ਕਣਕ ਦੀ ਫਸਲ ਬਾਰੇ ਫਿਕਰਮੰਦ ਪੰਜਾਬ ਦੇ ਕਿਸਾਨਾਂ ਲਈ ਕੀ ਬਦਲਿਆ ਮੌਸਮ ਬਣੇਗਾ ਰਾਹਤ ਦਾ ਸਬੱਬ?

ਕਣਕ ਦੀ ਫਸਲ

ਤਸਵੀਰ ਸਰੋਤ, Getty Images

    • ਲੇਖਕ, ਚਰਨਜੀਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

"ਦਾਣਾ ਬਰੀਕ ਪੈ ਗਿਆ ਹੈ, ਮੰਡੀ ਵਿੱਚ ਲੈ ਕੇ ਜਾਵਾਂਗੇ ਤਾਂ ਬਰੀਕ ਦਾਣਾ ਵੇਸਟ 'ਚ ਚਲਾ ਜਾਏਗਾ। ਅਜਿਹੀ ਕਣਕ ਵਿਕੇਗੀ ਨਹੀਂ ਅਤੇ ਘਾਟਾ ਪੈਣਾ ਤੈਅ ਹੈ।" ਇਹ ਸ਼ਬਦ ਸੰਗਰੂਰ ਦੇ ਪਿੰਡ ਲੱਡੀ ਦੇ ਕਿਸਾਨ ਕੁਲਦੀਪ ਸਿੰਘ ਦੇ ਹਨ।

ਚਾਰ ਕਿੱਲਿਆਂ ਵਿੱਚ ਕਣਕ ਦੀ ਖੇਤੀ ਕਰਨ ਵਾਲੇ ਕੁਲਦੀਪ ਸਿੰਘ ਨੂੰ ਆਸ ਸੀ ਕਿ ਇਸ ਵਾਰ ਕਣਕ ਦੀ ਚੰਗੀ ਪੈਦਾਵਾਰ ਹੋਈ ਤਾਂ ਉਹ ਆਪਣੇ ਪੁੱਤਰ ਦੀ ਟਰੈਕਟਰ ਲੈਣ ਦੀ ਇੱਛਾ ਪੂਰੀ ਕਰ ਦੇਣਗੇ ਪਰ ਲੰਘੇ ਹਫਤੇ ਪਈ ਜ਼ਿਆਦਾ ਗਰਮੀ ਨੇ ਕਣਕ ਦੀ ਫਸਲ ਨੂੰ ਵੇਲੇ ਤੋਂ ਪਹਿਲਾਂ ਪੱਕਣ ਦੇ ਕੰਢੇ ਲਿਆ ਦਿੱਤਾ ਹੈ ਜਿਸ ਕਰਕੇ ਕਿਸਾਨਾਂ ਦੀ ਫਿਕਰ ਵੱਧ ਗਈ ਹੈ।

ਕਿਸਾਨ
ਤਸਵੀਰ ਕੈਪਸ਼ਨ, ਕਿਸੇ ਖੇਤਰ ਵਿੱਚ ਸਮੇਂ ਤੋਂ ਪਹਿਲਾ ਤਾਪਮਾਨ ਵੱਧ ਹੋਣ ਕਾਰਨ ਫ਼ਸਲ ਜਲਦੀ ਪੱਕ ਜਾਂਦੀ ਹੈ ਅਤੇ ਦਾਣੇ ਨੂੰ ਬਣਨ ਲਈ ਲੋੜੀਂਦਾ ਸਮਾਂ ਨਹੀਂ ਮਿਲਦਾ

ਲੰਘੇ ਇੱਕ ਹਫਤੇ ਵਿੱਚ ਪੰਜਾਬ ਸਣੇ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ। ਖੇਤੀ ਮਾਹਰਾਂ ਦਾ ਵੀ ਮੰਨਣਾ ਹੈ ਕਿ ਤਾਪਮਾਨ ਵਿੱਚ ਵਾਧਾ ਝਾੜ ਨੂੰ ਸਭ ਤੋਂ ਪਹਿਲਾ ਪ੍ਰਭਾਵਿਤ ਕਰਦਾ ਹੈ।

