ਅਯਾਤੁੱਲਾ ਅਲੀ ਖ਼ਾਮੇਨਈ ਦੀ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਦਾ ਇਹ ਪਿੰਡ ਚਰਚਾ ਵਿੱਚ ਕਿਉਂ ਹੈ

ਬਾਰਾਬੰਕੀ ਦੇ ਕਿੰਤੂਰ ਪਿੰਡ ਦੀ ਇੱਕ ਤਸਵੀਰ

ਤਸਵੀਰ ਸਰੋਤ, Tariq/ BBC

ਤਸਵੀਰ ਕੈਪਸ਼ਨ, ਬਾਰਾਬੰਕੀ ਦੇ ਕਿੰਤੂਰ ਪਿੰਡ ਦੀ ਇੱਕ ਤਸਵੀਰ
    • ਲੇਖਕ, ਸਈਅਦ ਮੋਜ਼ਿਜ਼ ਇਮਾਮ
    • ਰੋਲ, ਬੀਬੀਸੀ ਪੱਤਰਕਾਰ, ਲਖਨਊ
  • ਪੜ੍ਹਨ ਦਾ ਸਮਾਂ: 8 ਮਿੰਟ

ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦਾ ਇੱਕ ਪਿੰਡ ਅੱਜਕੱਲ੍ਹ ਚਰਚਾ ਵਿੱਚ ਹੈ। ਰਾਜਧਾਨੀ ਲਖਨਊ ਤੋਂ ਫੈਜ਼ਾਬਾਦ ਹਾਈਵੇਅ 'ਤੇ ਸਫ਼ਦਰਗੰਜ ਤੋਂ ਮੁੜਨ ਤੋਂ ਬਾਅਦ ਕੁਝ ਕਿਲੋਮੀਟਰ ਦੀ ਦੂਰੀ 'ਤੇ 'ਕਿੰਤੂਰ' ਪਿੰਡ ਵੱਸਿਆ ਹੋਇਆ ਹੈ।

ਰਮਜ਼ਾਨ ਦਾ ਮਹੀਨਾ ਹੋਣ ਕਰਕੇ ਇੱਥੇ ਇੱਕਾ-ਦੁੱਕਾ ਲੋਕ ਹੀ ਬਾਹਰ ਦਿਖਾਈ ਦਿੰਦੇ ਹਨ।

ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨਈ ਦੀ ਇਜ਼ਰਾਇਲ ਅਤੇ ਅਮਰੀਕਾ ਦੇ ਹਮਲੇ ਵਿੱਚ ਮੌਤ ਤੋਂ ਬਾਅਦ ਇਸ ਪਿੰਡ ਦੀ ਚਰਚਾ ਹੋਣ ਲੱਗੀ ਹੈ।

ਇਹ ਦਾਅਵਾ ਕੀਤਾ ਜਾਂਦਾ ਹੈ ਕਿ ਈਰਾਨ ਦੇ ਪਹਿਲੇ ਸੁਪਰੀਮ ਲੀਡਰ ਅਯਾਤੁੱਲਾ ਰੂਹੋਲਾ ਮੁਸਾਵੀ ਖ਼ੁਮੈਨੀ ਦੇ ਪੁਰਖੇ ਇਸੇ ਪਿੰਡ ਵਿੱਚ ਵੱਸਦੇ ਸਨ।

ਇਸ ਪਿੰਡ ਵਿੱਚ ਪਹਿਲਾਂ ਸ਼ੀਆ ਸਾਦਾਤ (ਸਈਅਦ) ਦੀ ਵੱਡੀ ਆਬਾਦੀ ਸੀ।

ਇੱਥੋਂ ਦੇ ਰਹਿਣ ਵਾਲੇ ਅਤੇ ਖ਼ੁਮੈਨੀ ਦੇ ਵੰਸ਼ਜ ਹੋਣ ਦਾ ਦਾਅਵਾ ਕਰਨ ਵਾਲੇ ਨਿਹਾਲ ਕਾਜ਼ਮੀ ਕਹਿੰਦੇ ਹਨ, "ਇਸ ਪਿੰਡ ਵਿੱਚ ਤਕਰੀਬਨ 500 ਘਰ ਸ਼ੀਆ ਭਾਈਚਾਰੇ ਦੇ ਸਨ। ਪਰ ਲੋਕਾਂ ਨੇ ਪਲਾਇਨ ਕੀਤਾ ਅਤੇ ਹੁਣ ਸਿਰਫ਼ ਚਾਰ ਘਰ ਬਚੇ ਹਨ।"

