ਸਟ੍ਰੇਟ ਆਫ਼ ਹੋਰਮੁਜ਼ ਤੋਂ ਬਾਅਦ ਕੀ ਹੁਣ ਲਾਲ ਸਾਗਰ ਤੋਂ ਵੀ ਤੇਲ ਦੀ ਆਵਾਜਾਈ 'ਤੇ ਅਸਰ ਪੈਣ ਵਾਲਾ ਹੈ? ਹੂਤੀ ਸਮੂਹ ਤੋਂ ਕਿੰਨਾ ਵੱਡਾ ਖ਼ਤਰਾ?

ਪੜ੍ਹਨ ਦਾ ਸਮਾਂ: 6 ਮਿੰਟ

ਊਰਜਾ ਅਤੇ ਹੋਰ ਜ਼ਰੂਰੀ ਸਮਾਨ ਦੀ ਸਪਲਾਈ ਦਾ ਇੱਕ ਅਹਿਮ ਮਾਰਗ 'ਰੈੱਡ ਸੀਅ' (ਲਾਲ ਸਾਗਰ) ਹੈ ਅਤੇ ਇਸ ਰਾਹੀਂ ਦੁਨੀਆ ਦਾ ਲਗਭਗ 15% ਸਮੁੰਦਰੀ ਵਪਾਰ ਹੁੰਦਾ ਹੈ।

ਯਮਨ ਦੇ ਹੂਤੀ ਸਮੂਹ ਦੇ ਈਰਾਨ-ਇਜ਼ਰਾਈਲ-ਅਮਰੀਕਾ ਜੰਗ ਵਿੱਚ ਸ਼ਾਮਲ ਹੋਣ ਨਾਲ ਇਸ ਸਮੁੰਦਰੀ ਮਾਰਗ ਰਾਹੀਂ ਹੋਣ ਵਾਲਾ ਵਪਾਰ ਵੀ ਖਤਰੇ 'ਚ ਪੈ ਸਕਦਾ ਹੈ, ਜੋ ਪਹਿਲਾਂ ਵੀ ਹੂਤੀ ਲੜਾਕਿਆਂ ਦੇ ਨਿਸ਼ਾਨੇ 'ਤੇ ਰਿਹਾ ਹੈ।

ਜੇ ਅਜਿਹਾ ਹੁੰਦਾ ਹੈ ਤਾਂ ਦੁਨੀਆ ਭਰ ਦੇ ਸਾਹਮਣੇ ਇੱਕ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ, ਕਿਉਂਕਿ ਹੋਰਮੁਜ਼ ਸਟ੍ਰੇਟ ਦੀ ਈਰਾਨੀ ਨਾਕਾਬੰਦੀ ਨੇ ਤੇਲ ਅਤੇ ਗੈਸ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਅਤੇ ਕਈ ਦੇਸ਼ਾਂ ਦੇ ਸਾਹਮਣੇ ਸੰਕਟ ਪੈਦਾ ਹੋ ਗਿਆ ਹੈ।

ਹੋਰਮੁਜ਼ ਸਟ੍ਰੇਟ ਰਾਹੀਂ ਵਿਸ਼ਵ ਭਰ ਦੀ ਊਰਜਾ ਸਪਲਾਈ ਦਾ ਲਗਭਗ 20% ਹਿੱਸਾ ਗੁਜ਼ਰਦਾ ਰਿਹਾ ਹੈ, ਜੋ ਇਸ ਵੇਲੇ ਕਾਫ਼ੀ ਹੱਦ ਤੱਕ ਬੰਦ ਹੈ ਅਤੇ ਇਸ ਦੀ ਕੁਝ ਭਰਪਾਈ ਰੈੱਡ ਸੀਅ ਰਾਹੀਂ ਹੋ ਰਹੀ ਹੈ।

