ਹੇਅਰ ਐਕਸਟੇਂਸ਼ਨ 'ਚ ਅਜਿਹੇ ਕਿਹੜੇ ਕੈਮੀਕਲ ਮਿਲੇ ਜੋ ਬ੍ਰੈਸਟ ਕੈਂਸਰ ਦਾ ਕਾਰਨ ਬਣ ਸਕਦੇ

    • ਲੇਖਕ, ਐਸਟਰ ਕੁਹੁੰਬੀ
    • ਰੋਲ, ਗਲੋਬਲ ਡਿਜੀਟਲ ਹੈਲਥ
  • ਪੜ੍ਹਨ ਦਾ ਸਮਾਂ: 8 ਮਿੰਟ

ਦੁਨੀਆ ਭਰ ਵਿੱਚ ਲੱਖਾਂ ਔਰਤਾਂ ਵੱਲੋਂ ਵਰਤੇ ਜਾਣ ਵਾਲੇ ਹੇਅਰ ਐਕਸਟੇਂਸ਼ਨਜ਼ ਵਿੱਚ ਅਜਿਹੇ ਕੈਮੀਕਲ ਹੋ ਸਕਦੇ ਹਨ ਜੋ ਬ੍ਰੈਸਟ ਕੈਂਸਰ, ਹਾਰਮੋਨਲ ਗੜਬੜੀ ਅਤੇ ਪ੍ਰਜਨਨ ਸੰਬੰਧੀ ਸਮੱਸਿਆਵਾਂ ਦੀ ਵਜ੍ਹਾ ਬਣ ਜਾਣ। ਇਹ ਖੁਲਾਸਾ ਆਪਣੇ ਤਰ੍ਹਾਂ ਦੇ ਇੱਕ ਵੱਡੇ ਅਧਿਐਨ ਤੋਂ ਹੋਇਆ।

ਵਿਗਿਆਨੀਆਂ ਨੇ ਵਿਗਸ, ਬ੍ਰੇਡਿੰਗ ਹੇਅਰ, ਵੀਵਜ਼ ਅਤੇ ਕਲਿੱਪ ਇਨਜ਼ ਵਰਗੇ ਕਈ ਸਿੰਥੈਟਿਕ ਅਤੇ ਮਨੁੱਖੀ ਵਾਲਾਂ ਨਾਲ ਬਣੇ ਉਤਪਾਦਾਂ ਦੇ ਤਕਰੀਬਨ ਹਰ ਸੈਂਪਲ ਟੈਸਟ ਵਿੱਚ ਅਜਿਹੇ 50 ਦੇ ਕਰੀਬ ਕੈਮੀਕਲ ਪਾਏ ਹਨ।

ਇਹ ਨਤੀਜੇ ਅਮਰੀਕੀ ਕੈਮੀਕਲ ਸੁਸਾਇਟੀ ਦੇ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਹਨ, ਜਿਸ ਤੋਂ ਬਾਅਦ ਕਈ ਬਿਲੀਅਨ ਡਾਲਰ ਦੀ ਇਸ ਇੰਡਸਟਰੀ ਲਈ ਸਖਤ ਨਿਯਮ ਲਾਗੂ ਕਰਨ ਅਤੇ ਗਾਹਕਾਂ ਲਈ ਪਾਰਦਰਸ਼ਿਤਾ ਯਕੀਨੀ ਬਣਾਉਣ ਦੀ ਮੰਗ ਉੱਠ ਰਹੀ ਹੈ।

ਇਸ ਅਧਿਐਨ ਦੇ ਮੁੱਖ ਲੇਖਕ ਡਾ. ਐਲਿਸੀਆ ਫ੍ਰੈਂਕਲਿਨ ਨੇ ਕਿਹਾ, "ਅਸੀਂ ਅਜਿਹੀਆਂ ਕੰਪਨੀਆਂ 'ਤੇ ਭਰੋਸਾ ਕਰ ਰਹੇ ਹਾਂ ਜਿਨ੍ਹਾਂ 'ਤੇ ਇਹ ਯਕੀਨੀ ਬਣਾਉਣ ਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਉਨ੍ਹਾਂ ਦੇ ਉਤਪਾਦ ਖਤਰਨਾਕ ਰਸਾਇਣਾਂ ਤੋਂ ਮੁਕਤ ਹੋਣ।"

