You’re viewing a text-only version of this website that uses less data. View the main version of the website including all images and videos.
ਅਜਿਹੇ ਤਿੰਨੇ ਤਰੀਕੇ ਜੋ ਬ੍ਰਹਿਮੰਡ ਨੂੰ ਖਤਮ ਕਰ ਸਕਦੇ ਹਨ
- ਲੇਖਕ, ਐਂਡ੍ਰੇਅ ਬਿਅਰਨੈਥ
- ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ
- ਪੜ੍ਹਨ ਦਾ ਸਮਾਂ: 7 ਮਿੰਟ
ਹਨੇਰ ਭਰਿਆ, ਠੰਢਾ ਅਤੇ ਕੁਝ ਹੱਦ ਤੱਕ ਨੀਰਸ ਅੰਤ। ਇੱਕ ਬਹੁਤ ਹੀ ਹਿੰਸਕ ਅਤੇ ਤਬਾਹੀ ਭਰਿਆ ਨਤੀਜਾ ਜਾਂ ਫਿਰ ਅਜਿਹਾ ਅੰਤ ਜੋ ਕਿਸੇ ਨਵੀਂ ਸ਼ੁਰੂਆਤ ਦਾ ਆਗਾਜ਼ ਹੋਵੇ।
ਇਹ ਕੁਝ ਨਾਮੀ ਧਾਰਨਾਵਾਂ ਹਨ, ਬ੍ਰਹਿਮੰਡ ਦੇ ਅੰਤ ਨੂੰ ਲੈ ਕੇ, ਜੇਕਰ ਇਹ ਪੂਰੀ ਤਰ੍ਹਾਂ ਖਤਮ ਹੁੰਦਾ ਹੈ, ਜੋ ਕਿ ਅਜੇ ਭਵਿੱਖ 'ਚ ਕਾਫੀ ਦੂਰ ਜਾਪਦਾ ਹੈ।
ਬ੍ਰਹਿਮੰਡ ਦਾ ਭਵਿੱਖ ਕੀ ਹੋਣ ਵਾਲਾ ਹੈ, ਵਿਗਿਆਨ ਦੀ ਦੁਨੀਆ 'ਚ ਇਹ ਇੱਕ ਬੇਹੱਦ ਰਹੱਸਮਈ ਸਵਾਲ ਹੈ। ਇੱਥੋਂ ਤੱਕ ਕਿ ਮਾਹਰ ਵੀ ਇਹ ਮੰਨਦੇ ਹਨ ਕਿ ਇੱਥੇ ਜਵਾਬ ਨਾਲੋਂ ਜ਼ਿਆਦਾ ਸਵਾਲ ਹਨ।
ਬ੍ਰਹਿਮੰਡ ਦੇ ਖਾਤਮੇ ਦੇ ਕਿਹੜੇ ਕੁਝ ਤਰੀਕੇ ਹਨ, ਇਹ ਜਾਣਨ ਲਈ ਸਾਨੂੰ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਸਦੀ ਸ਼ੁਰੂਆਤ ਕਿਵੇਂ ਹੋਈ।
ਹਰ ਇੱਕ ਚੀਜ਼ ਦੀ ਸ਼ੁਰੂਆਤ
