸਭ ਤੋਂ ਵੱਡਾ ਸਪਲਾਇਰ ਹੈ ਅਤੇ ਦੇਸ਼ ਦੇ ਵਪਾਰ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਦੁਨੀਆ ਵਿੱਚ ਵਰਤੇ ਜਾਣ ਵਾਲੇ ਲਗਭਗ 60 ਫ਼ੀਸਦੀ ਟੀਕੇ ਭਾਰਤ ਵਿੱਚ ਹੀ ਬਣਦੇ ਹਨ।
ਅਸਲ ਵਿੱਚ, ਐਮਿਰੇਟਸ ਏਅਰਲਾਈਨ ਦੀ ਇੱਕ ਵਿਸ਼ੇਸ਼ ਕਾਰਗੋ ਸਹੂਲਤ ਹੈ - ਐਮਿਰੇਟਸ ਸਕਾਈਫਾਰਮਾ। ਇਸ ਨੂੰ ਖ਼ਾਸ ਤੌਰ 'ਤੇ ਤਾਪਮਾਨ ਪ੍ਰਤੀ ਸੰਵੇਦਨਸ਼ੀਲ ਦਵਾਈਆਂ ਦੀ ਸ਼ਿਪਮੈਂਟ ਸੰਭਾਲਣ ਲਈ ਬਣਾਇਆ ਗਿਆ ਹੈ।
ਦੁਬਈ ਵਿੱਚ ਜੇਬੇਲ ਅਲੀ ਪੋਰਟ ਵੀ ਮੌਜੂਦ ਹੈ, ਜਿਸ ਨੂੰ ਦੁਨੀਆ ਦਾ ਨੌਵਾਂ ਸਭ ਤੋਂ ਵਿਅਸਤ ਕਾਰਗੋ ਪੋਰਟ ਅਤੇ ਮੱਧ ਪੂਰਬ ਦੀ ਸਭ ਤੋਂ ਵੱਡੀ ਬੰਦਰਗਾਹ ਮੰਨਿਆ ਜਾਂਦਾ ਹੈ।
ਜੇਬੇਲ ਅਲੀ ਫ੍ਰੀ ਜ਼ੋਨ ਅਥਾਰਟੀ (ਜਾਫ਼ਜ਼ਾ) ਦੇ ਅਨੁਸਾਰ, ਇਸ ਪੋਰਟ ਵਿੱਚ 60 ਦੇਸ਼ਾਂ ਦੀਆਂ ਕਰੀਬ 400 ਕੰਪਨੀਆਂ ਕੰਮ ਕਰ ਰਹੀਆਂ ਹਨ, ਜੋ ਫਾਰਮਾਸਿਊਟਿਕਲ ਅਤੇ ਹੈਲਥ ਸੈਕਟਰ ਨਾਲ ਸੰਬੰਧਿਤ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਲ 2020 ਵਿੱਚ ਦੁਬਈ ਦੇ ਕੁੱਲ ਦਵਾਈ ਅਤੇ ਮੈਡੀਕਲ ਉਤਪਾਦਾਂ ਦਾ ਲਗਭਗ 50 ਫ਼ੀਸਦੀ ਹਿੱਸਾ ਇਸੇ ਰਸਤੇ ਰਾਹੀਂ ਲੰਘਿਆ ਸੀ, ਜਿਸ ਦੀ ਕੁੱਲ ਕੀਮਤ ਲਗਭਗ 21.8 ਅਰਬ ਅਮਰੀਕੀ ਡਾਲਰ ਸੀ।

ਤਸਵੀਰ ਸਰੋਤ, Reuters
ਭਾਰਤ ਤੋਂ ਨਿਰਯਾਤ (ਬਰਾਮਦ) ਹੋਣ ਵਾਲੀਆਂ ਦਵਾਈਆਂ ਦਾ ਇੱਕ ਵੱਡਾ ਹਿੱਸਾ ਇਸੇ ਦੁਬਈ ਪੋਰਟ ਰਾਹੀਂ ਲੰਘਦਾ ਹੈ।
ਇੱਥੋਂ ਇਹ ਦਵਾਈਆਂ ਫ਼ਾਰਸ ਦੀ ਖਾੜੀ ਦੇ ਹੋਰ ਦੇਸ਼ਾਂ, ਅਫ਼ਰੀਕਾ, ਯੂਰਪ ਅਤੇ ਹੋਰ ਖੇਤਰਾਂ ਵਿੱਚ ਭੇਜੀਆਂ ਜਾਂਦੀਆਂ ਹਨ।
