'ਸੋਸ਼ਲ ਮੀਡੀਆ 'ਤੇ ਮੇਰੀਆਂ ਤਸਵੀਰਾਂ ਦਾ ਇਸਤੇਮਾਲ ਮਰਦਾਂ ਨੂੰ ਫਸਾਉਣ ਲਈ ਹੋ ਰਿਹਾ ਸੀ' - ਜਾਲਸਾਜ਼ੀ ਦੀ ਪੀੜਤ ਔਰਤਾਂ ਦੀ ਕਹਾਣੀ

- ਲੇਖਕ, ਇਲੇਰੀ ਗ੍ਰਿਫਿਥ
- ਰੋਲ, ਬੀਬੀਸੀ ਵੇਲਸ
- ਪੜ੍ਹਨ ਦਾ ਸਮਾਂ: 11 ਮਿੰਟ
ਜਦੋਂ ਵੀ ਕਿਸੇ ਬਾਜ਼ਾਰ 'ਚ ਕੋਈ ਸਾਸ਼ਾ-ਜੇਅ ਡੇਵੀਜ਼ ਨੂੰ ਗੌਰ ਨਾਲ ਦੇਖਦਾ ਤਾਂ ਉਹ ਇਹ ਸੋਚ ਕੇ ਘਬਰਾ ਜਾਂਦੀ ਕਿ ਸ਼ਾਇਦ ਉਸ ਸ਼ਖਸ ਨੇ ਉਸ ਨੂੰ ਪਛਾਣ ਲਿਆ ਅਤੇ ਉਹ ਸਵਾਲ-ਜਵਾਬ ਕਰਨ ਜਾ ਰਿਹਾ ਹੈ।
ਕਰੀਬ ਚਾਰ ਸਾਲਾਂ ਤੋਂ ਉਸ 'ਤੇ ਇਲਜ਼ਾਮ ਲੱਗ ਰਹੇ ਹਨ ਕਿ ਉਹ ਮਰਦਾਂ ਨੂੰ ਮਿਲਣ ਲਈ ਬੁਲਾਉਂਦੀ ਹੈ ਪਰ ਫਿਰ ਖੁਦ ਨਹੀਂ ਆਉਂਦੀ ਅਤੇ ਇਸ ਕਰਕੇ ਕਈ ਅਣਜਾਣ ਲੋਕ ਉਸਨੂੰ ਪਰੇਸ਼ਾਨ ਕਰ ਚੁੱਕੇ ਹਨ।
ਅਜਿਹਾ ਇਸ ਲਈ ਹੋ ਰਿਹਾ ਸੀ ਕਿਉਂਕਿ ਕਿਸੇ ਨੇ ਸਾਸ਼ਾ-ਜੇਅ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਉਸ ਦੀਆਂ ਤਸਵੀਰਾਂ ਚੋਰੀ ਕੀਤੀਆਂ ਅਤੇ ਇਨ੍ਹਾਂ ਦਾ ਇਸਤੇਮਾਲ ਮਰਦਾਂ ਨਾਲ ਸਬੰਧ ਬਣਾਉਣ ਜਾਂ ਦੂਜੀਆਂ ਔਰਤਾਂ ਨਾਲ ਦੋਸਤੀ ਬਣਾਉਣ ਲਈ ਕੀਤਾ।
ਸਾਊਥ ਵੇਲਸ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਦੂਜੇ ਪਾਸੇ ਆਨਲਾਈਨ ਸੁਰੱਖਿਆ ਵਕੀਲ ਯਾਇਰ ਕੋਹੇਨ ਕਹਿੰਦੇ ਹਨ ਕਿ ਇਸ ਤਰ੍ਹਾਂ "ਕੈਟਫਿਸ਼ਿੰਗ" (ਠੱਗੀ ਦੇ ਇਰਾਦੇ ਨਾਲ ਆਨਲਾਈਨ ਫਰਜ਼ੀ ਅਕਾਊਂਟ ਬਣਾਉਣਾ) ਕਰਨ ਵਾਲੇ ਲੋਕ ਅਕਸਰ ਘੱਟ ਆਤਮ-ਵਿਸ਼ਵਾਸ ਕਾਰਨ ਅਜਿਹਾ ਕਰਦੇ ਹਨ ਅਤੇ ਇਸ ਨਾਲ ਮਿਲਣ ਵਾਲੀ ਤਾਕਤ ਦਾ ਅਨੰਦ ਲੈਂਦੇ ਹਨ।

ਤਸਵੀਰ ਸਰੋਤ, Getty Images
19 ਸਾਲਾ ਸਾਸ਼ਾ-ਜੇਅ ਦੱਸਦੇ ਹਨ, "ਕਈ ਮੁੰਡੇ ਸਿੱਧਾ ਆ ਕੇ ਮੇਰੇ 'ਤੇ ਇਲਜ਼ਾਮ ਲਾਉਂਦੇ ਸਨ ਕਿ ਮੈਂ ਉਨ੍ਹਾਂ ਨੂੰ ਮੈਸੇਜ ਭੇਜਦੀ ਸੀ, ਮਿਲਣ ਦੇ ਪਲਾਨ ਬਣਾਉਂਦੀ ਸੀ ਜਦੋਂ ਕਿ ਮੈਂ ਅਜਿਹੇ ਮੈਸੇਜ ਕਦੇ ਭੇਜੇ ਹੀ ਨਹੀਂ।"
"ਪਹਿਲਾਂ ਮੈਂ ਅਕਸਰ ਬਾਹਰ ਜਾਂਦੀ ਸੀ ਪਰ ਹੁਣ ਬਹੁਤ ਘੱਟ ਕਰ ਦਿੱਤਾ, ਇਸ ਡਰ ਨਾਲ ਕਿ ਪਤਾ ਨਹੀਂ ਹੁਣ ਕਿਹੜਾ ਸ਼ਖਸ ਆ ਕੇ ਮੇਰੇ 'ਤੇ ਅਜਿਹੇ ਇਲਜ਼ਾਮ ਲਗਾਏਗਾ।"