ਕਿਸੇ ਖੇਤਰ ਵਿੱਚ ਸਮੇਂ ਤੋਂ ਪਹਿਲਾ ਤਾਪਮਾਨ ਵੱਧ ਹੋਣ ਕਾਰਨ ਫ਼ਸਲ ਜਲਦੀ ਪੱਕ ਜਾਂਦੀ ਹੈ ਅਤੇ ਦਾਣੇ ਨੂੰ ਬਣਨ ਲਈ ਲੋੜੀਂਦਾ ਸਮਾਂ ਨਹੀਂ ਮਿਲਦਾ। ਵੱਧ ਤਾਪਮਾਨ ਦੇ ਕਾਰਨ ਕਣਕ ਦਾ ਦਾਣਾ ਸੁੰਘੜ ਜਾਂਦਾ ਹੈ ਅਤੇ ਦਾਣੇ ਦੀ ਨਮੀ 'ਚ ਵੀ ਕਮੀ ਆਉਂਦੀ ਹੈ। ਇਹ ਸਭ ਆਖ਼ਰ ਵਿੱਚ ਗੁਣਵੱਤਾ ਵਿੱਚ ਕਮੀ ਦਾ ਹੀ ਕਾਰਨ ਬਣਦਾ ਹੈ।

ਕਿਸਾਨ
ਤਸਵੀਰ ਕੈਪਸ਼ਨ, ਹੁਣ ਫਿਕਰ ਕਣਕ ਕਾਸ਼ਤਕਾਰਾਂ ਨੂੰ ਸਤਾ ਰਹੀ ਹੈ

ਮੀਂਹ ਕਾਰਨ ਕੀ ਫਸਲਾਂ ਨੂੰ ਮਿਲੇਗੀ ਰਾਹਤ?

ਹਾਲਾਂਕਿ ਪਿਛਲੇ ਦੋ ਦਿਨਾਂ ਤੋਂ ਪੰਜਾਬ ਸਣੇ ਉੱਤਰ-ਭਾਰਤ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ ਹੈ। ਪਹਾੜਾਂ ਵਿੱਚ ਬਰਫ਼ਬਾਰੀ ਵੀ ਹੋਈ ਹੈ। ਜੋ ਫਸਲਾਂ ਦੀ ਉਪਜ ਲਈ ਚੰਗੀ ਹੋ ਸਕਦੀ ਹੈ ਤੇ ਉਨ੍ਹਾਂ ਨੂੰ ਨੁਕਸਾਨ ਤੋਂ ਬਚਾ ਸਕਦੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਕਹਿੰਦੇ ਹਨ, "ਪਿਛਲੇ ਦੋ ਦਿਨਾਂ ਵਿੱਚ ਹੋਈ ਮੌਸਮ ਤਬਦੀਲੀ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ।''

''ਇਨ੍ਹਾਂ ਦਿਨਾਂ ਵਿੱਚ ਕਣਕ ਨੂੰ ਠੰਢੇ ਮੌਸਮ ਦੀ ਲੋੜ ਹੁੰਦੀ ਹੈ। ਪਹਿਲਾਂ ਗਰਮੀ ਜ਼ਿਆਦਾ ਪੈਣ ਕਰਕੇ ਕਣਕ ਦੇ ਝਾੜ ਉੱਤੇ ਅਸਰ ਪੈਣ ਦੇ ਆਸਾਰ ਸਨ। ਪਰ ਹੁਣ ਮੌਸਮ ਠੰਢਾ ਹੋਣ ਕਰਕੇ ਗਰਮ ਮੌਸਮ ਨਾਲ ਪਏ ਪ੍ਰਭਾਵ ਦੀ ਕੁੱਝ ਹੱਦ ਤੱਕ ਭਰਪਾਈ ਹੋਣ ਦੇ ਆਸਾਰ ਹਨ।"