ਈਰਾਨ ਦੇ ਨਿਸ਼ਾਪੁਰ ਨਾਲ ਸਬੰਧ

ਨਿਹਾਲ ਕਾਜ਼ਮੀ ਦੇ ਘਰ ਵਿੱਚ ਲੱਗੀ ਅਯਾਤੁੱਲਾ ਖ਼ੁਮੈਨੀ ਦੀ ਤਸਵੀਰ

ਤਸਵੀਰ ਸਰੋਤ, Tariq/ BBC

ਤਸਵੀਰ ਕੈਪਸ਼ਨ, ਨਿਹਾਲ ਕਾਜ਼ਮੀ ਦੇ ਘਰ ਵਿੱਚ ਲੱਗੀ ਅਯਾਤੁੱਲਾ ਖ਼ੁਮੈਨੀ ਦੀ ਤਸਵੀਰ

ਨਿਹਾਲ ਕਾਜ਼ਮੀ ਆਪਣੇ ਘਰ ਦੇ ਅਗਲੇ ਕਮਰੇ ਵਿੱਚ ਬੈਠੇ ਹਨ। ਇਸ ਕਮਰੇ ਵਿੱਚ ਖ਼ੁਮੈਨੀ ਦੀ ਵੱਡੀ ਤਸਵੀਰ ਲੱਗੀ ਹੋਈ ਹੈ।

ਨਿਹਾਲ ਕਾਜ਼ਮੀ ਦਾਅਵਾ ਕਰਦੇ ਹਨ, "ਅਯਾਤੁੱਲਾ ਖ਼ੁਮੈਨੀ ਦੇ ਪੜਦਾਦਾ ਸਈਅਦ ਅਹਿਮਦ ਮੁਸਾਵੀ 'ਹਿੰਦੀ' ਦਾ ਜਨਮ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਬਾਰਾਬੰਕੀ ਦੇ ਇਸੇ ਪਿੰਡ ਵਿੱਚ ਹੋਇਆ ਸੀ। 1834 ਦੇ ਨੇੜੇ-ਤੇੜੇ ਉਹ ਅਵਧ ਦੇ ਤਤਕਾਲੀ ਨਵਾਬ ਦੇ ਨਾਲ ਜ਼ਿਆਰਤ (ਦਰਸ਼ਨ) ਲਈ ਈਰਾਨ ਗਏ ਸਨ, ਪਰ ਵਾਪਸ ਨਹੀਂ ਆਏ ਅਤੇ ਉੱਥੇ ਹੀ ਵੱਸ ਗਏ।"

ਉਨ੍ਹਾਂ ਦੱਸਿਆ, "ਉਨ੍ਹਾਂ ਨਾਲ ਸਾਡੀ ਰਿਸ਼ਤੇਦਾਰੀ ਇਹ ਹੈ ਕਿ ਉਨ੍ਹਾਂ ਦੇ ਦਾਦਾ ਅਹਿਮਦ ਹੁਸੈਨ ਹਿੰਦੀ ਸਾਹਿਬ ਸਾਡੇ ਪੜਦਾਦਾ ਦੇ ਦਾਦਾ ਦੇ ਚਚੇਰੇ ਭਰਾ ਹੁੰਦੇ ਸਨ।"

ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਵਿੱਚ ਖ਼ਾਮੇਨਈ ਦੀ ਮੌਤ ਤੋਂ ਬਾਅਦ ਇਸ ਪਿੰਡ ਵਿੱਚ ਮੀਡੀਆ ਦੇ ਲੋਕਾਂ ਦਾ ਆਉਣਾ-ਜਾਣਾ ਲੱਗਿਆ ਹੋਇਆ ਹੈ।

ਇਸ ਪਿੰਡ ਵਿੱਚ ਵੀ ਖ਼ਾਮੇਨਈ ਦੀ ਮੌਤ ਤੋਂ ਬਾਅਦ ਲੋਕਾਂ ਵਿੱਚ ਸੋਗ ਦਾ ਮਾਹੌਲ ਹੈ। ਤਿੰਨ ਦਿਨ ਲਗਾਤਾਰ ਸੋਗ ਸਭਾ ਹੋਈਆਂ ਹਨ। ਇਸ ਵਿੱਚ ਸ਼ੀਆ ਅਤੇ ਸੁੰਨੀ, ਦੋਵਾਂ ਭਾਈਚਾਰਿਆਂ ਦੇ ਲੋਕ ਸ਼ਾਮਲ ਸਨ।

ਇਸ ਪਿੰਡ ਵਿੱਚ ਪੁਰਾਣੀਆਂ ਇਮਾਰਤਾਂ ਅਤੇ ਕਈ ਸੂਫ਼ੀ ਸੰਤਾਂ ਦੀਆਂ ਮਜ਼ਾਰਾਂ ਵੀ ਹਨ।

ਨਿਹਾਲ ਕਾਜ਼ਮੀ - ਖ਼ੁਮੈਨੀ ਦੇ ਦੂਰ ਦੇ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਨ ਵਾਲੇ ਕਿੰਤੂਰ ਦੇ ਵਸਨੀਕ

