ਪੱਗਾਂ ਬੰਨ੍ਹਣ, ਪੰਜਾਬੀ ਬੋਲਣ ਤੇ ਧਾਰਮਿਕ ਸਮਾਗਮ ਕਰਵਾਉਣ ਤੱਕ, ਪੰਜਾਬ 'ਚ ਸਿਆਸੀ ਧਰਾਤਲ ਤਲਾਸ਼ ਰਹੀ ਬੀਜੇਪੀ ਦੀ ਇਸ ਰਣਨੀਤੀ ਦੇ ਕੀ ਮਾਅਨੇ

ਤਸਵੀਰ ਸਰੋਤ, Amit shah/X
- ਲੇਖਕ, ਹਰਪਿੰਦਰ ਸਿੰਘ ਟੌਹੜਾ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 9 ਮਿੰਟ
ਪਿਛਲੇ ਕੁਝ ਸਮੇਂ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵੱਡੇ ਆਗੂ ਪੰਜਾਬ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ।
ਖ਼ਾਸ ਕਰਕੇ ਭਾਜਪਾ ਆਗੂ ਸਿੱਖ ਭਾਈਚਾਰੇ ਨਾਲ ਜੁੜੇ ਸਮਾਗਮਾਂ ਵਿੱਚ ਪੱਗਾਂ ਬੰਨ੍ਹ ਕੇ ਪਹੁੰਚ ਰਹੇ ਹਨ, ਲੰਗਰ ਵਿੱਚ ਸੇਵਾ ਕਰ ਰਹੇ ਹਨ ਅਤੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਵਰਗੇ ਮੌਕਿਆਂ 'ਤੇ ਕਈ ਪ੍ਰੋਗਰਾਮ ਵੀ ਕਰਵਾਏ ਗਏ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਪ੍ਰੋਗਰਾਮ ਵਿੱਚ ਪੱਗ ਬੰਨ੍ਹ ਕੇ ਨਜ਼ਰ ਆਏ ਸਨ ਅਤੇ 14 ਮਾਰਚ ਨੂੰ ਪੰਜਾਬ ਦੇ ਮੋਗਾ ਵਿੱਚ ਹੋਈ ਰੈਲੀ ਵਿੱਚ ਵੀ ਉਨ੍ਹਾਂ ਨੇ ਪੱਗ ਬੰਨੀ ਹੋਈ ਸੀ। ਅਮਿਤ ਸ਼ਾਹ ਨੇ ਰੈਲੀ ਵਿੱਚ ਵੀ ਪਹਿਲਾਂ ਕਹੀ ਗੱਲ ਦੋਹਰਾਈ ਕਿ, "ਇਹ ਪਗੜੀ ਗੁਰੂ ਘਰ ਦੇ ਕਰਜ਼ ਦਾ ਪ੍ਰਤੀਕ ਹੈ,ਜੇ ਗੁਰੂ ਤੇਗ ਬਹਾਦਰ ਨਾ ਹੁੰਦੇ ਤਾਂ ਅੱਜ ਭਾਰਤ ਵਿੱਚ ਕੋਈ ਹਿੰਦੂ ਬਚਿਆ ਨਾ ਹੁੰਦਾ।"
ਮਹਾਰਾਸ਼ਟਰ ਵਿੱਚ ਹੋਏ ਸਮਾਗਮ ਵਿੱਚ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵੀ ਸ਼ਾਮਿਲ ਹੋਏ ਸਨ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਪੰਜਾਬ ਆਉਂਦੇ ਰਹਿੰਦੇ ਹਨ ਅਤੇ ਉਸ ਉਹ ਜ਼ਿਆਦਾਤਰ ਕੇਸਰੀ ਪੱਗ ਬੰਨ੍ਹ ਕੇ ਕਈ ਵਾਰ ਵਿਚਰਦੇ ਹਨ।
ਭਾਜਪਾ ਨੇ ਹਾਲ ਹੀ ਵਿੱਚ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦਾ ਲੈਫਟੀਨੈਂਟ ਗਵਰਨਰ ਵੀ ਬਣਾਇਆ ਹੈ।
14 ਮਾਰਚ ਨੂੰ ਮੋਗਾ ਦੇ ਕਿੱਲੀ ਚਹਿਲਾਂ ਵਿੱਚ ਬੀਜੇਪੀ ਦੀ 'ਬਦਲਾਅ ਰੈਲੀ' ਹੋਈ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕੀਤਾ । ਇਸ ਰੈਲੀ ਦਾ ਨਾਅਰਾ ਸੀ: "ਆਓ ਮਿਲ ਜੁਲ ਕੇ ਬਦਲੀਏ ਪੰਜਾਬ; ਸੁਖੀ ਰਹੇ ਸਾਡਾ ਪੰਜਾਬ"।