ਬ੍ਰਹਿਮੰਡ ਹੀ ਸਭ ਕੁਝ ਹੈ। ਨਾਸਾ ਮੁਤਾਬਕ, ਇਸ 'ਚ ਪੁਲਾੜ, ਪਦਾਰਥ, ਊਰਜਾ ਅਤੇ ਇੱਥੋਂ ਤੱਕ ਸਮਾਂ ਵੀ ਸਮਾਇਆ ਹੋਇਆ।
ਇਸ ਦੀ ਸ਼ੁਰੂਆਤ ਕਿਵੇਂ ਹੋਈ, ਇਸ ਬਾਬਤ ਖਗੋਲ ਵਿਗਿਆਨੀਆਂ ਨੇ 'ਬਿਗ ਬੈਂਗ ਥਿਓਰੀ' ਕੱਢੀ। ਇਸ ਥਿਓਰੀ ਮੁਤਾਬਕ ਕਰੀਬ 13.8 ਬਿਲੀਅਨ ਸਾਲ ਪਹਿਲਾਂ ਬ੍ਰਹਿਮੰਡ ਬੇਹੱਦ ਗਰਮ ਅਤੇ ਸੰਘਣਾ ਸੀ ਅਤੇ ਉਦੋਂ ਤੋਂ ਹੀ ਇਸ ਦਾ ਪਸਾਰ ਹੋ ਰਿਹਾ ਹੈ।
ਬ੍ਰਹਿਮੰਡ ਲਗਾਤਾਰ ਆਪਣਾ ਪਸਾਰ ਕਰਦਾ ਰਿਹਾ ਅਤੇ ਹੌਲੀ-ਹੌਲੀ ਸਮਾਂ ਲੰਘਣ ਦੇ ਨਾਲ ਕਈ ਢਾਂਚੇ ਜਿਵੇਂ ਗੈਲੇਕਸੀਆਂ, ਸਿਤਾਰੇ ਅਤੇ ਗ੍ਰਹਿ ਹੋਂਦ 'ਚ ਆਏ।
ਅੱਜ ਵੀ ਬ੍ਰਹਿਮੰਡ ਲਗਾਤਾਰ ਫੈਲ ਰਿਹਾ ਹੈ ਪਰ ਬੁਨਿਆਦੀ ਤੌਰ 'ਤੇ ਅਸੀਂ ਇਸ ਬਾਰੇ ਬਹੁਤ ਥੋੜ੍ਹਾ ਜਾਣਦੇ ਹਾਂ।
ਬ੍ਰਾਜ਼ੀਲ ਦੀ ਫੈਡਰਲ ਯੂਨੀਵਰਸਿਟੀ ਆਫ਼ ਸਾਂਤਾ ਕੈਤਾਰੀਨਾ ਦੇ ਭੌਤਿਕ ਵਿਗਿਆਨੀ ਪ੍ਰੋਫੈਸਰ ਅਲੈਗਜ਼ੈਂਡਰ ਜ਼ਾਬੋਟ ਕਹਿੰਦੇ ਹਨ, "ਸਾਡਾ ਕੰਮ ਅਜਿਹਾ ਹੈ ਜਿਵੇਂ ਦਰਿਆ ਦੇ ਵਹਾਅ ਅਤੇ ਵਿਵਹਾਰ ਨੂੰ ਗੌਰ ਨਾਲ ਵੇਖਣਾ ਹੈ ਪਰ ਬਿਨ੍ਹਾਂ ਪਾਣੀ ਦੇ ਹਰੇਕ ਕਣ ਦਾ ਮੁਲਾਂਕਣ ਕੀਤੇ, ਜੋ ਇਸ ਵਿੱਚੋਂ ਲੰਘਦਾ ਹੈ।
ਦਿ ਬਿਗ ਫ੍ਰੀਜ਼
ਯੂਕੇ ਦੀ ਰੋਇਲ ਆਬਜ਼ਰਵੇਟਰੀ ਗ੍ਰੀਨਵਿਚ ਮੁਤਾਬਿਕ ਜੇਕਰ ਬ੍ਰਹਿਮੰਡ ਇਸੇ ਤਰ੍ਹਾਂ ਫੈਲਦਾ ਰਿਹਾ ਤਾਂ ਊਰਜਾ ਵੀ ਫੈਲਦੀ ਰਹੇਗੀ ਜਿਸ ਕਾਰਨ ਗੈਲੇਕਸੀਆਂ ਇੱਕ-ਦੂਜੇ ਤੋਂ ਦੂਰ ਹੋ ਜਾਣਗੀਆਂ, ਇੱਕ ਵਾਰ ਟੁੱਟੇ ਸਿਤਾਰੇ ਦੁਬਾਰਾ ਨਹੀਂ ਬਣ ਸਕਣਗੇ।