ਲਖਨਊ ਸਥਿਤ ਪ੍ਰਮੁੱਖ ਸ਼ੀਆ ਧਰਮ ਗੁਰੂ ਸਈਅਦ ਅਲੀ ਨਾਸਿਰ ਸਈਅਦ ਅਬਾਕਾਤੀ ਆਗਾ ਰੂਹੀ ਦੇ ਪੁਰਖੇ ਵੀ ਕਿੰਤੂਰ ਦੇ ਰਹਿਣ ਵਾਲੇ ਸਨ।

ਉਨ੍ਹਾਂ ਦੱਸਿਆ, "ਈਰਾਨ ਦੇ ਪਹਿਲੇ ਸੁਪਰੀਮ ਲੀਡਰ ਅਯਾਤੁੱਲਾ ਖ਼ੁਮੈਨੀ ਨਾਲ ਉਨ੍ਹਾਂ ਦੀ ਪੁਰਾਣੀ ਰਿਸ਼ਤੇਦਾਰੀ ਹੈ। ਖ਼ੁਮੈਨੀ ਸਾਹਿਬ ਦੇ ਪੁਰਖੇ ਕਿੰਤੂਰ ਤੋਂ ਈਰਾਨ ਦੇ ਖ਼ੁਮੈਨ ਗਏ ਸਨ।"

ਆਗਾ ਰੂਹੀ ਦੇ ਪੁੱਤਰ ਮੌਲਾਨਾ ਅੱਬਾਸ ਨਾਸਿਰ ਅਬਾਕਾਤੀ ਕਹਿੰਦੇ ਹਨ, "ਖ਼ੁਮੈਨੀ ਸਾਹਿਬ ਦੇ ਦਾਦਾ ਸਈਅਦ ਅਹਿਮਦ ਮੂਸਵੀ ਹਿੰਦੀ, ਮੇਰੇ ਪਿਤਾ ਦੇ ਪੜਦਾਦਾ ਦੇ ਚਚੇਰੇ ਭਰਾ ਸਨ। ਉਹ ਈਰਾਨ ਦੇ ਖ਼ੁਮੈਨ ਵਿੱਚ ਵੱਸ ਗਏ ਸਨ। ਉੱਥੇ ਅੱਜ ਵੀ ਉਨ੍ਹਾਂ ਦਾ ਘਰ ਬੈਤੇ-ਹਿੰਦੀ ਕਹਾਉਂਦਾ ਹੈ।"

ਲਖਨਊ ਸਥਿਤ ਇਤਿਹਾਸਕਾਰ ਰਵੀ ਭੱਟ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਅਵਧ ਦੇ ਨਵਾਬ ਵੀ ਸ਼ੀਆ ਭਾਈਚਾਰੇ ਤੋਂ ਸਨ। ਇਸ ਲਈ ਉਸ ਦੌਰ ਵਿੱਚ ਕਈ ਸ਼ੀਆ ਆਬਾਦੀਆਂ ਲਖਨਊ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿੰਦੀਆਂ ਸਨ।"

ਉਨ੍ਹਾਂ ਕਿਹਾ, "ਇਹ ਮੰਨਿਆ ਜਾਂਦਾ ਹੈ ਕਿ ਖ਼ੁਮੈਨੀ ਦੇ ਪੁਰਖੇ ਵੀ ਈਰਾਨ ਦੇ ਖੋਰਾਸਾਨ ਸੂਬੇ ਦੇ ਨਿਸ਼ਾਪੁਰ ਤੋਂ ਇੱਥੇ ਆਏ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਵੱਸ ਗਏ ਸਨ। ਕਿਉਂਕਿ ਅਵਧ ਦੇ ਦੂਜੇ ਨਵਾਬ ਸਫ਼ਦਰਜੰਗ ਵੀ ਨਿਸ਼ਾਪੁਰ ਤੋਂ ਭਾਰਤ ਆਏ ਸਨ। ਨਿਸ਼ਾਪੁਰ ਤੋਂ ਪਲਾਇਨ ਕਰਕੇ ਉਨ੍ਹਾਂ ਦੇ ਨਾਲ ਕਈ ਲੋਕ ਆਏ ਜੋ ਵੱਖ-ਵੱਖ ਇਲਾਕਿਆਂ ਵਿੱਚ ਵੱਸ ਗਏ ਸਨ।"