"ਇਹ ਵਾਕਈ ਬਹੁਤ ਮੁਸ਼ਕਿਲ ਹੈ ਅਤੇ ਅਜਿਹਾ ਮੈਂ ਆਪਣੇ ਕਿਸੇ ਦੁਸ਼ਮਣ ਲਈ ਵੀ ਨਹੀਂ ਸੋਚਾਂਗੀ।"
"ਕਿਸੇ ਅਜਿਹੇ ਕੰਮ ਦਾ ਇਲਜ਼ਾਮ ਲੱਗਣਾ ਜੋ ਤੁਸੀਂ ਕੀਤਾ ਹੀ ਨਹੀਂ ਅਤੇ ਇਹ ਪਤਾ ਲੱਗਣਾ ਕਿ ਕੋਈ ਤੁਹਾਡੀਆਂ ਤਸਵੀਰਾਂ ਦਾ ਇਸਤੇਮਾਲ ਹੋਰਨਾਂ ਨੂੰ ਫਸਾਉਣ ਲਈ ਕਰ ਰਿਹਾ, ਬਹੁਤ ਡਰਾਉਣਾ ਹੈ।"
ਹੁਣ ਤੱਕ ਜਿੰਨੇ ਵੀ ਮਰਦ ਮਿਲੇ, ਸਥਿਤੀ ਬਾਰੇ ਸਮਝਾਉਣ 'ਤੇ ਉਨ੍ਹਾਂ ਚੰਗਾ ਵਤੀਰਾ ਕੀਤਾ ਪਰ ਅੱਗੇ ਕੀ ਹੋਵੇਗਾ, ਇਹ ਸੋਚ ਕੇ ਉਹ ਬੇਹੱਦ ਪਰੇਸ਼ਾਨ ਹੈ।
ਰੌਂਡਾ ਕੈਨੇਨ ਟਫ ਦੇ ਅਬਰਡਾਰ ਦੀ ਰਹਿਣ ਵਾਲੀ ਸਾਸ਼ਾ-ਜੇਅ ਡੇਵਿਸ ਦੱਸਦੇ ਹਨ ਕਿ ਹੁਣ ਤੱਕ ਕਰੀਬ 20 ਮਰਦ ਅਤੇ ਕਈ ਔਰਤਾਂ, ਇਹ ਸੋਚਕੇ ਉਨ੍ਹਾਂ ਨਾਲ ਸੋਸ਼ਲ ਮੀਡੀਆ 'ਤੇ ਸੰਪਰਕ ਕਰ ਚੁੱਕੇ ਹਨ ਕਿ ਜਿਵੇਂ ਉਹ ਉਸਨੂੰ ਜਾਣਦੇ ਹਨ।
ਪਰ ਹੋਰ ਵੀ ਡਰਾਉਣੀ ਗੱਲ ਇਹ ਹੈ ਕਿ ਪਹਿਚਾਣ ਚੋਰੀ ਕਰਨ ਵਾਲੇ ਵਿਅਕਤੀ ਨੇ ਸਿਰਫ਼ ਉਸ ਦੀਆਂ ਤਸਵੀਰਾਂ ਹੀ ਚੋਰੀ ਨਹੀਂ ਕੀਤੀਆਂ। ਇੱਥੋਂ ਤੱਕ ਕਿ ਉਸਦੇ ਮਰਹੂਮ ਪਿਤਾ ਨੂੰ ਲੈਕੇ ਕਈ ਨਿਰਦਈ ਪੋਸਟਾਂ ਵੀ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਫਰਜ਼ੀ ਪੈਨਕ੍ਰੀਆਟਿਕ ਕੈਂਸਰ ਸਰਟੀਫਿਕੇਟ ਵੀ ਸ਼ਾਮਿਲ ਹੈ।
ਇਸ ਤੋਂ ਇਲਾਵਾ ਉਨ੍ਹਾਂ ਨਸਲੀ ਟਿੱਪਣੀਆਂ ਵਾਲੀਆਂ ਪੋਸਟਾਂ, ਰੀਪੋਸਟ ਵੀ ਕੀਤੀਆਂ ਹਨ ਜਿਸ ਕਾਰਨ ਉਸਦੇ ਅਕਸ ਅਤੇ ਸਾਖ ਨੂੰ ਢਾਹ ਲੱਗੀ ਹੈ।
ਸਾਸ਼ਾ-ਜੇਅ ਜਿਹੀ ਦਿੱਖ ਵਾਲੀ ਕੱਦ-ਕਾਠੀ ਦੀਆਂ ਹੋਰਨਾਂ ਔਰਤਾਂ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਗਈਆਂ, ਜਿਸ 'ਤੇ ਮਰਦਾਂ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ, ਜਿਸਨੇ ਉਸਨੂੰ "ਬੇਹੱਦ ਅਸਹਿਜ" ਅਤੇ "ਨਿੱਜਤਾ ਦੀ ਉਲੰਘਣਾ" ਵਰਗਾ ਮਹਿਸੂਸ ਕਰਵਾਇਆ।
ਉਸਨੇ ਕਿਹਾ, "ਇਸ ਪਿੱਛੇ ਜੋ ਸੋਚੀ-ਸਮਝੀ ਸਾਜ਼ਿਸ਼ ਅਤੇ ਮਾੜੀ ਨੀਅਤ ਹੈ, ਉਸਨੂੰ ਸਮਝਣਾ ਮੇਰੇ ਲਈ ਬਹੁਤ ਔਖਾ ਹੈ।"
"ਉਹ ਮੇਰੇ ਬਾਰੇ ਤਕਰੀਬਨ ਸਭ ਕੁਝ ਹੀ ਜਾਣਦੇ ਹਨ।"

ਕੈਟਫਿਸ਼ਿੰਗ ਕੀ ਹੈ ?