ਵਿਗਿਆਨੀਆਂ ਦਾ ਕਹਿਣਾ ਹੈ ਕਿ ਹੇਅਰ ਐਕਸਟੇਂਸ਼ਨਜ਼ ਖਾਸ ਤੌਰ 'ਤੇ ਖਤਰਨਾਕ ਹੋ ਸਕਦੇ ਹਨ ਕਿਉਂਕਿ ਇਹ ਲੰਬੇ ਸਮੇਂ ਤੱਕ ਪਾਏ ਜਾਂਦੇ ਹਨ ਅਤੇ ਚਮੜੀ ਨਾਲ ਸਿੱਧਾ ਸੰਪਰਕ 'ਚ ਹੁੰਦੇ ਹਨ। ਲਗਾਤਾਰ ਚਮੜੀ ਨਾਲ ਸੰਪਰਕ 'ਚ ਹੋਣ ਕਾਰਨ ਇਹ ਗੰਭੀਰ ਸਿਹਤ ਸਮੱਸਿਆਵਾਂ ਦੀ ਵਜ੍ਹਾ ਬਣ ਸਕਦੇ ਹਨ।

ਫ੍ਰੈਂਕਲਿਨ ਕਹਿੰਦੇ ਹਨ, "ਹੇਅਰ ਐਕਸਟੇਂਸ਼ਨਜ਼ ਬਹੁਤ ਨਜ਼ਦੀਕੀ ਨਾਲ ਪਹਿਨੇ ਜਾਂਦੇ ਹਨ। ਇਹ ਤੁਹਾਡੇ ਸਿਰ 'ਤੇ ਪਹਿਨਾਏ ਜਾਂਦੇ ਹਨ ਜਾਂ ਗਰਦਨ ਦੇ ਨਜ਼ਦੀਕ ਹੁੰਦੇ ਹਨ, ਉਹ ਵੀ ਲਗਾਤਾਰ ਕਈ ਹਫ਼ਤਿਆਂ ਤੱਕ।"

ਹੇਅਰ ਐਕਸਟੇਂਸ਼ਨਜ਼ 'ਚ ਖਤਰਨਾਕ ਕੈਮੀਕਲ

2028 ਤੱਕ ਹੇਅਰ ਐਕਸਟੇਂਸ਼ਨ ਦਾ ਕੌਮਾਂਤਰੀ ਬਾਜ਼ਾਰ 14 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ।

ਅਧਿਐਨ ਮੁਤਾਬਕ ਜਿੱਥੇ ਕੁਝ ਔਰਤਾਂ ਹੇਅਰ ਐਕਸਟੇਂਸ਼ਨ ਫੈਸ਼ਨ ਦੇ ਤੌਰ 'ਤੇ ਚੁਣਦੀਆਂ ਹਨ, ਉੱਥੇ ਹੀ ਬਲੈਕ ਔਰਤਾਂ ਦਾ ਇੱਕ ਵੱਡਾ ਹਿੱਸਾ ਸਿਰਫ਼ ਆਪਣੇ ਵਾਲਾਂ ਦੀ ਸੰਭਾਲ ਨੂੰ ਆਸਾਨ ਬਣਾਉਣ ਲਈ ਇਸਦਾ ਇਸਤੇਮਾਲ ਕਰਦੀਆਂ ਹਨ।

ਸਿੰਥੈਟਿਕ ਹੇਅਰ ਐਕਸਟੇਂਸ਼ਨ ਜਿੱਥੇ ਕਰੀਬ 20 ਡਾਲਰ ਦੇ ਮਿਲ ਜਾਂਦੇ ਹਨ ਤਾਂ ਉੱਥੇ ਹੀ ਮਨੁੱਖੀ ਵਾਲਾਂ ਨਾਲ ਬਣੇ ਹੇਅਰ ਐਕਸਟੇਂਸ਼ਨ ਦੀ ਕੀਮਤ ਕਈ ਹਜ਼ਾਰਾਂ ਅਮਰੀਕੀ ਡਾਲਰ ਦੀ ਹੁੰਦੀ ਹੈ।

ਵਿਗਿਆਨੀਆਂ ਵੱਲੋਂ ਟੈਸਟ ਕੀਤੇ ਗਏ 43 ਸੈਂਪਲਾਂ ਵਿੱਚ ਕੁੱਲ 170 ਕੈਮੀਕਲ ਪਾਏ ਗਏ। ਸੈਂਪਲ ਟੈਸਟ ਕਰਨ ਲਈ ਅਜਿਹੀ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਜਿਸ ਜ਼ਰੀਏ ਹੇਅਰ ਐਕਸਟੇਂਸ਼ਨ 'ਚ ਇਸਤੇਮਾਲ ਕਿਸੇ ਇੱਕ ਰਸਾਇਣ ਨਹੀਂ ਬਲਕਿ ਤਮਾਮ ਤਰ੍ਹਾਂ ਦੇ ਰਸਾਇਣਾਂ ਦਾ ਪਤਾ ਲਗਾਇਆ ਜਾ ਸਕਦਾ ਹੈ।