ਪਰ ਈਰਾਨ ਵੱਲੋਂ ਕੀਤੇ ਗਏ ਫੌਜੀ ਹਮਲਿਆਂ ਕਾਰਨ ਦੁਬਈ ਦੀ ਬੰਦਰਗਾਹ ਅਤੇ ਹਵਾਈ ਅੱਡੇ ਦੋਹਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਕਾਰਨ ਉਨ੍ਹਾਂ ਦੀਆਂ ਆਮ ਗਤੀਵਿਧੀਆਂ ਵਿੱਚ ਰੁਕਾਵਟ ਆਈ ਹੈ।
ਹਵਾਈ ਮਾਰਗ ਰਾਹੀਂ ਕਾਰਗੋ ਟ੍ਰਾਂਸਪੋਰਟ, ਦਵਾਈ ਉਦਯੋਗ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ।
ਖ਼ਾਸ ਕਰਕੇ ਉਨ੍ਹਾਂ ਸ਼ਿਪਮੈਂਟਾਂ ਲਈ ਜਿਨ੍ਹਾਂ ਦੀ ਕੀਮਤ ਵੱਧ ਹੁੰਦੀ ਹੈ ਅਤੇ ਜਿਨ੍ਹਾਂ ਨੂੰ ਤੁਰੰਤ ਭੇਜਣਾ ਲਾਜ਼ਮੀ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਨਿਯੰਤਰਿਤ ਤਾਪਮਾਨ, ਭਾਵ ਕੋਲਡ ਚੇਨ ਵਿੱਚ ਰੱਖਣਾ ਪੈਂਦਾ ਹੈ।
ਹਾਲਾਂਕਿ ਦੁਬਈ ਦੇ ਕੁਝ ਬਦਲ ਮੌਜੂਦ ਹਨ, ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਸਮਰੱਥਾ ਘੱਟ ਹੈ।
ਇਨ੍ਹਾਂ ਰਸਤਿਆਂ ਰਾਹੀਂ ਮਾਲ ਪਹੁੰਚਾਉਣ ਵਿੱਚ ਵੱਧ ਸਮਾਂ ਲੱਗਦਾ ਹੈ ਅਤੇ ਲਾਗਤ ਵੀ ਵੱਧ ਆਉਂਦੀ ਹੈ।
ਹੁਣ ਅੱਗੇ ਨਤੀਜਾ ਇਹ ਹੋ ਸਕਦਾ ਹੋ ਕਿ ਅੱਗੇ ਚੱਲ ਕੇ ਦਵਾਈਆਂ ਦੀਆਂ ਕੀਮਤਾਂ ਵਧ ਸਕਦੀਆਂ ਹਨ ਅਤੇ ਦਵਾਈਆਂ ਦੀ ਉਪਲੱਬਧਤਾ ਵੀ ਪ੍ਰਭਾਵਿਤ ਹੋ ਸਕਦੀ ਹੈ।
ਭਾਰਤ ਦੇ ਵਪਾਰ ਮੰਤਰਾਲੇ ਦੇ ਅਨੁਸਾਰ, ਭਾਰਤ ਦਾ ਫਾਰਮਾਸਿਊਟਿਕਲ ਉਦਯੋਗ ਦੁਨੀਆ ਦੇ ਕਰੀਬ 200 ਦੇਸ਼ਾਂ ਨੂੰ ਦਵਾਈਆਂ ਨਿਰਯਾਤ ਕਰਦਾ ਹੈ।
ਇਸ ਦੇ ਮੁੱਖ ਬਾਜ਼ਾਰਾਂ ਵਿੱਚ ਅਮਰੀਕਾ, ਬ੍ਰਿਟੇਨ, ਬ੍ਰਾਜ਼ੀਲ, ਫਰਾਂਸ ਅਤੇ ਦੱਖਣੀ ਅਫ਼ਰੀਕਾ ਸ਼ਾਮਲ ਹਨ।