ਰੇਹਾਨ ਕਾਜ਼ਮੀ

ਤਸਵੀਰ ਸਰੋਤ, Tariq/ BBC

ਤਸਵੀਰ ਕੈਪਸ਼ਨ, ਪੇਸ਼ੇ ਤੋਂ ਡਾਕਟਰ ਰੇਹਾਨ ਕਾਜ਼ਮੀ ਨੇ ਅਯਾਤੁੱਲਾ ਖ਼ੁਮੈਨੀ ਦੇ ਭਾਰਤ ਨਾਲ ਸਬੰਧਾਂ ਬਾਰੇ ਕਈ ਜਾਣਕਾਰੀਆਂ ਸਾਂਝਾ ਕੀਤੀਆਂ

ਅਵਧ ਦੇ ਦੂਜੇ ਨਵਾਬ ਸਫ਼ਦਰਜੰਗ ਦਾ ਜਨਮ 1708 ਵਿੱਚ ਨਿਸ਼ਾਪੁਰ ਵਿੱਚ ਹੋਇਆ ਸੀ। ਉਨ੍ਹਾਂ ਦਾ ਮਕਬਰਾ ਦਿੱਲੀ ਦੇ ਸਫ਼ਦਰਜੰਗ ਵਿੱਚ ਹੈ।

ਰੌਸ਼ਨ ਤਕੀ ਲਖਨਊ ਵਿੱਚ ਇਤਿਹਾਸਕਾਰ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦੇ ਕਈ ਕਸਬੇ ਇਤਿਹਾਸਕ ਤੌਰ 'ਤੇ ਪੁਰਾਣੇ ਹਨ। ਕਈ ਕਸਬਿਆਂ ਦਾ ਇਤਿਹਾਸ ਇੱਕ ਹਜ਼ਾਰ ਸਾਲ ਪੁਰਾਣਾ ਹੈ।

ਰੌਸ਼ਨ ਤਕੀ ਦੱਸਦੇ ਹਨ, "ਇਹ ਚਰਚਾ ਇਸਲਾਮੀ ਕ੍ਰਾਂਤੀ ਦੌਰਾਨ ਸ਼ੁਰੂ ਹੋਈ ਸੀ। ਉਸ ਦੌਰ ਦੇ ਮੌਲਵੀਆਂ ਦਾ ਇੱਕ ਵਫ਼ਦ ਈਰਾਨ ਗਿਆ ਸੀ, ਜਿਸ ਨੇ ਖ਼ੁਮੈਨੀ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਵਿੱਚ ਆਗਾ ਰੂਹੀ ਵੀ ਸਨ। ਉਦੋਂ ਤੋਂ ਇਹ ਕਿਹਾ ਜਾਣ ਲੱਗਿਆ ਕਿ ਖ਼ੁਮੈਨੀ ਦਾ ਸਬੰਧ ਭਾਰਤ ਦੇ ਕਿੰਤੂਰ ਨਾਲ ਹੈ।"

ਉਨ੍ਹਾਂ ਕਿਹਾ, "ਇਸ ਦਾਅਵੇ ਨੂੰ ਕਿਸੇ ਨੇ ਅਜੇ ਤੱਕ ਖਾਰਿਜ ਨਹੀਂ ਕੀਤਾ ਹੈ। ਈਰਾਨ ਦੀ ਸਰਕਾਰ ਵੱਲੋਂ ਕਦੇ ਵੀ ਇਹ ਦਾਅਵਾ ਖਾਰਿਜ ਨਹੀਂ ਕੀਤਾ ਗਿਆ ਹੈ।"

ਕਿੰਤੂਰ ਤੋਂ ਥੋੜ੍ਹੀ ਦੂਰੀ 'ਤੇ ਰਸੂਲਪੁਰ ਦੇ ਰਹਿਣ ਵਾਲੇ ਰੇਹਾਨ ਕਾਜ਼ਮੀ ਪੇਸ਼ੇ ਤੋਂ ਡਾਕਟਰ ਹਨ। ਰੇਹਾਨ ਕਾਜ਼ਮੀ ਦੀ ਰਿਸ਼ਤੇਦਾਰੀ ਵੀ ਕਿੰਤੂਰ ਵਿੱਚ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਬੀਬੀਸੀ ਫ਼ਾਰਸੀ ਦੇ ਸੰਪਾਦਕ ਰਹੇ ਬਾਕਿਰ ਮੋਈਨ ਨੇ ਖ਼ੁਮੈਨੀ ਦੇ ਭਾਰਤ ਨਾਲ ਸਬੰਧਾਂ ਬਾਰੇ ਵਿਸਥਾਰ ਨਾਲ ਲਿਖਿਆ ਹੈ।