ਜਦੋਂ ਕੋਈ ਸ਼ਖਸ ਦੂਜਿਆਂ ਨੂੰ ਠੱਗਣ ਦੇ ਇਰਾਦੇ ਨਾਲ ਆਨਲਾਈਨ ਫਰਜ਼ੀ ਅਕਾਊਂਟ ਬਣਾਉਂਦਾ ਹੈ ਤਾਂ ਇਸਨੂੰ ਕੈਟਫਿਸ਼ਿੰਗ ਕਹਿੰਦੇ ਹਨ।
ਅਜਿਹਾ ਕਈ ਕਾਰਨਾਂ ਕਰਕੇ ਕੀਤਾ ਜਾ ਸਕਦਾ ਹੈ ਜਿਵੇਂ ਫਿਰੌਤੀ ਮੰਗਣ ਲਈ, ਕੋਈ ਰੋਮਾਂਟਿਕ ਸਬੰਧ ਬਣਾਉਣ ਲਈ ਜਾਂ ਸਿਰਫ਼ ਆਪਣੀ ਸੰਤੁਸ਼ਟੀ ਲਈ।
ਕੈਟਫਿਸ਼ਿੰਗ ਕਰਨ ਵਾਲੇ ਅਕਸਰ ਚੋਰੀ ਕੀਤੀਆਂ ਤਸਵੀਰਾਂ ਦਾ ਇਸਤੇਮਾਲ ਕਰ ਆਪਣੀ ਜ਼ਿੰਦਗੀ ਬਾਰੇ ਝੂਠ ਬੋਲਦੇ ਹਨ, ਵੀਡੀਓ ਕਾਲਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ, ਜਿੱਥੇ ਉਨ੍ਹਾਂ ਨੂੰ ਆਪਣਾ ਰਾਜ਼ ਖੁੱਲ੍ਹਣ ਦਾ ਡਰ ਹੁੰਦਾ ਹੈ।
ਪਹਿਲੀ ਵਾਰ ਸਾਸ਼ਾ-ਜੇਅ ਨੂੰ ਅਜਿਹੇ ਫਰਜ਼ੀ ਅਕਾਊਂਟ ਦਾ ਪਤਾ ਸਾਲ 2022 ਵਿੱਚ ਲੱਗਾ ਜਦੋਂ ਉਹ 16 ਸਾਲ ਦੀ ਸੀ ਅਤੇ ਸਕੂਲ ਖਤਮ ਹੋਣ ਤੋਂ ਬਾਅਦ ਕਾਲਜ ਦੀ ਸ਼ੁਰੂਆਤ ਕਰਨ ਜਾ ਰਹੀ ਸੀ।
ਉਸਨੂੰ ਪਤਾ ਲੱਗਾ ਕਿ ਕੋਈ ਟਿਕਟੌਕ 'ਤੇ ਉਸ ਦੀਆਂ ਤਸਵੀਰਾਂ ਦਾ ਇਸਤੇਮਾਲ ਕਰ ਰਿਹਾ ਸੀ।
ਕਿਉਂਕਿ ਪ੍ਰੋਫਾਈਲ ਜਨਤਕ ਸੀ ਅਤੇ ਉਸ 'ਤੇ ਰੋਜ਼ਾਨਾ ਪੋਸਟ ਕੀਤਾ ਜਾਂਦਾ ਸੀ, ਇਸ ਲਈ ਫੋਲੋਅਰਜ਼ ਤੇਜ਼ੀ ਨਾਲ ਵਧੇ।
ਸਾਸ਼ਾ-ਜੇਅ ਨੇ ਤੁਰੰਤ ਪੁਲਿਸ ਨੂੰ ਖ਼ਬਰ ਦਿੱਤੀ ਪਰ ਉਸਨੂੰ ਕਿਹਾ ਗਿਆ ਕਿ ਇਸ ਬਾਰੇ ਜ਼ਿਆਦਾ ਕੁਝ ਨਹੀਂ ਕੀਤਾ ਜਾ ਸਕਦਾ।
ਉਹ ਕਹਿੰਦੇ ਹਨ, "ਮੈਂ ਸੋਚਿਆ ਕਿ ਸ਼ਾਇਦ ਜਦੋਂ ਉਹ ਬੋਰ ਹੋ ਜਾਣਗੇ ਤਾਂ ਕਿਸੇ ਹੋਰ ਨਾਲ ਅਜਿਹਾ ਕਰਨ ਲੱਗ ਜਾਣਗੇ।"
ਪਰ ਜਲਦ ਹੀ ਤਸਵੀਰਾਂ ਡੇਟਿੰਗ ਐਪਸ ਅਤੇ ਇੰਸਟਾਗ੍ਰਾਮ 'ਤੇ ਵੀ ਨਜ਼ਰ ਆਉਣ ਲੱਗੀਆਂ। ਇੱਥੋਂ ਤੱਕ ਕਿ ਫਰਜ਼ੀ ਅਕਾਊਂਟ 'ਤੇ ਉਸ ਦੇ ਦੋਸਤਾਂ ਦੀਆਂ ਵੀ ਚੋਰੀ ਕੀਤੀਆਂ ਤਸਵੀਰਾਂ ਦਾ ਇਸਤੇਮਾਲ ਹੋਣ ਲੱਗਾ ਤਾਂ ਜੋ "ਅਕਾਊਂਟ ਬਿਲਕੁੱਲ ਸਹੀ ਅਤੇ ਸੱਚਾ ਲੱਗੇ।"
ਸਾਸ਼ਾ-ਜੇ ਦੱਸਦੇ ਹਨ ਕਿ ਭਾਵੇਂ ਉਨ੍ਹਾਂ ਨੇ 18 ਮਹੀਨੇ ਪਹਿਲਾਂ ਆਪਣਾ ਅਕਾਊਂਟ ਪ੍ਰਾਈਵੇਟ ਕਰ ਲਿਆ ਸੀ ਪਰ ਤਸਵੀਰਾਂ ਚੋਰੀ ਕਰਨ ਵਾਲਾ ਪੁਰਾਣੀਆਂ ਤਸਵੀਰਾਂ ਅਤੇ AI ਨਾਲ ਸੋਧੀਆਂ ਹੋਈਆਂ ਤਸਵੀਰਾਂ ਇਸਤੇਮਾਲ ਕਰਦਾ ਰਿਹਾ।

ਤਸਵੀਰ ਸਰੋਤ, Mark
ਇਨ੍ਹਾਂ ਤਸਵੀਰਾਂ ਦਾ ਇਸਤੇਮਾਲ ਸੋਫੀ ਕਾਡੇਅਰ ਨਾਂਅ ਵਾਲੇ ਅਕਾਊਂਟ 'ਤੇ ਕੀਤਾ ਗਿਆ ਅਤੇ ਜਿਸ ਦਾ ਸ਼ਿਕਾਰ ਐਸੈਕਸ ਦਾ ਰਹਿਣ ਵਾਲਾ 22 ਸਾਲ ਮਾਰਕ (ਕਾਲਪਨਿਕ ਨਾਂਅ) ਹੋਇਆ।
ਮਾਰਕ ਨੇ ਟਿਕਟੌਕ 'ਤੇ ਵੀਡੀਓਜ਼ ਦੇਖਣ ਤੋਂ ਬਾਅਦ, ਦਸੰਬਰ 'ਚ "ਸੋਫੀ" ਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰਨਾ ਸ਼ੁਰੂ ਕੀਤਾ ਸੀ।