ਇਨ੍ਹਾਂ ਰਸਾਇਣਾਂ ’ਚੋਂ 48 ਅਜਿਹੇ ਹਨ ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਅਤੇ ਯੂਰਪੀ ਕੈਮੀਕਲ ਏਜੰਸੀ ਵੱਲੋਂ ਸਭ ਤੋਂ ਖਤਰਨਾਕ ਰਸਾਇਣਾਂ ਦੀ ਕੌਮਾਂਤਰੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ।

ਫ੍ਰੈਂਕਲਿਨ ਕਹਿੰਦੇ ਹਨ, "ਇਸ ਵਿੱਚ ਅੱਗ ਬੁਝਾਉਣ ਵਾਲੇ ਰਸਾਇਣਾਂ ਤੋਂ ਲੈ ਕੇ ਕੀਟਨਾਸ਼ਕ ਅਤੇ ਫਥੈਲੇਟਸ ਤੱਕ ਸ਼ਾਮਿਲ ਹਨ ਜੋ ਸਰੀਰ 'ਚ ਹਾਰਮੋਨ ਬਣਨ ਤੋਂ ਰੋਕਦੇ ਹਨ ਅਤੇ ਪ੍ਰਜਨਨ ਸਬੰਧੀ ਸਮੱਸਿਆਵਾਂ ਪੈਦਾ ਕਰ ਸਕਦੇ ਹਨ।"

36 ਹੇਅਰ ਐਕਸਟੇਂਸ਼ਨ ਸੈਂਪਲਾਂ (ਸਿੰਥੈਟਿਕ ਅਤੇ ਮਨੁੱਖੀ ਵਾਲਾਂ ਤੋਂ ਬਣੇ) 'ਚ 17 ਕੈਮੀਕਲ ਅਜਿਹੇ ਪਾਏ ਗਏ ਜੋ ਬ੍ਰੈਸਟ ਕੈਂਸਰ ਦੀ ਵਜ੍ਹਾ ਬਣ ਸਕਦੇ ਹਨ ਜਦੋਂਕਿ 10 ਫੀਸਦ ਸੈਂਪਲ ਅਜਿਹੇ ਸਨ ਜਿਨ੍ਹਾਂ 'ਚ ਖਤਰਨਾਕ ਆਰਗੈਨੋਟਿਨ ਦੇ ਤੱਤ ਪਾਏ ਗਏ ਜਿਨ੍ਹਾਂ ਦਾ ਇਸਤੇਮਾਲ ਆਮ ਤੌਰ 'ਤੇ ਅੱਗ ਬੁਝਾਉਣ ਲਈ ਕੀਤਾ ਜਾਂਦਾ ਹੈ।

ਵਿਗਿਆਨੀ ਦੱਸਦੇ ਹਨ ਕਿ ਹੇਅਰ ਐਕਸਟੇਂਸ਼ਨ ਦੇ ਸੈਂਪਲਾਂ 'ਚ ਆਰਗੈਨੋਟਿਨ ਦੇ ਤੱਤ ਮਿਲਣ ਨਾਲ ਉਹ ਹੈਰਾਨ ਸਨ ਕਿਉਂਕਿ ਇਸ ਰਸਾਇਣ ਦਾ ਇਸਤੇਮਾਲ ਉਪਭੋਗਤਾਵਾਂ ਨਾਲ ਜੁੜੇ ਉਤਪਾਦਾਂ 'ਚ ਨਹੀਂ ਕੀਤਾ ਜਾਂਦਾ।

ਇਹ ਕੈਮੀਕਲ ਚਮੜੀ ਸਬੰਧੀ ਸਮੱਸਿਆਵਾਂ ਦੀ ਵਜ੍ਹਾ ਬਣਦੇ ਹਨ ਅਤੇ ਇਨ੍ਹਾਂ ਨੂੰ ਐਂਡੋਕ੍ਰਿਨ ਡਿਸਰਪਟਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਜਿਸ ਦਾ ਮਤਲਬ ਹੈ ਕਿ ਇਹ ਹਾਰਮੋਨ ਸਬੰਧੀ ਗਤੀਵਿਧੀਆਂ 'ਚ ਰੁਕਾਵਟ ਪੈਦਾ ਕਰਦੇ ਹਨ ਜਿਸ ਦਾ ਅਸਰ ਸਰੀਰ ਦੇ ਵਿਕਾਸ ਅਤੇ ਪ੍ਰਜਨਨ 'ਤੇ ਪੈਂਦਾ ਹੈ।

