ਈਰਾਨੀ ਮਿਜ਼ਾਇਲਾਂ ਦਾ ਸਾਹਮਣਾ ਕਰ ਰਹੇ ਸਾਊਦੀ ਅਰਬ, ਕਤਰ ਅਤੇ ਕੁਵੈਤ ਵਰਗੇ ਦੇਸ਼ਾਂ ਕੋਲ ਕਿੰਨੀ ਫੌਜੀ ਤਾਕਤ ?

ਸਾਊਦੀ ਅਰਬ ਦੇ ਫੌਜੀਆਂ ਦੀ ਫਾਈਲ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਊਦੀ ਅਰਬ ਦੇ ਫੌਜੀ ਬੈਟਲ ਟੈਂਕ ਨਾਲ ਅਭਿਆਸ ਕਰਦੇ ਹੋਏ
ਪੜ੍ਹਨ ਦਾ ਸਮਾਂ: 7 ਮਿੰਟ

ਅਮਰੀਕਾ ਅਤੇ ਇਜ਼ਰਾਇਲ ਦੇ ਹਮਲਿਆਂ ਤੋਂ ਬਾਅਦ ਤੋਂ ਹੀ ਈਰਾਨ ਨੇ ਉਨ੍ਹਾਂ ਖਾੜੀ ਮੁਲਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ, ਜਿੱਥੇ ਅਮਰੀਕੀ ਫੌਜੀ ਟਿਕਾਣੇ ਹਨ।

ਈਰਾਨ ਨੇ ਜਿਨ੍ਹਾਂ ਮੁਲਕਾਂ 'ਚ ਅਮਰੀਕੀ ਟਿਕਾਣਿਆਂ 'ਤੇ ਹਮਲੇ ਕੀਤੇ ਹਨ, ਉਨ੍ਹਾਂ ਕੋਲ ਵੀ ਮਜਬੂਤ ਫੌਜੀ ਤਾਕਤ ਹੈ।

ਹਾਲਾਂਕਿ ਇਨ੍ਹਾਂ ਮੁਲਕਾਂ ਨੇ ਅਜੇ ਤੱਕ ਈਰਾਨ 'ਤੇ ਹਮਲਾ ਨਹੀਂ ਕੀਤਾ ਹੈ।

ਖਾੜੀ ਦੇ ਜਿਨ੍ਹਾਂ ਮੁਲਕਾਂ 'ਤੇ ਈਰਾਨ ਮਿਜ਼ਾਇਲਾਂ ਦਾਗ ਰਿਹਾ ਹੈ, ਉਨ੍ਹਾਂ 'ਚੋਂ ਸਭ ਤੋਂ ਵੱਡੀ ਫੌਜ ਸਾਊਦੀ ਅਰਬ ਕੋਲ ਹੈ।

2024 'ਚ ਸਾਊਦੀ ਅਰਬ ਦਾ ਸਾਲਾਨਾ ਰੱਖਿਆ ਬਜਟ 80.30 ਅਰਬ ਡਾਲਰ ਸੀ। ਆਪਣੀ ਮਜਬੂਤ ਫੌਜੀ ਸਮਰੱਥਾ ਅਤੇ ਵੱਡੇ ਰੱਖਿਆ ਬਜਟ ਦੇ ਦਮ 'ਤੇ ਸਾਊਦੀ ਅਰਬ ਮੱਧ ਪੂਰਬ 'ਚ ਇੱਕ ਤਾਕਤ ਵੱਜੋਂ ਉਭਰਿਆ ਹੈ।

ਸਾਊਦੀ ਅਰਬ ਫੌਜ ਦੀ ਸਭ ਤੋਂ ਵੱਡੀ ਤਾਕਤ ਉਸਦੀ ਏਅਰਫੋਰਸ ਮੰਨੀ ਜਾਂਦੀ ਹੈ।

1. ਸਾਊਦੀ ਅਰਬ

ਸਾਊਦੀ ਅਰਬ ਦੇ ਰੱਖਿਆ ਮੰਤਰੀ ਦੀ ਫਾਈਲ ਤਸਵੀਰ

ਤਸਵੀਰ ਸਰੋਤ, Sefa Karacan/Anadolu Agency/Getty Images

ਤਸਵੀਰ ਕੈਪਸ਼ਨ, ਸਾਊਦੀ ਅਰਬ ਦੇ ਰੱਖਿਆ ਮੰਤਰੀ ਪ੍ਰਿੰਸ ਖਾਲਿਦ ਬਿਨ ਸਲਮਾਨ ਬਿਨ ਅਬਦੁਲਅਜ਼ੀਜ਼ ਸਊਦ ਹਨ