"ਇਨ੍ਹਾਂ ਦੋ ਦਿਨਾਂ ਵਿੱਚ ਮੀਂਹ ਵੀ ਪਿਆ ਹੈ। ਮੀਂਹ ਪੈਣ ਨਾਲ ਫਸਲ ਡਿੱਗ ਪੈਂਦੀ ਹੈ ਅਤੇ ਫਸਲ ਡਿੱਗਣ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ। ਪਰ ਬਾਰਿਸ਼ ਇੰਨੀ ਜ਼ਿਆਦਾ ਨਹੀਂ ਹੋਈ। ਇਸ ਲਈ ਫਸਲ ਡਿੱਗਣ ਦੇ ਆਸਾਰ ਵੀ ਬਹੁਤ ਘੱਟ ਹਨ।"

ਕਿਸਾਨਾਂ ਨੂੰ ਘੱਟ ਝਾੜ ਦਾ ਖ਼ਦਸ਼ਾ ਕਿਉਂ ਹੈ?

ਹਾਲਾਂਕਿ ਪਿਛਲੇ ਹਫ਼ਤੇ ਅਚਾਨਕ ਬਦਲੇ ਮੌਸਮ ਤੇ ਪਈ ਗਰਮੀ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ।

ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਨੂੰ ਸੰਗਰੂਰ ਦੇ ਕਿਸਾਨਾਂ ਨੇ ਦੱਸਿਆ ਕਿ ਵੇਲੇ ਤੋਂ ਪਹਿਲਾਂ ਪੱਕਣ ਤੇ ਆਈ ਕਣਕ ਦੀ ਗੁਣਵੱਤਾ ਵਿੱਚ ਕਮੀ ਆਵੇਗੀ।

ਕੁਲਦੀਪ ਸਿੰਘ ਦੱਸਦੇ ਹਨ, "ਦਾਣਾ ਬਰੀਕ ਪੈ ਗਿਆ ਹੈ, ਜਦੋਂ ਕਣਕ ਮੰਡੀ ਲੈ ਕੇ ਜਾਵਾਂਗੇ ਅਤੇ ਝਾੜ ਲੱਗੇਗਾ ਤਾਂ ਬਰੀਕ ਦਾਣਾ ਵੇਸਟ ਵਿੱਚ ਚਲਾ ਜਾਏਗਾ। ਅਜਿਹੀ ਕਣਕ ਵਿਕੇਗੀ ਨਹੀਂ ਅਤੇ ਘਾਟਾ ਪੈਣਾ ਤੈਅ ਹੈ।''

''ਬਹੁਤ ਆਸ ਸੀ, ਬੇਟਾ ਕਹਿ ਰਿਹਾ ਸੀ ਕਿ ਕਣਕ ਚੰਗੀ ਹੋਈ ਤਾਂ ਟਰੈਕਟਰ ਲੈ ਕੇ ਦੇਣਾ ਪਰ ਹੁਣ ਜਦੋਂ ਝਾੜ ਹੀ ਘੱਟ ਜਾਣਾ ਤਾਂ ਫਿਰ ਕੁਝ ਨਹੀਂ ਲਿਆ ਜਾਣਾ। ਪਹਿਲਾਂ ਅਜਿਹੀ ਗਰਮੀ ਅਪ੍ਰੈਲ ਵਿੱਚ ਪਿਆ ਕਰਦੀ ਸੀ।"