ਇਨ੍ਹਾਂ ਸੈਂਪਲਾਂ 'ਚ ਸਭ ਤੋਂ ਵੱਧ ਪਾਇਆ ਗਿਆ ਰਸਾਇਣ ਫਿਨੋਲ ਸੀ, ਜਿਸਦਾ ਇਸਤੇਮਾਲ ਪਲਾਈਵੁੱਡ ਬਣਾਉਣ ਅਤੇ ਲੱਕੜ ਜੋੜਨ ਲਈ ਇਸਤੇਮਾਲ ਰਸਾਇਣਾਂ 'ਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬਿਸ (2-ਇਥਾਇਲਹੈਕਸਿਲ) ਫਥੈਲੇਟ ਪਾਇਆ ਗਿਆ, ਜਿਸ ਦਾ ਇਸਤੇਮਾਲ ਪਲਾਸਟਿਕ ਨੂੰ ਲਚੀਲਾ ਬਣਾਉਣ ਲਈ ਕੀਤਾ ਜਾਂਦਾ ਹੈ।

ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਰਸਾਇਣ ਅਜਿਹੇ ਜੈਵਿਕ ਬਦਲਾਅ ਪੈਦਾ ਕਰ ਸਕਦੇ ਹਨ ਜਿਹੜੇ ਉਨ੍ਹਾਂ ਤੱਤਾਂ ਵੱਲੋਂ ਪੈਦਾ ਕੀਤੇ ਜਾਂਦੇ ਹਨ ਜੋ ਸਮੇਂ ਦੇ ਨਾਲ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਵਧਾਉਂਦੇ ਹਨ।

ਮਨੁੱਖੀ ਵਾਲਾਂ ਨਾਲ ਬਣੇ ਹੇਅਰ ਐਕਸਟੇਂਸ਼ਨ ਕਿੰਨੇ ਸੁਰੱਖਿਅਤ ?

ਮੰਦਰਾਂ 'ਚ ਦਾਨ ਕੀਤੇ ਵਾਲ ਹੇਅਰ ਐਕਸਟੇਂਸ਼ਨ ਬਣਾਉਣ ਲਈ ਅਮਰੀਕਾ, ਯੂਰਪ ਅਤੇ ਅਫਰੀਕਾ 'ਚ ਵੇਚੇ ਜਾਂਦੇ ਹਨ।

ਪਿਛਲੇ ਅਧਿਐਨਾਂ ਦਾ ਮੁੱਖ ਫੋਕਸ ਸਿੰਥੈਟਿਕ ਵਾਲ ਰਹੇ ਹਨ, ਜਿਨ੍ਹਾਂ 'ਚ ਕਈ ਖਤਰਨਾਕ ਰਸਾਇਣਾਂ ਦਾ ਪਤਾ ਲੱਗਿਆ ਪਰ ਇਸ ਅਧਿਐਨ 'ਚ 11 ਸੈਂਪਲ ਵਰਜਿਨ (100 ਫੀਸਦ ਮਨੁੱਖੀ ਵਾਲਾਂ ਤੋਂ ਬਣੇ), ਰਾਅ (ਜਿਹੜੇ ਪ੍ਰੋਸੈਸ ਨਹੀਂ ਕੀਤੇ) ਅਤੇ ਸਿੰਥੈਟਿਕ ਤੇ ਮਨੁੱਖੀ ਵਾਲਾਂ ਨੂੰ ਮਿਲਾ ਕੇ ਬਣਾਏ ਹੇਅਰ ਐਕਸਟੇਂਸ਼ਨ ਦੇ ਵੀ ਸਨ।

ਵਰਜਿਨ ਅਤੇ ਰਾਅ ਹੇਅਰ ਐਕਸਟੇਂਸ਼ਨ ਆਮ ਨਾਲੋਂ ਵੱਧ ਮਹਿੰਗੇ ਹੁੰਦੇ ਹਨ ਕਿਉਂਕਿ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਕੈਮੀਕਲ ਰਹਿਤ ਹੁੰਦੇ ਹਨ। ਰਾਅ ਹੇਅਰ, ਉਹ ਵਾਲ ਹੁੰਦੇ ਹਨ ਜੋ ਸਿੱਧੇ ਕਿਸੇ ਡੋਨਰ ਵੱਲੋਂ ਕੱਟਕੇ ਜਾਂ ਸ਼ੇਵ ਕਰਕੇ ਭੇਜੇ ਜਾਂਦੇ ਹਨ।

