ਪਾਕਿਸਤਾਨ-ਅਫਗਾਨਿਸਤਾਨ ਹਮਲੇ: ਦੋਵੇਂ ਧਿਰਾਂ ਵਿਚਾਲੇ ਤਣਾਅ ਦਾ ਇਤਿਹਾਸ ਕੀ ਹੈ?

ਕਾਬਲ ਹਮਲੇ ਦੇ ਪੀੜਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੀਬੀਸੀ ਨੇ ਉਸ ਹਸਪਤਾਲ ਦਾ ਦੌਰਾ ਕੀਤਾ, ਜਿਸਦੇ ਕੁਝ ਹਿੱਸਿਆਂ ਵਿੱਚ ਹਾਲੇ ਵੀ ਅੱਗ ਲੱਗੀ ਹੋਈ ਸੀ, ਅਤੇ ਉੱਥੇ 30 ਤੋਂ ਵੱਧ ਲਾਸ਼ਾਂ ਨੂੰ ਸਟ੍ਰੈਚਰਾਂ 'ਤੇ ਬਾਹਰ ਲਿਆਂਦਾ ਜਾ ਰਿਹਾ ਸੀ।
    • ਲੇਖਕ, ਸਾਰਾ ਹਸਨ
    • ਰੋਲ, ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 6 ਮਿੰਟ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਨਸ਼ਾ ਇਲਾਜ ਕੇਂਦਰ 'ਤੇ ਹਵਾਈ ਹਮਲੇ ਤੋਂ ਬਾਅਦ ਦਰਜਨਾਂ ਲੋਕਾਂ ਦੇ ਮਰਨ ਜਾਂ ਜ਼ਖ਼ਮੀ ਹੋਣ ਦਾ ਖ਼ਤਰਾ ਜਤਾਇਆ ਜਾ ਰਿਹਾ ਹੈ। ਤਾਲਿਬਾਨ ਸਰਕਾਰ ਨੇ ਇਸ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਸੋਮਵਾਰ ਸ਼ਾਮ ਕਾਬੁਲ ਦੇ ਇਸ ਹਸਪਤਾਲ 'ਤੇ ਹਮਲਾ ਹੋਇਆ। ਪਾਕਿਸਤਾਨ ਨੇ ਕਿਸੇ ਵੀ ਸਿਹਤ ਸਹੂਲਤ ਕੇਂਦਰ 'ਤੇ ਹਮਲਾ ਕਰਨ ਤੋਂ ਇਨਕਾਰ ਕੀਤਾ ਹੈ।

ਪਾਕਿਸਤਾਨ ਨੇ ਕਿਹਾ ਕਿ ਉਸਨੇ "ਕਾਬੁਲ ਅਤੇ ਪੂਰਬੀ ਸੂਬੇ ਨੰਗਰਹਾਰ ਵਿੱਚ ਸੈਨਿਕ ਠਿਕਾਣਿਆਂ ਅਤੇ ਦਹਿਸ਼ਤਗਰਦਾਂ ਦੀ ਸਹਾਇਤਾ ਕਰਨ ਵਾਲੇ ਢਾਂਚਿਆਂ ਨੂੰ ਸਹੀ ਨਿਸ਼ਾਨੇ ਨਾਲ ਟਾਰਗਟ ਕੀਤਾ।"

ਅਫਗਾਨਿਸਤਾਨ ਦੇ ਤੋਰਖਮ ਸਰਹੱਦੀ ਚੌਰੀ ਨੇੜੇ ਤਾਲਿਬਾਨ ਫੌਜੀ ਰਾਕੇਟ ਲਾਂਚਰ ਲੋਡ ਕਰ ਰਹੇ ਹਨ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਫਗਾਨਿਸਤਾਨ ਦੇ ਤੋਰਖਮ ਸਰਹੱਦੀ ਚੌਰੀ ਨੇੜੇ ਤਾਲਿਬਾਨ ਫੌਜੀ ਰਾਕੇਟ ਲਾਂਚਰ ਲੋਡ ਕਰ ਰਹੇ ਹਨ।