ਮਾਰਕ ਦੱਸਦੇ ਹਨ, "ਉਸਨੇ ਕਿਹਾ ਕਿ ਉਹ ਲਿਵਰਪੂਲ ਦੀ ਫੈਨ ਹੈ ਇਸ ਲਈ ਮੈਂ ਉਸਨੂੰ ਫੋਲੋ ਕਰਨ ਬਾਰੇ ਸੋਚਿਆ ਸੀ।"
ਮਹੀਨਿਆਂ ਤੱਕ ਉਹ ਇੱਕ-ਦੂਜੇ ਨੂੰ ਮੈਸੇਜ ਕਰਦੇ ਰਹੇ ਅਤੇ ਫੁੱਟਬਾਲ, ਰੋਜ਼ਾਨਾ ਦੀ ਜ਼ਿੰਦਗੀ ਅਤੇ ਘੁੰਮਣ ਬਾਰੇ ਚੈਟ ਕਰਦੇ ਰਹੇ।
ਫਿਰ ਅਚਾਨਕ ਇੱਕ ਦਿਨ ਟਿਕਟੌਕ 'ਤੇ ਸਕ੍ਰੋਲ ਕਰਦੇ ਹੋਏ ਮਾਰਕ ਨੇ ਸਾਸ਼ਾ-ਜੇਅ ਦੇ ਅਸਲ ਅਕਾਊਂਟ 'ਤੇ ਉਸਦੇ ਬੁਆਇਫਰੈਂਡ ਦੀ ਵੀਡੀਓ ਦੇਖੀ।
ਉਸਨੇ ਕਿਹਾ, "ਪਹਿਲਾਂ ਤਾਂ ਮੈਂ ਥੋੜ੍ਹੇ ਸਦਮੇ 'ਚ ਸੀ।"
"ਮੇਰੇ ਨਾਲ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਸੀ।"
ਮਾਰਕ ਨੇ ਸਾਸ਼ਾ-ਜੇਅ ਨੂੰ ਅਲਰਟ ਕੀਤਾ ਅਤੇ ਜਦੋਂ ਉਸਨੇ "ਸੋਫੀ" ਤੋਂ ਸਵਾਲ ਪੁੱਛਣਾ ਚਾਹਿਆ ਤਾਂ ਉਸਨੇ ਉਸਨੂੰ ਬਲਾਕ ਕਰ ਦਿੱਤਾ।
ਮਾਰਕ ਨੇ ਕਿਹਾ, "ਸ਼ਾਇਦ ਉਹ ਮੇਰਾ ਧਿਆਨ ਖਿੱਚਣ ਲਈ ਮੈਨੂੰ ਮੈਸੇਜ ਕਰ ਰਹੀ ਸੀ।"

ਸਾਸ਼ਾ-ਜੇਅ ਜਾਣਨਾ ਚਾਹੁੰਦੀ ਸੀ ਕਿ ਇਸ ਪਿੱਛੇ ਕੋਈ ਉਨ੍ਹਾਂ ਦਾ ਜਾਣਕਾਰ ਤਾਂ ਨਹੀਂ।
ਸਾਸ਼ਾ-ਜੇਅ ਨੇ ਵਾਰ-ਵਾਰ ਸੋਸ਼ਲ ਮੀਡੀਆ ਅਕਾਊਂਟਸ ਨੂੰ ਰਿਪੋਰਟ ਕੀਤਾ ਪਰ ਉਹ ਦੱਸਦੇ ਹਨ ਕਿ ਫਰਜ਼ੀ ਅਕਾਊਂਟ ਬਣਾਉਣ ਵਾਲਾ ਉਸਦੇ ਦੋਸਤਾਂ ਅਤੇ ਪਰਿਵਾਰ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਬਲਾਕ ਕਰ ਦਿੰਦਾ ਸੀ।
ਇਸ ਫਰਜ਼ੀ ਅਕਾਊਂਟ ਉੱਤੇ ਟਿਕਟੌਕ 'ਤੇ 81,000 ਅਤੇ ਇੰਸਟਾਗ੍ਰਾਮ 'ਤੇ 22,000 ਫੋਲੋਅਰਜ਼ ਹੋਣ ਕਰਕੇ ਇਹ ਅਸਲੀ ਜਾਪਦਾ ਸੀ।
ਸਾਸ਼ਾ-ਜੇਅ ਕਹਿੰਦੇ ਹਨ,"ਉਨ੍ਹਾਂ ਦੇ ਮੇਰੇ ਨਾਲੋਂ ਜ਼ਿਆਦਾ ਫੋਲੋਅਰਜ਼ ਹੋਣ ਕਾਰਨ ਲੋਕ ਉਨ੍ਹਾਂ ਨੂੰ ਅਸਲੀ ਸਮਝਦੇ ਸਨ।"
ਸ਼ੁਰੂਆਤ 'ਚ ਪੁਲਿਸ ਨੇ ਉਸਨੂੰ ਕਿਹਾ ਸੀ ਕਿ ਉਹ ਜ਼ਿਆਦਾ ਕੁਝ ਨਹੀਂ ਕਰ ਸਕਦੇ ਪਰ ਜਦੋਂ ਸਾਸ਼ਾ-ਜੇਅ ਨੇ ਹਾਲ ਹੀ 'ਚ ਆਪਣੇ ਤਜ਼ਰਬੇ ਫੇਸਬੁੱਕ 'ਤੇ ਸਾਂਝੇ ਕੀਤੇ ਤਾਂ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਾਸ਼ਾ-ਜੇਅ ਨੇ ਦੱਸਿਆ ਕਿ ਕਿਵੇਂ ਉਹ ਡਰੀ ਹੋਈ, ਪਰੇਸ਼ਾਨ ਅਤੇ ਅਸਹਿਜ ਮਹਿਸੂਸ ਕਰ ਰਹੀ ਹੈ।
ਸਾਸ਼ਾ-ਜੇਅ ਕਹਿੰਦੇ ਹਨ, "ਸ਼ੁਰੂਆਤ 'ਚ ਮੈਂ ਇਸਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਪਰ ਉਦੋਂ ਇਹ ਸਮੱਸਿਆ ਏਨੀ ਵੱਡੀ ਨਹੀਂ ਸੀ, ਜਿੰਨੀ ਹੁਣ ਬਣ ਗਈ ਹੈ। ਇਸ ਅਕਾਊਂਟ ਨੇ ਮੇਰੀ ਪੂਰੀ ਜ਼ਿੰਦਗੀ 'ਤੇ ਹੀ ਕਬਜ਼ਾ ਕਰ ਲਿਆ ਹੈ।"
"ਲਗਭਗ ਹਰ ਕਿਸੇ ਨੂੰ ਲੱਗਦਾ ਹੈ ਕਿ ਮੈਂ ਉਹੀ 'ਸੋਫੀ' ਹਾਂ। ਮੈਂ ਆਪਣੀ ਪਹਿਚਾਣ ਕਾਇਮ ਨਹੀਂ ਰੱਖ ਪਾ ਰਹੀ।"