ਕੁਝ ਕੇਸਾਂ 'ਚ ਮਨੁੱਖੀ ਵਾਲਾਂ ਦੇ ਸੈਂਪਲ, ਜਿਨ੍ਹਾਂ 'ਚ ਵਰਜਿਨ ਅਤੇ ਰਾਅ ਦਾ ਲੇਬਲ ਵਾਲੇ ਵੀ ਸ਼ਾਮਿਲ ਸਨ, ਉਨ੍ਹਾਂ 'ਚ ਸਿੰਥੈਟਿਕ ਦੇ ਮੁਕਾਬਲੇ ਵੱਧ ਖਤਰਨਾਕ ਕੈਮੀਕਲ ਪਾਏ ਗਏ। ਇਨ੍ਹਾਂ 'ਚ ਹਾਰਮੋਨਲ ਗਤੀਵਿਧੀਆਂ ਰੋਕਣ ਵਾਲੇ ਕੈਮੀਕਲ ਵੀ ਸ਼ਾਮਿਲ ਸਨ।

ਬ੍ਰੈਸਟ ਕੈਂਸਰ ਦੇ ਵਾਤਾਵਰਨੀ ਕਾਰਨਾਂ ਦਾ ਅਧਿਐਨ ਕਰਨ ਵਾਲੀ ਸੰਸਥਾ ਯੂਐਸ ਸਾਈਲੈਂਟ ਸਪ੍ਰਿੰਗ ਇੰਸਟੀਚਿਊਟ ਦੇ ਰਿਸਰਚ ਵਿਗਿਆਨੀ ਫ੍ਰੈਂਕਲਿਨ ਕਹਿੰਦੇ ਹਨ, "ਸਿਰਫ਼ ਇਸ ਲਈ ਕਿ ਪ੍ਰੋਡਕਟ 'ਤੇ ਮਨੁੱਖੀ ਵਾਲ ਜਾਂ ਨੈਚਰਲ ਦਾ ਲੇਬਲ ਲੱਗਿਆ, ਇਸ ਦਾ ਮਤਲਬ ਇਹ ਬਿਲਕੁੱਲ ਨਹੀਂ ਕਿ ਉਹ ਸਿੰਥੈਟਿਕ ਵਾਲਾਂ ਨਾਲੋਂ ਸੁਰੱਖਿਅਤ ਹਨ।"

ਉਹ ਅੱਗੇ ਦੱਸਦੇ ਹਨ, "ਅਜਿਹੇ ਕਈ ਕੇਸ ਸਨ, ਜਿੱਥੇ ਸਿੰਥੈਟਿਕ ਸੈਂਪਲ 'ਚ ਸਾਨੂੰ ਸਿਰਫ਼ ਇੱਕ ਖਤਰਨਾਕ ਰਸਾਇਣ ਮਿਲਿਆ ਜਦੋਂਕਿ ਮਨੁੱਖੀ ਵਾਲਾਂ ਨਾਲ ਬਣੇ ਐਕਸਟੇਂਸ਼ਨ 'ਚ ਤਿੰਨ ਤੋਂ ਲੈਕੇ ਪੰਜ ਜਾਂ ਸੱਤ ਖਤਰਨਾਕ ਕੈਮੀਕਲ ਵੀ ਪਾਏ ਗਏ।"

ਖੋਜਕਾਰਾਂ ਮੁਤਾਬਕ ਇਹ ਰਸਾਇਣ ਮੈਨੂਫੈਕਚਰਿੰਗ ਅਤੇ ਪ੍ਰੋਸੈਸਿੰਗ ਦੇ ਸਮੇਂ ਇਸਤੇਮਾਲ ਕੀਤੇ ਗਏ ਤਾਂ ਜੋ ਵਾਲਾਂ ਦੀ ਦਿਖ, ਮਿਆਦ ਅਤੇ ਰਖਾਅ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।

ਹਾਲਾਂਕਿ ਇਸ ਅਧਿਐਨ ਵਿੱਚ ਖ਼ਤਰਨਾਕ ਰਸਾਇਣਾਂ ਦੀ ਮਾਤਰਾ ਦਾ ਅੰਦਾਜ਼ਾ ਨਹੀਂ ਲਾਇਆ ਗਿਆ ਪਰ ਫ੍ਰੈਂਕਲਿਨ ਦੇ ਮੁਤਾਬਕ ਹਾਰਮੋਨ ਨੂੰ ਪ੍ਰਭਾਵਿਤ ਕਰਨ ਵਾਲੇ ਕੁਝ ਰਸਾਇਣ ਘੱਟ ਮਾਤਰਾ ਵਿੱਚ ਵੀ ਨੁਕਸਾਨਦਾਇਕ ਹੋ ਸਕਦੇ ਹਨ।

ਹੇਅਰ ਐਕਸਟੇਂਸ਼ਨ ਬਣਾਉਣ ਵਾਲਿਆਂ ਲਈ ਕੈਮੀਕਲ ਦੇ ਇਸਤੇਮਾਲ ਬਾਬਤ ਸਪੱਸ਼ਟ ਸੁਰੱਖਿਆ ਸੀਮਾ ਦੀ ਘਾਟ ਹੋਣਾ ਖੋਜਕਾਰਾਂ ਦੀਆਂ ਮੁੱਖ ਚਿੰਤਾਵਾਂ ’ਚੋਂ ਇੱਕ ਹੈ।