ਹੂਤੀ ਲੜਾਕਿਆਂ ਤੋਂ ਇਜ਼ਰਾਈਲ ਨੂੰ ਕਿੰਨਾ ਖ਼ਤਰਾ

ਸੇਬੈਸਟਿਅਨ ਅਸ਼ਰ

ਮੱਧ ਪੂਰਬ ਵਿਸ਼ਲੇਸ਼ਕ

ਈਰਾਨ ਨਾਲ ਲਗਾਅ ਅਤੇ ਉਸਦਾ ਸਮਰਥਨ ਕਰਨ ਦੇ ਬਾਵਜੂਦ, ਮੱਧ ਪੂਰਬ ਵਿੱਚ ਚੱਲ ਰਹੇ ਯੁੱਧ ਦੇ ਸ਼ੁਰੂਆਤੀ ਚਾਰ ਹਫ਼ਤਿਆਂ ਤੱਕ ਹੂਤੀ ਲੜਾਕਿਆਂ ਨੇ ਹਮਲੇ ਨਹੀਂ ਕੀਤੇ ਸਨ।

ਪਰ ਹੁਣ ਇਸ ਹਥਿਆਰਬੰਦ ਸਮੂਹ ਨੇ ਪਹਿਲੀ ਵਾਰ ਇਜ਼ਰਾਈਲ ਵੱਲ ਮਿਜ਼ਾਇਲਾਂ ਦਾਗੀਆਂ ਹਨ।

ਈਰਾਨ ਸਮਰਥਿਤ ਇਹ ਬਗਾਵਤੀ ਸਮੂਹ ਇਜ਼ਰਾਈਲ ਨੂੰ ਆਪਣਾ ਦੁਸ਼ਮਣ ਮੰਨਦਾ ਹੈ। ਇਸ ਦਾ ਰਾਜਧਾਨੀ ਸਨਾ ਅਤੇ ਯਮਨ ਦੇ ਉੱਤਰ-ਪੱਛਮੀ ਹਿੱਸੇ 'ਤੇ ਕੰਟਰੋਲ ਹੈ, ਪਰ ਇਹ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰ ਨਹੀਂ ਹੈ।

ਹੂਤੀ ਸਮੂਹ ਦਾ ਕਹਿਣਾ ਹੈ ਕਿ ਉਹ "ਇਜ਼ਰਾਈਲ ਦੇ ਸੰਵੇਦਨਸ਼ੀਲ ਫੌਜੀ ਟਿਕਾਣਿਆਂ" ਨੂੰ ਨਿਸ਼ਾਨਾ ਬਣਾ ਰਹੇ ਸਨ।

ਇਹ ਸੱਚ ਹੈ ਕਿ ਮਿਜ਼ਾਈਲ ਹਮਲਿਆਂ ਰਾਹੀਂ ਹੂਤੀ ਲੜਾਕਿਆਂ ਤੋਂ ਇਜ਼ਰਾਈਲ ਨੂੰ ਜਿੰਨਾ ਖ਼ਤਰਾ ਹੈ, ਉਹ ਈਰਾਨ ਤੋਂ ਹੋਣ ਵਾਲੇ ਖ਼ਤਰੇ ਨਾਲੋਂ ਕਾਫ਼ੀ ਘੱਟ ਹੈ।

7 ਅਕਤੂਬਰ 2023 ਨੂੰ ਇਜ਼ਰਾਈਲ 'ਤੇ ਹਮਾਸ ਦੇ ਹਮਲਿਆਂ ਤੋਂ ਬਾਅਦ ਜਦੋਂ ਗਾਜ਼ਾ ਵਿੱਚ ਯੁੱਧ ਸ਼ੁਰੂ ਹੋਇਆ, ਤਾਂ ਇਸ ਸਮੂਹ ਨੇ ਹਮਾਸ ਦੇ ਸਮਰਥਨ ਵਿੱਚ ਕਈ ਵਾਰ ਇਜ਼ਰਾਈਲ 'ਤੇ ਹਮਲੇ ਕੀਤੇ।

ਪਰ ਉਨ੍ਹਾਂ ਹਮਲਿਆਂ ਨਾਲ ਇਜ਼ਰਾਈਲ ਨੂੰ ਅਸਲ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਪਹੁੰਚਿਆ।

ਹੂਤੀ ਲੜਾਕਿਆਂ ਤੋਂ ਇਜ਼ਰਾਈਲ ਨੂੰ ਕਿਤੇ ਜ਼ਿਆਦਾ ਵੱਡਾ ਖ਼ਤਰਾ ਯਮਨ ਦੇ ਸਮੁੰਦਰੀ ਤੱਟ ਦੇ ਨੇੜੇ ਹੈ।

ਹੂਤੀ ਸਮੂਹ ਤੋਂ ਕਿੰਨਾ ਵੱਡਾ ਖ਼ਤਰਾ

ਹਮਾਸ ਨੂੰ ਸਮਰਥਨ ਦੇ ਤੌਰ 'ਤੇ ਇਸ ਗਰੁੱਪ ਨੇ ਰੈੱਡ ਸੀਅ ਦੇ ਦੱਖਣੀ ਸਿਰੇ 'ਤੇ, ਯਮਨ ਅਤੇ ਹਾਰਨ ਆਫ਼ ਅਫਰੀਕਾ ਦੇ ਵਿਚਕਾਰ ਸਥਿਤ ਬਾਬ ਅਲ-ਮੰਦੇਬ ਸਟ੍ਰੇਟ ਰਾਹੀਂ ਲੰਘਣ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ।

ਉਨ੍ਹਾਂ ਦੇ ਇਸ ਕਦਮ ਨਾਲ ਉਸ ਅਹਿਮ ਵਪਾਰਕ ਸਮੁੰਦਰੀ ਮਾਰਗ 'ਤੇ ਖ਼ਤਰਾ ਪੈਦਾ ਹੋ ਗਿਆ ਸੀ।

ਜੇ ਉਹ ਦੁਬਾਰਾ ਅਜਿਹਾ ਕਰਦੇ ਹਨ, ਤਾਂ ਇਹ ਵਿਸ਼ਵ ਦੀ ਅਰਥਵਿਵਸਥਾ ਲਈ ਇੱਕ ਹੋਰ ਵੱਡਾ ਝਟਕਾ ਹੋਵੇਗਾ।

ਈਰਾਨ ਨੇ ਹੋਰਮੁਜ਼ ਸਟ੍ਰੇਟ ਨੂੰ ਲਗਭਗ ਬੰਦ ਕਰ ਦਿੱਤਾ ਹੈ। ਹੁਣ ਹੂਤੀ ਲੜਾਕਿਆਂ ਕਰਕੇ ਵਪਾਰ ਅਤੇ ਊਰਜਾ ਸਪਲਾਈ ਲਈ ਬਹੁਤ ਜ਼ਰੂਰੀ ਦੁਨੀਆ ਦੇ ਦੋ ਮੁੱਖ ਰਣਨੀਤਿਕ ਜਲ ਮਾਰਗ ਵੀ ਪੂਰੀ ਤਰ੍ਹਾਂ ਬੰਦ ਹੋ ਸਕਦੇ ਹਨ।

ਹੂਤੀ ਆਪਣੇ ਖਾੜੀ ਅਰਬ ਗੁਆਂਢੀ ਦੇਸ਼ਾਂ, ਜਿਵੇਂ ਸਾਉਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੇ ਊਰਜਾ ਅਤੇ ਫੌਜੀ ਬੁਨਿਆਦੀ ਢਾਂਚੇ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ, ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਵੀ ਕੀਤਾ ਹੈ।

ਜਦੋਂ ਹੂਤੀਆਂ ਨੇ ਪਹਿਲਾਂ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਸੀ, ਤਾਂ ਉਨ੍ਹਾਂ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਜ਼ੋਰਦਾਰ ਹਵਾਈ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਹਮਲਿਆਂ ਦਾ ਮਕਸਦ ਹੂਤੀਆਂ ਦੀ ਅਗਵਾਈ ਅਤੇ ਫੌਜੀ ਸਮਰੱਥਾ ਨੂੰ ਨਸ਼ਟ ਕਰਨ ਦਾ ਸੀ।

