ਜਹਾਜ਼ ਦੇ ਮਲਬੇ ਤੋਂ ਖਜ਼ਾਨਾ ਖੋਜਣ ਵਾਲਾ ਵਿਅਕਤੀ 10 ਸਾਲਾਂ ਦੀ ਸਜ਼ਾ ਭੁਗਤ ਜੇਲ੍ਹ ਤੋਂ ਰਿਹਾਅ ਹੋਇਆ ਪਰ ਖਜ਼ਾਨੇ ਦਾ ਪਤਾ ਨਹੀਂ ਦੱਸਿਆ

ਤਸਵੀਰ ਸਰੋਤ, Getty Images
- ਲੇਖਕ, ਗ੍ਰੇਸ ਐਲਿਜ਼ਾ ਗੁਡਵਿਨ
- ਰੋਲ, ਬੀਬੀਸੀ ਨਿਊਜ਼
- ਪੜ੍ਹਨ ਦਾ ਸਮਾਂ: 5 ਮਿੰਟ
ਤੁਸੀਂ ਡੁੱਬੇ ਹੋਏ ਸਮੁੰਦਰੀ ਜਹਾਜ਼ਾਂ 'ਚੋਂ ਖ਼ਜ਼ਾਨਾ ਮਿਲਣ ਵਰਗੀਆਂ ਕਈ ਕਹਾਣੀਆਂ ਪੜ੍ਹੀਆਂ-ਸੁਣੀਆਂ ਹੋਣੀਆਂ ਜਾਂ ਫ਼ਿਲਮਾਂ ਵਿੱਚ ਦੇਖੀਆਂ ਹੋਣੀਆਂ। ਪਰ ਅਮਰੀਕਾ ਦੇ ਇੱਕ ਵਿਅਕਤੀ ਨੇ ਅਸਲ ਵਿੱਚ ਸਮੁੰਦਰ ਦੀਆਂ ਗਹਿਰਾਈਆਂ ਵਿੱਚ ਡੂਬੇ ਪਏ ਇੱਕ ਜਹਾਜ਼ ਤੋਂ ਖਜ਼ਾਨਾ ਲੱਭ ਲਿਆ ਸੀ, ਬਹੁਤ ਸਾਰਾ ਸੋਨਾ ਸੀ।
ਹਾਲਾਂਕਿ ਇਸ ਵਿਅਕਤੀ ਨੇ ਸਰਕਾਰੀ ਅਧਿਕਾਰੀਆਂ ਨੂੰ ਖਜ਼ਾਨੇ ਵਾਲੀ ਥਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਹੁਣ ਇਸ ਪੂਰੇ ਘਟਨਾਕ੍ਰਮ ਤੋਂ ਦੱਸ ਸਾਲ ਬਾਅਦ ਉਹ ਸ਼ਖਸ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਹਾਲਾਂਕਿ ਅਜੇ ਵੀ 500 ਸਿੱਕਿਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ।
ਖਜਾਨੇ ਦੀ ਖੋਜ ਅਤੇ ਧੋਖਾਧੜੀ ਦੇ ਇਲਜ਼ਾਮ

ਤਸਵੀਰ ਸਰੋਤ, Getty Images
ਟੌਮੀ ਥੌਮਪਸਨ (73 ਸਾਲਾ) ਨੇ ਸਾਲ 1988 ਵਿੱਚ ਦੱਖਣੀ ਕੈਰੋਲੀਨਾ ਦੇ ਤਟ ਦੇ ਨੇੜੇ, ਐਸਐਸ ਸੈਂਟਰਲ ਅਮਰੀਕਾ, ਜਿਸ ਨੂੰ 'ਸੋਨੇ ਦਾ ਜਹਾਜ਼' ਵੀ ਕਿਹਾ ਜਾਂਦਾ ਹੈ ਅਤੇ ਜੋ 1857 ਵਿੱਚ ਡੁੱਬ ਗਿਆ ਸੀ, ਦੇ ਮਲਬੇ ਤੋਂ ਲੱਖਾਂ ਡਾਲਰ ਦਾ ਡੁੱਬਿਆ ਖਜ਼ਾਨਾ ਲੱਭ ਲਿਆ ਸੀ।
ਥੌਮਪਸਨ ਦੇ ਇਸ ਕੰਮ ਵਿੱਚ ਪੈਸੇ ਲਗਾਉਣ ਵਾਲੇ ਨਿਵੇਸ਼ਕਾਂ ਨੇ ਉਨ੍ਹਾਂ 'ਤੇ ਇਲਜ਼ਾਮ ਲਗਾਇਆ ਕਿ ਥੌਮਪਸਨ ਨੇ ਉਨ੍ਹਾਂ ਨਾਲ ਧੋਖਾ ਕੀਤਾ ਅਤੇ ਤੈਅ ਵਾਅਦੇ ਮੁਤਾਬਕ ਮੁਨਾਫ਼ਾ ਨਹੀਂ ਦਿੱਤਾ।