ਦੁਬਈ ਦਾ ਹਵਾਈ ਅੱਡਾ ਅਤੇ ਬੰਦਰਗਾਹ ਸਿਰਫ਼ ਟ੍ਰਾਂਜ਼ਿਟ ਪੌਇੰਟ ਨਹੀਂ ਹਨ, ਸਗੋਂ ਇਹ ਦਵਾਈਆਂ ਦੇ ਸਟੋਰੇਜ ਅਤੇ ਦੁਬਾਰਾ ਨਿਰਯਾਤ (ਰੀ-ਐਕਸਪੋਰਟ) ਦੇ ਵੀ ਵੱਡੇ ਕੇਂਦਰ ਹਨ।
ਇਸੇ ਕਰਕੇ ਵਿਸ਼ਵ ਫਾਰਮਾਸਿਊਟਿਕਲ ਕਾਰੋਬਾਰ ਵਿੱਚ ਦੁਬਈ ਦੀ ਭੂਮਿਕਾ ਮਹੱਤਵਪੂਰਨ ਅਤੇ ਕੇਂਦਰੀ ਮੰਨੀ ਜਾਂਦੀ ਹੈ।
ਧਾਤਾਂ, ਰਸਾਇਣ ਅਤੇ ਇਲੈਕਟ੍ਰਾਨਿਕ ਉਪਕਰਣਾਂ ਦੀ ਸਪਲਾਈ 'ਤੇ ਅਸਰ

ਤਸਵੀਰ ਸਰੋਤ, Getty Images
ਜੰਗ ਦਾ ਅਸਰ ਹੁਣ ਉਨ੍ਹਾਂ ਰਸਾਇਣਾਂ ਅਤੇ ਕੱਚੇ ਮਾਲ ਦੀ ਸਪਲਾਈ 'ਤੇ ਵੀ ਪੈਣ ਲੱਗ ਪਿਆ ਹੈ, ਜੋ ਉਦਯੋਗਿਕ ਉਤਪਾਦਨ ਲਈ ਬਹੁਤ ਜ਼ਰੂਰੀ ਹੁੰਦੇ ਹਨ।
ਇਨ੍ਹਾਂ ਵਿੱਚ ਸਲਫ਼ਰ ਵਰਗੇ ਰਸਾਇਣਕ ਤੱਤ ਅਤੇ ਐਲੂਮੀਨੀਅਮ ਵਰਗੇ ਕੱਚੇ ਪਦਾਰਥ ਸ਼ਾਮਲ ਹਨ।
ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ, ਕੁਵੈਤ ਅਤੇ ਈਰਾਨ ਉਹ ਮੁੱਖ ਦੇਸ਼ ਹਨ ਜੋ ਸਲਫ਼ਰ ਦਾ ਨਿਰਯਾਤ (ਬਰਾਮਦ) ਕਰਦੇ ਹਨ।
ਸਲਫ਼ਰ, ਤੇਲ ਅਤੇ ਗੈਸ ਦੀ ਰਿਫ਼ਾਈਨਿੰਗ ਦੌਰਾਨ ਨਿਕਲਣ ਵਾਲਾ ਇੱਕ ਬਾਈ-ਪ੍ਰੋਡਕਟ ਹੁੰਦਾ ਹੈ।
ਯੂਐਸ ਜਿਓਲੌਜਿਕਲ ਸਰਵਿਸ ਦੇ ਮੁਤਾਬਕ, ਦੁਨੀਆ ਵਿੱਚ ਬਣਨ ਵਾਲੇ ਕੁੱਲ ਸਲਫ਼ਰ ਦਾ ਲਗਭਗ 24 ਫ਼ੀਸਦੀ ਹਿੱਸਾ ਮੱਧ ਪੂਰਬ ਤੋਂ ਆਉਂਦਾ ਹੈ।
ਇਸ ਦਾ ਇੱਕ ਵੱਡਾ ਹਿੱਸਾ ਖਾਦਾਂ ਦੇ ਉਤਪਾਦਨ ਵਿੱਚ ਇਸਤੇਮਾਲ ਹੁੰਦਾ ਹੈ, ਪਰ ਸਲਫ਼ਰ ਦੀ ਭੂਮਿਕਾ ਇੱਥੋਂ ਤੱਕ ਸੀਮਿਤ ਨਹੀਂ ਹੈ।