ਸੰਗਰੂਰ ਦੇ ਹੀ ਕਿਸਾਨ ਚਮਕੌਰ ਸਿੰਘ ਜੋ 16 ਏਕੜ ਵਿੱਚ ਕਣਕ ਦੀ ਖੇਤੀ ਕਰਦੇ ਹਨ, ਉਹ ਦੱਸਦੇ ਹਨ, "ਕਣਕ ਦਾ ਸਿੱਟਾ ਮਸਲ ਕੇ ਦੇਖੀਏ ਤਾਂ ਦਾਣੇ ਨਿਕਲਣ ਵੀ ਲੱਗ ਪਏ ਹਨ। ਇਹ ਰੁੱਤ ਫਸਲ ਦੇ ਪੱਕਣ ਦੀ ਨਹੀਂ ਹੁੰਦੀ ਹੈ। ਸਾਰੀ ਫਸਲ ਭੂਰੀ ਪੈ ਗਈ ਹੈ, ਸੁੱਕ ਰਹੀ ਹੈ ਇਸ ਕਰਕੇ ਝਾੜ ਉੱਤੇ ਅਸਰ ਪੈਣਾ ਤੈਅ ਹੈ।"

ਉਹ ਅਗਾਂਹ ਕਹਿੰਦੇ ਹਨ, "ਖੇਤੀ ਮਾਹਰਾਂ ਦੀ ਸਲਾਹ ਉੱਤੇ ਪਾਣੀ ਵੀ ਲਾਉਂਦੇ ਹਾਂ ਪਰ ਹਵਾਵਾਂ ਕਰਕੇ ਕਈ ਥਾਈਂ ਕਣਕ ਵਿਛ ਵੀ ਗਈ ਹੈ ਇਸ ਲਈ ਕੁਦਰਤੀ ਮਾਰ ਕਰਕੇ ਕਿਸਾਨ ਬੇਬੱਸ ਹੈ। ਅੰਦਾਜ਼ਾ ਹੈ ਕਿ 20-25 ਫੀਸਦ ਨੁਕਸਾਨ ਹੋਵੇਗਾ।"

ਬੀਬੀਸੀ ਸਹਿਯੋਗੀ ਕੁਲਦੀਪ ਬਰਾੜ ਮੁਤਾਬਕ ਫਾਜ਼ਿਲਕਾ ਦੇ ਕੁਝ ਪਿੰਡਾਂ ਦੇ ਕਿਸਾਨ ਵੀ ਆਪਣੀ ਕਣਕ ਦੀ ਫਸਲ ਲਈ ਚਿੰਤਾ ਵਿੱਚ ਡੁੱਬੇ ਹੋਏ ਹਨ।

ਪਿੰਡ ਜੈਮਲ ਵਾਲਾ ਦੇ ਕਿਸਾਨ ਗੁਰਮੀਤ ਸਿੰਘ ਦੱਸਦੇ ਹਨ, "ਕਣਕ ਦੇ ਦਾਣੇ ਗਰਮੀ ਕਰਕੇ ਕਮਜ਼ੋਰ ਹੋ ਕੇ ਬਰੀਕ ਰਹਿ ਗਏ ਹਨ। ਇਸ ਕਰਕੇ ਕਣਕ ਦਾ ਝਾੜ 30 ਤੋਂ 35 ਫੀਸਦ ਘੱਟਣ ਦੀ ਸੰਭਾਵਨਾ ਹੈ। ਸਾਨੂੰ ਉਮੀਦ ਸੀ ਕਿ ਝੋਨੇ ਦਾ ਘਾਟਾ ਕਣਕ ਪੂਰਾ ਕਰ ਦੇਵੇਗੀ ਪਰ ਹੁਣ ਕਣਕ ਤੋਂ ਵੀ ਬਹੁਤੀ ਉਮੀਦ ਨਹੀਂ ਹੈ।"

ਕਿਸਾਨ, ਔਰਤ

ਵਧੇ ਤਾਪਮਾਨ ਦਾ ਫਸਲ ਉੱਤੇ ਕੀ ਅਸਰ ਅਤੇ ਇਸ ਤੋਂ ਕਿਵੇਂ ਬਚਾਅ ਹੋਵੇ?

