ਘੰਟਿਆਂ ਤੱਕ ਬੈਠੇ ਰਹਿੰਦੇ ਹੋ? ਜਾਣੋ ਕਿਵੇਂ ਵੈਰੀਕੋਜ਼ ਵੇਨਜ਼ ਦਾ ਖਤਰਾ ਵੱਧ ਜਾਂਦਾ ਹੈ ਅਤੇ ਇਸ ਦੇ ਕੀ ਨੁਕਸਾਨ ਹੋ ਸਕਦੇ ਹਨ

    • ਲੇਖਕ, ਓਂਕਾਰ ਕਾਰੰਬੇਲਕਰ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 8 ਮਿੰਟ

ਅਸੀਂ ਅਕਸਰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਆਪਣੇ ਪੈਰਾਂ ਵੱਲ ਵਧੇਰੇ ਧਿਆਨ ਨਹੀਂ ਦਿੰਦੇ। ਹਾਲਾਂਕਿ, ਕਈ ਭਾਰਤੀਆਂ ਵਿੱਚ ਹੋਣ ਵਾਲੀ ਆਮ ਪਰ ਅਣਦੇਖੀ ਸਮੱਸਿਆ ਵੈਰੀਕੋਜ਼ ਵੇਨਜ਼ ਹੈ।

ਪੈਰਾਂ 'ਤੇ ਟੇਢੀਆਂ-ਮੇਢੀਆਂ, ਉਭਰੀਆਂ ਹੋਈਆਂ ਅਤੇ ਨੀਲੀਆਂ ਦਿਖਣ ਵਾਲੀਆਂ ਨਸਾਂ ਨੂੰ ਦੇਖ ਕੇ ਕਈ ਲੋਕ ਸੋਚਦੇ ਹਨ ਕਿ ਇਹ ਸਿਰਫ਼ ਇੱਕ ਕੋਸਮੈਟਿਕ ਸਮੱਸਿਆ ਹੈ।

ਪਰ ਮਾਹਰਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਕੋਸਮੈਟਿਕ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਲੱਤਾਂ ਵਿੱਚ ਖੂਨ ਦੇ ਸੰਚਾਰ ਵਿੱਚ ਕਮੀ ਦਾ ਸੰਕੇਤ ਵੀ ਹੋ ਸਕਦਾ ਹੈ।

ਭਾਰਤ ਵਿੱਚ ਲੰਬੇ ਸਮੇਂ ਤੱਕ ਖੜ੍ਹੇ ਰਹਿਣਾ, ਗਤੀਹੀਣ ਜੀਵਨਸ਼ੈਲੀ, ਵਜ਼ਨ ਵੱਧਣਾ, ਗਰਭ-ਅਵਸਥਾ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਦੇ ਕਾਰਨ ਨਸਾਂ ਨਾਲ ਜੁੜੀਆਂ ਸਮੱਸਿਆਵਾਂ ਵੱਧ ਰਹੀਆਂ ਹਨ।

ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਕਈ ਲੋਕ ਦਰਦ, ਸੋਜਿਸ਼, ਚਮੜੀ ਵਿੱਚ ਬਦਲਾਅ ਜਾਂ ਜ਼ਖਮ ਦੇ ਨਿਸ਼ਾਨ ਨਜ਼ਰ ਤੱਕ ਇਲਾਜ ਨੂੰ ਅਣਡਿੱਠਾ ਕਰਦੇ ਰਹਿੰਦੇ ਹਨ।

ਖੁਸ਼ਕਿਸਮਤੀ ਨਾਲ ਆਧੁਨਿਕ ਖੋਜ ਨੇ ਇਸ ਸਮੱਸਿਆ ਦੇ ਇਲਾਜ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਹਨ।