ਰੋਇਲ ਸਾਊਦੀ ਏਅਰਫੋਰਸ ਕੋਲ 300 ਤੋਂ ਵੱਧ ਐਫ-15 ਸਟ੍ਰਾਈਕ ਈਗਲ ਅਤੇ ਯੂਰੋਫਾਈਟਰ ਟਾਈਫੂਨ ਵਰਗੇ ਆਧੁਨਿਕ ਲੜਾਕੂ ਜਹਾਜ਼ ਹਨ ਜੋ ਇਸਨੂੰ ਆਪਣੇ ਆਸ-ਪਾਸ ਦੇ ਮੁਲਕਾਂ ਦੇ ਮੁਕਾਬਲੇ ਮਜ਼ਬੂਤ ਸਥਿਤੀ 'ਚ ਰੱਖਦੇ ਹਨ।

ਇਸ ਤੋਂ ਇਲਾਵਾ ਸਾਊਦ ਅਰਬ ਦੇ ਕੋਲ ਐਡਵਾਂਸ ਏਅਰ ਡਿਫੈਂਸ ਸਿਸਟਮ 'ਪੀਸ ਸ਼ੀਲਡ' ਹੈ। ਸਾਊਦੀ ਅਰਬ ਕੋਲ ਮਿਜ਼ਾਇਲਾਂ ਅਤੇ ਐਡਵਾਂਸ ਡ੍ਰੋਨ ਵੀ ਹਨ।

ਸਾਊਦੀ ਅਰਬ ਦੀ ਥਲ ਸੈਨਾ ਵੀ ਮਜਬੂਤ ਮੰਨੀ ਜਾਂਦੀ ਹੈ। ਇਸ ਕੋਲ ਅਮਰੀਕੀ ਅਬਰਾਮ ਟੈਂਕ ਅਤੇ ਅਤਿ-ਆਧੁਨਿਕ ਬਖ਼ਤਰਬੰਦ ਗੱਡੀਆਂ ਹਨ।

ਸਾਊਦੀ ਅਰਬ ਆਪਣੀ ਨੇਵੀ ਨੂੰ ਵੀ ਮਜਬੂਤ ਕਰ ਰਿਹ ਹੈ ਤਾਂ ਜੋ ਉਹ ਆਪਣੇ ਸਮੁੰਦਰੀ ਮਾਰਗਾਂ ਅਤੇ ਊਰਜਾ ਟਿਕਾਣਿਆਂ ਦੀ ਸੁਰੱਖਿਆ ਕਰ ਸਕੇ।

ਹਾਲਾਂਕਿ ਇੰਨੇ ਵੱਡੇ ਰੱਖਿਆ ਬਜਟ ਦੇ ਬਾਵਜੂਦ ਸਾਊਦੀ ਅਰਬ ਦੀ ਫੌਜ ਕਾਫੀ ਹੱਦ ਤੱਕ ਵਿਦੇਸ਼ੀ ਹਥਿਆਰਾਂ ਅਤੇ ਤਕਨੀਕ 'ਤੇ ਨਿਰਭਰ ਹੈ। ਉਹ ਆਪਣੇ ਜ਼ਿਆਦਾਤਰ ਹਥਿਆਰ ਅਤੇ ਫੌਜੀ ਸਾਜੋ-ਸਮਾਨ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਤੋਂ ਲੈਂਦਾ ਹੈ।

ਸਾਲਾਨਾ ਫਾਇਰ ਪਾਵਰ ਰਿਵਿਊ ਮੁਤਾਬਕ 2026 'ਚ 145 ਦੇਸ਼ਾਂ 'ਚ ਸਾਊਦੀ ਅਰਬ ਦੀ ਰੈਂਕਿੰਗ 25 ਹੈ। ਇਸ ਦਾ ਫਾਇਰ ਪਾਵਰ ਇੰਡੈਕਸ ਸਕੋਰ 0.4473 ਹੈ।