ਫ੍ਰੈਂਕਲਿਨ ਕਹਿੰਦੇ ਹਨ, "ਸੁੰਦਰਤਾ ਵਧਾਉਣ ਲਈ ਇਸਤੇਮਾਲ ਹੋਣ ਵਾਲੇ ਉਤਪਾਦਾਂ 'ਚ ਖਤਰਨਾਕ ਕੈਮੀਕਲਾਂ ਦੇ ਇਸਤੇਮਾਲ ਕਰਨ ਦੀ ਕੋਈ ਵਾਜਿਬ ਵਜ੍ਹਾ ਨਹੀਂ ਹੈ। ਅਸੀਂ ਪਹਿਲਾਂ ਹੀ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਕਈ ਅਜਿਹੇ ਰਸਾਇਣਾਂ ਦੇ ਸੰਪਰਕ 'ਚ ਆਉਂਦੇ ਹਨ ਜਿਨ੍ਹਾਂ ਨੂੰ ਟਾਲਿਆ ਨਹੀਂ ਜਾ ਸਕਦਾ।"

ਸਰੀਰ 'ਚ ਕਿਵੇਂ ਦਾਖਲ ਹੁੰਦੇ ਹਨ ਖਤਰਨਾਕ ਕੈਮੀਕਲ ?

ਜ਼ਿਆਦਾਤਰ ਹੇਅਰ ਐਕਸਟੇਂਸ਼ਨਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਸੇਕ ਦਿੱਤਾ ਜਾਂਦਾ ਹੈ ਜਾਂ ਗਰਮ ਪਾਣੀ 'ਚ ਡੁਬੋਇਆ ਜਾਂਦਾ ਹੈ। ਇਸ ਦੌਰਾਨ ਹਵਾ 'ਚ ਕਈ ਹਾਨੀਕਾਰਕ ਤੱਤ ਘੁਲ ਜਾਂਦੇ ਹਨ ਜੋ ਸਾਹ ਦੇ ਨਾਲ ਸਰੀਰ ਅੰਦਰ ਦਾਖਲ ਹੋ ਸਕਦੇ ਹਨ।

ਖੋਜਕਾਰਾਂ ਮੁਤਾਬਕ ਚਮੜੀ ਦੇ ਸਿੱਧਾ ਸੰਪਰਕ 'ਚ ਆਉਣ ਕਾਰਨ ਵੀ ਇਹ ਰਸਾਇਣ ਸਰੀਰ 'ਚ ਦਾਖਲ ਹੋ ਜਾਂਦੇ ਹਨ, ਜੋ ਨਾ ਸਿਰਫ ਉਪਭੋਗਤਾ ਬਲਕਿ ਹੇਅਰ ਸਟਾਈਲਿਸਟ ਲਈ ਵੀ ਹਾਨੀਕਾਰਕ ਹਨ ਜੋ ਇਹ ਸਰਵਿਸ ਦਿੰਦੇ ਹਨ।

ਕੁਝ ਲੋਕਾਂ ਵੱਲੋਂ ਹੇਅਰ ਐਕਸਟੇਂਸ਼ਨ ਕਾਰਨ ਖੁਜਲੀ, ਸਿਰ, ਗਰਦਨ ਤੇ ਚਿਹਰੇ 'ਤੇ ਸੋਜ਼ਿਸ਼, ਚਮੜੀ ਦਾ ਲਾਲ ਹੋਣਾ ਇੱਥੋਂ ਤੱਕ ਕਿ ਸਾਹ ਲੈਣ 'ਚ ਤਕਲੀਫ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹਨ।

ਕੀ ਹੇਅਰ ਐਕਸਟੇਂਸ਼ਨ ਦਾ ਸੁਰੱਖਿਅਤ ਇਸਤੇਮਾਲ ਸੰਭਵ ?