ਕਈ ਸਾਲਾਂ ਤੱਕ ਫਰਾਰ ਰਹਿਣ ਤੋਂ ਬਾਅਦ, ਸਾਲ 2015 ਵਿੱਚ ਥੌਮਪਸਨ ਨੂੰ ਅਦਾਲਤ ਦੀ ਅਦਾਲਤ ਦੀ ਮਾਣਹਾਨੀ ਦੇ ਇਲਜ਼ਾਮ ਵਿੱਚ ਜੇਲ੍ਹ ਭੇਜ ਦਿੱਤਾ ਗਿਆ।
1857 ਵਿੱਚ ਡੁੱਬਿਆ ਸੀ ਜਹਾਜ਼

ਤਸਵੀਰ ਸਰੋਤ, Getty Images
ਜਦੋਂ ਇਹ ਜਹਾਜ਼ 1857 ਵਿੱਚ ਡੁੱਬਿਆ ਸੀ, ਉਸ ਵੇਲੇ ਇਸ ਸਮੁੰਦਰੀ ਜਹਾਜ਼ ਵਿੱਚ ਸੈਨ ਫ੍ਰਾਂਸਿਸਕੋ ਵਿੱਚ ਤਾਜ਼ਾ ਢਾਲਿਆ ਗਿਆ 30,000 ਪੌਂਡ ਦਾ ਸੋਨਾ ਲੱਦਿਆ ਹੋਇਆ ਸੀ।
ਇਸ ਸੋਨੇ ਨੂੰ ਸਮੁੰਦਰੀ ਜਹਾਜ਼ ਰਾਹੀਂ ਬੈਂਕਾਂ ਲਈ ਰਿਜ਼ਰਵ ਬਣਾਉਣ ਲਈ ਪੂਰਬੀ ਤਟ ਵੱਲ ਲਿਆਂਦਾ ਜਾ ਰਿਹਾ ਸੀ, ਪਰ ਰਿਹਾ ਰਸਤੇ ਵਿੱਚ ਹੀ ਸਮੁੰਦਰ ਦੀ ਤਲਹੱਟੀ ਵਿੱਚ 7,000 ਫੁੱਟ ਹੇਠਾਂ ਡੁੱਬ ਗਿਆ।
ਇਸ ਦੇ ਨਾਲ ਹੀ 425 ਯਾਤਰੀ ਅਤੇ ਜਹਾਜ਼ ਦੇ ਕਰਮਚਾਰੀ ਵੀ ਡੁੱਬ ਗਏ ਅਤੇ ਇਸ ਘਟਨਾ ਨੇ 1857 ਦੇ ਆਰਥਿਕ ਸੰਕਟ ਨੂੰ ਹੋਰ ਵੀ ਵਧਾ ਦਿੱਤਾ ਸੀ।
ਡੁੱਬੇ ਜਹਾਜ਼ 'ਚੋਂ ਮਿਲੇ ਹਜ਼ਾਰਾਂ ਸੋਨੇ ਦੀਆਂ ਇੱਟਾਂ ਅਤੇ ਸਿੱਕੇ
ਖਜ਼ਾਨੇ ਦੇ ਖੋਜ 'ਚ ਸ਼ਾਮਲ ਕੁੱਲ 161 ਨਿਵੇਸ਼ਕਾਂ ਨੇ ਥੌਮਪਸਨ ਨੂੰ ਜਹਾਜ਼ ਲੱਭਣ ਲਈ 12.7 ਮਿਲੀਅਨ ਡਾਲਰ (9.4 ਮਿਲੀਅਨ ਪਾਊਂਡ) ਦਿੱਤੇ ਸਨ। ਉਨ੍ਹਾਂ ਨੂੰ ਇਹ ਉਮੀਦ ਸੀ ਕਿ ਉਨ੍ਹਾਂ ਨੂੰ ਆਪਣੇ ਨਿਵੇਸ਼ 'ਤੇ ਵਧੀਆ ਮੁਨਾਫ਼ਾ ਮਿਲੇਗਾ।
ਥੌਮਪਸਨ ਉਸ ਸਮੇਂ ਓਹਾਇਓ ਦੇ ਕੋਲੰਬਸ ਵਿੱਚ ਬੈਟੇਲ ਮੈਮੋਰੀਅਲ ਇੰਸਟੀਟਿਊਟ ਵਿੱਚ ਇੱਕ ਸਮੁੰਦਰੀ ਇੰਜੀਨੀਅਰ ਸਨ ਅਤੇ ਉਨ੍ਹਾਂ ਦੀ ਟੀਮ ਨੇ 1988 ਵਿੱਚ ਜਹਾਜ਼ ਤੋਂ ਹਜ਼ਾਰਾਂ ਸੋਨੇ ਦੀਆਂ ਇੱਟਾਂ ਅਤੇ ਸਿੱਕੇ ਸਮੁੰਦਰ ਤੋਂ ਬਾਹਰ ਕੱਢੇ ਸਨ।