"ਕਿਸੇ ਨੂੰ ਮੇਰੀ ਪਹਿਚਾਣ ਅਤੇ ਮੇਰੀਆਂ ਤਸਵੀਰਾਂ ਨੂੰ ਹਥਿਆਰ ਬਣਾਉਂਦੇ ਦੇਖਣ ਕਰਕੇ, ਭਾਵਨਾਤਮਕ ਤੌਰ 'ਤੇ ਮੈਨੂੰ ਵੱਡਾ ਝਟਕਾ ਲੱਗਾ ਹੈ।"

ਤਸਵੀਰ ਸਰੋਤ, Hen Howard
ਬੀਬੀਸੀ ਨਿਊਜ਼ਬੀਟ ਨੇ ਅਜਿਹੀ ਹੀ ਇੱਕ ਹੋਰ ਨੌਜਵਾਨ ਮਹਿਲਾ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦਾ ਤਜ਼ਰਬਾ ਵੀ ਸਾਸ਼ਾ-ਜੇਅ ਵਾਂਗ ਹੀ ਸੀ।
ਹੇਨ ਹੋਵਾਰਡ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ 'ਕਈ' ਤਸਵੀਰਾਂ ਚੋਰੀ ਹੋਈਆਂ, ਜਿਨ੍ਹਾਂ ਨੂੰ 'ਵੱਖੋ-ਵੱਖਰੇ ਸਬ-ਥਰੈੱਡਸ' 'ਤੇ ਪੋਸਟ ਕੀਤਾ ਗਿਆ ਸੀ।
ਕਾਰਡਿਫ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਦੱਸਦੇ ਹਨ, "ਲੋਕ ਇਸ ਬਾਰੇ ਕੁਮੈਂਟ ਕਰ ਰਹੇ ਸਨ ਕਿ ਮੈਂ ਕਿਵੇਂ ਲੱਗਦੀ ਹਾਂ ਜਾਂ ਹੋਰ।"
"ਇਹ ਦਰਸਾਉਂਦਾ ਹੈ ਕਿ ਲੋਕਾਂ ਦਾ ਤੁਹਾਡੀਆਂ ਤਸਵੀਰਾਂ ਚੋਰੀ ਕਰਨਾ ਅਤੇ ਇਸ ਦਾ ਇਸਤੇਮਾਲ ਕਰਨਾ ਕਿੰਨਾ ਆਸਾਨ ਹੈ।"
ਹੋਵਾਰਡ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਮਝ ਹੈ ਕਿ ਅਕਾਊਂਟ ਜਨਤਕ ਕਰਨ ਦੇ ਕਈ ਖਤਰੇ ਹੋ ਸਕਦੇ ਹਨ ਪਰ ਆਪਣੇ ਇਸ ਤਜਰਬੇ ਤੋਂ ਬਾਅਦ ਉਹ ਹੋਰ ਸਾਵਧਾਨ ਹੋ ਗਏ ਹਨ।
"ਜੇ ਮੈਂ ਆਪਣਾ ਅਕਾਊਂਟ ਪ੍ਰਾਈਵੇਟ ਕਰ ਲੈਂਦੀ ਤਾਂ ਲੋਕਾਂ ਲਈ ਮੇਰੀਆਂ ਤਸਵੀਰਾਂ ਲੈਣਾ ਇੰਨਾ ਆਸਾਨ ਨਾ ਹੁੰਦਾ, ਪਰ ਕਿਉਂਕਿ ਇਹ ਕਈ ਵਾਰ ਹੋ ਚੁੱਕਿਆ ਹੈ, ਹੁਣ ਮੈਂ ਇਸ ਬਾਰੇ ਕੁਝ ਹੱਦ ਤੱਕ 'ਜੋ ਵੀ ਹੋਵੇ' ਵਾਲਾ ਰਵੱਈਆ ਰੱਖਦੀ ਹਾਂ।"
ਉਹ ਅੱਗੇ ਕਹਿੰਦੇ ਹਨ, "ਇਹ ਚੰਗੀ ਗੱਲ ਨਹੀਂ ਹੈ, ਪਰ ਆਖ਼ਿਰਕਾਰ ਇਹ ਤਸਵੀਰਾਂ ਜਨਤਾ ਤੱਕ ਪਹੁੰਚ ਹੀ ਰਹੀਆਂ ਹਨ। ਹੁਣ ਮੈਂ ਸਿਰਫ਼ ਇਹ ਯਕੀਨੀ ਬਣਾਵਾਂਗੀ ਕਿ ਕੋਈ ਵੀ ਅਜਿਹੀ ਚੀਜ਼ ਪੋਸਟ ਨਾ ਕਰਾਂ ਜਿਸ ਵਿੱਚ ਨਿੱਜੀ ਜਾਣਕਾਰੀ ਹੋਵੇ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਉਹ ਕਿਸੇ ਦੇ ਹੱਥ ਲੱਗ ਜਾਵੇ।"
ਕੀ ਕੈਟਫਿਸ਼ਿੰਗ ਯੂਕੇ ਵਿੱਚ ਅਪਰਾਧ ਹੈ ?
ਯੂਕੇ ਸੇਫਰ ਇੰਟਰਨੈੱਟ ਸੈਂਟਰ ਦੇ ਹੇਅਲੇਅ ਲਾਸਕੇਅ ਕਹਿੰਦੇ ਹਨ ਕਿ ਦੂਜਿਆਂ ਦੀ ਪਹਿਚਾਣ ਦਾ ਇਸਤੇਮਾਲ ਕਰਨਾ ਜਾਂ ਕੈਟਫਿਸ਼ਿੰਗ ਕਰਨਾ ਵੱਡੀ ਆਨਲਾਈਨ ਸੁਰੱਖਿਆ ਸਮੱਸਿਆ ਹੈ।
ਉਹ ਦੱਸਦੇ ਹਨ ਕਿ ਸੈਕਸਟੋਰਸ਼ਨ (ਸੈਕਸ ਬਦਲੇ ਪੈਸੇ ਠੱਗਣਾ) ਅਤੇ ਪ੍ਰੇਮ ਸਬੰਧੀ ਧੋਖਾਧੜੀ ਵਿੱਚ ਏਆਈ ਬੇਸਡ ਪ੍ਰੋਫਾਈਲ ਜਾਂ ਫਰਜ਼ੀ ਤਸਵੀਰਾਂ ਦਾ ਇਸਤੇਮਾਲ ਬਹੁਤ ਵੱਧ ਗਿਆ ਹੈ।
ਸਾਲ 2024 ਅਤੇ 2025 ਵਿੱਚ ਸੈਂਟਰ ਦੀ ਹਾਰਮਫੁੱਲ ਕੰਟੈਂਟ ਹੈਲਪਲਾਈਨ ਸਰਵਿਸ 'ਤੇ ਰਿਪੋਰਟ ਹੋਏ ਕਰੀਬ 5 ਫੀਸਦ ਕੇਸ ਫਰਜ਼ੀ ਅਕਾਊਂਟ ਨਾਲ ਜੁੜੇ ਸਨ।