ਉਹ ਅੱਗੇ ਕਹਿੰਦੇ ਹਨ ਕਿ ਕਈ ਟ੍ਰਿਲੀਅਨ ਸਾਲਾਂ ਤੋਂ ਬਾਅਦ ਬ੍ਰਹਿਮੰਡ ਹਨੇਰੇ ਵੱਲ ਧੱਕਦਾ ਜਾਵੇਗਾ ਅਤੇ ਅਖੀਰ ਇੱਕ ਠੰਢੀ, ਹਨੇਰੀ ਅਤੇ ਖਾਲੀ ਸਥਿਤੀ 'ਚ ਪਹੁੰਚ ਜਾਵੇਗਾ।
ਇਸ ਥਿਊਰੀ ਨੂੰ 'ਬਿਗ ਫ੍ਰੀਜ਼' ਜਾਂ 'ਹੀਟ ਡੈੱਥ' ਵੱਜੋਂ ਜਾਣਿਆ ਜਾਂਦਾ ਹੈ।
ਰੋਇਲ ਇੰਸਟੀਚਿਊਸ਼ਨ ਮੁਤਾਬਕ ਇਹ ਇੱਕ ਅਜਿਹੀ ਸਥਿਤੀ ਹੋਵੇਗੀ ਜਿਸ ਵਿੱਚ ਬ੍ਰਹਿਮੰਡ ਦੇ ਸਾਰੇ ਪਰਮਾਣੂ ਥਰਮਲ ਈਕੁਅਲੀਬ੍ਰੀਅਮ (ਜਦੋਂ ਹਰ ਥਾਂ/ਚੀਜ਼ ਦਾ ਤਾਪਮਾਨ ਇੱਕਸਾਰ ਹੋਵੇ) 'ਚ ਹੋਣਗੇ ਅਤੇ ਸਭ ਕੁਝ ਥੰਮ ਜਾਵੇਗਾ।
ਬ੍ਰਾਜ਼ੀਲ ਦੀ ਯੂਨੀਵਰਸਿਟੀ ਆਫ ਸਾਓ ਪਾਓਲੋ ਦੇ ਭੌਤਿਕ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਰਾਊਲ ਅਬਰਾਮੋ ਕਹਿੰਦੇ ਹਨ, "ਹਰ ਚੀਜ਼ ਇਹ ਦਰਸਾਉਂਦੀ ਹੈ ਕਿ ਬ੍ਰਹਿਮੰਡ ਹੌਲੀ-ਹੌਲੀ ਹੋਰ ਖਾਲੀ, ਠੰਢਾ ਅਤੇ ਹੋਰ ਦੂਰ ਹੁੰਦਾ ਜਾਵੇਗਾ।"
ਉਹ ਕਹਿੰਦੇ ਹਨ, "ਗੈਲੇਕਸੀਆਂ ਇੱਕ-ਦੂਜੇ ਤੋਂ ਦੂਰ ਹੁੰਦੀਆਂ ਜਾਣਗੀਆਂ, ਤਾਰੇ ਆਪਣੀ ਮਿਆਦ ਪੂਰੀ ਹੋਣ ਤੋਂ ਬਾਅਦ ਖਤਮ ਹੋ ਜਾਣਗੇ ਅਤੇ ਅਖੀਰ 'ਚ ਬ੍ਰਹਿਮੰਡ ਇੱਕ ਕਬਰਿਸਤਾਨ ਬਣ ਜਾਵੇਗਾ।"
ਦਿ ਬਿਗ ਰਿਪ
ਜੇ ਇਹ ਥਿਊਰੀ ਸੁਣਨ 'ਚ ਵਧੀਆ ਨਹੀਂ ਲੱਗਦੀ ਤਾਂ ਇੱਕ ਹੋਰ ਧਾਰਨਾ ਹੈ ਪਰ ਇਹ ਹੋਰ ਵੀ ਜ਼ਿਆਦਾ ਭਿਆਨਕ ਲੱਗਦੀ ਹੈ।