ਇਸ ਵਿੱਚੋਂ ਜ਼ਿਆਦਾਤਰ ਸੋਨਾ ਬਾਅਦ ਵਿੱਚ, ਸਾਲ 2000 ਵਿੱਚ ਇੱਕ ਗੋਲਡ ਮਾਰਕੀਟਿੰਗ ਗਰੁੱਪ ਨੂੰ ਲਗਭਗ 50 ਮਿਲੀਅਨ ਡਾਲਰ ਵਿੱਚ ਵੇਚ ਦਿੱਤਾ ਗਿਆ।
ਥੌਮਪਸਨ ਨੇ ਨਹੀਂ ਦੱਸਿਆ ਲਾਪਤਾ 500 ਸੋਨੇ ਦੇ ਸਿੱਕਿਆਂ ਦੀ ਥਾਂ

ਤਸਵੀਰ ਸਰੋਤ, Getty Images
ਬੀਬੀਸੀ ਦੇ ਅਮਰੀਕੀ ਭਾਈਵਾਲ ਸੀਬੀਐਸ ਨਿਊਜ਼ ਦੇ ਅਨੁਸਾਰ, ਥੌਮਪਸਨ ਨੇ ਹਮੇਸ਼ਾ ਇਹੀ ਕਿਹਾ ਕਿ ਇਹ ਸਿੱਕੇ ਬੇਲੀਜ਼ ਵਿੱਚ ਇੱਕ ਟਰੱਸਟ ਨੂੰ ਸੌਂਪ ਦਿੱਤੇ ਗਏ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਨੇ ਦੇ ਪਹਿਲੇ ਬੈਚ ਦੀ ਵਿਕਰੀ ਤੋਂ ਜੋ ਮੁਨਾਫ਼ਾ ਹੋਇਆ ਸੀ, ਉਸ ਦਾ ਜ਼ਿਆਦਾਤਰ ਹਿੱਸਾ ਕਾਨੂੰਨੀ ਫ਼ੀਸ ਅਤੇ ਬੈਂਕ ਦੇ ਕਰਜ਼ੇ ਚੁਕਾਉਣ ਵਿੱਚ ਖਰਚ ਹੋ ਗਿਆ ਸੀ।
ਨਿਵੇਸ਼ਕਾਂ ਨੇ ਇਸ ਮਾਮਲੇ ਵਿੱਚ ਸਾਲ 2005 ਵਿੱਚ ਥੌਮਪਸਨ 'ਤੇ ਮੁਕੱਦਮਾ ਕਰ ਦਿੱਤਾ ਸੀ। ਉਨ੍ਹਾਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਨੂੰ ਖਜ਼ਾਨੇ ਦੀ ਵਿਕਰੀ ਤੋਂ ਹੁਣ ਤੱਕ ਕੋਈ ਵੀ ਮੁਨਾਫ਼ਾ ਨਹੀਂ ਮਿਲਿਆ ਹੈ।
ਬਾਅਦ ਵਿੱਚ, ਥੌਮਪਸਨ ਦੇ ਖ਼ਿਲਾਫ਼ ਦਰਜ ਇੱਕ ਅਪਰਾਧਿਕ ਸ਼ਿਕਾਇਤ ਵਿੱਚ ਇਹ ਕਿਹਾ ਗਿਆ ਕਿ ਉਨ੍ਹਾਂ ਨੇ ਸਮੁੰਦਰ ਦੀ ਤਲਹੱਟੀ ਤੋਂ ਜੋ ਸੋਨੇ ਦੀਆਂ ਇੱਟਾਂ ਅਤੇ ਸਿੱਕੇ ਕੱਢੇ ਸਨ, ਉਨ੍ਹਾਂ ਦੀ ਕੀਮਤ 400 ਮਿਲੀਅਨ ਡਾਲਰ ਤੱਕ ਹੋ ਸਕਦੀ ਹੈ। ਥੌਮਪਸਨ ਸਾਲ 2012 ਵਿੱਚ ਉਸ ਵੇਲੇ ਲਾਪਤਾ ਹੋ ਗਏ ਸਨ, ਜਦੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਜਾ ਰਿਹਾ ਸੀ।