ਲਾਸਕੇਅ ਕਹਿੰਦੇ ਹਨ ਕਿ ਯੂਕੇ ਵਿੱਚ ਕੈਟਫਿਸ਼ਿੰਗ ਆਪਣੇ ਆਪ ਵਿੱਚ ਅਪਰਾਧ ਨਹੀਂ ਹੈ ਪਰ ਜੇਕਰ ਕੋਈ ਇਸਦਾ ਇਸਤੇਮਾਲ ਪੈਸੇ ਜਾਂ ਤੋਹਫੇ ਠੱਗਣ, ਕਿਸੇ ਦੇ ਅਕਸ ਨੂੰ ਢਾਹ ਲਾਉਣ ਜਾਂ ਵਿੱਤੀ ਨੁਕਸਾਨ ਪਹੁੰਚਾਉਣ ਲਈ ਕਰੇ ਤਾਂ ਇਹ ਦਿ ਫਰੌਡ ਐਕਟ 2006 ਦੀ ਉਲੰਘਣਾ ਮੰਨਿਆ ਜਾਂਦਾ ਹੈ।
ਉਹ ਅੱਗੇ ਦੱਸਦੇ ਹਨ ਕਿ ਜੇਕਰ ਆਨਲਾਈਨ ਕਿਸੇ ਹੋਰ ਦੀ ਪਹਿਚਾਣ ਦਾ ਇਸਤੇਮਾਲ ਕਰਕੇ ਉਸਨੂੰ ਨੁਕਸਾਨ ਪਹੁੰਚਾਇਆ ਜਾਵੇ ਜਾਂ ਉਸਦੇ ਅਕਸ ਨੂੰ ਢਾਹ ਲਾਈ ਜਾਵੇ ਜਾਂ ਵਿੱਤੀ ਨੁਕਸਾਨ ਪਹੁੰਚਾਇਆ ਜਾਵੇ ਤਾਂ ਇਹ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ।
ਆਨਲਾਈਨ ਸੇਫਟੀ ਐਕਟ 2023 ਦੇ ਅਧੀਨ, ਜੇਕਰ ਕਿਸੇ ਹੋਰ ਦੀ ਪਹਿਚਾਣ ਦਾ ਇਸਤੇਮਾਲ ਧਮਕੀਆਂ ਦੇਣ ਜਾਂ ਠੱਗੀ ਮਾਰਨ ਲਈ ਕੀਤਾ ਜਾਵੇ ਤਾਂ ਅਜਿਹੇ ਕੇਸਾਂ ਵਿੱਚ ਸਬੰਧਤ ਅਦਾਰਿਆਂ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਲਾਸਕੇਅ ਸੁਝਾਅ ਦਿੰਦੇ ਹਨ ਕਿ ਪੀੜਤ ਨੂੰ ਪਹਿਲਾਂ ਸਬੰਧਤ ਅਦਾਰਿਆਂ ਦੇ ਟੂਲਜ਼ 'ਤੇ ਜਾ ਕੇ ਰਿਪੋਰਟ ਕਰਨੀ ਚਾਹੀਦੀ ਅਤੇ ਜੇਕਰ 48 ਘੰਟਿਆਂ ਅੰਦਰ ਕੋਈ ਐਕਸ਼ਨ ਨਹੀਂ ਹੁੰਦਾ ਤਾਂ ਸੈਂਟਰ ਦੀ ਹੈਲਪਲਾਈਨ 'ਤੇ ਰਾਬਤਾ ਕਾਇਮ ਕਰਨਾ ਚਾਹੀਦਾ ਹੈ।
ਹਾਲਾਂਕਿ ਉਹ ਇਹ ਵੀ ਕਹਿੰਦੇ ਹਨ ਕਿ ਇਸ ਤੋਂ ਬਚਾਅ ਦੀ ਅਹਿਮ ਉਪਾਅ 'ਰੋਕਥਾਮ ਅਤੇ ਸਿੱਖਿਆ' ਹੈ, ਜਿਸ ਵਿੱਚ ਆਨਲਾਈਨ ਘੱਟ ਤੋਂ ਘੱਟ ਜਾਣਕਾਰੀ ਸ਼ੇਅਰ ਕਰਨਾ, ਮੁਸ਼ਕਿਲ ਪਾਸਵਰਡ ਰੱਖਣਾ, ਦੁਵੱਲੀ ਪ੍ਰਮਾਣਿਕਤਾ ਅਤੇ ਪੈਸੇ ਜਾਂ ਨਿੱਜੀ ਤਸਵੀਰਾਂ ਭੇਜਣ ਤੋਂ ਬਚਣਾ ਸ਼ਾਮਿਲ ਹੈ।

ਤਸਵੀਰ ਸਰੋਤ, Netflix
ਯਾਇਰ ਕੋਹੇਨ, ਯੂਕੇ ਦੇ ਪਹਿਲੇ ਇੰਟਰਨੈੱਟ ਵਕੀਲਾਂ 'ਚ ਸ਼ੁਮਾਰ ਹਨ ਜਿਨ੍ਹਾਂ ਨੇ ਕੀਰਤ ਅੱਸੀ ਦਾ ਉਨ੍ਹਾਂ ਦੇ ਕੈਟਫਿਸ਼ਰ ਦੇ ਖਿਲਾਫ ਸਾਲ 2020 ਦਾ ਇਤਿਹਾਸਕ ਸਿਵਿਲ ਕੇਸ ਲੜਿਆ ਸੀ। ਬਾਅਦ ਵਿੱਚ ਉਹ ਨੈਟਫਲਿਕਸ ਦੀ ਡਾਕੂਮੈਂਟਰੀ 'ਸਵੀਟ ਬੌਬੀ' ਵਿੱਚ ਵੀ ਨਜ਼ਰ ਆਏ ਸਨ।
ਕੋਹੇਨ ਦੱਸਦੇ ਹਨ ਕਿ ਕੈਟਫਿਸ਼ਰ ਅਕਸਰ ਪੀੜਤ ਨੂੰ ਜਾਣਦੇ ਹੁੰਦੇ ਹਨ ਅਤੇ ਕਈ ਉਸ ਭਰੋਸੇ ਦਾ ਆਨੰਦ ਮਾਣਦੇ ਹਨ ਜੋ ਫਰਜ਼ੀ ਪਹਿਚਾਣ ਬਣਾਉਣ 'ਤੇ ਉਨ੍ਹਾਂ 'ਤੇ ਕੀਤਾ ਜਾਂਦਾ ਹੈ।
ਉਹ ਦੱਸਦੇ ਹਨ, "ਉਹ ਦੋਵੇਂ ਤਰ੍ਹਾਂ ਦੇ ਪੀੜਤਾਂ 'ਤੇ ਹਾਸਲ ਤਾਕਤ ਦਾ ਆਨੰਦ ਮਾਣਦੇ ਹਨ- ਇੱਕ ਉਹ ਜਿਨ੍ਹਾਂ ਦੀ ਪਹਿਚਾਣ (ਤਸਵੀਰਾਂ) ਉਹ ਚੋਰੀ ਕਰਦੇ ਹਨ ਅਤੇ ਦੂਜੇ ਉਹ, ਜਿਨ੍ਹਾਂ ਨੂੰ ਇਸ ਝੂਠੀ ਪਹਿਚਾਣ ਦਾ ਇਸਤੇਮਾਲ ਕਰ ਉਹ ਧੋਖਾ ਦੇ ਰਹੇ ਹੁੰਦੇ ਹਨ।"