ਖੇਤੀਬਾੜੀ ਮਹਿਕਮੇ ਵੱਲੋਂ ਕਿਹਾ ਗਿਆ ਹੈ ਕਿ ਪਿਛਲੇ 10 ਦਿਨਾਂ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਰਿਹਾ ਹੈ ਇਸ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਸੀ।

ਸੰਗਰੂਰ ਦੇ ਬਲਾਕ ਖੇਤੀਬਾੜੀ ਅਫ਼ਸਰ ਅਮਰਜੀਤ ਸਿੰਘ ਸਲਾਹ ਦਿੰਦੇ ਹਨ, "ਮੌਸਮ ਵਿੱਚ ਤਬਦੀਲੀ ਆਉਣ ਉੱਤੇ ਰਾਤ ਵਿੱਚ ਘਟੇ ਤਾਪਮਾਨ ਕਰਕੇ ਕੁਝ ਰਾਹਤ ਮਿਲ ਸਕਦੀ ਹੈ ਪਰ ਜੇਕਰ ਮੌਸਮ ਇਓਂ ਹੀ ਬਰਕਰਾਰ ਰਿਹਾ ਤਾਂ ਕਿਸਾਨਾਂ ਨੂੰ ਖੇਤਾਂ ਨੂੰ ਹਲਕਾ ਪਾਣੀ ਲਾਉਣ ਚਾਹੀਦਾ ਹੈ।''

''ਜੇਕਰ ਹਦਾਇਤਾਂ ਨੂੰ ਲਾਗੂ ਕੀਤਾ ਜਾਵੇ ਤਾਂ ਝਾੜ ਘੱਟਣ ਤੋਂ ਬਚਿਆ ਜਾ ਸਕਦਾ ਹੈ ਪਰ ਜੇਕਰ ਮੌਸਮ ਵਿੱਚ ਤਪਸ਼ ਬਰਕਰਾਰ ਰਹੀ ਤਾਂ ਝਾੜ ਘਟੇਗਾ। ਹੁਣ ਸਪਰੇਅ ਦਾ ਸਮਾਂ ਨਿਕਲ ਗਿਆ ਹੈ ਇਸ ਲਈ ਹਲਕਾ ਪਾਣੀ ਲਗਾਉਣਾ ਹੀ ਹੱਲ ਹੈ।"

ਹਾਲਾਂਕਿ ਕੁਝ ਮਾਹਰਾਂ ਮੁਤਾਬਕ ਕਣਕ ਦੀਆਂ ਕੁਝ ਕਿਸਮਾਂ ਇਹ ਗਰਮ ਤਾਪਮਾਨ ਸਹਿ ਵੀ ਸਕਦੀਆਂ ਹਨ।

ਪੰਜਾਬ ਯੂਨੀਵਰਸਿਟੀ ਲੁਧਿਆਣਾ ਵਿੱਚ ਪ੍ਰਿੰਸੀਪਲ ਐਗਰੋਨੋਮਿਸਟ ਡਾ. ਹਰੀ ਰਾਮ ਕਹਿੰਦੇ ਹਨ, "ਉਮੀਦ ਹੈ ਕਿ ਕਣਕ ਦੀਆਂ ਕੁਝ ਕਿਸਮਾਂ ਜਿਵੇਂ ਕਿ ਪੀਬੀਡਬਲਿਊ 826 ਇਸ ਤਾਪਮਾਨ ਨੂੰ ਸਹਿ ਸਕਣਗੀਆਂ ਅਤੇ ਜ਼ਿਆਦਾਤਰ ਕਿਸਾਨਾਂ ਨੇ ਇਹੀ ਕਿਸਮ ਬੀਜੀ ਹੋਈ ਹੈ।"