ਸਊਦੀ ਅਰਬ410

ਗਲੋਬਲ ਫਾਇਰਪਾਵਰ ਇੰਡੈਕਸ ਇੱਕ ਸਾਲਾਨਾ ਡਾਟਾ-ਅਧਾਰਿਤ ਰੈਂਕਿੰਗ ਹੈ ਜੋ ਦੇਸ਼ਾਂ ਦੀ ਰਵਾਇਤੀ ਫੌਜੀ ਤਾਕਤ ਦਾ ਮੁਲਾਂਕਣ ਕਰਦੀ ਹੈ।

ਇਸ 'ਚ ਫੌਜੀਆਂ ਦੀ ਗਿਣਤੀ, ਆਰਮੀ, ਏਅਰਫੋਰਸ ਅਤੇ ਨੇਵੀ ਦੀ ਸਮਰੱਥਾ, ਲੌਜਿਸਟਿਕਸ ਅਤੇ ਆਰਥਿਕ ਸਰੋਤਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਇਨ੍ਹਾਂ ਸਾਰਿਆਂ ਦੇ ਆਧਾਰ 'ਤੇ 'ਪਾਵਰਇੰਡੈਕਸ' ਸਕੋਰ ਤੈਅ ਕੀਤਾ ਜਾਂਦਾ ਹੈ।

ਇਸ 'ਚ ਘੱਟ ਸਕੋਰ ਦਾ ਮਤਲਬ ਵੱਧ ਮਜਬੂਤ ਰਵਾਇਤੀ ਫੌਜੀ ਤਾਕਤ ਹੁੰਦਾ ਹੈ।

ਗਲੋਬਲ ਫਾਇਰਪਾਵਰ ਇੰਡੈਕਸ 'ਚ ਘੱਟ ਸਕੋਰ ਨੂੰ ਬਿਹਤਰ ਮੰਨਿਆ ਜਾਂਦਾ ਹੈ। ਸਿਧਾਂਤਕ ਤੌਰ 'ਤੇ ਇਸ ਦਾ ਇੱਕ ਪਰਫੈਕਟ ਸਕੋਰ 0.0000 ਹੈ। ਹਾਲਾਂਕਿ ਕੋਈ ਵੀ ਦੇਸ਼ ਅਜੇ ਤੱਕ ਇਸ ਪੱਧਰ ਤੱਕ ਨਹੀਂ ਪਹੁੰਚ ਸਕਿਆ ਹੈ।

ਅਮਰੀਕਾ ਇਸ ਸੂਚੀ 'ਚ 0.0857 ਸਕੋਰ ਦੇ ਨਾਲ ਪਹਿਲੇ ਸਥਾਨ 'ਤੇ ਹਨ। ਦੂਜੇ ਸਥਾਨ 'ਤੇ ਰੂਸ ਅਤੇ ਤੀਜੇ 'ਤੇ ਚੀਨ ਹੈ।

ਭਾਰਤ ਇਸ ਇੰਡੈਕਸ 'ਚ ਚੌਥੇ ਅਤੇ ਪਾਕਿਸਤਾਨ 14ਵੇਂ ਨੰਬਰ 'ਤੇ ਹੈ। ਖਾੜੀ ਮੁਲਕਾਂ 'ਚ ਇੱਕ ਹੋਰ ਦੇਸ਼ ਹੈ ਜੋ ਵੱਡੀ ਫੌਜੀ ਤਾਕਤ ਦੇ ਤੌਰ 'ਤੇ ਉਭਰ ਰਿਹਾ ਹੈ।