ਰੋਇਲ ਮਿਊਜ਼ੀਅਮ ਗ੍ਰੀਨਵਿਚ ਮੁਤਾਬਿਕ ਇਹ ਇਸ ਸਿਧਾਂਤ 'ਤੇ ਆਧਾਰਿਤ ਹੈ ਕਿ ਬ੍ਰਹਿਮੰਡ ਡਾਰਕ ਐਨਰਜੀ ਕਾਰਨ ਤੇਜ਼ੀ ਨਾਲ ਫੈਲ ਰਿਹਾ ਹੈ। ਜੇ ਇਹ ਜਾਰੀ ਰਿਹਾ ਤਾਂ ਇਹ ਇੰਨਾ ਤੇਜ਼ੀ ਨਾਲ ਫੈਲ ਸਕਦਾ ਹੈ ਕਿ ਗ੍ਰੈਵਿਟੀ (ਗੁਰੂਤਾਕਰਸ਼ਣ) ਕਿਸੇ ਵੀ ਚੀਜ਼ ਨੂੰ ਸੰਭਾਲ ਕੇ ਨਹੀਂ ਰੱਖ ਸਕੇਗੀ।
ਨਾਸਾ ਮੁਤਾਬਕ ਗੁਰੂਤਾਕਰਸ਼ਣ ਇੱਕ ਅਜਿਹੀ ਤਾਕਤ ਹੈ ਜੋ ਗ੍ਰਹਿਆਂ ਅਤੇ ਹੋਰ ਢਾਂਚਿਆਂ ਨੂੰ ਅੰਦਰੂਨੀ ਕੇਂਦਰ ਵੱਲ ਖਿੱਚੀ ਰੱਖਦਾ ਹੈ।
ਇਸੀ ਤਾਕਤ ਕਾਰਨ ਗ੍ਰਹਿ ਸੂਰਜ ਦੇ ਦੁਆਲੇ ਚੱਕਰ ਲਾਉਂਦੇ ਹਨ, ਧਰਤੀ ਆਪਣੀ ਜਗ੍ਹਾ 'ਤੇ ਟਿਕੀ ਰਹਿੰਦੀ ਹੈ ਅਤੇ ਲੋਕ ਪੁਲਾੜ 'ਚ ਉੱਡਣ ਦੀ ਬਜਾਏ ਜ਼ਮੀਨ 'ਤੇ ਰਹਿੰਦੇ ਹਨ। ਗੁਰੂਤਾਕਰਸ਼ਣ ਇੱਕ ਅਜਿਹੀ ਤਾਕਤ ਹੈ ਜੋ ਤਾਰਿਆਂ, ਸੋਲਰ ਸਿਸਟਮ, ਗੈਲੇਕਸੀਆਂ ਅਤੇ ਗੈਲੇਕਸੀ ਕਲਾਸਟਰਾਂ ਨੂੰ ਆਪਸ 'ਚ ਜੋੜ ਕੇ ਰੱਖਦੀ ਹੈ।
ਦੂਜੇ ਪਾਸੇ ਗੁਰੂਤਾਕਰਸ਼ਣ ਦੇ ਬਿਲਕੁਲ ਉਲਟ, ਡਾਰਕ ਐਨਰਜੀ ਬਹੁਤ ਰਹੱਸਮਈ ਹੈ ਅਤੇ ਇਸਦਾ ਬਿਲਕੁਲ ਉਲਟਾ ਪ੍ਰਭਾਵ ਹੁੰਦਾ ਹੈ।
ਜ਼ਾਬੋਟ ਕਹਿੰਦੇ ਹਨ, "ਅਸੀਂ ਅਜੇ ਵੀ ਨਹੀਂ ਜਾਣਦੇ ਕਿ ਇਹ ਕਿਸ ਚੀਜ਼ ਤੋਂ ਬਣੀ ਹੈ, ਪਰ ਇਹ ਪਤਾ ਹੈ ਕਿ ਇਹ ਧੱਕਾ ਦੇਣ ਵਾਲੀ ਤਾਕਤ ਪੈਦਾ ਕਰਦੀ ਹੈ, ਲਗਭਗ ਐਂਟੀ-ਗ੍ਰੈਵਿਟੀ ਵਾਂਗ।"