ਫਿਰ ਕਈ ਸਾਲਾਂ ਤੱਕ ਫਰਾਰ ਰਹਿਣ ਤੋਂ ਬਾਅਦ, ਸਾਲ 2015 ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਫਲੋਰਿਡਾ ਦੇ ਬੋਕਾ ਰੈਟਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਉਹ ਦੋ ਸਾਲਾਂ ਤੋਂ ਇੱਕ ਹੋਟਲ ਵਿੱਚ ਰਹਿ ਰਹੇ ਸਨ, ਜਿੱਥੇ ਉਹ ਕਿਸੇ ਝੂਠੇ ਨਾਮ ਨਾਲ ਆਪਣੇ ਕਮਰੇ ਦਾ ਕਿਰਾਇਆ ਨਕਦ ਵਿੱਚ ਭਰਦੇ ਸਨ। ਪੁਲਿਸ ਵਲੋਂ ਫੜ੍ਹੇ ਜਾਣ ਤੋਂ ਬਚਣ ਲਈ ਉਹ ਟੈਕਸੀ ਅਤੇ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਦੇ ਸਨ।
ਫੜ੍ਹੇ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਲਗਭਗ 500 ਲਾਪਤਾ ਸੋਨੇ ਦੇ ਸਿੱਕਿਆਂ ਦੀ ਥਾਂ ਬਾਰੇ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਕਾਰਨ ਥੌਮਪਸਨ ਨੂੰ 'ਕੋਰਟ ਦੀ ਅਵਮਾਨਨਾ' ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਦਸੰਬਰ 2015 ਵਿੱਚ ਉਨ੍ਹਾਂ ਨੂੰ 24 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।
ਸਿਵਲ ਅਵਮਾਨਨਾ ਦੀਆਂ ਸਜ਼ਾਵਾਂ ਦਾ ਆਮ ਤੌਰ 'ਤੇ ਸਮਾਂ ਨਿਰਧਾਰਿਤ ਨਹੀਂ ਹੁੰਦਾ ਅਤੇ ਇਹ ਓਦੋਂ ਤੱਕ ਜਾਰੀ ਰਹਿੰਦੀਆਂ ਹਨ ਜਦੋਂ ਤੱਕ ਦੋਸ਼ੀ ਵਿਅਕਤੀ ਅਦਾਲਤ ਦੇ ਹੁਕਮ ਦੀ ਪਾਲਣਾ ਨਾ ਕਰ ਲਵੇ। ਇਸ ਮਾਮਲੇ ਵਿੱਚ, ਉਹ ਹੁਕਮ ਉਨ੍ਹਾਂ ਲਾਪਤਾ ਸਿੱਕਿਆਂ ਦੀ ਥਾਂ ਦੱਸਣ ਦਾ ਸੀ।
ਸੀਬੀਐਸ ਨਿਊਜ਼ ਦੇ ਅਨੁਸਾਰ, ਪਰ ਪਿਛਲੇ ਸਾਲ ਜੱਜ ਨੇ ਥੌਮਪਸਨ ਦੀ ਸਿਵਲ ਅਵਮਾਨਨਾ ਦੀ ਸਜ਼ਾ ਖਤਮ ਕਰਨ 'ਤੇ ਸਹਿਮਤੀ ਦੇ ਦਿੱਤੀ। ਜੱਜ ਦਾ ਤਰਕ ਸੀ ਕਿ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਥੌਮਪਸਨ ਕਦੇ ਵੀ ਇਸ ਸਵਾਲ ਦਾ ਜਵਾਬ ਦੇਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