ਪਹਿਲਾਂ ਜਿਨ੍ਹਾਂ ਮਰੀਜ਼ਾਂ ਨੂੰ ਵੱਡੀ ਸਰਜਰੀ ਤੋਂ ਡਰ ਲੱਗਦਾ ਸੀ, ਅੱਜ ਉਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਇਲਾਜ ਲੇਜ਼ਰ, ਆਰਐੱਫ, ਗਲੂ ਜਾਂ ਸਕਲੇਰੋਥੈਰੇਪੀ ਵਰਗੀਆਂ ਘੱਟ ਚੀਰ-ਫਾੜ ਵਾਲੇ ਤਰੀਕਿਆਂ ਨਾਲ ਕੁਝ ਹੀ ਘੰਟਿਆਂ ਵਿੱਚ ਹੋ ਜਾਂਦਾ ਹੈ ਅਤੇ ਉਹ ਘਰ ਵਾਪਸ ਜਾ ਸਕਦੇ ਹਨ।

ਹਾਲਾਂਕਿ, ਇਸ ਲਈ ਸਮੇਂ 'ਤੇ ਕਿਸੇ ਮਾਹਰ ਨਾਲ ਸਲਾਹ ਕਰਨਾ ਅਤੇ ਸਹੀ ਨਿਦਾਨ ਕਰਵਾਉਣਾ ਜ਼ਰੂਰੀ ਹੈ।

ਵੈਰੀਕੋਜ਼ ਵੇਨਜ਼ ਕੀ ਹੁੰਦੀਆਂ ਹਨ?

ਪੈਰਾਂ ਦੀਆਂ ਨਸਾਂ ਵਿੱਚ ਛੋਟੇ-ਛੋਟੇ ਵਾਲਵ ਹੁੰਦੇ ਹਨ ਜੋ ਖੂਨ ਨੂੰ ਦਿਲ ਤੱਕ ਲੈ ਜਾਂਦੇ ਹਨ। ਜੇ ਇਹ ਵਾਲਵ ਠੀਕ ਤਰੀਕੇ ਨਾਲ ਖੁਲ੍ਹਦੇ ਅਤੇ ਬੰਦ ਹੁੰਦੇ ਹਨ, ਤਾਂ ਖੂਨ ਦਾ ਪ੍ਰਵਾਹ ਠੀਕ ਰਹਿੰਦਾ ਹੈ।

ਪਰ ਜਦੋਂ ਇਹ ਵਾਲਵ ਕਮਜ਼ੋਰ ਹੋ ਜਾਂਦੇ ਹਨ ਜਾਂ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੇ, ਤਾਂ ਖੂਨ ਉਲਟੀ ਦਿਸ਼ਾ ਵਿੱਚ ਇਕੱਠਾ ਹੋਣ ਲੱਗਦਾ ਹੈ। ਇਸ ਹਾਲਤ ਵਿੱਚ ਨਸਾਂ ਸੁੱਜ ਜਾਂਦੀਆਂ ਹਨ ਅਤੇ ਬਾਹਰੋਂ ਦਿਖਣ ਲੱਗਦੀਆਂ ਹਨ, ਜਿਸਨੂੰ ਵੈਰੀਕੋਜ਼ ਵੇਨਜ਼ ਕਿਹਾ ਜਾਂਦਾ ਹੈ।

ਇਹ ਸਮੱਸਿਆ ਸ਼ੁਰੂ ਵਿੱਚ ਸਿਰਫ਼ ਦੇਖਣ ਵਿੱਚ ਹੀ ਲੱਗ ਸਕਦੀ ਹੈ, ਪਰ ਜੇ ਇਸ 'ਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਸ ਨਾਲ ਪੈਰਾਂ ਵਿੱਚ ਭਾਰਾਪਣ, ਲਗਾਤਾਰ ਥਕਾਵਟ, ਮੋਜ਼ੇ ਉਤਾਰਣ ਤੋਂ ਬਾਅਦ ਵੀ ਸੋਜਿਸ਼, ਚਮੜੀ ਦਾ ਕਾਲਾ ਪੈਣਾ ਜਾਂ ਖਾਰਿਸ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਕੁਝ ਮਰੀਜ਼ਾਂ ਵਿੱਚ ਸਾਲਾਂ ਤੱਕ ਅਣਡਿੱਠਾ ਕਰਨ ਨਾਲ ਗਿੱਟਿਆਂ ਦੇ ਕੋਲ ਅਜਿਹੇ ਜ਼ਖਮ ਬਣ ਸਕਦੇ ਹਨ ਜੋ ਠੀਕ ਨਹੀਂ ਹੁੰਦੇ, ਜਿਨ੍ਹਾਂ ਨੂੰ ਸ਼ਿਰਾਪਰਕ ਅਲਸਰ ਕਿਹਾ ਜਾਂਦਾ ਹੈ।