ਉਨ੍ਹਾਂ ਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਹੁੰਦਾ, ਉਨ੍ਹਾਂ ਨੂੰ ਆਪਣਾ ਆਪ ਉਜਾਗਰ ਨਹੀਂ ਕਰਨਾ ਹੁੰਦਾ। ਉਹ ਸਿਰਫ ਕਿਸੇ ਹੋਰ ਦੀ ਪਹਿਚਾਣ ਦਾ ਇਸਤੇਮਾਲ ਕਰ ਆਪਣੀ ਪਹਿਚਾਣ ਬਣਾਉਂਦੇ ਹਨ।"
ਕੋਹੇਨ ਕਹਿੰਦੇ ਹਨ ਕਿ ਜਦੋਂ ਇੱਕ ਵਾਰ ਇਹ ਧੋਖਾ ਸ਼ੁਰੂ ਹੋ ਜਾਵੇ ਤਾਂ ਅਪਰਾਧੀ ਲਈ "ਇਸਨੂੰ ਰੋਕਣਾ ਬਹੁਤ ਮੁਸ਼ਕਿਲ" ਹੋ ਜਾਂਦਾ ਹੈ।
ਉਹ ਦੱਸਦੇ ਹਨ, "ਉਨ੍ਹਾਂ ਨੂੰ ਇਹ ਖੇਡ ਅਖੀਰ ਤੱਕ ਜਾਰੀ ਰੱਖਣੀ ਪੈਂਦੀ ਹੈ। ਇਹੀ ਵਜ੍ਹਾ ਹੈ ਕਿ ਅਸੀਂ ਅਕਸਰ ਉਨ੍ਹਾਂ ਦੀ ਪਛਾਣ ਕਰ ਲੈਂਦੇ ਹਾਂ, ਕਿਉਂਕਿ ਉਹ ਫੜੇ ਜਾਣ ਤੱਕ ਵਾਰ-ਵਾਰ ਇਹ ਗਲਤ ਕੰਮ ਕਰਦੇ ਰਹਿੰਦੇ ਹਨ।"
"ਉਨ੍ਹਾਂ ਲਈ ਬਚਣ ਦਾ ਕੋਈ ਰਸਤਾ ਨਹੀਂ ਹੁੰਦਾ।"
ਯਾਇਰ ਕੋਹੇਨ ਨੇ ਸਾਸ਼ਾ-ਜੇਅ ਡੇਵਿਸ ਦੇ ਤਜਰਬੇ ਬਾਰੇ ਕਿਹਾ ਕਿ ਇਸ ਮਾਮਲੇ ਵਿੱਚ ਘੱਟੋ-ਘੱਟ ਹੈਰਾਸਮੈਂਟ ਦੇ ਅਪਰਾਧ ਨੂੰ ਸਾਬਤ ਕਰਨ ਵਿੱਚ ਜ਼ਿਆਦਾ ਮੁਸ਼ਕਲ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਵਰਤਾਅ "ਸਪੱਸ਼ਟ ਤੌਰ 'ਤੇ ਉਸਨੂੰ ਡਰ ਅਤੇ ਮਾਨਸਿਕ ਪਰੇਸ਼ਾਨੀ ਪਹੁੰਚਾਉਣ ਲਈ ਕੀਤਾ ਗਿਆ ਲੱਗਦਾ ਹੈ।"
ਸਾਸ਼ਾ-ਜੇਅ ਦੱਸਦੇ ਹਨ, "ਸਾਊਥ ਵੇਲਸ ਪੁਲਿਸ ਮਾਊਨਟੇਨ ਐਸ਼ ਇਲਾਕੇ ਵਿੱਚ ਪਹਿਚਾਣ ਚੋਰੀ ਦੇ ਇੱਕ ਮਾਮਲੇ ਦੀ ਪੜਤਾਲ ਕਰ ਰਹੇ ਹੈ। ਜਾਂਚ ਦੌਰਾਨ ਪੀੜਤ ਨੂੰ ਹਰ ਪੜਾਅ ਬਾਰੇ ਜਾਣਕਾਰੀ ਦਿੱਤੀ ਗਈ।"
ਇੰਸਟਾਗ੍ਰਾਮ ਨੇ ਦੱਸਿਆ ਕਿ ਉਸ ਵੱਲੋਂ ਇਸ ਫਰਜ਼ੀ ਅਕਾਊਂਟ ਨੂੰ ਆਪਣੇ ਪਲੈਟਫਾਰਮ ਤੋਂ ਹਟਾ ਦਿੱਤਾ ਗਿਆ ਹੈ।
ਟਿਕਟੌਕ ਨੇ ਵੀ ਪੁਸ਼ਟੀ ਕੀਤੀ ਕਿ ਇਸ ਅਕਾਊਂਟ ਨੂੰ ਉਸ ਦੀਆਂ ਕਮਿਊਨਿਟੀ ਗਾਈਡਲਾਈਨਸ ਦੀ ਉਲੰਘਣਾ ਕਰਨ ਕਰਕੇ ਹਟਾ ਦਿੱਤਾ ਗਿਆ ਹੈ, ਜੋ ਨਕਲੀ ਪਹਿਚਾਣ, ਸਪੈਮ ਅਤੇ ਅਜਿਹੇ ਕੰਟੈਂਟ ਤੋਂ ਵਰਜਿਤ ਕਰਦੀ ਹੈ ਜੋ ਕਿਸੇ ਹੋਰ ਦੇ ਬੌਧਿਕ ਸੰਪਤੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੋਵੇ।

ਇਸ ਦਰਮਿਆਨ ਸਾਸ਼ਾ-ਜੇਅ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਕਹਾਣੀ ਇਸ ਉਮੀਦ ਨਾਲ ਸਾਂਝੀ ਕੀਤੀ ਹੈ ਕਿ ਉਨ੍ਹਾਂ ਨੂੰ ਕੁਝ ਜਵਾਬ ਮਿਲਣਗੇ ਅਤੇ ਲੋਕ ਆਨਲਾਈਨ ਹੋਣ ਸਮੇਂ ਹੋਰ ਜ਼ਿਆਦਾ ਸਾਵਧਾਨੀ ਵਰਤਣਗੇ।
ਉਨ੍ਹਾਂ ਕਿਹਾ, "ਮੈਂ ਹਮੇਸ਼ਾ ਸੋਚਦੀ ਸੀ ਕਿ 'ਮੇਰੇ ਨਾਲ ਅਜਿਹਾ ਕਦੇ ਨਹੀਂ ਹੋਵੇਗਾ', ਪਰ ਹੁਣ ਇਹ ਮੇਰੇ ਨਾਲ ਹੀ ਹੋ ਗਿਆ ਹੈ।"