2. ਕੁਵੈਤ

ਕੁਵੈਤ ਦੇ ਲੜਾਕੂ ਜਹਾਜ਼ਾਂ ਦੀ ਫਾਈਲ ਤਸਵੀਰ

ਤਸਵੀਰ ਸਰੋਤ, YASSER AL-ZAYYAT / AFP via Getty Image

ਤਸਵੀਰ ਕੈਪਸ਼ਨ, ਹਵਾ 'ਚ ਉਡਾਣ ਭਰਦੇ ਕੁਵੈਤ ਦੇ ਲੜਾਕੂ ਜਹਾਜ਼

ਖਾੜੀ ਖੇਤਰ ਦੇ ਅਹਿਮ ਦੇਸ਼ ਕੁਵੈਤ ਨੇ ਆਪਣੀ ਮਜਬੂਤ ਅਰਥਵਿਵਸਥਾ ਅਤੇ ਰਣਨੀਤਕ ਸਾਂਝੇਦਾਰੀਆਂ ਦੇ ਦਮ 'ਤੇ ਇੱਕ ਤਾਕਤਵਰ ਫੌਜ ਖੜੀ ਕਰ ਲਈ ਹੈ।

ਸਾਲ 2024 'ਚ ਕੁਵੈਤ ਦਾ ਰੱਖਿਆ ਬਜਟ 7.79 ਅਰਬ ਡਾਲਰ ਦਾ ਸੀ। ਕੁਵੈਤ ਗਲੋਬਰ ਫਾਇਰਪਾਵਰ ਇੰਡੈਕਸ 'ਚ 76ਵੇਂ ਨੰਬਰ 'ਤੇ ਹੈ ਅਤੇ ਇਸ ਦਾ ਪਾਵਰ ਇੰਡੈਕਸ ਸਕੋਰ 1.716 ਹੈ।

ਕੁਵੈਤ 'ਚ 18 ਤੋਂ 35 ਸਾਲ ਦੇ ਪੁਰਸ਼ਾਂ ਲਈ ਲਾਜ਼ਮੀ ਫੌਜੀ ਸੇਵਾ ਲਾਗੂ ਹੈ।

ਕੁਵੈਤ ਦੀ ਥਲ ਸੈਨਾ ਕੋਲ ਕਰੀਬ 367 ਬੈਟਲ ਬੈਂਕ ਹਨ। ਏਅਰਫੋਰਸ 'ਚ 131 ਜਹਾਜ਼ ਸ਼ਾਮਿਲ ਹਨ। ਇਨ੍ਹਾਂ 'ਚ 50 ਲੜਾਕੂ ਜਹਾਜ਼ ਹਨ।

ਖੇਤਰ 'ਚ ਵੱਧਦੇ ਡ੍ਰੋਨ ਅਤੇ ਮਿਜ਼ਾਇਲ ਖਤਰੇ ਨੂੰ ਦੇਖਦਿਆਂ ਕੁਵੈਤ ਲਗਾਤਾਰ ਆਪਣੇ ਏਅਰ ਡਿਫੈਂਸ ਸਿਸਟਮ ਅਤੇ ਹਵਾਈ ਫੌਜ ਨੂੰ ਆਧੁਨਿਕ ਬਣਾ ਰਿਹਾ ਹੈ। ਉਸਦੇ ਕੋਲ ਐਫਏ-18 ਹੋਰਨੇਟ ਵਰਗੇ ਲੜਾਕੂ ਜਹਾਜ਼ ਹਨ।

ਰਣਨੀਤਕ ਤੌਰ 'ਤੇ ਕੁਵੈਤ ਨੇ ਪੱਛਮੀ ਮੁਲਕਾਂ, ਖਾਸ ਤੌਰ 'ਤੇ ਅਮਰੀਕਾ ਅਤੇ ਬ੍ਰਿਟੇਨ ਨਾਲ ਮਜਬੂਤ ਰੱਖਿਆ ਸਾਂਝੇਦਾਰੀ ਬਣਾ ਕੇ ਰੱਖੀ ਹੋਈ ਹੈ, ਜੋ ਟ੍ਰੇਨਿੰਗ, ਤਕਨੀਕ ਅਤੇ ਸੁਰੱਖਿਆ ਸਹਿਯੋਗ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ।

3. ਸੰਯੁਕਤ ਅਰਬ ਅਮੀਰਾਤ

ਯੂਏਈ ਕੋਲ 63 ਹਜ਼ਾਰ ਫੌਜੀ ਹਨ

ਤਸਵੀਰ ਸਰੋਤ, KARIM SAHIB/AFP via Getty Images

ਤਸਵੀਰ ਕੈਪਸ਼ਨ, ਯੂਏਈ ਕੋਲ 63 ਹਜ਼ਾਰ ਫੌਜੀ ਹਨ। ਯੂਏਈ ਕੋਲ ਤਕਨੀਕ ਅਤੇ ਸਟੀਕ ਹਮਲਿਆਂ ਦੀ ਸਮਰੱਥਾ ਹੈ।