ਪਰ ਅਜਿਹਾ ਲੱਗਦਾ ਹੈ ਕਿ ਹੂਤੀ ਉਨ੍ਹਾਂ ਹਮਲਿਆਂ ਤੋਂ ਉੱਭਰ ਗਏ ਹਨ। ਹੁਣ ਸਵਾਲ ਇਹ ਹੈ ਕਿ ਉਹ ਕਿਸ ਹੱਦ ਤੱਕ ਅੱਗੇ ਜਾਣ ਲਈ ਤਿਆਰ ਹਨ।

ਜਦੋਂ ਉਨ੍ਹਾਂ ਨੇ ਹਮਾਸ ਅਤੇ ਫ਼ਲਸਤੀਨੀਆਂ ਦੇ ਸਮਰਥਨ ਵਿੱਚ ਹਮਲੇ ਕੀਤੇ ਸਨ, ਤਾਂ ਉਨ੍ਹਾਂ ਨੂੰ ਆਪਣੇ ਦੇਸ਼ ਅਤੇ ਆਪਣੇ ਖੇਤਰ ਵਿੱਚ ਕੁਝ ਹੱਦ ਤੱਕ ਸਰਾਹਿਆ ਗਿਆ ਸੀ।

ਪਰ ਈਰਾਨ ਲਈ ਅਜਿਹਾ ਕਰਨਾ ਇੱਕ ਬਿਲਕੁਲ ਵੱਖਰੀ ਗੱਲ ਹੋ ਸਕਦੀ ਹੈ।

ਇਸ ਵਿੱਚ ਇੱਕ ਮੁੱਦਾ ਖੁਦ ਯਮਨ ਦਾ ਵੀ ਹੈ, ਜਿੱਥੇ ਸਾਲਾਂ ਦੀ ਉਥਲ-ਪੁਥਲ ਅਤੇ ਜੰਗ ਤੋਂ ਬਾਅਦ, ਪਿਛਲੇ ਕੁਝ ਸਮੇਂ ਤੋਂ ਕਾਫ਼ੀ ਹੱਦ ਤੱਕ ਸ਼ਾਂਤੀ ਬਣੀ ਹੋਈ ਹੈ।

ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਯੁੱਧ ਵਿੱਚ ਹੂਤੀ ਲੜਾਕਿਆਂ ਦੀ ਫੌਜੀ ਭਾਗੀਦਾਰੀ ਵਧਣ ਨਾਲ ਯਮਨ ਦੇ ਆਪਣੇ ਅੰਦਰੂਨੀ ਸੰਘਰਸ਼ ਵਿੱਚ ਮੁੜ ਹਿੰਸਾ ਭੜਕ ਸਕਦੀ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਹੂਤੀ ਆਪਣੇ ਹਮਲੇ ਜਾਰੀ ਰੱਖਦੇ ਹਨ ਅਤੇ ਉਨ੍ਹਾਂ ਨੂੰ ਹੋਰ ਤੇਜ਼ ਕਰਦੇ ਹਨ, ਤਾਂ ਇਹ ਇਸ ਯੁੱਧ ਦੇ ਹੋਰ ਫੈਲਣ ਦਾ ਸੰਕੇਤ ਹੋਵੇਗਾ।

ਸ਼ਨੀਵਾਰ ਨੂੰ ਬਾਅਦ ਵਿੱਚ ਹੂਤੀ ਸਮੂਹ ਨੇ ਇਜ਼ਰਾਈਲ ਖ਼ਿਲਾਫ਼ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੀ ਦੂਜੀ ਖੇਪ ਲਾਂਚ ਕਰਨ ਦਾ ਦਾਅਵਾ ਕੀਤਾ।