ਉਨ੍ਹਾਂ ਦੱਸਿਆ, "ਤਕਰੀਬਨ 25 ਸਾਲ ਪਹਿਲਾਂ ਈਰਾਨ ਤੋਂ ਇੱਕ ਟੀਮ ਆਈ ਸੀ, ਜੋ ਇਸ ਗੱਲ ਦੀ ਜਾਣਕਾਰੀ ਲੈ ਰਹੀ ਸੀ। ਪਰ ਉਸ ਤੋਂ ਬਾਅਦ ਕੁਝ ਪਤਾ ਨਹੀਂ ਲੱਗ ਸਕਿਆ ਹੈ। ਈਰਾਨ ਦੇ ਰਹਿਣ ਵਾਲੇ ਬਾਕਿਰ ਮੋਈਨ ਨੇ ਆਪਣੀ ਕਿਤਾਬ 'ਖ਼ੁਮੈਨੀ' ਵਿੱਚ ਦੱਸਿਆ ਹੈ ਕਿ ਅਯਾਤੁੱਲਾ ਖ਼ੁਮੈਨੀ ਦੇ ਪੁਰਖੇ ਪਹਿਲਾਂ ਈਰਾਨ ਦੇ ਨਿਸ਼ਾਪੁਰ ਤੋਂ ਭਾਰਤ ਆਏ ਅਤੇ ਉਸ ਤੋਂ ਬਾਅਦ ਈਰਾਨ ਪਰਤ ਗਏ ਸਨ।"

ਈਰਾਨ ਦਾ ਨਿਸ਼ਾਪੁਰ ਸ਼ੀਆ ਭਾਈਚਾਰੇ ਦਾ ਵੱਡਾ ਕੇਂਦਰ ਸੀ। ਮੂਸਵੀ ਸਾਦਾਤ ਸ਼ੀਆ ਭਾਈਚਾਰੇ ਦੇ ਸੱਤਵੇਂ ਇਮਾਮ ਮੂਸਾ ਕਾਜ਼ਿਮ ਦੇ ਵੰਸ਼ਜ ਹਨ।

ਕੌਣ ਸਨ ਅਯਾਤੁੱਲਾ ਰੂਹੋਲਾ ਮੁਸਾਵੀ ਖ਼ੁਮੈਨੀ?

ਅਯਾਤੁੱਲਾ ਰੂਹੋਲਾ ਮੁਸਾਵੀ ਖ਼ੁਮੈਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਯਾਤੁੱਲਾ ਖ਼ੁਮੈਨੀ 1979 ਵਿੱਚ ਈਰਾਨ ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਦੇਸ਼ ਦੇ ਪਹਿਲੇ ਸੁਪਰੀਮ ਲੀਡਰ ਬਣੇ ਅਤੇ 1989 ਵਿੱਚ ਮੌਤ ਤੱਕ ਇਸ ਅਹੁਦੇ 'ਤੇ ਰਹੇ

ਅਯਾਤੁੱਲਾ ਰੂਹੋਲਾ ਮੁਸਾਵੀ ਖ਼ੁਮੈਨੀ ਦਾ ਜਨਮ 1902 ਵਿੱਚ ਈਰਾਨ ਵਿੱਚ ਹੋਇਆ ਸੀ।

ਖ਼ੁਮੈਨੀ ਦੇ ਜਨਮ ਤੋਂ ਪੰਜ ਮਹੀਨੇ ਬਾਅਦ ਹੀ ਉਨ੍ਹਾਂ ਦੇ ਪਿਤਾ ਸਈਅਦ ਮੁਸਤਫ਼ਾ ਹਿੰਦੀ ਦੀ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਖ਼ੁਮੈਨੀ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਮਾਂ ਅਤੇ ਮਾਸੀ ਨੇ ਕੀਤਾ ਅਤੇ ਉਨ੍ਹਾਂ ਨੇ ਆਪਣੇ ਵੱਡੇ ਭਰਾ ਮੁਰਤਜ਼ਾ ਦੀ ਦੇਖ-ਰੇਖ ਵਿੱਚ ਇਸਲਾਮੀ ਸਿੱਖਿਆ ਪ੍ਰਾਪਤ ਕੀਤੀ।

ਰੂਹੋਲਾ ਖ਼ੁਮੈਨੀ ਨੂੰ ਇਸਲਾਮੀ ਵਿਧੀ ਸ਼ਾਸਤਰ ਅਤੇ ਸ਼ਰੀਆ (ਧਾਰਮਿਕ ਸਿੱਖਿਆ) ਵਿੱਚ ਵਿਸ਼ੇਸ਼ ਦਿਲਚਸਪੀ ਸੀ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਨੇ ਪੱਛਮੀ ਦਰਸ਼ਨ ਸ਼ਾਸਤਰ ਦਾ ਵੀ ਅਧਿਐਨ ਕੀਤਾ।