ਸੰਯੁਕਤ ਅਰਬ ਅਮੀਰਾਤ ਮੱਧ ਪੂਰਬ ਦੀ ਸਭ ਤੋਂ ਆਧੁਨਿਕ ਅਤੇ ਮਜਬੂਤ ਫੌਜੀ ਤਾਕਤਾਂ 'ਚੋਂ ਇੱਕ ਹੈ। ਈਰਾਨ ਨੇ ਸੰਯੁਕਤ ਅਰਬ 'ਚ ਦੁਬਈ 'ਤੇ ਕਈ ਹਮਲੇ ਕੀਤੇ ਹਨ ਅਤੇ ਇਸ ਨਾਲ ਉੱਥੇ ਕਾਫੀ ਨੁਕਸਾਨ ਵੀ ਪਹੁੰਚਿਆ ਹੈ। ਉਸ ਨੇ ਕਈ ਇਰਾਨੀ ਮਿਜ਼ਾਇਲਾਂ ਨੂੰ ਇੰਟਰਸੈਪਟ ਕੀਤਾ ਹੈ ਪਰ ਅਜੇ ਤੱਕ ਜਵਾਬੀ ਹਮਲਾ ਨਹੀਂ ਕੀਤਾ ਹੈ।

ਯੂਏਈ ਕੋਲ ਤਕਨੀਕ ਅਤੇ ਸਟੀਕ ਹਮਲਿਆਂ ਦੀ ਸਮਰੱਥਾ ਹੈ। 2024 'ਚ ਯੂਏਈ ਦਾ ਸਾਲਾਨਾ ਰੱਖਿਆ ਬਜਟ 22.75 ਅਰਬ ਡਾਲਰ ਦਾ ਸੀ।

ਗਲੋਬਲ ਫਾਇਰਪਾਵਰ ਇੰਡੈਕਸ 'ਚ ਇਹ 54ਵੇਂ ਨੰਬਰ 'ਤੇ ਹੈ ਅਤੇ ਇਸ ਦਾ ਪਾਵਰ ਇੰਡੈਕਸ 1.0188 ਹੈ।

ਰੱਖਿਆ ਮਾਹਰਾਂ ਮੁਤਾਬਕ ਯੂਏਈ ਡਿਫੈਂਸਿਵ ਨਹੀਂ ਬਲਿਕ ਸਰਗਰਮ ਫੌਜ ਸ਼ਕਤੀ ਬਣ ਚੁੱਕਿਆ ਹੈ ।

ਯੂਏਈ ਨੇ ਯਮਨ ਅਤੇ ਲੀਬੀਆ ਦੇ ਫੌਜੀ ਅਭਿਆਨਾਂ 'ਚ ਹਿੱਸਾ ਲਿਆ ਹੈ। ਇਸਲਾਮਿਕ ਸਟੇਟ ਦੇ ਖਿਲਾਫ ਕੌਮਾਂਤਰੀ ਅਭਿਆਨਾਂ ਦਾ ਵੀ ਉਸ ਨੇ ਸਮਰਥਨ ਕੀਤਾ ਹੈ।

ਏਅਰਫੋਰਸ ਯੂਏਈ ਦੀ ਸਭ ਤੋਂ ਵੱਡੀ ਤਾਕਤ ਹੈ, ਜਿਸ 'ਚ ਐਫ-16 ਅਤੇ ਮਿਰਾਜ 2000 ਵਰਗੇ ਲੜਾਕੂ ਜਹਾਜ਼ ਸ਼ਾਮਿਲ ਹਨ।

ਯੂਏਈ ਕੋਲ ਪੈਟ੍ਰੀਏਟ ਅਤੇ ਥਾਡ ਵਰਗੇ ਐਡਵਾਂਸ ਏਅਰ ਡਿਫੈਂਸ ਸਿਸਟਮ ਹਨ।

ਯੂਏਈ ਆਪਣੀ ਫੌਜ ਦੇ ਆਧੁਨਿਕੀਕਰਨ 'ਤੇ ਲਗਾਤਾਰ ਨਿਵੇਸ਼ ਕਰ ਰਿਹਾ ਹੈ ਅਤੇ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਨਾਲ ਮਜਬੂਤ ਰੱਖਿਆ ਸਾਂਝੇਦਾਰੀ ਬਣਾਈ ਹੋਈ ਹੈ।