ਰੈੱਡ ਸੀਅ ਦਾ ਸਮੁੰਦਰੀ ਮਾਰਗ ਕਿੰਨਾ ਅਹਿਮ

ਪੌਲੀਨ ਕੋਲਾ

ਬੀਬੀਸੀ ਨਿਊਜ਼

ਇਜ਼ਰਾਈਲ ਅਤੇ ਯਮਨ ਵਿਚਕਾਰ ਦੂਰੀ ਕਾਫ਼ੀ ਜ਼ਿਆਦਾ ਹੈ ਅਤੇ ਇਜ਼ਰਾਈਲ ਪਹਿਲਾਂ ਵੀ ਹੂਤੀ ਮਿਜ਼ਾਇਲਾਂ ਨੂੰ ਰੋਕਣ ਵਿੱਚ ਸਫਲ ਰਿਹਾ ਹੈ।

ਪਰ ਇਸ ਹਥਿਆਰਬੰਦ ਸਮੂਹ ਨੇ ਪਹਿਲਾਂ ਬਾਬ ਅਲ-ਮੰਦੇਬ ਸਟ੍ਰੇਟ ਵਿੱਚ ਜਹਾਜ਼ਾਂ 'ਤੇ ਹਮਲੇ ਕੀਤੇ ਹਨ। ਇਸ ਰਸਤੇ ਦਾ ਇਸਤੇਮਾਲ ਹਿੰਦ ਮਹਾਂਸਾਗਰ ਤੋਂ ਰੈੱਡ ਸੀਅ ਅਤੇ ਆਖ਼ਿਰ ਵਿੱਚ ਸੁਏਜ਼ ਨਹਿਰ ਤੱਕ ਪਹੁੰਚਣ ਲਈ ਕੀਤਾ ਜਾਂਦਾ ਹੈ।

ਸੁਏਜ਼ ਨਹਿਰ ਏਸ਼ੀਆ ਅਤੇ ਯੂਰਪ ਵਿਚਕਾਰ ਸਭ ਤੋਂ ਤੇਜ਼ ਸਮੁੰਦਰੀ ਮਾਰਗ ਹੈ ਅਤੇ ਇਹ ਤੇਲ ਅਤੇ ਲਿਕਵੀਫਾਈਡ ਨੇਚੁਰਲ ਗੈਸ (ਐਲਐਨਜੀ) ਦੀ ਢੁਆਈ ਲਈ ਖ਼ਾਸ ਤੌਰ 'ਤੇ ਮਹੱਤਵਪੂਰਨ ਹੈ।

ਨਵੰਬਰ 2023 ਤੋਂ 2025 ਦੀ ਸ਼ੁਰੂਆਤ ਤੱਕ ਹੂਤੀ ਸਮੂਹ ਨੇ ਰੈੱਡ ਸੀਅ ਵਿੱਚ ਜਹਾਜ਼ਾਂ 'ਤੇ ਲਗਭਗ 200 ਹਮਲੇ ਕੀਤੇ, ਜਿਸ ਨਾਲ 30 ਤੋਂ ਵੱਧ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਅਤੇ ਘੱਟੋ-ਘੱਟ ਇੱਕ ਜਹਾਜ਼ ਨੂੰ ਅਗਵਾ ਕਰ ਲਿਆ ਗਿਆ।

ਇਨ੍ਹਾਂ ਹਮਲਿਆਂ ਕਾਰਨ ਵੱਡੀਆਂ ਸ਼ਿਪਿੰਗ ਕੰਪਨੀਆਂ ਨੂੰ ਵੀ ਰੈੱਡ ਸੀਅ ਦਾ ਇਸਤੇਮਾਲ ਬੰਦ ਕਰਨਾ ਪਿਆ। ਇਸ ਸਮੁੰਦਰੀ ਮਾਰਗ ਰਾਹੀਂ ਆਮ ਤੌਰ 'ਤੇ ਦੁਨੀਆ ਦਾ ਲਗਭਗ 15% ਸਮੁੰਦਰੀ ਵਪਾਰ ਹੁੰਦਾ ਹੈ।

ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਈਰਾਨ ਦੀ ਨਾਕਾਬੰਦੀ ਤੋਂ ਬਾਅਦ ਰੈੱਡ ਸੀਅ ਦਾ ਮਾਰਗ ਕਾਫ਼ੀ ਅਹਿਮ ਹੋ ਗਿਆ ਹੈ, ਅਜਿਹੇ ਵਿੱਚ ਇਸ ਸਮੁੰਦਰੀ ਮਾਰਗ ਦਾ ਸੰਕਟ ਦੁਨੀਆ ਦੇ ਸਾਹਮਣੇ ਅਰਥਵਿਵਸਥਾ ਦੀ ਨਵੀਂ ਸਮੱਸਿਆ ਖੜ੍ਹੀ ਕਰ ਸਕਦਾ ਹੈ।

ਹੂਤੀ ਸਮੂਹ ਦੇ ਹਮਲਿਆਂ ਤੋਂ ਬਾਅਦ ਜਹਾਜ਼ਾਂ ਨੂੰ ਦੱਖਣੀ ਅਫ਼ਰੀਕਾ ਦਾ ਚੱਕਰ ਲਗਾਉਂਦੇ ਹੋਏ ਇੱਕ ਬਹੁਤ ਲੰਮਾ ਰਾਹ ਅਪਣਾਉਣਾ ਪਿਆ।

ਇਨ੍ਹਾਂ ਹਮਲਿਆਂ ਤੋਂ ਬਾਅਦ, ਜਨਵਰੀ 2024 ਅਤੇ ਮਾਰਚ 2025 ਵਿੱਚ ਅਮਰੀਕਾ ਅਤੇ ਬ੍ਰਿਟੇਨ ਨੇ ਯਮਨ ਵਿੱਚ ਹੂਤੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ।

ਕੌਣ ਹਨ ਹੂਤੀ ਬਾਗ਼ੀ?

ਹੂਤੀ, ਯਮਨ ਦੇ ਘੱਟ ਗਿਣਤੀ ਸ਼ੀਆ 'ਜ਼ੈਦੀ' ਭਾਈਚਾਰੇ ਦਾ ਇੱਕ ਹਥਿਆਰਬੰਦ ਸਮੂਹ ਹੈ।

ਇਸ ਭਾਈਚਾਰੇ ਨੇ 1990 ਦੇ ਦਹਾਕੇ ਵਿੱਚ ਤਤਕਾਲੀ ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ਦੇ ਕਥਿਤ ਭ੍ਰਿਸ਼ਟਾਚਾਰ ਵਿਰੁੱਧ ਲੜਨ ਲਈ ਇਹ ਸਮੂਹ ਬਣਾਇਆ ਸੀ।

ਇਨ੍ਹਾਂ ਦਾ ਨਾਮ ਇਨ੍ਹਾਂ ਦੇ ਅੰਦੋਲਨ ਦੇ ਸੰਸਥਾਪਕ ਹੁਸੈਨ ਅਲ-ਹੂਤੀ ਦੇ ਨਾਮ 'ਤੇ ਪਿਆ ਹੈ। ਉਹ ਆਪਣੇ ਆਪ ਨੂੰ 'ਅੰਸਾਰ ਅੱਲ੍ਹਾ' ਭਾਵ ਰੱਬ ਦੇ ਸਾਥੀ ਵੀ ਕਹਿੰਦੇ ਹਨ।

ਸਾਲ 2003 ਵਿੱਚ ਇਰਾਕ ਉੱਤੇ ਅਮਰੀਕਾ ਦੀ ਅਗਵਾਈ ਵਾਲੇ ਹਮਲੇ ਦੌਰਾਨ, ਹੂਤੀ ਬਾਗੀਆਂ ਨੇ ਨਾਅਰਾ ਦਿੱਤਾ ਸੀ- "ਰੱਬ ਮਹਾਨ ਹੈ। ਅਮਰੀਕਾ ਦਾ ਖਾਤਮਾ ਹੋਵੇ, ਇਜ਼ਰਾਈਲ ਦਾ ਖਾਤਮਾ ਹੋਵੇ। ਯਹੂਦੀ ਤਬਾਹ ਹੋ ਜਾਣ ਅਤੇ ਇਸਲਾਮ ਦੀ ਜਿੱਤ ਹੋਵੇ।"