ਇਸਦੀ ਵਰਤੋਂ ਤਾਂਬੇ ਅਤੇ ਨਿਕਲ ਵਰਗੀਆਂ ਧਾਤਾਂ ਨੂੰ ਕੱਢਣ ਵਿੱਚ ਵੀ ਹੁੰਦੀ ਹੈ, ਜੋ ਅੱਗੇ ਚੱਲ ਕੇ ਉਪਕਰਣਾਂ, ਗੱਡੀਆਂ, ਬਿਜਲੀ ਗ੍ਰਿਡ, ਸੈਮੀਕੰਡਕਟਰ, ਬੈਟਰੀਆਂ ਅਤੇ ਸਟੇਨਲੇਸ ਸਟੀਲ ਵਰਗੇ ਕਈ ਮਹੱਤਵਪੂਰਨ ਉਤਪਾਦਾਂ ਦੇ ਨਿਰਮਾਣ ਵਿੱਚ ਕੰਮ ਆਉਂਦੀਆਂ ਹਨ।
ਇਸ ਖੇਤਰ ਵਿੱਚ ਜੰਗ ਦੇ ਅਸਰ ਹੁਣ ਸਪਸ਼ਟ ਦਿਖਾਈ ਦੇਣ ਲੱਗੇ ਹਨ। ਸੰਘਰਸ਼ ਦੇ ਪਹਿਲੇ ਹੀ ਹਫ਼ਤੇ ਵਿੱਚ ਇੰਡੋਨੇਸ਼ੀਆ ਦੀਆਂ ਨਿਕਲ ਉਤਪਾਦਕ ਕੰਪਨੀਆਂ ਨੇ ਉਤਪਾਦਨ ਵਿੱਚ ਕਟੌਤੀ ਦੀ ਘੋਸ਼ਣਾ ਕਰ ਦਿੱਤੀ ਗਈ।
ਇੰਡੋਨੇਸ਼ੀਆ ਦੁਨੀਆ ਦੇ ਕੁੱਲ ਨਿਕਲ ਦੇ 50 ਫ਼ੀਸਦੀ ਤੋਂ ਵੱਧ ਹਿੱਸੇ ਦਾ ਉਤਪਾਦਨ ਕਰਦਾ ਹੈ।
ਇਨ੍ਹਾਂ ਕੰਪਨੀਆਂ ਨੇ ਦੱਸਿਆ ਕਿ ਖਾੜੀ ਦੇਸ਼ਾਂ ਤੋਂ ਆਉਣ ਵਾਲੀ ਸਪਲਾਈ ਵਿੱਚ ਰੁਕਾਵਟ ਕਾਰਨ ਉਨ੍ਹਾਂ ਨੂੰ ਇਹ ਫ਼ੈਸਲਾ ਲੈਣਾ ਪਿਆ।
ਗੌਰਤਲਬ ਹੈ ਕਿ ਇਹ ਕੰਪਨੀਆਂ ਜਿਸ ਸਲਫ਼ਰ ਦੀ ਵਰਤੋਂ ਕਰਦੀਆਂ ਹਨ, ਉਸ ਦਾ ਲਗਭਗ 75 ਫ਼ੀਸਦੀ ਹਿੱਸਾ ਇਨ੍ਹਾਂ ਹੀ ਖਾੜੀ ਦੇਸ਼ਾਂ ਤੋਂ ਆਉਂਦਾ ਹੈ।
ਖਬਰ ਏਜੰਸੀ ਰਾਇਟਰਜ਼ ਨੇ ਦੱਸਿਆ ਹੈ ਕਿ ਅਫ਼ਰੀਕਾ ਵਿੱਚ ਤਾਂਬੇ ਦੇ ਵੀ ਕੁਝ ਉਤਪਾਦਕ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ ਸਕਦੇ ਹਨ।
ਰਾਇਟਰਜ਼ ਮੁਤਾਬਕ, "ਸਪਲਾਈ ਨੂੰ ਲੈਕੇ ਹੋਣ ਵਾਲੀ ਜੱਦੋ-ਜਹਿਦ ਵਿੱਚ ਇੰਡੋਨੇਸ਼ੀਆ ਦੀਆਂ ਨਿਕਲ ਰਿਫ਼ਾਈਨਰੀਆਂ ਇੱਕ ਪਾਸੇ ਹੋਣਗੀਆਂ, ਅਫ਼ਰੀਕਾ ਦੀਆਂ ਤਾਂਬੇ ਦੀਆਂ ਖਾਣਾਂ ਦੂਜੇ ਪਾਸੇ। ਅਤੇ ਦੋਹਾਂ ਦੇ ਸਾਹਮਣੇ ਦੁਨੀਆ ਭਰ ਦੇ ਖਾਦ ਨਿਰਮਾਤਾ ਹੋਣਗੇ, ਜੋ ਮੱਧ ਪੂਰਬ ਤੋਂ ਆਉਣ ਵਾਲੇ ਸਲਫ਼ਰ ਦੇ ਬਦਲ ਲੱਭ ਰਹੇ ਹਨ।"