4. ਬਹਿਰੀਨ

ਬਹਿਰੀਨ ਕੋਲ ਮਜਬੂਤ ਏਅਰਫੋਰਸ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਹਿਰੀਨ ਕੋਲ ਮਜਬੂਤ ਏਅਰਫੋਰਸ ਹੈ

ਖਾੜੀ 'ਚ ਆਪਣੀ ਰਣਨੀਤਕ ਅਹਿਮੀਅਤ ਕਾਰਨ ਬਹਿਰੀਨ ਦੀ ਫੌਜ ਖੁਦ ਨੂੰ ਮਜਬੂਤ ਕਰਨ 'ਚ ਜੁਟੀ ਹੈ।

ਬਹਿਰੀਨ ਦੀ ਫੌਜ ਨੂੰ 'ਬਹਿਰੀਨ ਡਿਫੈਂਸ ਫੋਰਸ' ਕਿਹਾ ਜਾਂਦਾ ਹੈ। ਇਹ ਫੌਜ ਐਡਵਾਂਸ ਅਤੇ ਤਕਨੀਕੀ ਤੌਰ 'ਤੇ ਮਜਬੂਤ ਮੰਨੀ ਜਾਂਦੀ ਹੈ। ਬਹਿਰੀਨ ਦੀ ਏਅਰਫੋਰਸ ਵੀ ਇਸ ਦੀ ਸਭ ਤੋਂ ਮਜਬੂਤ ਯੂਨਿਟ ਮੰਨੀ ਜਾਂਦੀ ਹੈ।

2026 ਦੀ ਗਲੋਬਲ ਫਾਇਰਪਾਵਰ ਰੈਂਕਿੰਗ 'ਚ ਇਹ 75ਵੇਂ ਸਥਾਨ 'ਤੇ ਹੈ।

ਬਹਿਰੀਨ ਨੇ ਖਾੜੀ ਮੁਲਕਾਂ 'ਚ ਸ਼ੁਰੂਆਤੀ ਦੌਰ 'ਚ ਐਫ-16 ਫਾਈਟਿੰਗ ਫਾਲਕਨ ਨੂੰ ਸ਼ਾਮਿਲ ਕੀਤਾ ਸੀ। ਖਾਸ ਤੌਰ 'ਤੇ ਆਧੁਨਿਕ ਬਲਾਕ 70 ਵੈਰੀਏਂਟਸ ਇਸ ਦੀ ਫੌਜ ਨੂੰ ਹੋਰ ਮਜਬੂਤੀ ਦਿੰਦਾ ਹੈ।

ਸਮੁੰਦਰੀ ਸੁਰੱਖਿਆ ਦੇ ਲਿਹਾਜ਼ ਨਾਲ ਰੋਇਲ ਬਹਿਰੀਨੀ ਨੇਵਲ ਫੋਰਸ ਕੋਲ ਅਮਰੀਕੀ ਮੂਲ ਦਾ ਓਲੀਵਰ ਹਜਾਰਡ-ਪੇਰੀ ਕਲਾਸ ਦਾ ਜੰਗੀ ਬੇੜਾ ਹੈ।

ਉਧਰ ਥਲ ਸੈਨਾ ਕੋਲ ਐਮ60ਏ3 ਟੈਂਕ ਹਨ।

ਬਹਿਰੀਨ ਦਾ ਰੱਖਿਆ ਬਜਟ ਕਰੀਬ 1.75 ਅਰਬ ਡਾਲਰ ਹੈ, ਜਿਸ 'ਚ ਖੇਤਰੀ ਤਣਾਅ ਕਾਰਨ ਲਗਾਤਾਰ ਵਾਧਾ ਹੋ ਰਿਹਾ ਹੈ।