ਉਨ੍ਹਾਂ ਨੇ ਆਪਣੇ ਆਪ ਨੂੰ ਹਮਾਸ ਅਤੇ ਹਿਜ਼ਬੁੱਲਾ ਦੇ ਨਾਲ ਮਿਲਕੇ ਇਜ਼ਰਾਈਲ, ਅਮਰੀਕਾ ਅਤੇ ਪੱਛਮ ਦੇ ਵਿਰੁੱਧ ਈਰਾਨ ਦੀ ਅਗਵਾਈ ਵਾਲੇ "ਵਿਰੋਧ ਦੇ ਧੁਰੇ" ਦਾ ਹਿੱਸਾ ਦੱਸਿਆ ਸੀ।

ਹੂਤੀ ਬਾਗ਼ੀ ਲੇਬਨਾਨ ਦੇ ਹਥਿਆਰਬੰਦ ਸ਼ੀਆ ਸਮੂਹ ਹਿਜ਼ਬੁੱਲਾ ਦੇ ਮਾਡਲ ਤੋਂ ਪ੍ਰੇਰਨਾ ਲੈਂਦੇ ਹਨ।

ਹੂਤੀ ਆਪਣੇ ਆਪ ਨੂੰ ਈਰਾਨ ਦੇ ਸਹਿਯੋਗੀ ਵੀ ਕਹਿੰਦੇ ਹਨ ਕਿਉਂਕਿ ਉਨ੍ਹਾਂ ਦਾ ਸਾਂਝਾ ਦੁਸ਼ਮਣ ਸਾਊਦੀ ਅਰਬ ਹੈ।

ਇਹ ਖਦਸ਼ਾ ਵੀ ਜਤਾਇਆ ਜਾਂਦਾ ਹੈ ਕਿ ਈਰਾਨ ਹੂਤੀ ਬਾਗੀਆਂ ਨੂੰ ਹਥਿਆਰ ਵੀ ਮੁਹੱਈਆ ਕਰਵਾ ਰਿਹਾ ਹੈ।

ਅਮਰੀਕਾ ਅਤੇ ਸਾਊਦੀ ਅਰਬ ਕਹਿੰਦੇ ਹਨ ਕਿ ਈਰਾਨ ਨੇ ਹੂਤੀ ਬਾਗੀਆਂ ਨੂੰ ਬੈਲਿਸਟਿਕ ਮਿਜ਼ਾਇਲਾਂ ਨਾਲ ਲੈਸ ਕੀਤਾ ਸੀ, ਜਿਨ੍ਹਾਂ ਦਾ ਇਸਤੇਮਾਲ ਸਾਲ 2017 ਵਿੱਚ ਸਾਊਦੀ ਅਰਬ ਦੀ ਰਾਜਧਾਨੀ ਰਿਆਦ 'ਤੇ ਹਮਲਾ ਕਰਨ ਲਈ ਕੀਤਾ ਗਿਆ ਸੀ। ਇਨ੍ਹਾਂ ਮਿਜ਼ਾਇਲਾਂ ਨੂੰ ਹਵਾ ਵਿੱਚ ਹੀ ਮਾਰ ਦਿੱਤਾ ਗਿਆ ਸੀ।

ਹੂਤੀ ਬਾਗ਼ੀ ਸਾਊਦੀ ਅਰਬ 'ਤੇ ਘੱਟ ਰੇਂਜ ਦੀਆਂ ਹਜ਼ਾਰਾਂ ਮਿਜ਼ਾਇਲਾਂ ਦਾਗ ਚੁੱਕੇ ਹਨ ਅਤੇ ਉਨ੍ਹਾਂ ਨੇ ਯੂਏਈ ਨੂੰ ਵੀ ਨਿਸ਼ਾਨਾ ਬਣਾਇਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)