ਫਸਲ ਦੇ ਬਚਾਅ ਬਾਰੇ ਦੱਸਦੇ ਹੋਏ ਉਹ ਕਹਿੰਦੇ ਹਨ, "ਵਧੇਰੇ ਤਾਪਮਾਨ ਤੋਂ ਕਣਕ ਨੂੰ ਬਚਾਉਣ ਲਈ ਵਾਰ-ਵਾਰ ਅਤੇ ਹਲਕੀ ਸਿੰਜਾਈ ਭਾਵ ਪਤਲੀ ਪਰਤ ਦਾ ਪਾਣੀ ਲਾਉਣਾ ਚਾਹੀਦਾ ਹੈ। ਉਸ ਨਾਲ ਜ਼ਮੀਨ ਦਾ ਤਾਪਮਾਨ ਘਟੇਗਾ ਅਤੇ ਫਸਲ ਠੰਡੀ ਰਹੇਗੀ ਅਤੇ ਜਲਦੀ ਪੱਕੇਗੀ ਨਹੀਂ।"

ਉਹ ਕਹਿੰਦੇ ਹਨ,"ਰਾਤ ਵਾਲਾ ਤਾਪਮਾਨ ਭਾਵੇਂ ਅਜੇ ਵੀ ਫਸਲ ਦੇ ਅਨੁਕੂਲ ਹੈ ਪਰ ਦਿਨ ਵੇਲੇ ਦਾ ਤਾਪਮਾਨ 1 ਤੋਂ 2 ਡਿਗਰੀ ਵੱਧ ਹੈ। ਤਾਪਮਾਨ 30 ਤੋਂ 32 ਦੇ ਦਰਮਿਆਨ ਰਹਿਣਾ ਚਾਹੀਦਾ ਹੈ ਪਰ ਇਸ ਤੋਂ ਕੁਝ ਜ਼ਿਆਦਾ ਰਿਕਾਰਡ ਕੀਤਾ ਜਾ ਰਿਹਾ ਹੈ।"

ਔਰਤਾਂ, ਖੇਤ
ਤਸਵੀਰ ਕੈਪਸ਼ਨ, ਹਾਲਾਂਕਿ ਕੁਝ ਮਾਹਰਾਂ ਮੁਤਾਬਕ ਕਣਕ ਦੀਆਂ ਕੁਝ ਕਿਸਮਾਂ ਇਹ ਗਰਮ ਤਾਪਮਾਨ ਸਹਿ ਵੀ ਸਕਦੀਆਂ ਹਨ

ਸਿੰਜਾਈ ਅਤੇ ਖਾਦ ਕਦੋਂ ਦੇਣੀ ਚਾਹੀਦੀ ਹੈ?

ਫਾਜ਼ਿਲਕਾ ਵਿੱਚ ਮੁੱਖ ਖੇਤੀਬਾੜੀ ਅਫਸਰ ਹਰਪ੍ਰੀਤਪਾਲ ਕੌਰ ਨੇ ਵੀ ਇਹੀ ਕਿਹਾ ਕਿ ਮਾਰਚ ਵਿੱਚ ਵੱਧਦਾ ਤਾਪਮਾਨ ਕਣਕ ਦੀ ਫਸਲ ਦੀ ਗੁਣਵਤਾ ਉੱਤੇ ਅਸਰ ਪਾ ਸਕਦਾ ਹੈ। ਇਸ ਲਈ ਖੇਤਾਂ ਨੂੰ ਗਰਮੀ ਤੋਂ ਬਚਾਉਣ ਲਈ ਦੋ ਪਰਸੈਂਟ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਕੀਤਾ ਜਾ ਸਕਦਾ ਹੈ।

''ਜੇਕਰ ਖੇਤ ਵਿੱਚ ਕਿਤੇ ਪਾਣੀ ਖੜਦਾ ਹੈ ਤਾਂ ਉਸ ਨੂੰ ਕੱਢਣਾ ਚਾਹੀਦਾ ਹੈ। ਪਰ ਕਿਸਾਨ ਨਾਈਟ੍ਰੋਜਨ ਖਾਦਾਂ ਦੀ ਬੇਲੋੜੀ ਵਰਤੋਂ ਨਾ ਕਰਨ ਕਿਉਂਕਿ ਇਸ ਦੀ ਜ਼ਿਆਦਾ ਵਰਤੋਂ ਨਾਲ ਗਰਮੀ ਦਾ ਅਸਰ ਵੱਧ ਜਾਂਦਾ ਹੈ।''