ਪੈਰਾਂ ਵਿੱਚ ਦਰਦ ਜਾਂ ਨਸਾਂ ਵਿੱਚ ਨਜ਼ਰ ਆਉਣ ਵਾਲੀ ਹਰ ਸ਼ਿਕਾਇਤ ਨੂੰ ਵੈਰੀਕੋਜ਼ ਵੇਨਜ਼ ਨਹੀਂ ਕਿਹਾ ਜਾ ਸਕਦਾ।

ਅਕਸਰ, ਇਹ ਲੱਛਣ ਮਾਸਪੇਸ਼ੀਆਂ ਵਿੱਚ ਤਣਾਅ, ਨਸਾਂ 'ਤੇ ਦਬਾਅ, ਜੋੜਾਂ ਦੇ ਦਰਦ ਜਾਂ ਖੂਨ ਦੀ ਕਮੀ ਕਾਰਨ ਵੀ ਹੋ ਸਕਦੇ ਹਨ। ਇਸ ਲਈ ਸਮੱਸਿਆ ਦੇ ਕਾਰਨ ਨੂੰ ਸਮਝਣ ਲਈ ਕਿਸੇ ਮਾਹਰ, ਖ਼ਾਸ ਕਰਕੇ ਵੈਸਕੁਲਰ ਸਰਜਨ ਦੁਆਰਾ ਪੂਰੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।

ਸਹੀ ਸਮੇਂ 'ਤੇ ਕਰਵਾਇਆ ਗਿਆ ਕਲਰ ਡਾਪਲਰ ਸਕੈਨ ਸਹੀ ਨਿਦਾਨ ਅਤੇ ਇਲਾਜ ਦੀ ਯੋਜਨਾ ਤੈਅ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਹਾਲਾਂਕਿ ਭਾਰਤ ਵਿੱਚ ਵੈਰੀਕੋਜ਼ ਵੇਨਜ਼ ਇੱਕ ਆਮ ਸਮੱਸਿਆ ਹੈ, ਪਰ ਲੋਕ ਅਕਸਰ ਇਸ ਦੀ ਗੰਭੀਰਤਾ ਨੂੰ ਨਹੀਂ ਸਮਝਦੇ।

ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਵੈਸਕੁਲਰ ਸਰਜਰੀ ਵਿਭਾਗ ਦੇ ਮੁਖੀ ਡਾ. ਰਘੁਰਾਮ ਸ਼ੇਖਰ ਕਹਿੰਦੇ ਹਨ ਕਿ ਕਈ ਲੋਕ ਪੈਰਾਂ ਦੀਆਂ ਮੁੜੀਆਂ ਹੋਈਆਂ ਜਾਂ ਉਭਰੀਆਂ ਨਸਾਂ ਨੂੰ ਸਿਰਫ਼ ਦਿਖਾਵੇ ਨਾਲ ਜੋੜ ਕੇ ਦੇਖਦੇ ਹਨ। ਹਾਲਾਂਕਿ, "ਇਹ ਸਿਰਫ ਇੱਕ ਕੌਸਮੈਟਿਕ ਦੀ ਸਮੱਸਿਆ ਨਹੀਂ ਹੈ। ਖੂਨ ਦੇ ਉਲਟੇ ਪ੍ਰਵਾਹ ਦੇ ਗੰਭੀਰ ਕਾਰਨ ਇਨ੍ਹਾਂ ਨਸਾਂ ਵਿੱਚ ਹੀ ਲੁਕੇ ਹੋਏ ਹੁੰਦੇ ਹਨ।"