ਇਹ ਸਭ ਕੁਝ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਿਲਕੁਲ ਪਹਿਲਾਂ ਹੋ ਰਿਹਾ ਹੈ, ਉਦੋਂ ਜਦੋਂ ਚੋਣਾਂ ਨੂੰ ਇੱਕ ਸਾਲ ਤੋਂ ਵੀ ਘੱਟ ਸਮਾਂ ਬਾਕੀ ਹੈ ।
ਸਵਾਲ ਇਹ ਉੱਠ ਰਹੇ ਹਨ ਕਿ ਭਾਜਪਾ ਦੇ ਇਨ੍ਹਾਂ ਸਾਰੇ ਕਦਮਾਂ ਦੇ ਪਿੱਛੇ ਕੀ ਰਣਨੀਤੀ ਹੈ? ਕੀ ਇਹ ਸਿਰਫ਼ ਸਿੱਖ ਭਾਈਚਾਰੇ ਨਾਲ ਸਬੰਧ ਮਜ਼ਬੂਤ ਕਰਨ ਲਈ ਹਨ ਜਾਂ 2027 ਵਿੱਚ ਪੰਜਾਬ ਵਿੱਚ ਪੈਰ ਪੱਕੇ ਕਰਨ ਦੀ ਵੱਡੀ ਯੋਜਨਾ ਦਾ ਹਿੱਸਾ ਹੈ?
ਸਿਆਸੀ ਮਾਹਿਰਾਂ ਮੁਤਾਬਕ, ਭਾਜਪਾ ਜਿੱਥੇ ਵੀ ਸੱਤਾ ਵਿੱਚ ਨਹੀਂ ਹੁੰਦੀ, ਉੱਥੇ ਹਰ ਹਥਕੰਡਾ ਅਪਣਾਉਂਦੀ ਹੈ, ਸੱਭਿਆਚਾਰਕ ਰੂਪ ਅਪਣਾਉਣਾ, ਗਠਜੋੜ, ਜਾਂ ਆਪਣੇ ਏਜੰਡੇ ਨੂੰ ਹੌਲੀ-ਹੌਲੀ ਅੱਗੇ ਵਧਾਉਣਾ, ਪੰਜਾਬ ਵਿੱਚ ਵੀ ਇਹੀ ਰਣਨੀਤੀ ਨਜ਼ਰ ਆ ਰਹੀ ਜਾਪਦੀ ਹੈ, ਜਿੱਥੇ ਪਾਰਟੀ ਨੇ ਅਜੇ ਤੱਕ ਮਜ਼ਬੂਤ ਪੈਰ ਨਹੀਂ ਜਮਾਏ।
ਭਾਜਪਾ ਵੱਲੋਂ ਸਿੱਖਾਂ ਨਾਲ ਸਬੰਧਤ ਕਰਵਾਏ ਪ੍ਰੋਗਰਾਮਾਂ ਦੇ ਕੀ ਮਾਅਨੇ?

ਤਸਵੀਰ ਸਰੋਤ, Nayab Saini/FB
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੋਲੀਟੀਕਲ ਸਾਇੰਸ ਦੇ ਸਾਬਕਾ ਪ੍ਰੋਫੈਸਰ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਕਿਸੇ ਵੀ ਪਾਰਟੀ ਦੀ ਗਤੀਵਿਧੀ ਤੋਂ ਰਾਜਨੀਤੀ ਅਲੱਗ ਨਹੀਂ ਕੀਤੀ ਜਾ ਸਕਦੀ। ਭਾਵੇਂ ਭਾਜਪਾ ਹੋਵੇ ਜਾਂ ਕੋਈ ਹੋਰ ਪਾਰਟੀ।
1 ਮਾਰਚ ਨੂੰ ਮਹਾਰਾਸ਼ਟਰ ਵਿੱਚ ਹੋਏ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵੀਡੀਓ ਕਾਨਫਰੰਸ ਰਾਹੀਂ ਜੁੜੇ ਸਨ। ਅਮਿਤ ਸ਼ਾਹ ਤਾਂ ਲੰਗਰ ਵਿੱਚ ਸੇਵਾ ਕਰਦੇ ਹੋਏ ਵੀ ਨਜ਼ਰ ਆਏ ਸਨ।
2 ਮਾਰਚ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਸੂਬੇ ਦਾ ਬਜਟ ਪੇਸ਼ ਕੀਤਾ। ਨਾਇਬ ਸੈਣੀ ਕੋਲ ਵਿੱਤ ਮੰਤਰਾਲਾ ਵੀ ਹੈ। ਨਾਇਬ ਸੈਣੀ ਨੇ ਵੀ ਇਸ ਦਿਨ ਕੇਸਰੀ ਪੱਗ ਬੰਨ੍ਹੀ ਹੋਈ ਸੀ।
ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਹਰਿਆਣਾ ਸਰਕਾਰ ਵੱਲੋਂ ਵੀ ਬੀਤੇ ਸਾਲ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹੋਏ ਸਨ।
11 ਮਾਰਚ ਨੂੰ ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਸੀਟ ਤੋਂ ਐੱਮਪੀ ਅਨੁਰਾਗ ਠਾਕੁਰ ਨੇ ਲੋਕ ਸਭਾ ਵਿੱਚ ਸਿੱਖਾਂ ਨਾਲ ਸਬੰਧਤ ਮੁੱਦੇ ਨੂੰ ਛੂਹਿਆ। ਅਨੁਰਾਗ ਠਾਕੁਰ ਨੇ ਕਾਂਗਰਸ ਨੂੰ ਘੇਰਦਿਆਂ ਸਿੱਖਾਂ ਦੇ ਹੱਕਾਂ ਬਾਰੇ ਗੱਲ ਕੀਤੀ।
ਅਨੁਰਾਗ ਠਾਕੁਰ ਨੇ ਆਪਣੀ ਪਾਰਟੀ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਕਰਤਾਪੁਰ ਸਾਹਿਬ ਦਾ ਲਾਂਘਾ ਭਾਜਪਾ ਦੀ ਸਰਕਾਰ ਵੱਲੋਂ ਖੁਲਵਾਇਆ ਗਿਆ। ਉਨ੍ਹਾਂ ਕਿਹਾ ਭਾਜਪਾ ਨੇ ਹਮੇਸ਼ਾ ਸਿੱਖਾਂ ਦੇ ਪੱਖ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਈ ਕੰਮ ਗਿਣਵਾਏ ਜੋ ਉਨ੍ਹਾਂ ਦੀ ਸਰਕਾਰ ਵੱਲੋਂ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਸਨ।

11 ਮਾਰਚ ਨੂੰ ਅੰਮ੍ਰਿਤਸਰ ਨਾਲ ਸਬੰਧ ਰੱਖਣ ਵਾਲੇ ਤਰਨਜੀਤ ਸਿੰਘ ਸੰਧੂ ਨੇ ਦਿੱਲੀ ਦੇ ਨਵੇਂ ਲੈਫਟੀਨੈਂਟ ਗਵਰਨਰ ਵਜੋਂ ਸਹੁੰ ਚੁੱਕੀ।
ਬੀਜੇਪੀ ਲੀਡਰਾਂ ਵੱਲੋਂ ਪੱਗਾਂ ਬੰਨ੍ਹ ਕੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ 'ਤੇ ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਦੇ ਸਾਬਕਾ ਪ੍ਰੋਫੈਸਰ ਖਾਲਿਦ ਕਹਿੰਦੇ ਹਨ,"ਭਾਜਪਾ ਨੂੰ ਵੀ ਪਤਾ ਹੈ ਜੇਕਰ ਉਨ੍ਹਾਂ ਨੇ ਪੰਜਾਬ ਵਿੱਚ ਐਂਟਰੀ ਲੈਣੀ ਹੈ ਤਾਂ ਸਿੱਖ ਬਣਕੇ ਹੀ ਲਈ ਜਾਵੇਗੀ। ਪ੍ਰੋਫੈਸਰ ਖਾਲਿਦ ਦਾ ਕਹਿਣਾ ਹੈ ਕਿ ਇਸ ਤੋਂ ਭਾਵ ਹੈ ਕਿ ਬੀਜੇਪੀ ਦਾ ਪੰਜਾਬ ਵਿੱਚ ਚਿਹਰਾ ਪੱਗ ਵਾਲਾ ਹੋਣਾ ਚਾਹੀਦਾ ਹੈ।"
"ਦੂਜਾ ਭਾਜਪਾ ਨੇ ਪਿਛਲੇ ਕਈ ਸਾਲਾਂ ਤੋਂ ਇਹ ਰਣਨੀਤੀ ਅਪਣਾਈ ਹੈ ਕਿ ਦੂਜੀਆਂ ਪਾਰਟੀਆਂ ਵਿੱਚੋਂ ਰੁੱਸੇ ਸਿੱਖ ਚਿਹਰਿਆਂ ਨੂੰ ਆਪਣੇ ਨਾਲ ਮਿਲਾਇਆ ਜਾਵੇ। ਗੁਰੂ ਤੇਗ ਬਹਾਦੁਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੀ ਭਾਜਪਾ ਨੇ ਸਿੱਖਾਂ ਨੂੰ ਕੇਂਦਰਿਤ ਕਰਕੇ ਹੀ ਮਨਾਇਆ ਹੈ।"