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵੈਬਸਾਈਟ ਉੱਤੇ 10 ਮਾਰਚ 2026 ਨੂੰ ਜਾਰੀ ਕੀਤੇ ਖੇਤੀ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਜੇ ਲੋੜ ਹੋਵੇ ਤਾਂ ਸਮੇਂ 'ਤੇ ਬੀਜੀ ਕਣਕ ਦੀ ਫ਼ਸਲ ਦੀ ਮਾਰਚ ਦੇ ਅੰਤ ਤੱਕ ਸਿੰਜਾਈ ਕਰੋ, ਤਾਂ ਜੋ ਦਾਣਾ ਬਣਨ ਵਾਲੇ ਪੜਾਅ ਦੌਰਾਨ ਤਾਪਮਾਨ ਦੇ ਅਸਧਾਰਣ ਵਾਧੇ ਦੇ ਨੁਕਸਾਨਦਾਇਕ ਅਸਰ ਤੋਂ ਬਚਿਆ ਜਾ ਸਕੇ। ਤੇਜ਼ ਹਵਾ ਵਾਲੇ ਦਿਨਾਂ ਵਿੱਚ ਸਿੰਚਾਈ ਨਾ ਕਰੋ, ਕਿਉਂਕਿ ਇਸ ਨਾਲ ਫ਼ਸਲ ਡਿੱਗ ਸਕਦੀ ਹੈ।

ਸਮੇਂ 'ਤੇ ਬੀਜੀ ਫ਼ਸਲ ਵਿੱਚ 2% ਪੋਟਾਸ਼ੀਅਮ ਨਾਈਟ੍ਰੇਟ (13:0:45) ਦੇ ਦੋ ਛਿੜਕਾਅ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਹੈ। ਜਾਂ ਫਿਰ ਸੈਲਿਸਿਲਿਕ ਐਸਿਡ ਦੇ ਦੋ ਛਿੜਕਾਅ ਕਰਨ ਲਈ ਕਿਹਾ ਗਿਆ। ਲਿਖਿਆ ਗਿਆ ਹੈ ਕਿ ਇਸ ਨਾਲ ਦਾਣਾ ਬਣਨ ਸਮੇਂ ਉੱਚ ਤਾਪਮਾਨ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ ਅਤੇ ਕਣਕ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ।

ਖੇਤੀਬਾੜੀ ਅਫ਼ਸਰ
ਤਸਵੀਰ ਕੈਪਸ਼ਨ, ਸੰਗਰੂਰ ਦੇ ਬਲਾਕ ਖੇਤੀਬਾੜੀ ਅਫ਼ਸਰ ਅਮਰਜੀਤ ਸਿੰਘ ਮੁਤਾਬਕ ਮੌਸਮ ਵਿੱਚ ਤਬਦੀਲੀ ਆਉਣ ਉੱਤੇ ਰਾਤ ਵਿੱਚ ਘਟੇ ਤਾਪਮਾਨ ਕਰਕੇ ਕੁਝ ਰਾਹਤ ਮਿਲ ਸਕਦੀ

ਆਉਣ ਵਾਲੇ ਦਿਨਾਂ ਵਿੱਚ ਕਿਹੋ ਜਿਹਾ ਰਹੇਗਾ ਮੌਸਮ ?