ਉਨ੍ਹਾਂ ਦੇ ਅਨੁਸਾਰ, ਭਾਰਤ ਵਿੱਚ ਇਹ ਬਿਮਾਰੀ ਉਨ੍ਹਾਂ ਲੋਕਾਂ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ ਜੋ ਲੰਬੇ ਸਮੇਂ ਤੱਕ ਖੜ੍ਹੇ ਹੋ ਕੇ ਕੰਮ ਕਰਦੇ ਹਨ, ਜਿਵੇਂ ਅਧਿਆਪਕ, ਸੁਰੱਖਿਆ ਗਾਰਡ, ਫੈਕਟਰੀ ਕਰਮਚਾਰੀ, ਦੁਕਾਨਦਾਰ ਜਾਂ ਇੱਥੋਂ ਤੱਕ ਕਿ ਉਹ ਦਫ਼ਤਰੀ ਕਰਮਚਾਰੀ ਜੋ ਘੰਟਿਆਂ ਤੱਕ ਬੈਠੇ ਰਹਿੰਦੇ ਹਨ।

ਕਈ ਮਰੀਜ਼ ਲੱਛਣਾਂ ਨੂੰ ਉਸ ਵੇਲੇ ਤੱਕ ਅਣਡਿੱਠਾ ਕਰਦੇ ਰਹਿੰਦੇ ਹਨ ਜਦੋਂ ਤੱਕ ਉਹ ਗੰਭੀਰ ਨਹੀਂ ਹੋ ਜਾਂਦੇ।

ਉਹ ਕਹਿੰਦੇ ਹਨ, "ਭਾਰਾਪਣ, ਸੋਜਿਸ਼, ਚਮੜੀ ਦਾ ਕਾਲਾ ਪੈਣਾ, ਇਹ ਸਾਰੇ ਸਰੀਰ ਵੱਲੋਂ ਮਿਲਣ ਵਾਲੇ ਸ਼ੁਰੂਆਤੀ ਚੇਤਾਵਨੀ ਸੰਕੇਤ ਹਨ। ਪਰ ਇੱਥੇ ਲੋਕ ਇਲਾਜ ਕਰਵਾਉਣ ਵਿੱਚ ਦੇਰੀ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਮਨ ਵਿੱਚ ਅਜੇ ਵੀ ਵੱਡੀ ਸਰਜਰੀ ਦਾ ਡਰ ਬਣਿਆ ਰਹਿੰਦਾ ਹੈ।"

ਇਸ ਗੱਲ ਨੂੰ ਅੱਗੇ ਵਧਾਉਂਦੇ ਹੋਏ, ਜਸਲੋਕ ਹਸਪਤਾਲ ਦੇ ਵੈਸਕੁਲਰ ਸਾਇੰਸਜ਼ ਵਿਭਾਗ ਦੇ ਡਾਇਰੈਕਟਰ ਡਾ. ਸ਼ੋਏਬ ਪਦਾਰੀਆ ਕਹਿੰਦੇ ਹਨ ਕਿ ਭਾਰਤ ਵਿੱਚ ਵੈਰੀਕੋਜ਼ ਵੇਨਜ਼ ਦੀ ਅਸਲੀ ਦਰ 10-20% ਹੋ ਸਕਦੀ ਹੈ, ਪਰ ਸਹੀ ਅੰਕੜੇ ਇਸ ਤੋਂ ਘੱਟ ਹਨ ਕਿਉਂਕਿ "ਲੋਕ ਅਜੇ ਵੀ ਇਸ ਬਿਮਾਰੀ ਨੂੰ ਸਿਰਫ਼ ਕੌਸਮੈਟਿਕ ਦੀ ਸਮੱਸਿਆ ਮੰਨਦੇ ਹਨ। ਜਾਗਰੂਕਤਾ ਦੀ ਕਮੀ, ਸਹੀ ਮਾਹਰਾਂ ਤੱਕ ਪਹੁੰਚ ਦੀ ਕਮੀ ਅਤੇ ਪੁਰਾਣੇ ਡਰ ਕਾਰਨ ਨਿਦਾਨ ਵਿੱਚ ਦੇਰੀ ਹੁੰਦੀ ਹੈ।"