'ਬੀਜੇਪੀ ਦੇ ਸਿੱਖਾਂ ਪ੍ਰਤੀ ਰਾਜਨੀਤੀ ਦੇ ਦੋ ਪਹਿਲੂ'

ਤਸਵੀਰ ਸਰੋਤ, @RavneetBittu/X
ਪੋਲੀਟਿਕਲ ਸਾਇੰਸ ਦੇ ਸਾਬਕਾ ਪ੍ਰੋਫੈਸਰ ਕੁਲਦੀਪ ਸਿੰਘ ਕਹਿੰਦੇ ਹਨ ਕਿ ਭਾਜਪਾ ਦੀ ਸਿੱਖਾਂ ਪ੍ਰਤੀ ਰਾਜਨੀਤੀ ਦੇ ਦੋ ਪਹਿਲੂ ਹਨ। ਇੱਕ ਹੈ ਕਿ ਜਿਹੜਾ ਭਾਜਪਾ ਦਾ ਵਿਚਾਰਧਾਰਕ ਥਿੰਕ ਟੈਂਕ ਆਰਐੱਸਐੱਸ ਹੈ, ਉਹ ਸਿੱਖਾਂ ਨੂੰ ਕਿਵੇਂ ਦੇਖਦਾ ਹੈ।
ਕੁਲਦੀਪ ਸਿੰਘ ਕਹਿੰਦੇ ਹਨ ਕਿ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਐੱਸਜੀਪੀਸੀ ਨਾਲੋਂ ਆਰਐੱਸਐੱਸ ਨੇ ਵਧੇਰੇ ਜੋਰ ਸ਼ੋਰ ਨਾਲ ਮਨਾਇਆ ਹੈ। ਇਸ ਗੱਲ ਦੀ ਹਾਮੀ ਪ੍ਰੋਫੈਸਰ ਖਾਲਿਦ ਵੀ ਭਰਦੇ ਹਨ।
ਕੁਲਦੀਪ ਸਿੰਘ ਕਹਿੰਦੇ ਹਨ, "ਜੇਕਰ ਪੰਜਾਬ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਇਹ ਇੱਕੋ-ਇੱਕ ਸੂਬਾ ਹੈ ਜਿੱਥੇ ਭਾਜਪਾ ਦੇ ਅਜੇ ਤੱਕ ਪੈਰ ਨਹੀਂ ਲੱਗੇ ਹਨ ਅਤੇ ਇੱਥੇ ਪੈਰ ਜਮਾਉਣ ਲਈ ਭਾਜਪਾ ਜ਼ੋਰ ਲਗਾ ਰਹੀ ਹੈ।"
ਕੁਲਦੀਪ ਸਿੰਘ ਕਹਿੰਦੇ ਹਨ ''ਜਿਹੜੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਬਣਦੀ ਉੱਥੇ ਉਹ ਸੱਤਾ ਵਿੱਚ ਆਉਣ ਲਈ ਹਰ ਹਥਕੰਡਾ ਵਰਤਦੇ ਹਨ । ਉਨ੍ਹਾਂ ਦੀ ਰਣਨੀਤੀ ਰਹੀ ਹੈ ਕਿ ਕਿਸੇ ਦੂਜੇ ਪਾਰਟੀ ਨਾਲ ਗਠਜੋੜ ਕਰਕੇ, ਕਈ ਵਿਧਾਇਕਾਂ ਨੂੰ ਤੋੜ ਕੇ ਅਤੇ ਉਸ ਖੇਤਰ ਦੇ ਸੱਭਿਆਚਾਰ ਨੂੰ ਅਪਣਾ ਕੇ ਸੱਤਾ ਵਿੱਚ ਆ ਜਾਓ ਤੇ ਫਿਰ ਅਸਲੀ ਏਜੰਡਾ ਸਥਾਪਿਤ ਕਰੋ।''
ਕੁਲਦੀਪ ਸਿੰਘ ਕਹਿੰਦੇ ਹਨ, ''ਜਿਵੇਂ ਦੀਆਂ ਭਾਜਪਾ ਦੇ ਆਗੂਆਂ ਦੀਆਂ ਗਤੀਵਿਧੀਆਂ ਹਨ, ਉਸ ਤੋਂ ਦੇਖ ਕੇ ਲੱਗ ਰਿਹਾ ਕਿ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਹੋ ਰਿਹਾ ਹੈ।''
ਪ੍ਰੋਫੈਸਰ ਜਗਰੂਪ ਸੇਖੋਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਧਰਮ ਦੇ ਨਾਮ 'ਤੇ ਵੋਟਾਂ ਨਹੀਂ ਲਈਆਂ ਜਾ ਸਕਦੀਆਂ। ਇੱਥੇ ਲੋਕ ਉਸ ਨੂੰ ਵੋਟ ਪਾਉਂਦੇ ਹਨ ਜੋ ਉਨ੍ਹਾਂ ਦੇ ਮੁੱਦੇ ਹੱਲ ਕਰੇਗਾ।
ਤਰਨਜੀਤ ਸੰਧੂ ਨੂੰ ਦਿੱਲੀ ਦਾ ਗਵਰਨਰ ਲਾਕੇ ਭਾਜਪਾ ਨੇ ਕੀ ਸੁਨੇਹਾ ਦਿੱਤਾ?