ਹਾਲਾਂਕਿ ਫੌਜ ਦਾ ਵੱਡਾ ਹਿੱਸਾ ਵਿਦੇਸ਼ੀ ਕੰਟਰੈਕਟ ਫੌਜੀਆਂ 'ਤੇ ਨਿਰਭਰ ਹੈ ਜੋ ਇਸ ਦੀ ਇੱਕ ਪ੍ਰਮੁੱਖ ਕਮਜ਼ੋਰੀ ਮੰਨੀ ਜਾਂਦੀ ਹੈ।

ਰਣਨੀਤਕ ਤੌਰ 'ਤੇ ਬਹਿਰੀਨ ਦੀ ਸਭ ਤੋਂ ਵੱਡੀ ਤਾਕਤ ਉਸਦਾ ਕੌਮਾਂਤਰੀ ਸਹਿਯੋਗ ਹੈ। ਦੇਸ਼ 'ਚ ਅਮਰੀਕਾ ਦਾ ਪੰਜਵਾਂ ਬੇੜਾ ਹੈ। ਅਮਰੀਕੀ ਜਲ ਸੈਨਾ ਕਮਾਨ ਦੀ ਮੌਜੂਦਗੀ ਇਸਨੂੰ ਮੱਧ ਪੂਰਬ 'ਚ ਅਮਰੀਕਾ ਦਾ ਪ੍ਰਮੁੱਖ ਫੌਜੀ ਕੇਂਦਰ ਬਣਾਉਂਦੀ ਹੈ।

5. ਕਤਰ

ਕਤਰ ਦੇ ਫੌਜੀਆਂ ਦੀ ਫਾਈਲ ਤਸਵੀਰ

ਤਸਵੀਰ ਸਰੋਤ, KARIM JAAFAR/AFP via Getty Images

ਤਸਵੀਰ ਕੈਪਸ਼ਨ, ਕਤਰੀ ਆਰਮਡ ਫੋਰਸ ਦੀ ਪਰੇਡ 'ਚ ਸ਼ਾਮਿਲ ਫੌਜੀ

ਖਾੜੀ ਖੇਤਰ ਦਾ ਛੋਟਾ ਪਰ ਖੁਸ਼ਹਾਲ ਦੇਸ਼ ਕਤਲ ਆਪਣੀ ਸੀਮਿਤ ਆਬਾਦੀ ਦੇ ਬਾਵਜੂਦ ਆਧੁਨਿਕ ਫੌਜੀ ਤਾਕਤ ਜ਼ਰੀਏ ਕੌਮਾਂਤਰੀ ਧਿਆਨ ਖਿੱਚ ਰਿਹਾ ਹੈ।

ਕਤਰ ਦੁਨੀਆ ਦੇ ਸਭ ਤੋਂ ਵੱਡੇ ਗੈਸ ਉਤਪਾਦਕ ਦੇਸ਼ਾਂ 'ਚੋਂ ਇੱਕ ਹੈ। ਈਰਾਨ ਨੇ ਹਾਲ ਹੀ 'ਚ ਕਤਰ ਦੀ ਇੱਕ ਅਹਿਮ ਗੈਸ ਫੈਸਿਲਟੀ 'ਤੇ ਹਮਲਾ ਕੀਤਾ ਸੀ। ਕਤਰ ਦੀ ਫੌਜ ਆਕਾਰ 'ਚ ਭਾਵੇਂ ਛੋਟੀ ਹੋਵੇ ਪਰ ਤਕਨੀਕ ਅਤੇ ਆਧੁਨਿਕ ਹਥਿਆਰਾਂ ਦੇ ਮਾਮਲੇ 'ਚ ਇਹ ਕਾਫੀ ਅੱਗੇ ਹੈ।