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਗਿਆਨ ਦੇ ਮੁਖੀ ਡਾ. ਪਵਨੀਤ ਕੌਰ ਕੀਂਗਰਾ ਮੁਤਾਬਕ ਲੰਘੇ ਇੱਕ ਹਫ਼ਤੇ ਵਿੱਚ ਤਾਪਮਾਨ 5 ਤੋਂ 6 ਡਿਗਰੀ ਵੱਧ ਰਿਕਾਰਡ ਕੀਤਾ ਗਿਆ ਹੈ। ਪਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੇਠਾਂ ਆਉਣ ਦੀ ਸੰਭਾਵਨਾ ਹੈ। 16 ਮਾਰਚ ਨੂੰ ਸੂਬੇ ਦੇ ਸੈਂਟਰਲ ਜ਼ਿਲ੍ਹਿਆਂ ਵਿੱਚ ਹਲਕੇ ਮੀਂਹ ਦਾ ਅਨੁਮਾਨ ਹੈ ਜਦੋਂ 18 ਮਾਰਚ ਤੋਂ ਬਾਅਦ ਹਲਕੇ ਮੀਂਹ ਅਤੇ ਹਵਾਵਾਂ ਚੱਲਣ ਦੀ ਪੇਸ਼ਨਗੋਈ ਹੈ।

ਪਰਪਲ ਡਿਸਕਲਰੇਸ਼ਨ ਭਾਵ ਕਣਕ ਦੇ ਸਿੱਟਿਆਂ ਦਾ ਜਾਮਣੀ ਰੰਗ ਦਾ ਬਦਰੰਗੀ ਹੋ ਜਾਣਾ ਕੀ ਹੈ?

ਸੂਬੇ ਦੇ ਕੁਝ ਹਿੱਸਿਆਂ ਵਿੱਚ ਕਣਕ ਦੇ ਸਿੱਟਿਆਂ ਦੀ ਜਾਮਣੀ ਰੰਗਤ ਤੋਂ ਵੀ ਕਿਸਾਨ ਪਰੇਸ਼ਾਨ ਨਜ਼ਰ ਆਏ, ਪਰ ਮਾਹਰ ਇਸ ਨੂੰ ਵੀ ਗਰਮੀ ਕਰਕੇ ਵਾਪਰਿਆ ਵਰਤਾਰਾ ਮੰਨਦੇ ਹਨ।

ਡਾ. ਹਰੀ ਰਾਮ ਕਹਿੰਦੇ ਹਨ, "ਪਰਪਲ ਡਿਸਕਲਰੇਸ਼ਨ ਕੋਈ ਬਿਮਾਰੀ ਨਹੀਂ ਹੈ ਅਤੇ ਨਾ ਹੀ ਕੋਈ ਡਿਸਆਰਡਰ ਹੈ। ਜ਼ਿਆਦਾ ਗਰਮੀ ਹੋਣ ਕਰਕੇ ਕਣਕ ਦੀਆਂ ਕੁਝ ਕਿਸਮਾਂ ਵਿੱਚ ਅਜਿਹਾ ਦੇਖਿਆ ਜਾਂਦਾ ਹੈ।"

ਉਹ ਸਮਝਾਉਂਦੇ ਹਨ,"ਜਿਵੇਂ ਗਰਮੀ ਕਰਕੇ ਮਨੁੱਖਾਂ ਨੂੰ ਪਸੀਨਾ ਆਉਂਦਾ ਹੈ ਉਸੇ ਤਰ੍ਹਾਂ ਗਰਮੀ ਕਰਕੇ ਫਸਲ ਵਿੱਚ ਵੀ ਅਜਿਹਾ ਹੁੰਦਾ ਹੈ। ਇਹ ਗਰਮੀ ਦਾ ਹੀ ਅਸਰ ਹੈ।"

ਮਾਹਰਾਂ ਮੁਤਾਬਕ ਇਹੋ ਜਿਹੀ ਸਥਿਤੀ 2022 ਵਿੱਚ ਵੀ ਬਣੀ ਸੀ, ਜਦੋਂ ਮਾਰਚ ਮਹੀਨੇ ਦੌਰਾਨ ਤਾਪਮਾਨ ਆਮ ਨਾਲੋਂ ਵੱਧ ਗਿਆ ਸੀ। ਇਸ ਲਈ ਇਸਦੀ ਰੋਕਥਾਮ ਲਈ ਕਿਸੇ ਵਿਸ਼ੇਸ਼ ਛਿੜਕਾਅ ਦੀ ਲੋੜ ਨਹੀਂ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)