ਤਸਵੀਰ ਸਰੋਤ, Taranjit Singh Sandhu/FB
ਪ੍ਰੋਫੈਸਰ ਕੁਲਦੀਪ ਸਿੰਘ ਕਹਿੰਦੇ ਹਨ ਕਿ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦਾ ਲੈਫਟੀਨੈਂਟ ਗਵਰਨਰ ਲਾਉਣ ਨਾਲੋਂ ਤਾਂ ਭਾਜਪਾ ਨੇ ਮਹਾਰਾਸ਼ਟਰ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾ ਕੇ ਵੱਡਾ ਸੁਨੇਹਾ ਦਿੱਤਾ ਹੈ।
ਕੁਲਦੀਪ ਸਿੰਘ ਕਹਿੰਦੇ ਹਨ ਕਿ ਇਹ ਸੋਚਣਾ ਗਲਤ ਹੋਵੇਗਾ ਕਿ ਤਰਨਜੀਤ ਸੰਧੂ ਨੂੰ ਵੱਡਾ ਅਹੁਦਾ ਦੇਣ ਨਾਲ ਪੰਜਾਬ ਵਿੱਚ ਲੋਕ ਭਾਜਪਾ ਦੇ ਹੱਕ ਵਿੱਚ ਭੁਗਤਣਗੇ। ਕਿਉਂਕਿ ਤਰਨਜੀਤ ਸੰਧੂ ਖੁਦ ਅੰਮ੍ਰਿਤਸਰ ਤੋਂ 2024 ਵਿੱਚ ਲੋਕ ਸਭਾ ਦੀ ਸੀਟ ਹਾਰ ਗਏ ਸੀ।
ਦੂਜੇ ਪਾਸੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਦਾ ਮੰਨਣਾ ਹੈ ਕਿ ਤਰਨਜੀਤ ਸੰਧੂ ਨੂੰ ਦਿੱਲੀ ਦਾ ਗਵਰਨਰ ਲਾਉਣਾ ਆਪਣੇ ਆਪ ਵਿੱਚ ਹੀ ਮਹੱਤਵਪੂਰਨ ਹੈ, ਕਿਉਂਕਿ ਦਿੱਲੀ ਵਿੱਚ ਸਿੱਖਾਂ ਦੀਆਂ ਵੀ ਕਾਫ਼ੀ ਵੋਟਾਂ ਹਨ।
ਜਗਰੂਪ ਸਿੰਘ ਸੇਖੋਂ ਕਹਿੰਦੇ ਹਨ, "ਪੰਜਾਬ ਵਿੱਚ ਚੰਗੇ ਸ਼ਾਸਨ ਦੀ ਜ਼ਰੂਰਤ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਤਕਰਬੀਨ ਫੇਲ੍ਹ ਸਾਬਤ ਹੋਈ ਜਾਪਦੀ ਹੈ ਤਾਂ ਉਸ ਜਗ੍ਹਾ ਨੂੰ ਭਰਨ ਲਈ ਤਰਨਜੀਤ ਸੰਧੂ ਫਿੱਟ ਬੈਠਦੇ ਹਨ ਅਤੇ ਭਾਜਪਾ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਵੀ ਭੇਜ ਸਕਦੀ ਹੈ।"
ਦਮਦਮੀ ਟਕਸਾਲ ਦਾ ਭਾਜਪਾ ਨਾਲ ਜੁੜਨਾ ਕੀ ਫਾਇਦਾ ਦਵੇਗਾ?