ਅਧਿਐਨ ਮੁਤਾਬਕ ਅਜਿਹਾ ਕੋਈ ਪੁਖਤਾ ਤਰੀਕਾ ਨਹੀਂ ਹੈ ਜਿਸ ਜ਼ਰੀਏ ਕੈਮੀਕਲਯੁਕਤ ਹੇਅਰ ਐਕਸਟੇਂਸ਼ਨ ਨੂੰ ਸੁਰੱਖਿਅਤ ਢੰਗ ਨਾਲ ਇਸਤੇਮਾਲ ਕੀਤਾ ਜਾ ਸਕੇ ਜਾਂ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕੇ।

ਅਧਿਐਕ ਮੁਤਾਬਕ ਇਸਤੇਮਾਲ ਤੋਂ ਪਹਿਲਾਂ ਹੇਅਰ ਐਕਸਟੇਂਸ਼ਨ ਨੂੰ ਸਿਰਕੇ ਜਾਂ ਹੋਰ ਢੰਗ ਨਾਲ ਧੋਣਾ ਵਰਗੇ ਉਪਾਅ ਵੀ ਸੁਰੱਖਿਆ ਦੇ ਲਿਹਾਜ਼ ਨਾਲ ਕਾਰਗਾਰ ਸਾਬਿਤ ਨਹੀਂ ਹੋਏ ਹਨ।

ਵਿਗਿਆਨੀਆਂ ਮੁਤਾਬਕ 43 ਸੈਂਪਲਾਂ ’ਚੋਂ ਸਿਰਫ਼ 2 ਅਜਿਹੇ ਸਨ ਜਿਨ੍ਹਾਂ 'ਚ ਕਿਸੇ ਤਰ੍ਹਾਂ ਦੇ ਖਤਰਨਾਕ ਕੈਮੀਕਲ ਦੀ ਪੁਸ਼ਟੀ ਨਹੀਂ ਹੋਈ। ਦੋਹਾਂ 'ਤੇ 'ਨੋਨ ਟੌਕਸਿਕ' ਜਾਂ 'ਟੌਕਸਿਕ ਫਰੀ' ਦਾ ਲੇਬਲ ਲੱਗਾ ਹੋਇਆ ਸੀ। ਹਾਲਾਂਕਿ ਫ੍ਰੈਂਕਲਿਨ ਮੁਤਾਬਕ ਅਜਿਹੇ ਦਾਅਵੇ ਗਲਤ ਭਰੋਸਾ ਦੇ ਸਕਦੇ ਹਨ।

"ਇਹ ਲੇਬਲ ਕਿਸੇ ਵੀ ਸੰਸਥਾ ਵੱਲੋਂ ਨਿਯਮਿਤ ਨਹੀਂ ਹਨ, ਇਸ ਲਈ ਕੰਪਨੀਆਂ ਬੇਧੜਕ ਇਨ੍ਹਾਂ ਲੇਬਲਾਂ ਦਾ ਇਸਤੇਮਾਲ ਉਤਪਾਦਾਂ 'ਤੇ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਕੋਈ ਨਤੀਜੇ ਭੁਗਤਣੇ ਨਹੀਂ ਪੈਂਦੇ।"

ਯੂਕੇ ਵਿੱਚ ਅਗਸਤ 2026 ਤੋਂ ਨੁਕਸਾਨਦਾਇਕ ਕਾਰਸਿਨੋਜੈਨਿਕ ਪਦਾਰਥਾਂ 'ਤੇ ਨਵੇਂ ਸਖ਼ਤ ਨਿਯਮ ਲਾਗੂ ਹੋਣ ਵਾਲੇ ਹਨ ਪਰ ਹੇਅਰ ਉਦਯੋਗ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਹੇਅਰ ਐਕਸਟੇਂਸ਼ਨਜ਼ ਲਈ ਨਿਯਮਾਂ ਵਿੱਚ ਮੌਜੂਦ ਖਾਮੀਆਂ ਕਾਰਨ ਉਪਭੋਗਤਾ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ।

ਕਾਸਮੈਟਿਕ ਉਤਪਾਦਾਂ 'ਤੇ ਸਖ਼ਤ ਨਿਯਮ ਲਾਗੂ ਹੁੰਦੇ ਹਨ ਅਤੇ ਉਹਨਾਂ ਦੀ ਸੁਰੱਖਿਆ ਜਾਂਚ ਕੀਤੀ ਜਾਂਦੀ ਹੈ ਪਰ ਹੇਅਰ ਐਕਸਟੇਂਸ਼ਨਜ਼ ਨੂੰ ਅਕਸਰ ਵੱਖਰੇ ਤਰੀਕੇ ਨਾਲ ਸ਼੍ਰੇਣੀਬੱਧ ਕੀਤਾ ਜਾਂਦਾ ਹੈ, ਇਸ ਲਈ ਉਹਨਾਂ ਦੀ ਜਾਂਚ ਨਹੀਂ ਹੁੰਦੀ।