ਅਰਸਤੂ ਨੂੰ ਤਾਂ ਉਹ ਤਰਕ ਸ਼ਾਸਤਰ ਦਾ ਜਨਕ ਮੰਨਦੇ ਸਨ।

ਈਰਾਨ ਸਥਿਤ ਇਸਲਾਮੀ ਸਿੱਖਿਆ ਕੇਂਦਰਾਂ ਵਿੱਚ ਪੜ੍ਹਦਿਆਂ-ਪੜ੍ਹਾਉਂਦਿਆਂ ਉਹ ਸ਼ਹੰਸ਼ਾਹੀ ਸਿਆਸੀ ਪ੍ਰਣਾਲੀ ਦਾ ਜ਼ੋਰਦਾਰ ਵਿਰੋਧ ਕਰਨ ਲੱਗੇ ਅਤੇ ਉਸ ਦੀ ਥਾਂ ਵਿਲਾਇਤ-ਏ-ਫ਼ਕੀਹ (ਧਾਰਮਿਕ ਗੁਰੂ ਦੀ ਪ੍ਰਭੂਸੱਤਾ) ਵਰਗੀ ਪੱਧਤੀ ਦੀ ਵਕਾਲਤ ਕਰਨ ਲੱਗੇ ਸਨ।

ਉਹ ਈਰਾਨ ਦੇ ਇੱਕ ਪ੍ਰਮੁੱਖ ਸ਼ੀਆ ਧਰਮ ਗੁਰੂ, ਸਿਆਸੀ ਕ੍ਰਾਂਤੀਕਾਰੀ ਅਤੇ ਆਗੂ ਸਨ। ਉਹ 1979 ਵਿੱਚ ਈਰਾਨ ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਦੇਸ਼ ਦੇ ਪਹਿਲੇ ਸੁਪਰੀਮ ਲੀਡਰ ਬਣੇ ਅਤੇ 1989 ਵਿੱਚ ਮੌਤ ਤੱਕ ਇਸ ਅਹੁਦੇ 'ਤੇ ਰਹੇ।

ਉਨ੍ਹਾਂ ਨੂੰ ਇਸਲਾਮਿਕ ਕ੍ਰਾਂਤੀ ਦੇ ਅੰਦੋਲਨ ਦਾ ਮੁੱਖ ਆਗੂ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ ਈਰਾਨ ਦੇ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਦੀ ਸੱਤਾ ਦਾ ਤਖ਼ਤਾ ਪਲਟਿਆ ਅਤੇ ਦੇਸ਼ ਨੂੰ ਇੱਕ ਇਸਲਾਮੀ ਗਣਰਾਜ ਵਿੱਚ ਬਦਲ ਦਿੱਤਾ ਸੀ।

ਅਫ਼ਸਰ ਅੱਬਾਸ
ਤਸਵੀਰ ਕੈਪਸ਼ਨ, ਅਫ਼ਸਰ ਅੱਬਾਸ

ਅਯਾਤੁੱਲਾ ਖ਼ੁਮੈਨੀ ਦੇ ਦੌਰ ਵਿੱਚ ਈਰਾਨ ਅਤੇ ਇਰਾਕ ਵਿਚਕਾਰ ਅੱਠ ਸਾਲ ਲੰਬੀ ਜੰਗ ਚੱਲੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲੇਖਕ ਸਲਮਾਨ ਰਸ਼ਦੀ ਦੇ ਖ਼ਿਲਾਫ਼ ਫ਼ਤਵਾ ਵੀ ਜਾਰੀ ਕੀਤਾ ਸੀ।

ਹਾਲਾਂਕਿ ਜਦੋਂ ਉਹ ਈਰਾਨ ਵਿੱਚ ਸੁਪਰੀਮ ਲੀਡਰ ਸਨ, ਤਾਂ ਕਦੇ ਉਨ੍ਹਾਂ ਨੇ ਬਾਰਾਬੰਕੀ ਦੇ ਇਸ ਪਿੰਡ ਵਿੱਚ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ।

ਕਿੰਤੂਰ ਵਿੱਚ ਰਹਿਣ ਵਾਲੇ 76 ਸਾਲਾਂ ਦੇ ਅਫ਼ਸਰ ਅੱਬਾਸ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖੇ ਇਸ ਪਿੰਡ ਵਿੱਚ 700 ਸਾਲਾਂ ਤੋਂ ਰਹਿੰਦੇ ਆ ਰਹੇ ਹਨ।