ਤਸਵੀਰ ਸਰੋਤ, Amit Shah/FB
ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂੰਮਾ ਮਹਾਰਾਸ਼ਟਰ ਵਿੱਚ ਹੋਏ ਸਮਾਗਮ ਦਾ ਹਿੱਸਾ ਸਨ। ਉਹ ਹੋਰ ਵੀ ਕਈ ਵਾਰ ਭਾਜਪਾ ਦੇ ਪ੍ਰੋਗਰਾਮਾਂ ਵਿੱਚ ਦੇਖੇ ਜਾ ਚੁੱਕੇ ਹਨ।
ਪ੍ਰੋਫੈਸਰ ਕੁਲਦੀਪ ਸਿੰਘ ਕਹਿੰਦੇ ਹਨ ਕਿ "ਹੁਣ ਦਮਦਮੀ ਟਕਸਾਲ ਉਹ ਨਹੀਂ ਰਹੀ ਜੋ ਕਦੇ ਭਿੰਡਰਾਵਾਲੇ ਦੇ ਸਮੇਂ ਦੌਰਾਨ ਹੁੰਦੀ ਸੀ, ਜਿਹੜੀ ਅੱਜ-ਕੱਲ੍ਹ ਟਕਸਾਲ ਦੀ ਲੀਡਰਸ਼ਿਪ ਸੋਚਦੀ ਹੈ ਕਿ ਸਿੱਖ ਦੇਸ਼ ਵਿੱਚ ਘੱਟ ਗਿਣਤੀ ਹਨ ਅਤੇ ਜੇਕਰ ਸਰਕਾਰ ਨਾਲ ਜੁੜ ਕੇ ਸਿੱਖ ਚੱਲਣਗੇ ਤਾਂ ਉਨ੍ਹਾਂ ਨੂੰ ਫਾਇਦਾ ਮਿਲੇਗਾ। ਕਿਸੇ ਜ਼ਮਾਨੇ ਵਿੱਚ ਚੀਫ਼ ਖਾਲਸਾ ਦੀਵਾਨ ਵੀ ਇਹੀ ਸੋਚਦੀ ਸੀ ਕਿ ਜੇਕਰ ਅੰਗਰੇਜ਼ਾਂ ਨਾਲ ਮਿਲਕੇ ਚੱਲਾਂਗੇ ਤਾਂ ਉਨ੍ਹਾਂ ਨੂੰ ਲਾਭ ਮਿਲੇਗਾ। ਕੁਝ ਉਸੇ ਤਰ੍ਹਾਂ ਦੀ ਰਾਜਨੀਤੀ ਹੁਣ ਹਰਨਾਮ ਸਿੰਘ ਧੂੰਮਾ ਕਰ ਰਹੇ ਹਨ।"
ਪ੍ਰੋਫੈਸਰ ਜਗਰੂਪ ਸਿੰਘ ਕਹਿੰਦੇ ਹਨ ਕਿ ਭਾਜਪਾ ਦੀ ਸੋਚ ਦਮਦਮੀ ਟਕਸਾਲ ਨੂੰ ਆਪਣੇ ਨਾਲ ਰਲ੍ਹਾ ਕੇ ਕਮਜ਼ੋਰ ਕਰਨ ਦੀ ਵੀ। ਉਹ ਕਹਿੰਦੇ ਹਨ ਕਿ ਕਿਸੇ ਜ਼ਮਾਨੇ ਵਿੱਚ ਦਮਦਗੀ ਟਕਸਾਲ ਹੀ ਸਿੱਖਾਂ ਦੇ ਮਸਲੇ ਚੁੱਕਦੀ ਸੀ, ਜੇਕਰ ਇਸ ਟਕਸਾਲ ਨੂੰ ਨਾਲ ਰਲ੍ਹਾ ਕੇ ਉਹ ਚੱਲਣਗੇ ਤਾਂ ਉਨ੍ਹਾਂ ਖ਼ਿਲਾਫ਼ ਕੋਈ ਵੀ ਧਿਰ ਨਹੀਂ ਰਹੇਗੀ ਜੋ ਭਾਜਪਾ ਦਾ ਸਿੱਧਾ ਮੁਕਾਬਲਾ ਕਰ ਸਕੇ।
'ਬੀਜੇਪੀ ਸਿਰਫ਼ ਪੱਗਾਂ ਨਹੀਂ ਬੰਨ੍ਹ ਰਹੀ, ਹੋਰ ਰਣਨੀਤੀ 'ਤੇ ਵੀ ਕੰਮ ਕਰ ਰਹੀ'

ਤਸਵੀਰ ਸਰੋਤ, @TajinderBagga/X
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਦਾ ਮੰਨਣਾ ਹੈ ,"ਬੀਜੇਪੀ ਦੇ ਆਗੂ ਸਿੰਬੌਲਿਕ ਤੌਰ 'ਤੇ ਪੱਗਾਂ ਤਾਂ ਬੰਨ੍ਹ ਰਹੇ ਹਨ, ਪਰ ਉਹ ਸਿਰਫ਼ ਸਮਾਗਮਾਂ ਵਿੱਚ ਪੱਗਾਂ ਹੀ ਨਹੀਂ ਬੰਨ ਰਹੇ ਬਲਕਿ ਹੋਰ ਵੀ 4-5 ਰਣਨੀਤੀਆਂ 'ਤੇ ਕੰਮ ਕਰ ਰਹੇ ਹਨ। ਇਹ ਤਾਂ ਸਿਰਫ਼ ਦਿਖਾਉਣ ਲਈ ਹੀ ਹੈ।"