ਬੀਬੀਸੀ ਨੇ ਉਸ ਹਸਪਤਾਲ ਦਾ ਦੌਰਾ ਕੀਤਾ, ਜਿਸਦੇ ਕੁਝ ਹਿੱਸਿਆਂ ਵਿੱਚ ਹਾਲੇ ਵੀ ਅੱਗ ਲੱਗੀ ਹੋਈ ਸੀ, ਅਤੇ ਉੱਥੇ 30 ਤੋਂ ਵੱਧ ਲਾਸ਼ਾਂ ਨੂੰ ਸਟ੍ਰੈਚਰਾਂ 'ਤੇ ਬਾਹਰ ਲਿਆਂਦਾ ਜਾ ਰਿਹਾ ਸੀ।

ਦੋਵੇਂ ਦੇਸ਼ ਅਕਤੂਬਰ ਵਿੱਚ ਸਰਹੱਦ ਪਾਰ ਘਾਤਕ ਝੜਪਾਂ ਤੋਂ ਬਾਅਦ ਇੱਕ ਨਾਜ਼ੁਕ ਜੰਗਬੰਦੀ 'ਤੇ ਸਹਿਮਤ ਹੋਏ ਸਨ ਪਰ ਹਾਲ ਹੀ ਦੇ ਦਿਨਾਂ ਵਿੱਚ ਲੜਾਈ ਇੱਕ ਵਾਰ ਫਿਰ ਭੜਕ ਗਈ ਹੈ।

ਦੋਵੇਂ ਧਿਰਾਂ ਦਾ ਦਾਅਵਾ ਹੈ ਕਿ ਹਾਲ ਹੀ ਵਿੱਚ ਹੋਈਆਂ ਝੜਪਾਂ ਦੌਰਾਨ ਉਨ੍ਹਾਂ ਨੇ ਇੱਕ ਦੂਜੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।

ਇਸ ਤਣਾਅ ਦੀਆਂ ਇਤਿਹਾਸਕ ਜੜ੍ਹਾਂ ਕੀ ਹਨ ਅਤੇ ਨਵੀਂ ਲੜਾਈ ਦੇ ਪਿੱਛੇ ਕਿਹੜੇ ਕਾਰਕ ਹਨ?

ਇੱਕ ਮੁਸ਼ਕਲ ਇਤਿਹਾਸ

ਹਾਲ ਹੀ ਦੇ ਸਮੇਂ ਵਿੱਚ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸਬੰਧ ਅਸਥਿਰ ਰਹੇ ਹਨ।

2021 ਵਿੱਚ ਅਮਰੀਕਾ ਦੀ ਅਫਗਾਨਿਸਤਾਨ ਤੋਂ ਵਾਪਸੀ ਤੋਂ ਪਹਿਲਾਂ, ਕਾਬੁਲ ਦੀ ਸਾਬਕਾ ਸਰਕਾਰ ਨਿਯਮਿਤ ਤੌਰ 'ਤੇ ਇਸਲਾਮਾਬਾਦ 'ਤੇ ਤਾਲਿਬਾਨ ਵੱਲੋਂ ਉਸ ਦੀਆਂ ਫੌਜਾਂ ਵਿਰੁੱਧ ਕੀਤੇ ਗਏ ਹਮਲਿਆਂ ਦੀ ਸਹੂਲਤ ਦੇਣ ਦਾ ਇਲਜ਼ਾਮ ਲਗਾਉਂਦੀ ਸੀ।

ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇਹ ਹਮਲੇ ਪਾਕਿਸਤਾਨੀ ਧਰਤੀ ਤੋਂ ਯੋਜਨਾਬੱਧ ਕੀਤੇ ਜਾ ਰਹੇ ਸਨ।

ਇਸ ਦੌਰਾਨ ਪਾਕਿਸਤਾਨ ਨੇ ਤਾਲਿਬਾਨ ਨਾਲ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਅਤੇ ਉਸ ਸਮੇਂ ਦੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਅਜਿਹੇ ਇਲਜ਼ਾਮਾਂ ਨੂੰ "ਹਾਸੋਹੀਣਾ" ਦੱਸਿਆ।