ਨਾਸਾ ਮੁਤਾਬਕ, ਡਾਰਕ ਐਨਰਜੀ ਬ੍ਰਹਿਮੰਡ ਨੂੰ ਤੇਜ਼ੀ ਨਾਲ ਫੈਲਣ ਲਈ ਮਜਬੂਰ ਕਰ ਰਹੀ ਹੈ। ਇਸ ਪੁਲਾੜ ਏਜੰਸੀ ਮੁਤਾਬਕ ਬ੍ਰਹਿਮੰਡ ਦਾ ਲਗਭਗ 68.3% ਤੋਂ 70% ਹਿੱਸਾ ਡਾਰਕ ਐਨਰਜੀ ਤੋਂ ਬਣਿਆ ਹੋਇਆ ਹੈ ਅਤੇ ਇਸਦੀ ਖੋਜ ਮਹਿਜ਼ 1990 ਦੇ ਦਹਾਕੇ ਦੇ ਅਖੀਰਲੇ ਸਮੇਂ 'ਚ ਹੋਈ ਸੀ।
ਕਾਫੀ ਲੰਬੇ ਸਮੇਂ ਤੱਕ ਇਸਦੀ ਖੋਜ ਹੀ ਨਹੀਂ ਹੋਈ ਕਿਉਂਕਿ ਮਨੁੱਖਾਂ, ਗ੍ਰਹਿਆਂ ਅਤੇ ਗੈਲੇਕਸੀ ਦੇ ਪੱਧਰ 'ਤੇ ਗੁਰੂਤਾਕਰਸ਼ਣ ਇਸ 'ਤੇ ਹਾਵੀ ਰਿਹਾ। ਡਾਰਕ ਐਨਰਜੀ ਦਾ ਅਸਰ ਸਿਰਫ਼ ਬਹੁਤ ਵੱਡੇ, ਇੰਟਰਗੈਲੇਕਟਿਕ ਪੱਧਰ 'ਤੇ ਹੀ ਨਜ਼ਰ ਆਉਂਦਾ ਹੈ।
ਜ਼ਾਬੋਟ ਕਹਿੰਦੇ ਹਨ, "ਜਿਵੇਂ-ਜਿਵੇਂ ਬ੍ਰਹਿਮੰਡ ਦਾ ਆਕਾਰ ਵੱਡਾ ਹੁੰਦਾ ਹੈ, ਡਾਰਕ ਐਨਰਜੀ ਨਾਲ ਜੁੜੀ ਧੱਕਣ ਦੀ ਤਾਕਤ ਵੀ ਵੱਧਦੀ ਜਾਂਦੀ ਹੈ। ਇਹ ਵੀ ਹੋ ਸਕਦਾ ਹੈ ਕਿ ਜਿਵੇਂ-ਜਿਵੇਂ ਬ੍ਰਹਿਮੰਡ ਵੱਡਾ ਹੁੰਦਾ ਹੈ, ਡਾਰਕ ਐਨਰਜੀ ਦਾ ਅਸਰ ਛੋਟੇ ਪੱਧਰਾਂ 'ਤੇ ਵੀ ਨਜ਼ਰ ਆਉਣ ਲੱਗਦਾ ਹੈ।"
ਨਾਸਾ ਮੁਤਾਬਕ, ਅਸਥਿਰ ਡਾਰਕ ਐਨਰਜੀ "ਬਿਗ ਰਿਪ" ਦਾ ਕਾਰਨ ਬਣ ਸਕਦੀ ਹੈ, ਜਿਸ ਵਿੱਚ ਬ੍ਰਹਿਮੰਡ ਇੰਨਾ ਤੇਜ਼ ਅਤੇ ਹਿੰਸਕ ਢੰਗ ਨਾਲ ਫੈਲਦਾ ਹੈ ਕਿ ਤਾਰੇ, ਗ੍ਰਹਿ ਅਤੇ ਅਣੂ ਵੀ ਇਕ-ਦੂਜੇ ਤੋਂ ਟੁੱਟ ਕੇ ਵੱਖ ਹੋ ਜਾਂਦੇ ਹਨ।