ਉਹ ਕਹਿੰਦੇ ਹਨ ਕਿ ਭਾਜਪਾ ਪੰਜਾਬ ਦੇ ਦਲਿਤਾਂ ਤੋਂ ਇਲਾਵਾ ਹੋਰ ਵੀ ਭਾਈਚਾਰਿਆਂ 'ਤੇ ਕੇਂਦਰਿਤ ਹੈ। ਉਨ੍ਹਾਂ ਨਾਲ ਰਾਬਤਾ ਭਾਜਪਾ ਵੱਲੋਂ ਕਾਇਮ ਕੀਤਾ ਜਾ ਰਿਹਾ।
ਪ੍ਰੋਫੈਸਰ ਜਗਰੂਪ ਸਿੰਘ ਇਹ ਵੀ ਮੰਨਦੇ ਹਨ ਕਿ ਭਾਜਪਾ ਨੂੰ ਕਿਸਾਨਾਂ ਦੀਆਂ ਬਹੁਤੀਆਂ ਵੋਟਾਂ ਨਹੀਂ ਮਿਲਣੀਆਂ। ਇਸ ਲਈ ਭਾਜਪਾ ਪੰਜਾਬ ਵਿੱਚ ਸ਼ਹਿਰੀ ਵੋਟਰਾਂ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ, ਕਿਸਾਨਾਂ ਅਤੇ ਨੌਨ ਕਿਸਾਨੀ ਦਾ ਮਸਲਾ ਖੜ੍ਹਾ ਕਰਕੇ, ਤਾਂ ਜੋ ਵੋਟਾਂ ਲਈਆਂ ਜਾ ਸਕਣ। ਓਬੀਸੀ ਵੋਟਰਾਂ ਵੱਲ ਵੀ ਭਾਜਪਾ ਵੱਲੋਂ ਧਿਆਨ ਕੇਂਦਰਿਤ ਕੀਤਾ ਜਾ ਰਿਹਾ।
ਜਗਰੂਪ ਸਿੰਘ ਸੇਖੋਂ ਕਹਿੰਦੇ ਹਨ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਪੰਜਾਬ ਵਿੱਚ ਐਕਟਿਵ ਕਰਨ ਪਿੱਛੇ ਭਾਜਪਾ ਦੀ ਇਹੀ ਸੋਚ ਹੈ ਕਿ ਓਬੀਸੀ ਵੋਟਰਾਂ ਦੀਆਂ ਵੋਟਾਂ ਪੱਕੀਆਂ ਕੀਤੀਆਂ ਜਾ ਸਕਣ।
ਪ੍ਰੋਫੈਸਰ ਸੇਖੋਂ ਮੁਤਾਬਕ, ਭਾਜਪਾ ਪੈਸੇ ਪੱਖੋਂ ਵੀ ਇੱਕ ਮਜ਼ਬੂਤ ਪਾਰਟੀ ਹੈ, ਇਸ ਲਈ ਪਿੰਡ ਪੱਧਰ ਜਾਂ ਮੁਹੱਲਾ ਪੱਧਰ 'ਤੇ ਉਹ ਆਸਾਨੀ ਨਾਲ ਪਹੁੰਚ ਬਣਾ ਸਕਦੇ ਹਨ ਅਤੇ ਉਹ ਇਸ ਕੰਮ ਵਿੱਚ ਲੱਗੇ ਵੀ ਹੋਏ ਹਨ।
ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ ਕਿ ਭਾਜਪਾ ਮੁਤਾਬਕ ਆਮ ਆਦਮੀ ਪਾਰਟੀ ਵੱਲੋਂ ਚੰਗਾ ਸ਼ਾਸਨ ਦੇਣ ਦਾ ਜੋ ਵਾਅਦਾ ਸੀ, ਉਹ ਪੂਰਾ ਨਹੀਂ ਹੋ ਸਕਿਆ। ਇਸ ਲਈ ਭਾਜਪਾ ਦਾ ਧਿਆਨ ਇਸ ਖਾਲੀ ਪਈ ਥਾਂ ਵੱਲ ਵੀ ਹੈ।
ਪੰਜਾਬ ਵਿੱਚ ਭਾਜਪਾ ਵੱਲੋਂ ਇਕੱਲਿਆਂ ਚੋਣਾਂ ਲੜਨ ਦਾ ਦਾਅਵਾ