ਉਹ ਕਹਿੰਦੇ ਹਨ, "ਸੋਸ਼ਲ ਮੀਡੀਆ ਬਹੁਤ ਤਾਕਤਵਰ ਹੈ, ਪਰ ਅਜਿਹੇ ਤੱਕ ਲੋਕਾਂ ਨੂੰ ਫਰਜ਼ੀ ਅਕਾਊਂਟ ਅਤੇ ਇਸ ਤਰ੍ਹਾਂ ਦੇ ਟਾਰਗੇਟੈੱਡ ਅਟੈਕ ਤੋਂ ਬਚਾਉਣ ਲਈ ਚੁੱਕੇ ਗਏ ਲੋੜੀਂਦੇ ਕਦਮ ਅਜੇ ਵੀ ਨਾਕਾਫੀ ਹਨ।"
ਉਹ ਚਾਹੁੰਦੇ ਹਨ ਕਿ ਸੋਸ਼ਲ ਮੀਡੀਆ ਪਲੈਟਫਾਰਮ ਅਕਾਊਂਟ ਲਈ ਪਹਿਚਾਣ ਦੀ ਪੁਸ਼ਟੀ ਲਾਜ਼ਮੀ ਬਣਾਉਣ। ਉਸ ਨੇ ਕਿਹਾ, "ਇੱਕ ਫਰਜ਼ੀ ਅਕਾਊਂਟ ਸ਼ਾਇਦ ਕਿਸੇ ਨੂੰ ਨੁਕਸਾਇਨਦਾਇਕ ਨਾ ਲੱਗੇ ਪਰ ਇਹ ਕਿਸੇ ਦੀ ਸਾਖ, ਸਬੰਧਾਂ ਅਤੇ ਮਾਨਸਿਕ ਸਿਹਤ ਨੂੰ ਤਬਾਹ ਕਰ ਸਕਦਾ ਹੈ।"
ਸਾਸ਼ਾ-ਜੇਅ ਲੋਕਾਂ ਨੂੰ ਅਪੀਲ ਕਰਦੇ ਹਨ ਕਿ "ਆਨਲਾਈਨ ਤੁਸੀਂ ਕਿਸ ਨਾਲ ਗੱਲਬਾਤ ਕਰਦੇ ਹੋ, ਇਸ ਬਾਰੇ ਸਾਵਧਾਨ ਰਹੋ।" ਉਹ ਲੋਕਾਂ ਨੂੰ ਕਹਿੰਦੇ ਹਨ ਕਿ ਆਪਣੇ ਪ੍ਰੋਫ਼ਾਈਲ ਪ੍ਰਾਈਵੇਟ ਰੱਖੋ, ਅਕਾਊਂਟਸ ਦੀ ਦੁਬਾਰਾ ਜਾਂਚ ਕਰੋ, ਨਕਲੀ ਪ੍ਰੋਫ਼ਾਈਲ ਤੁਰੰਤ ਰਿਪੋਰਟ ਕਰੋ, ਨਿੱਜੀ ਜਾਣਕਾਰੀ ਸੁਰੱਖਿਅਤ ਰੱਖੋ।
ਉਹ ਕਹਿੰਦੇ ਹਨ,"ਸਭ ਤੋਂ ਮਹੱਤਵਪੂਰਨ ਗੱਲ ਇਹ ਸਮਝੋ ਕਿ ਜੋ ਕੁਝ ਆਨਲਾਈਨ ਹੁੰਦਾ ਹੈ, ਉਹ ਸਿਰਫ਼ ਆਨਲਾਈਨ ਹੀ ਨਹੀਂ ਰਹਿੰਦਾ — ਉਹ ਅਸਲ ਜ਼ਿੰਦਗੀ ਵਿੱਚ ਇਸ ਤਰੀਕੇ ਨਾਲ ਅਸਰ ਪਾ ਸਕਦਾ ਹੈ ਕਿ ਘਾਤਕ ਸਾਬਿਤ ਹੋ ਸਕਦੇ ਹਨ।"
"ਕਿਸੇ ਨੂੰ ਵੀ ਆਪਣੀ ਪਹਿਚਾਣ ਮੁੜ ਹਾਸਲ ਕਰਨ ਲਈ ਲੜਨਾ ਨਾ ਪਵੇ ਜਾਂ ਇਹ ਮਹਿਸੂਸ ਨਾ ਕਰਨਾ ਪਵੇ ਕਿ ਉਹ ਅਸੁਰੱਖਿਅਤ ਹੈ, ਸਿਰਫ਼ ਇਸ ਲਈ ਕਿ ਕੋਈ ਹੋਰ ਸਕ੍ਰੀਨ ਦੇ ਪਿੱਛੇ ਲੁਕਿਆ ਹੋਇਆ ਹੈ।"
ਯੂਕੇ ਸਰਕਾਰ ਦਾ ਸਾਇੰਸ, ਇਨੋਵੇਸ਼ਨ ਐਂਡ ਟੈਕਨਾਲੋਜੀ ਵਿਭਾਗ ਕਹਿੰਦਾ ਹੈ ਕਿ ਸਾਰੇ ਸੋਸ਼ਲ ਮੀਡੀਆ ਅਦਾਰਿਆਂ ਨੂੰ ਆਪਣੇ ਯੂਜ਼ਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ।
ਇੱਕ ਬੁਲਾਰੇ ਨੇ ਕਿਹਾ, "ਆਨਲਾਈਨ ਕਿਸੇ ਹੋਰ ਦੀ ਪਹਿਚਾਣ ਦਾ ਇਸਤੇਮਾਲ ਕਰਨਾ ਜਾਂ 'ਕੈਟਫਿਸ਼ਿੰਗ' ਕਰਨਾ ਬਹੁਤ ਹੀ ਘਿਨੌਣਾ ਤਰੀਕਾ ਹੈ ਜੋ ਪੀੜਤਾਂ ਲਈ ਆਨਲਾਈਨ ਅਤੇ ਆਫਲਾਈਨ ਦੋਵੇਂ ਥਾਵਾਂ 'ਤੇ ਪਰੇਸ਼ਾਨੀ ਪੈਦਾ ਕਰ ਸਕਦਾ ਹੈ।"
ਉਨ੍ਹਾਂ ਨੇ ਕਿਹਾ ਕਿ ਆਨਲਾਈਨ ਸੇਫਟੀ ਐਕਟ 2023 ਅਧੀਨ ਸਾਰੇ ਸਬੰਧਤ ਆਨਲਾਈਨ ਸੇਵਾਵਾਂ, ਜਿਸ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ਵੀ ਸ਼ਾਮਿਲ ਹਨ, ਨੂੰ ਗੈਰਕਾਨੂੰਨੀ ਸਮੱਗਰੀ ਅਤੇ ਅਪਰਾਧਿਕ ਵਰਤਾਰਿਆਂ ਤੋਂ ਯੂਜ਼ਰਾਂ ਦੀ ਰੱਖਿਆ ਕਰਨੀ ਲਾਜ਼ਮੀ ਹੈ, ਜਿਸ ਵਿੱਚ ਫਰਜ਼ੀ ਸੰਚਾਰ ਨਾਲ ਜੁੜੇ ਅਪਰਾਧ ਵੀ ਸ਼ਾਮਿਲ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)