ਗਲੋਬਲ ਫਾਇਰਪਾਵਰ ਇੰਡੈਕਸ 'ਚ ਇਹ 71ਵੇਂ ਨੰਬਰ 'ਤੇ ਹੈ। ਇਸ ਦਾ ਪਾਵਰ ਇੰਡੈਕਸ ਸਕੋਰ 1.409 ਹੈ।

2024 'ਚ ਇਸ ਦਾ ਰੱਖਿਆ ਬਜਟ 15.41 ਅਰਬ ਡਾਲਰ ਦਾ ਸੀ।

ਕਤਰ ਦੀ ਏਅਰਫੋਰਸ ਉਸ ਦੀ ਵੱਡੀ ਤਾਕਤ ਮੰਨੀ ਜਾਂਦੀ ਹੈ। ਕਤਰ ਕੋਲ ਯੂਰੋ ਫਾਈਟਰ ਟਾਈਫੂਨ ਅਤੇ ਰਫਾਲ ਵਰਗੇ ਆਧੁਨਿਕ ਫਾਈਟਰ ਪਲੇਨ ਹਨ। ਕਤਰ ਦੀ ਨੇਵੀ ਛੋਟੀ ਹੈ ਪਰ ਉਸ ਕੋਲ ਅਤਿ-ਆਧੁਨਿਕ ਪੈਟ੍ਰੋਲਿੰਗ ਜਹਾਜ਼ ਹਨ ਜੋ ਉਸਦੀ ਸਮੁੰਦਰੀ ਸੁਰੱਖਿਆ ਦੀ ਨਿਗਰਾਨੀ ਕਰਦੇ ਹਨ।

ਹਾਲਾਂਕਿ ਕਤਰ ਦੀ ਸਭ ਤੋਂ ਵੱਡੀ ਚੁਣੌਤੀ ਉਸਦੀ ਘੱਟ ਸਥਾਨਕ ਆਬਾਦੀ ਹੈ। ਕਰੀਬ 3 ਲੱਖ ਨਾਗਰਿਕਾਂ ਵਾਲੇ ਇਸ ਮੁਲਕ ਦੀ ਕੁੱਲ ਆਬਾਦੀ 'ਚ ਵਿਦੇਸ਼ੀ ਨਾਗਰਿਕਾਂ ਦੀ ਹਿੱਸੇਦਾਰੀ 80 ਫੀਸਦ ਹੈ।

ਇਸ ਦਾ ਅਸਰ ਫੌਜ 'ਤੇ ਵੀ ਨਜ਼ਰ ਆਉਂਦਾ ਹੈ। ਕਤਰ ਆਪਣੀਆਂ ਫੌਜੀ ਜ਼ਰੂਰਤਾਂ ਲਈ ਵਿਦੇਸ਼ੀ ਮਾਹਰਾਂ ਅਤੇ ਕੰਟਰੈਕਟ ਫੌਜੀਆਂ 'ਤੇ ਕਾਫੀ ਹੱਦ ਤੱਕ ਨਿਰਭਰ ਹੈ।

ਰਣਨੀਤਕ ਤੌਰ 'ਤੇ ਕਤਰ ਦੀ ਫੌਜ ਹਮਲਾਵਰ ਨਹੀਂ ਬਲਕਿ ਰੱਖਿਆਤਮਕ ਭੂਮਿਕਾ 'ਚ ਤਿਆਰ ਕੀਤੀ ਗਈ ਹੈ, ਜਿਸ ਦਾ ਮੁੱਖ ਉਦੇਸ਼ ਸਰਹੱਦਾਂ ਅਤੇ ਊਰਜਾ ਸਰੋਤਾਂ ਦੀ ਸੁਰੱਖਿਆ ਹੈ।

ਇਸ ਦੇ ਨਾਲ ਹੀ, ਕਤਰ ਦੀ ਸੁਰੱਖਿਆ ਰਣਨੀਤੀ 'ਚ ਕੌਮਾਂਤਰੀ ਸਹਿਯੋਗ ਦੀ ਵੱਡੀ ਭੂਮਿਕਾ ਹੈ। ਦੇਸ਼ 'ਚ ਸਥਿਤ ਅਲ ਉਦੈਦ ਏਅਰਬੇਸ ਅਮਰੀਕਾ ਦਾ ਸਭ ਤੋਂ ਵੱਡਾ ਫੌਜੀ ਟਿਕਾਣਾ ਹੈ ਜੋ ਕਤਰ ਨੂੰ ਸੁਰੱਖਿਆ ਦਿੰਦਾ ਹੈ।

ਅਮਰੀਕਾ ਅਤੇ ਇਜ਼ਰਾਇਲ ਦੇ ਹਮਲੇ ਦੇ ਜਵਾਬ 'ਚ ਈਰਾਨ ਨੇ ਅਲ ਉਦੈਦ 'ਤੇ ਹਮਲਾ ਕੀਤਾ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)