ਤਸਵੀਰ ਸਰੋਤ, Hindustan Times via Getty Images
ਭਾਜਪਾ ਆਗੂ ਹਰਜੀਤ ਗਰੇਵਾਲ ਦਾਅਵਾ ਕਰਦੇ ਹਨ ਕਿ 2027 ਵਿੱਚ ਬੀਜੇਪੀ ਪੰਜਾਬ ਵਿੱਚ ਸਰਕਾਰ ਬਣਾਉਣ 'ਚ ਕਾਮਯਾਬ ਰਹੇਗੀ। ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਪੰਜਾਬ ਦਾ ਭਲਾ ਵੀ ਭਾਜਪਾ ਹੀ ਕਰ ਸਕਦੀ ਹੈ।
ਭਾਜਪਾ ਦੇ ਵੱਡੇ ਆਗੂਆਂ ਵੱਲੋਂ ਪ੍ਰੋਗਰਾਮਾਂ ਵਿੱਚ ਪੱਗਾਂ ਬੰਨ੍ਹ ਕੇ ਵਿਚਰਨ ਦੇ ਸਵਾਲ 'ਤੇ ਭਾਜਪਾ ਆਗੂ ਪ੍ਰਿਤਪਾਲ ਸਿੰਘ ਬਲੀਆਵਾਲ ਦਾ ਕਹਿਣਾ ਹੈ ਕਿ ਇਹ ਕੋਈ ਰਾਜਨੀਤਿਕ ਪੱਖ ਤੋਂ ਨਹੀਂ ਹੈ।
ਪ੍ਰਿਤਪਾਲ ਸਿੰਘ ਨੇ ਕਿਹਾ ਭਾਜਪਾ ਮੰਨਦੀ ਹੈ, "ਗੁਰੂ ਤੇਗ ਬਹਾਦਰ ਜੀ ਦੀ ਬਹੁਤ ਵੱਡੀ ਕੁਰਬਾਨੀ ਸੀ। ਇਸੇ ਲਈ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਰੱਖਣ ਲਈ ਭਾਜਪਾ ਵੱਲੋਂ ਵੱਡੇ-ਵੱਡੇ ਸਮਾਗਮ ਕਰਵਾਏ ਗਏ।"
ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਚੋਣ ਲੜਦੀ ਆਈ ਹੈ। ਪਰ ਕਿਸਾਨ ਅੰਦੋਲਨ ਕਾਰਨ ਅਕਾਲੀ ਦਲ ਨੇ ਗਠਜੋੜ ਤੋੜ ਲਿਆ ਸੀ। ਹੁਣ ਭਾਜਪਾ ਦੇ ਕਈ ਵੱਡੇ ਲੀਡਰ ਕਹਿ ਚੁੱਕੇ ਹਨ ਕਿ ਉਹ 2027 ਦੀਆਂ ਚੋਣਾਂ ਇਕੱਲਿਆਂ ਹੀ ਲੜਨਗੇ। ਪਰ ਅਜੇ ਤੱਕ ਭਾਜਪਾ ਦੀ ਸਥਿਤੀ ਬਹੁਤੀ ਮਜ਼ਬੂਤ ਨਹੀਂ ਹੋ ਸਕੀ ਹੈ।
ਹਲਾਂਕਿ ਲੰਘੀਆਂ ਕੁਝ ਚੋਣਾਂ ਵਿੱਚ ਭਾਜਪਾ ਅਕਾਲੀ ਦਲ ਨੂੰ ਤਾਂ ਪਿੱਛੇ ਛੱਡ ਚੁੱਕੀ ਹੈ ਪਰ ਫਿਰ ਵੀ ਤੀਜੇ ਨੰਬਰ 'ਤੇ ਹੀ ਰਹਿ ਰਹੀ ਹੈ। ਤਰਨਤਾਰਨ ਹਲਕੇ ਦੀ ਜ਼ਿਮਨੀ ਚੋਣ (ਜਿਸ ਨੂੰ ਪੰਥਕ ਹਲਕਾ ਵੀ ਮੰਨਿਆ ਜਾਂਦਾ) ਵਿੱਚ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਕੇਵਲ 6,239 ਵੋਟਾਂ ਮਿਲੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