ਜ਼ਾਬੋਟ ਕਹਿੰਦੇ ਹਨ, "ਇਸੇ ਲਈ ਇਸ ਥਿਊਰੀ ਦਾ ਅੰਗ੍ਰੇਜ਼ੀ ਨਾਮ ਦੋਹਰੇ ਅਰਥ ਰੱਖਦਾ ਹੈ। ਇਸ ਨੂੰ 'ਬਿਗ ਰਿਪ' ਕਿਹਾ ਜਾਂਦਾ ਹੈ, ਜਿਸਦਾ ਮਤਲਬ ਵੱਡਾ ਪਾੜ ਜਾਂ ਟੁੱਟਣਾ ਪਰ 'ਰਿਪ' ਦਾ ਇੱਕ ਹੋਰ ਅਰਥ 'ਰੈਸਟ ਇਨ ਪੀਸ' ਵੀ ਹੁੰਦਾ ਹੈ।"
ਦਿ ਬਿਗ ਕਰੰਚ
ਹਾਲੇ ਹੋਰ ਵੀ ਡਰਾਉਣੀਆਂ ਸੰਭਾਵਨਾਵਾਂ ਹਨ ਜੋ ਸਾਹਮਣੇ ਰੱਖੀਆਂ ਗਈਆਂ ਹਨ।
ਜੇ ਡਾਰਕ ਐਨਰਜੀ ਕਮਜ਼ੋਰ ਹੋ ਜਾਵੇ ਅਤੇ ਆਖਰਕਾਰ ਆਪਣਾ ਪ੍ਰਭਾਵ ਬਦਲ ਲਵੇ ਤਾਂ ਗੁਰੂਤਾਕਰਸ਼ਣ ਬ੍ਰਹਿਮੰਡ ਨੂੰ ਮੁੜ ਇਕੱਠਾ ਕਰਕੇ ਇੱਕ ਹੀ ਬਿੰਦੂ ਵਿੱਚ ਸਮੇਟ ਸਕਦਾ ਹੈ। ਨਾਸਾ ਮੁਤਾਬਕ ਇਹ "ਬਿਗ ਕਰੰਚ" ਵੱਲ ਲਿਜਾਏਗਾ, ਜਿਸ ਵਿੱਚ ਬ੍ਰਹਿਮੰਡ ਅੰਦਰ ਵੱਲ ਸਿਮਟ ਕੇ ਢਹਿ ਜਾਵੇਗਾ।
ਇੱਕ ਹੋਰ ਥਿਊਰੀ ਕਹਿੰਦੀ ਹੈ ਕਿ ਬ੍ਰਹਿਮੰਡ ਮੁੜ ਇੱਕ ਬਿੰਦੂ ਵਿੱਚ ਸਿਮਟ ਸਕਦਾ ਹੈ, ਇਸ ਤੋਂ ਪਹਿਲਾਂ ਕਿ ਇੱਕ ਹੋਰ ਬਿਗ ਬੈਂਗ ਹੋਵੇ ਅਤੇ ਨਵਾਂ ਬ੍ਰਹਿਮੰਡ ਹੋਂਦ ਵਿੱਚ ਆਵੇ। ਇਸ ਨੂੰ 'ਬਿਗ ਬਾਊਂਸ' ਥਿਊਰੀ ਕਿਹਾ ਜਾਂਦਾ ਹੈ ਜਿਸ ਮੁਤਾਬਕ ਬ੍ਰਹਿਮੰਡ ਸੁੰਗੜਨ ਅਤੇ ਫੈਲਣ ਦੇ ਕਦੇ ਨਾ ਖਤਮ ਹੋਣ ਵਾਲੇ ਚੱਕਰ 'ਚ ਫਸਿਆ ਰਹੇਗਾ।
ਅਬਰਾਮੋ ਕਹਿੰਦੇ ਹਨ, "ਪਰ ਇਹ ਪੂਰੀ ਤਰ੍ਹਾਂ ਨਾਲ ਇੱਕ ਅਜਿਹਾ ਮਾਡਲ ਹੈ ਜਿਸ ਲਈ ਸਾਡੇ ਕੋਲ ਕੋਈ ਡਾਟਾ ਜਾਂ ਸਬੂਤ ਨਹੀਂ ਹਨ।"
ਤਾਂ ਕੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਬ੍ਰਹਿਮੰਡ ਕਦੋਂ ਖਤਮ ਹੋਵੇਗਾ?