ਉਨ੍ਹਾਂ ਕਿਹਾ, "ਜਦੋਂ ਈਰਾਨ ਦੀ ਇਸਲਾਮੀ ਕ੍ਰਾਂਤੀ ਹੋਈ, ਉਦੋਂ ਖ਼ੁਮੈਨੀ ਦਾ ਨਾਮ ਆਇਆ। ਉਦੋਂ ਇਹ ਵੀ ਹੋਇਆ ਕਿ ਉਹ ਇੱਥੋਂ ਦੇ ਰਹਿਣ ਵਾਲੇ ਸਨ ਅਤੇ ਭਾਰਤ ਵਿੱਚ ਬਾਰਾਬੰਕੀ ਜ਼ਿਲ੍ਹੇ ਦੇ ਕਿੰਤੂਰ ਦੇ ਰਹਿਣ ਵਾਲੇ ਸਨ, ਉਦੋਂ ਹੀ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਦੇ ਪੁਰਖੇ ਸਾਡੇ ਪਿੰਡ ਦੇ ਹੀ ਰਹਿਣ ਵਾਲੇ ਸਨ।"

ਅਫ਼ਸਰ ਅੱਬਾਸ ਯਾਦ ਕਰਦਿਆਂ ਕਹਿੰਦੇ ਹਨ, "ਇਹ ਜਾਣਕੇ ਕਿ ਖ਼ੁਮੈਨੀ ਦੇ ਕਈ ਰਿਸ਼ਤੇਦਾਰ ਇਸ ਪਿੰਡ ਵਿੱਚ ਰਹਿੰਦੇ ਹਨ, ਉਸ ਜ਼ਮਾਨੇ ਵਿੱਚ ਵੀ ਕਈ ਪ੍ਰੈੱਸ ਵਾਲੇ ਆਏ ਸਨ। ਲੋਕਾਂ ਤੋਂ ਪਤਾ ਲੱਗਿਆ ਕਿ ਉਹ ਉਨ੍ਹਾਂ ਦੇ ਹੀ ਖ਼ਾਨਦਾਨ ਨਾਲ ਤਾਲੁਕ ਰੱਖਦੇ ਸਨ, ਦਸਤਾਵੇਜ਼ ਦੇਖੇ ਗਏ, ਤਾਂ ਪਤਾ ਲੱਗਿਆ ਕਿ ਉਨ੍ਹਾਂ ਦੇ ਬਜ਼ੁਰਗ ਇੱਥੋਂ ਹੀ ਗਏ ਸਨ। ਇਸ ਤਰ੍ਹਾਂ ਇਹ ਗੱਲ ਸਾਬਤ ਹੋਈ ਕਿ ਖ਼ੁਮੈਨੀ ਦੇ ਪੁਰਖੇ ਕਿੰਤੂਰ ਦੇ ਰਹਿਣ ਵਾਲੇ ਸਨ।"

ਅਫ਼ਸਰ ਅੱਬਾਸ ਦੱਸਦੇ ਹਨ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ਪਿੰਡ ਦੇ ਪੂਰਬ ਵਾਲੇ ਪਾਸੇ ਸੀ।

ਹਾਲਾਂਕਿ ਪਿੰਡ ਵਿੱਚ ਹੁਣ ਉਸ ਘਰ ਦਾ ਨਾਮੋ-ਨਿਸ਼ਾਨ ਤੱਕ ਨਹੀਂ ਹੈ, ਪਰ ਇਸ ਪਿੰਡ ਵਿੱਚ ਕਈ ਪੁਰਾਣੀਆਂ ਇਮਾਰਤਾਂ ਹਨ।

ਖ਼ੁਮੈਨੀ ਨੂੰ ਆਪਣਾ ਪੁਰਖਾ ਦੱਸਣ ਵਾਲੇ ਨਿਹਾਲ ਕਾਜ਼ਮੀ ਕਹਿੰਦੇ ਹਨ, "ਈਰਾਨ ਦੇ ਸੁਪਰੀਮ ਲੀਡਰ ਬਣਨ ਤੋਂ ਬਾਅਦ ਤੋਂ ਕੋਈ ਸੰਪਰਕ ਨਹੀਂ ਕੀਤਾ, ਸਗੋਂ ਜੋ ਲੋਕ ਈਰਾਨ ਜਾਂਦੇ ਸਨ ਉਨ੍ਹਾਂ ਨਾਲ ਇੱਕ-ਦੋ ਵਾਰ ਮੁਲਾਕਾਤ ਜ਼ਰੂਰ ਹੋਈ ਹੈ।"