ਪਾਕਿਸਤਾਨ ਨੇ ਦੋਹਾ ਸਮਝੌਤੇ ਨੂੰ ਸੁਵਿਧਾਜਨਕ ਬਣਾਉਣ ਅਤੇ ਉਸ 'ਤੇ ਗੱਲਬਾਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ, ਜਿਸ ਨੇ ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਅਤੇ ਤਾਲਿਬਾਨ ਦੀ ਸੱਤਾ ਵਿੱਚ ਤੇਜ਼ੀ ਨਾਲ ਵਾਪਸੀ ਦਾ ਰਾਹ ਪੱਧਰਾ ਕੀਤਾ।

ਇਹ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ 1996 ਅਤੇ 2001 ਦੇ ਵਿਚਕਾਰ ਅਫਗਾਨਿਸਤਾਨ ਵਿੱਚ ਸੱਤਾ ਵਿੱਚ ਆਪਣੇ ਪਹਿਲੇ ਸਮੇਂ ਦੌਰਾਨ ਤਾਲਿਬਾਨ ਸਰਕਾਰ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਦਿੱਤੀ ਸੀ।

ਪਰ ਹਾਲ ਹੀ ਦੇ ਤਣਾਅ ਨੇ ਦਿਖਾਇਆ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ 'ਚ ਵਾਪਸੀ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਨਾਜ਼ੁਕ ਬਣੇ ਹੋਏ ਹਨ।

ਅਫਗਾਨਿਸਤਾਨ ਨਾਲ ਤਣਾਅ ਵਿਚਾਲੇ ਪਾਕਿਸਤਾਨ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਫਗਾਨਿਸਤਾਨ ਨਾਲ ਤਣਾਅ ਵਿਚਾਲੇ ਪਾਕਿਸਤਾਨ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮ

ਪਾਕਿਸਤਾਨ ਨੇ ਕਿਹਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਸਮੂਹ, ਜਿਸਨੂੰ ਪਾਕਿਸਤਾਨੀ ਤਾਲਿਬਾਨ ਵੀ ਕਿਹਾ ਜਾਂਦਾ ਹੈ, ਉਹ ਅਫਗਾਨਿਸਤਾਨ ਵਿੱਚ ਆਪਣੇ ਟਿਕਾਣਿਆਂ ਤੋਂ ਦੇਸ਼ ਵਿੱਚ ਹਮਲੇ ਕਰ ਰਿਹਾ ਹੈ ਅਤੇ ਅਫਗਾਨ ਤਾਲਿਬਾਨ ਉਨ੍ਹਾਂ ਨੂੰ ਰੋਕਣ ਲਈ ਕੁਝ ਨਹੀਂ ਕਰ ਰਿਹਾ ਹੈ।

ਸਾਬਕਾ ਪਾਕਿਸਤਾਨੀ ਡਿਪਲੋਮੈਟ ਮਸੂਦ ਖਾਨ ਨੇ ਬੀਬੀਸੀ ਨੂੰ ਦੱਸਿਆ, "ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਪਾਕਿਸਤਾਨ ਨੂੰ ਉਮੀਦ ਸੀ ਕਿ ਟੀਟੀਪੀ ਵਰਗੇ ਸਮੂਹਾਂ ਨੂੰ ਪਹਿਲਾਂ ਵਾਂਗ ਸਮਰਥਨ ਨਹੀਂ ਮਿਲੇਗਾ ਅਤੇ ਸਰਹੱਦ 'ਤੇ ਸਥਿਤੀ ਵਿੱਚ ਸੁਧਾਰ ਹੋਵੇਗਾ ਪਰ ਅਜਿਹਾ ਨਹੀਂ ਹੋਇਆ।"