ਪਿਛਲੇ ਅਧਿਐਨਾਂ ਵਿੱਚ ਹੇਅਰ ਡਾਈ ਅਤੇ ਸਟ੍ਰੇਟਨਰਜ਼ ਨੂੰ ਵੀ ਬ੍ਰੈਸਟ ਕੈਂਸਰ ਦੇ ਵੱਧਦੇ ਖਤਰੇ ਨਾਲ ਜੋੜਿਆ ਜਾ ਚੁੱਕਿਆ ਹੈ ਹਾਲਾਂਕਿ ਹੇਅਰ ਐਕਸਟੈਂਸ਼ਨਜ਼ ਤੋਂ ਉਲਟ, ਇਨ੍ਹਾਂ ਉਤਪਾਦ ਨੂੰ ਕਾਸਮੈਟਿਕ ਸ਼੍ਰੇਣੀ 'ਚ ਗਿਣਿਆ ਜਾਂਦਾ ਹੈ ਅਤੇ ਸੁਰੱਖਿਆ ਦੇ ਲਿਹਾਜ਼ ਤੋਂ ਇਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ।

ਯੂਕੇ ਦੀ ਨੈਸ਼ਨਲ ਹੇਅਰ ਐਂਡ ਬਿਊਟੀ ਫੈਡਰੇਸ਼ਨ ਦੀ ਚੀਫ਼ ਐਗਜ਼ੀਕਿਊਟਿਵ ਕੋਰੈਲਿਨ ਲੈਰੀਸੇ ਕਹਿੰਦੇ ਹਨ, "ਨਿਯਮ ਤਾਂ ਹੀ ਪ੍ਰਭਾਵਸ਼ਾਲੀ ਹੋ ਸਕਦੇ ਹਨ ਜਦੋਂ ਉਤਪਾਦਾਂ ਨੂੰ ਸਹੀ ਸ਼੍ਰੇਣੀ 'ਚ ਵੰਡਿਆ ਜਾਵੇ ਅਤੇ ਆਯਾਤ ਅਤੇ ਵਿਕਰੀ ਸਮੇਂ ਇਨ੍ਹਾਂ ਨਿਯਮਾਂ ਨੂੰ ਲਾਗੂ ਕੀਤਾ ਜਾਵੇ।"

"ਇਹ ਇੱਕ ਮੁੱਖ ਪਾੜਾ ਹੈ ਅਤੇ ਅਧਿਐਨ ਤੋਂ ਸਪੱਸ਼ਟ ਹੈ ਕਿ ਇਸਦਾ ਹੱਲ ਕੱਢਣ ਦੀ ਲੋੜ ਹੈ।"

2016 ਵਿੱਚ ਬੀਬੀਸੀ ਨੇ ਪਾਇਆ ਸੀ ਕਿ ਪ੍ਰੋਸੈਸਿੰਗ ਦੌਰਾਨ ਕਾਫ਼ੀ ਗਲਤ ਲੇਬਲਿੰਗ ਹੁੰਦੀ ਹੈ, ਜਿੱਥੇ ਵਾਲਾਂ ਦੀ ਕਿਸਮ ਬਾਰੇ ਸਟੀਕ ਜਾਣਕਾਰੀ ਦੇਣਾ ਇਸ ਖੇਤਰ ਨਾਲ ਜੁੜੇ ਲੋਕਾਂ ਦੀ ਇਮਾਨਦਾਰੀ 'ਤੇ ਨਿਰਭਰ ਕਰਦਾ ਹੈ।

ਕੁਝ ਨਿਰਮਾਤਾਵਾਂ ਦੀਆਂ ਵੈੱਬਸਾਈਟਾਂ ਉਪਭੋਗਤਾਵਾਂ ਨੂੰ ਹੇਅਰ ਐਕਸਟੇਂਸ਼ਨ ਖਰੀਦਣ ਤੋਂ ਪਹਿਲਾਂ ਵਾਲਾਂ ਦੀ ਗੁਣਵੱਤਾ ਜਾਂਚਣ ਦੇ ਤਰੀਕੇ ਦੱਸਦੀਆਂ ਹਨ, ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ।

ਫ੍ਰੈਂਕਲਿਨ ਕਹਿੰਦੇ ਹਨ, "ਜੇ ਅਜਿਹੇ ਉਤਪਾਦ ਬਾਜ਼ਾਰ ਵਿੱਚ ਆਉਣ ਹੀ ਨਾ ਤਾਂ ਸਾਨੂੰ ਚੋਣ ਕਰਨ ਦੀ ਲੋੜ ਹੀ ਨਹੀਂ ਪਵੇਗੀ।"

"ਜੋ ਵੀ ਹੇਅਰ ਐਕਸਟੇਂਸ਼ਨ ਦਾ ਇਸਤੇਮਾਲ ਕਰਦਾ ਹੈ, ਉਨ੍ਹਾਂ ਲਈ ਇਹ ਨਤੀਜੇ ਗੰਭੀਰ ਚਿੰਤਾ ਦਾ ਵਿਸ਼ਾ ਹੋਣੇ ਚਾਹੀਦੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)