ਖ਼ਾਮੇਨਈ ਦੀ ਮੌਤ ਨੂੰ ਲੈਕੇ ਭਾਰਤ ਦੇ ਸ਼ੀਆ ਭਾਈਚਾਰੇ ਵਿੱਚ ਰੋਸ

 ਬਾਰਾਬੰਕੀ ਦੇ ਕਿੰਤੂਰ ਪਿੰਡ ਦੀ ਮਸਜਿਦ

ਤਸਵੀਰ ਸਰੋਤ, Tariq/ BBC

ਤਸਵੀਰ ਕੈਪਸ਼ਨ, ਬਾਰਾਬੰਕੀ ਦੇ ਕਿੰਤੂਰ ਪਿੰਡ ਦੀ ਮਸਜਿਦ

ਮੱਧ ਪੂਰਬ ਵਿੱਚ ਚੱਲ ਰਹੀ ਜੰਗ ਨਾਲ ਕਿੰਤੂਰ ਦੇ ਲੋਕ ਵੀ ਚਿੰਤਤ ਹਨ।

ਈਰਾਨ ਦੇ ਸੁਪਰੀਮ ਲੀਡਰ ਅਲੀ ਖ਼ਾਮੇਨਈ ਦੀ ਮੌਤ ਤੋਂ ਬਾਅਦ ਤੋਂ ਇੱਥੇ ਸੋਗ ਸਭਾਵਾਂ ਹੋਈਆਂ ਅਤੇ ਪ੍ਰਦਰਸ਼ਨ ਵੀ ਹੋਏ ਸਨ।

ਅਲੀ ਖ਼ਾਮੇਨਈ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਮੋਜਤਬਾ ਖ਼ਾਮੇਨਈ ਨੂੰ ਨਵਾਂ ਸੁਪਰੀਮ ਲੀਡਰ ਚੁਣਿਆ ਗਿਆ ਹੈ।

ਅਲੀ ਖ਼ਾਮੇਨਈ ਦੀ ਮੌਤ ਤੋਂ ਬਾਅਦ ਸ਼ੀਆ ਭਾਈਚਾਰੇ ਦੇ ਲੋਕ ਸੜਕਾਂ 'ਤੇ ਉਤਰ ਆਏ।

ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਵੀ ਹੋਏ। ਭਾਰਤ ਵਿੱਚ ਸ਼ੀਆ ਭਾਈਚਾਰੇ ਨੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਸੀ।

ਸ਼ੀਆ ਭਾਈਚਾਰੇ ਦੇ ਲੋਕ ਅਜੇ ਵੀ ਮਸਜਿਦਾਂ ਅਤੇ ਇਮਾਮਬਾੜਿਆਂ ਵਿੱਚ ਜਲਸਿਆਂ ਰਾਹੀਂ ਇਸ ਘਟਨਾ ਦੀ ਨਿੰਦਾ ਕਰ ਰਹੇ ਹਨ।

ਲਖਨਊ ਵਿੱਚ ਸ਼ੀਆ ਪਰਸਨਲ ਲਾਅ ਬੋਰਡ ਦੇ ਜਨਰਲ ਸਕੱਤਰ ਮੌਲਾਨਾ ਯਾਸੂਬ ਅੱਬਾਸ ਨੇ ਕਿਹਾ, "ਉਨ੍ਹਾਂ ਨੇ ਖ਼ਾਮੇਨਈ ਸਾਹਿਬ ਨੂੰ ਸਾਡੇ ਤੋਂ ਖੋਹ ਲਿਆ ਹੈ, ਪਰ ਖ਼ਾਮੇਨਈ ਸਾਹਿਬ ਦਾ ਮਕਸਦ ਅੱਜ ਵੀ ਜ਼ਿੰਦਾ ਹੈ ਅਤੇ ਅੱਗੇ ਵੀ ਰਹੇਗਾ।"

ਲਖਨਊ ਵਿੱਚ ਪ੍ਰਦਰਸ਼ਨ ਦੌਰਾਨ ਲੋਕ ਇਜ਼ਰਾਈਲ ਅਤੇ ਅਮਰੀਕਾ ਦੇ ਹਮਲੇ ਦੀ ਨਿੰਦਾ ਕਰਨ ਦੇ ਨਾਲ ਸੋਗ ਵੀ ਮਨਾ ਰਹੇ ਸਨ।

ਲਖਨਊ ਦੀ ਸ਼ੀਆ ਚਾਂਦ ਕਮੇਟੀ ਦੇ ਪ੍ਰਧਾਨ ਮੌਲਾਨਾ ਸੈਫ਼ ਅੱਬਾਸ ਅਤੇ ਪ੍ਰਮੁੱਖ ਧਰਮ ਗੁਰੂ ਕਲਬੇ ਜੱਵਾਦ ਨੇ ਈਦ ਦੀ ਨਮਾਜ਼ ਦੌਰਾਨ ਕਾਲੀ ਪੱਟੀ ਬੰਨ੍ਹਣ ਦੀ ਅਪੀਲ ਕੀਤੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)