ਸਲਫ਼ਰ ਤੋਂ ਬਣਨ ਵਾਲਾ ਸਲਫਿਊਰਿਕ ਐਸਿਡ ਸੈਮੀਕੰਡਕਟਰ ਅਤੇ ਚਿੱਪਾਂ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਸਭ ਤੋਂ ਮਹੱਤਵਪੂਰਨ ਰਸਾਇਣਾਂ ਵਿੱਚੋਂ ਇੱਕ ਹੈ।
ਇਸ ਤਰ੍ਹਾਂ ਜੇ ਇਸ ਰਸਾਇਣ ਦੀ ਸਪਲਾਈ ਵਿੱਚ ਰੁਕਾਵਟ ਆਉਂਦੀ ਹੈ ਤਾਂ ਇਸ ਦਾ ਅਸਰ ਉਨ੍ਹਾਂ ਅਣਗਿਣਤ ਉਤਪਾਦਾਂ ਦੇ ਨਿਰਮਾਣ 'ਤੇ ਪੈ ਸਕਦਾ ਹੈ, ਜੋ ਆਧੁਨਿਕ ਜੀਵਨ ਲਈ ਜ਼ਰੂਰੀ ਮੰਨੇ ਜਾਂਦੇ ਹਨ।
ਇਨ੍ਹਾਂ ਵਿੱਚ ਸਮਾਰਟਫ਼ੋਨ, ਕੰਪਿਊਟਰ, ਮੈਮੋਰੀ ਕਾਰਡ, ਵਾਹਨ ਅਤੇ ਘਰਾਂ, ਦਫ਼ਤਰਾਂ ਅਤੇ ਫੈਕਟਰੀਆਂ ਵਿੱਚ ਵਰਤੇ ਜਾਣ ਵਾਲੇ ਹਰ ਕਿਸਮ ਦੇ ਇਲੈਕਟ੍ਰਾਨਿਕ ਉਪਕਰਣ ਸ਼ਾਮਲ ਹਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੁਨੀਆ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ। ਕੋਵਿਡ-19 ਮਹਾਮਾਰੀ ਦੌਰਾਨ ਵੀ ਚਿੱਪਾਂ ਦੀ ਭਾਰੀ ਘਾਟ ਦੇਖਣ ਨੂੰ ਮਿਲੀ ਸੀ, ਜਿਸ ਦਾ ਅਸਰ ਨਾ ਸਿਰਫ਼ ਉਤਪਾਦਨ 'ਤੇ ਪਿਆ ਸੀ, ਸਗੋਂ ਉਪਭੋਗਤਾਵਾਂ ਨੂੰ ਇਸਦੇ ਲਈ ਵੱਧ ਕੀਮਤ ਵੀ ਦੇਣੀ ਪਈ ਸੀ।
ਇਸ ਵਾਰ ਸਥਿਤੀ ਨੂੰ ਹੋਰ ਜਟਿਲ ਬਣਾਉਣ ਵਾਲਾ ਇੱਕ ਕਾਰਣ ਹੋਰ ਵੀ ਹੈ - ਆਰਟੀਫ਼ਿਸ਼ਲ ਇੰਟੈਲੀਜੈਂਸ ਨਾਲ ਸੰਬੰਧਿਤ ਮਾਡਲਾਂ ਨੂੰ ਵਿਕਸਿਤ ਕਰਨ ਅਤੇ ਲਾਗੂ ਕਰਨ ਵਾਲੀਆਂ ਕੰਪਨੀਆਂ ਵੱਲੋਂ ਚਿੱਪਾਂ ਦੀ ਮੰਗ ਬਹੁਤ ਜ਼ਿਆਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