ਅਬਰਾਮੋ ਕਹਿੰਦੇ ਹਨ, "ਨਹੀਂ, ਸਾਡੇ ਕੋਲ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਭਵਿੱਖ ਵਿੱਚ ਕੋਈ ਬ੍ਰਹਿਮੰਡ ਫੱਟ ਸਕਦਾ ਜਾਂ ਢਹਿ ਸਕਦਾ ਹੈ।" ਜ਼ਾਬੋਟ ਇਹ ਵੀ ਕਹਿੰਦੇ ਹਨ, "ਕੁਝ ਅੰਦਾਜ਼ੇ ਇਸ ਅੰਤ ਲਈ ਖਰਬਾਂ ਸਾਲਾਂ ਦੀ ਗੱਲ ਕਰਦੇ ਹਨ, ਜਦਕਿ ਕੁਝ ਇਸ ਤੋਂ ਵੀ ਵੱਧ ਸਮੇਂ ਦੀ ਕਲਪਨਾ ਕਰਦੇ ਹਨ।"
ਜੇ ਬ੍ਰਹਿਮੰਡ ਘੱਟੋ-ਘੱਟ 13.8 ਬਿਲੀਅਨ ਸਾਲ ਪੁਰਾਣਾ ਹੈ ਤਾਂ ਇੱਕ ਟ੍ਰਿਲੀਅਨ ਸਾਲ ਪੂਰਾ ਹੋਣ ਲਈ ਅਜੇ ਵੀ 986.2 ਬਿਲੀਅਨ ਸਾਲ ਬਾਕੀ ਹਨ।
ਨੀਦਰਲੈਂਡ ਦੀ ਰੈਡਬਾਊਡ ਯੂਨੀਵਰਸਿਟੀ ਦਾ ਇੱਕ ਤਾਜ਼ਾ ਅਧਿਐਨ ਸੁਝਾਉਂਦਾ ਹੈ ਕਿ ਬ੍ਰਹਿਮੰਡ, ਜੋ ਪਹਿਲਾਂ ਸੋਚਿਆ ਗਿਆ ਸੀ, ਉਸ ਮੁਤਾਬਕ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਖੋਜਕਾਰਾਂ ਨੇ ਅੰਦਾਜ਼ਾ ਲਗਾਇਆ ਕਿ ਆਖਰੀ ਤਾਰਿਆਂ ਦੇ ਅਵਸ਼ੇਸ਼ ਮਿਟਣ ਵਿੱਚ ਲਗਭਗ 10^78 ਸਾਲ ਲੱਗ ਸਕਦੇ ਹਨ (ਅੰਕ 1 ਤੋਂ ਬਾਅਦ 78 ਜ਼ੀਰੋ)।
ਸਾਡੀ ਮਨੁੱਖੀ ਪ੍ਰਜਾਤੀ ਸ਼ਾਇਦ ਇਸ ਅੰਤ ਨੂੰ ਦੇਖਣ ਲਈ ਮੌਜੂਦ ਨਹੀਂ ਹੋਵੇਗੀ।
ਧਰਤੀ ਇਸ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਖਤਮ ਹੋ ਚੁੱਕੀ ਹੋਵੇਗੀ, ਜਦੋਂ ਅੱਜ ਤੋਂ ਕਰੀਬ 6 ਬਿਲੀਅਨ ਸਾਲਾਂ ਬਾਅਦ ਸੂਰਜ ਦੇ ਇੱਕ "ਰੈੱਡ ਜਾਇੰਟ" ਤਾਰੇ ਵਿੱਚ ਬਦਲਣ ਦੀ ਉਮੀਦ ਹੈ।
ਅਬਰਾਮੋ ਕਹਿੰਦੇ ਹਨ, "ਸੱਚ ਇਹ ਹੈ ਕਿ ਅਸੀਂ ਅਜੇ ਵੀ ਕਾਸਮੋਲੋਜੀ ਬਾਰੇ ਬਹੁਤ ਘੱਟ ਜਾਣਦੇ ਹਾਂ।"
ਉਹ ਦੱਸਦੇ ਹਨ ਕਿ ਅੱਜ ਮੌਜੂਦ ਸੀਮਤ ਸਾਧਨਾਂ ਕਾਰਨ ਬ੍ਰਹਿਮੰਡ ਨੂੰ ਸਹੀ ਤਰੀਕੇ ਨਾਲ ਮਾਪਣਾ ਮੁਸ਼ਕਿਲ ਹੈ।
ਇਸ ਨਾਲ ਹੋਰ ਕਈ ਕਲਪਨਾਤਮਕ ਸਿਧਾਂਤਾਂ ਦੀ ਭਾਲ ਦੀ ਸੰਭਾਵਨਾ ਬਣਦੀ ਹੈ। ਉਦਾਹਰਣ ਲਈ "ਮਲਟੀਵਰਸ"—ਜਿਸਦਾ ਮਤਲਬ ਹੈ ਕਿ ਇੱਕ ਤੋਂ ਵੱਧ ਬ੍ਰਹਿਮੰਡ ਹੋ ਸਕਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)