ਇਹ ਸ਼ਾਇਦ ਹੈਰਾਨੀ ਵਾਲੀ ਗੱਲ ਨਹੀਂ ਹੈ।

ਅਫਗਾਨਿਸਤਾਨ-ਪਾਕਿਸਤਾਨ ਸਬੰਧਾਂ 'ਤੇ ਨੇੜਿਓਂ ਨਜ਼ਰ ਰੱਖਣ ਵਾਲੇ ਇੱਕ ਵਿਸ਼ਲੇਸ਼ਕ ਅਤੇ ਪੱਤਰਕਾਰ ਸਾਮੀ ਯੂਸਫ਼ਜ਼ਈ ਨੇ ਬੀਬੀਸੀ ਨੂੰ ਦੱਸਿਆ, "ਹੋਰ ਸਰਕਾਰਾਂ ਦੇ ਉਲਟ, ਅਫਗਾਨ ਤਾਲਿਬਾਨ ਇੱਕ ਰਵਾਇਤੀ ਸਰਕਾਰ ਨਹੀਂ ਹੈ। ਉਹ ਇੱਕ ਅਜਿਹੇ ਸਮੂਹ ਦੇ ਰੂਪ ਵਿੱਚ ਸੱਤਾ ਵਿੱਚ ਆਏ ਸਨ, ਜਿਸਦੇ ਇਤਿਹਾਸਕ ਤੌਰ 'ਤੇ ਟੀਟੀਪੀ ਨਾਲ ਸਬੰਧ ਰਹੇ ਹਨ।"

ਉਨ੍ਹਾਂ ਅੱਗੇ ਕਿਹਾ, "ਜੇਕਰ ਪਾਕਿਸਤਾਨ ਨੂੰ ਲੱਗਦਾ ਹੈ ਕਿ ਅਫਗਾਨ ਤਾਲਿਬਾਨ ਅਫਗਾਨਿਸਤਾਨ ਤੋਂ ਟੀਟੀਪੀ ਨੂੰ ਖਤਮ ਕਰ ਦੇਵੇਗਾ ਜਾਂ ਬਾਹਰ ਕੱਢ ਦੇਵੇਗਾ ਤਾਂ ਇਹ ਇੱਕ ਅਵਿਸ਼ਵਾਸੀ ਉਮੀਦ ਹੈ।"

ਦੇਸ਼ ਦੀਆਂ ਹਥਿਆਰਬੰਦ ਫੌਜਾਂ ਦੇ ਸਮਰਥਨ ’ਚ ਇੱਕ ਰੈਲੀ ਦੌਰਾਨ ਲੋਕਾਂ ਨੇ ਬੈਨਰ ਫੜੇ ਹੋਏ ਹਨ, ਜਿਨ੍ਹਾਂ ’ਤੇ "ਪਾਕਿਸਤਾਨ ਜ਼ਿੰਦਾਬਾਦ" ਲਿਖਿਆ ਹੋਇਆ।

ਤਸਵੀਰ ਸਰੋਤ, Akhtar Gulfam/EPA/Shutterstock

ਤਸਵੀਰ ਕੈਪਸ਼ਨ, ਦੇਸ਼ ਦੀਆਂ ਹਥਿਆਰਬੰਦ ਫੌਜਾਂ ਦੇ ਸਮਰਥਨ 'ਚ ਇੱਕ ਰੈਲੀ ਦੌਰਾਨ ਲੋਕਾਂ ਨੇ ਬੈਨਰ ਫੜੇ ਹੋਏ ਹਨ, ਜਿਨ੍ਹਾਂ 'ਤੇ "ਪਾਕਿਸਤਾਨ ਜ਼ਿੰਦਾਬਾਦ" ਲਿਖਿਆ ਹੋਇਆ।

ਪਿਛਲੇ ਸਾਲ ਅਕਤੂਬਰ ਵਿੱਚ, ਅਫਗਾਨ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਨੇ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ, ਜਿਸ ਨਾਲ ਅਫਗਾਨਿਸਤਾਨ ਅਤੇ ਭਾਰਤ, ਜੋ ਪਾਕਿਸਤਾਨ ਦੇ ਵਿਰੋਧੀ ਹਨ, ਵਿਚਕਾਰ ਕੂਟਨੀਤਕ ਸਬੰਧ ਬਹਾਲ ਹੋਏ ਗਏ।

ਪਿਛਲੇ ਸਾਲ ਅਕਤੂਬਰ ਵਿੱਚ, ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ਼ ਨੇ ਜੀਓ ਨਿਊਜ਼ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਫਗਾਨਿਸਤਾਨ 'ਤੇ "ਦਿੱਲੀ ਲਈ ਇੱਕ ਅਸਿੱਧੇ ਤੌਰ 'ਤੇ ਯੁੱਧ" ਲੜਨ ਦਾ ਇਲਜ਼ਾਮ ਲਗਾਇਆ ਸੀ।

ਭਾਰਤ ਨੇ ਅਫਗਾਨਿਸਤਾਨ ਵਿੱਚ ਕਿਸੇ ਵੀ ਪਾਕਿਸਤਾਨ ਵਿਰੋਧੀ ਤੱਤਾਂ ਦਾ ਸਮਰਥਨ ਕਰਨ ਤੋਂ ਲਗਾਤਾਰ ਇਨਕਾਰ ਕੀਤਾ ਹੈ। ਹਾਲਾਂਕਿ, ਯੂਸਫ਼ਜ਼ਈ ਵਰਗੇ ਨਿਰੀਖਕ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਕੂਟਨੀਤਕ ਸਬੰਧਾਂ ਵਿੱਚ ਆਈ ਨਰਮੀ ਨੂੰ ਪਾਕਿਸਤਾਨ ਲਈ "ਪ੍ਰਤੀਕਾਤਮਕ ਹਾਰ" ਦੱਸ ਰਹੇ ਹਨ।

ਨਿਰੀਖਕਾਂ ਦਾ ਕਹਿਣਾ ਹੈ ਕਿ ਭਾਰਤ ਇਸ ਖੇਤਰ ਵਿੱਚ ਨਿਵੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂਕਿ ਤਾਲਿਬਾਨ ਇਸ ਖੇਤਰ ਦੇ ਦੇਸ਼ਾਂ ਨਾਲ ਸਬੰਧ ਸਥਾਪਤ ਕਰਕੇ ਆਪਣੀ ਅਲੱਗ-ਥਲੱਗਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਪਰ ਯੂਸਫ਼ਜ਼ਈ ਨੇ ਕਿਹਾ ਕਿ ਇਹ ਇੰਨਾ ਸੌਖਾ ਨਹੀਂ ਹੈ, "ਤਾਲਿਬਾਨ ਸਰਕਾਰ ਨੂੰ ਵਿਹਾਰਕ ਸਹਾਇਤਾ ਪ੍ਰਦਾਨ ਕਰਨ ਦੀ ਭਾਰਤ ਦੀ ਸਮਰੱਥਾ ਸੀਮਤ ਹੈ, ਕਿਉਂਕਿ ਕਾਬੁਲ ਇੱਕ ਸਖ਼ਤ ਜੇਹਾਦੀ ਵਿਚਾਰਧਾਰਕ ਪ੍ਰਣਾਲੀ ਅਧੀਨ ਕੰਮ ਕਰਦਾ ਹੈ।"

ਇਸ ਨਾਲ ਇਸਲਾਮਾਬਾਦ ਨੂੰ ਕੁਝ ਰਾਹਤ ਮਿਲ ਸਕਦੀ ਹੈ।

ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਸਰਹੱਦ ਪਿਛਲੇ ਸਮੇਂ ਵਿੱਚ ਟਕਰਾਵਾਂ ਦਾ ਕੇਂਦਰ ਰਹੀ ਹੈ ਅਤੇ ਅਫਗਾਨਿਸਤਾਨ ਮੌਜੂਦਾ ਸਰਹੱਦ ਨੂੰ ਮਾਨਤਾ ਨਹੀਂ ਦਿੰਦਾ।

ਤਸਵੀਰ ਸਰੋਤ, Hussain Ali/Anadolu Agency via Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਸਰਹੱਦ ਪਿਛਲੇ ਸਮੇਂ ਵਿੱਚ ਟਕਰਾਵਾਂ ਦਾ ਕੇਂਦਰ ਰਹੀ ਹੈ ਅਤੇ ਅਫਗਾਨਿਸਤਾਨ ਮੌਜੂਦਾ ਸਰਹੱਦ ਨੂੰ ਮਾਨਤਾ ਨਹੀਂ ਦਿੰਦਾ।

ਹੋਰ ਦੇਸ਼ਾਂ ਨੇ ਕੀ ਕਿਹਾ?

ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਤਣਾਅ ਵਧਣ 'ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਦੋਵਾਂ ਧਿਰਾਂ ਵਿਚਕਾਰ ਮਤਭੇਦਾਂ ਨੂੰ ਹੱਲ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਦੀ ਮੰਗ ਕੀਤੀ ਹੈ।

ਚੀਨ ਨੇ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਉਸਦੇ ਵਿਦੇਸ਼ ਮੰਤਰਾਲੇ ਨੇ ਦੋਵਾਂ ਧਿਰਾਂ ਨੂੰ ਗੱਲਬਾਤ ਰਾਹੀਂ ਮਤਭੇਦਾਂ ਅਤੇ ਵਿਵਾਦਾਂ ਨੂੰ ਹੱਲ ਕਰਨ ਲਈ ਕਿਹਾ ਹੈ।

ਗੁਆਂਢੀ ਈਰਾਨ ਨੇ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਨੂੰ ਸੁਲਝਾਉਣ ਵਿੱਚ ਮਦਦ ਕਰਨ ਲਈ ਤਿਆਰ ਹੈ। ਇਸਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਐਕਸ 'ਤੇ ਕਿਹਾ ਸੀ, ਦੋਵਾਂ ਧਿਰਾਂ ਨੂੰ "ਆਪਣੇ ਮਤਭੇਦਾਂ ਨੂੰ ਚੰਗੇ ਗੁਆਂਢੀ ਸਬੰਧਾਂ ਅਤੇ ਗੱਲਬਾਤ ਰਾਹੀਂ ਹੱਲ ਕਰਨ" ਲਈ ਕਿਹਾ ਹੈ।

ਪਾਕਿਸਤਾਨ ਅਫਗਾਨਿਸਤਾਨ ਨਾਲ 2,600 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ। ਇਹ ਲਾਈਨ, ਜਿਸਨੂੰ ਡੁਰੰਡ ਲਾਈਨ ਵੀ ਕਿਹਾ ਜਾਂਦਾ ਹੈ, ਜਿਸ ਨੂੰ ਅੰਗਰੇਜ਼ਾਂ ਨੇ 1893 ਵਿੱਚ ਮਨਮਾਨੇ ਢੰਗ ਨਾਲ ਖਿੱਚਿਆ ਸੀ ਅਤੇ ਅਫਗਾਨਿਸਤਾਨ ਅਤੇ ਇਸ ਦੇ ਦੋਵੇਂ ਪਾਸਿਆਂ 'ਤੇ ਰਹਿਣ ਵਾਲੇ ਲੱਖਾਂ ਪਸ਼ਤੂਨ ਨਸਲੀ ਸਮੂਹ ਇਸ ਨੂੰ ਵਿਵਾਦਤ ਮੰਨਦੇ ਹਨ।

ਇਸ ਨਾਲ ਕੁਝ ਜਾਣਕਾਰਾਂ ਦਾ ਮੰਨਣਾ ਹੈ ਕਿ ਮੌਜੂਦਾ ਤਣਾਅ ਦੀਆਂ ਜੜ੍ਹਾਂ ਸਰਹੱਦੀ ਮਸਲਿਆਂ ਨਾਲ ਵੀ ਜੁੜੀਆਂ ਹਨ।

ਰੋਜ਼ਾਨਾ ਹਜ਼ਾਰਾਂ ਲੋਕ ਸਰਹੱਦ ਪਾਰ ਕਰਦੇ ਹਨ।

ਸਰਕਾਰੀ ਸਬੰਧਾਂ ਦੀ ਸਥਿਤੀ ਭਾਵੇਂ ਜੋ ਵੀ ਹੋਵੇ, ਸਰਹੱਦ ਦੇ ਦੋਵੇਂ ਪਾਸੇ ਕਬਾਇਲੀ ਭਾਈਚਾਰੇ ਰਹਿੰਦੇ ਹਨ, ਜਿਨ੍ਹਾਂ ਦੇ ਆਪਸ 'ਚ ਪਰਿਵਾਰਕ ਅਤੇ ਸਮਾਜਿਕ ਸਬੰਧ ਹਨ।

ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਆਮ ਬਣਾਉਣ ਦੀ ਜ਼ਰੂਰਤ ਹੋਰ ਵੀ ਵਧ ਗਈ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)