ਉਹ ਅੱਗੇ ਦੱਸਦੇ ਹਨ ਕਿ ਅੱਜਕੱਲ੍ਹ ਇਲਾਜ ਦੇ ਤਰੀਕੇ ਪੂਰੀ ਤਰ੍ਹਾਂ ਬਦਲ ਗਏ ਹਨ।

ਉਹ ਕਹਿੰਦੇ ਹਨ, "ਅੱਜਕੱਲ੍ਹ ਜ਼ਿਆਦਾਤਰ ਇਲਾਜ ਘੱਟ ਚੀਰ-ਫਾੜ ਵਾਲੇ ਹੁੰਦੇ ਹਨ। ਲੇਜ਼ਰ, ਆਰਐੱਫ, ਗਲੂ ਜਾਂ ਫੋਮ ਸਕਲੇਰੋਥੈਰੇਪੀ। ਇਹ ਡੇ-ਕੇਅਰ ਪ੍ਰਕਿਰਿਆਵਾਂ ਹਨ ਅਤੇ ਮਰੀਜ਼ ਅਗਲੇ ਦਿਨ ਕੰਮ 'ਤੇ ਵਾਪਸ ਜਾ ਸਕਦਾ ਹੈ।"

ਦੋਵੇਂ ਮਾਹਿਰ ਇੱਕੋ ਗੱਲ 'ਤੇ ਜ਼ੋਰ ਦਿੰਦੇ ਹਨ, ਜੋ ਹੈ ਸਮੇਂ 'ਤੇ ਨਿਦਾਨ। ਡਾ. ਸ਼ੇਖਰ ਸਲਾਹ ਦਿੰਦੇ ਹਨ, "ਹਰ ਦਿਖਣ ਵਾਲੀ ਗੱਠ ਖ਼ਤਰਨਾਕ ਨਹੀਂ ਹੁੰਦੀ, ਪਰ ਹਰ ਪੈਰ ਦਾ ਦਰਦ ਵੈਰੀਕੋਜ਼ ਨਸਾਂ ਕਰਕੇ ਨਹੀਂ ਹੁੰਦਾ। ਸਹੀ ਫ਼ੈਸਲਾ ਕਰਨ ਲਈ ਡਾਪਲਰ ਸਕੈਨ ਜ਼ਰੂਰੀ ਹੈ।"

ਡਾ. ਪਦਾਰੀਆ ਅੱਗੇ ਦੱਸਦੇ ਹਨ, "ਘੱਟ ਚੀਰ-ਫਾੜ ਵਾਲੇ ਇਲਾਜ ਦੀ ਚੋਣ ਕਰਦੇ ਸਮੇਂ ਨਸ ਦਾ ਆਕਾਰ, ਗਹਿਰਾਈ ਅਤੇ ਸਿੱਧਾਪਣ ਸਾਰੇ ਮਹੱਤਵਪੂਰਨ ਕਾਰਕ ਹੁੰਦੇ ਹਨ। ਇਸ ਲਈ ਖੁਦ ਇਲਾਜ ਕਰਨਾ ਖ਼ਤਰਨਾਕ ਹੈ ਅਤੇ ਕਿਸੇ ਯੋਗ ਵੈਸਕੁਲਰ ਸਰਜਨ ਨਾਲ ਸਲਾਹ ਕਰਨਾ ਲਾਜ਼ਮੀ ਹੈ।"

ਲੱਛਣ ਅਤੇ ਖ਼ਤਰਾ

ਵੈਰੀਕੋਜ਼ ਵੇਨਜ਼ ਪਹਿਲੀ ਨਜ਼ਰ ਵਿੱਚ ਸਿਰਫ਼ ਆਪਣੀ ਬਣਾਵਟ ਕਰਕੇ ਪਰੇਸ਼ਾਨ ਕਰਨ ਵਾਲੀਆਂ ਲੱਗ ਸਕਦੀਆਂ ਹਨ, ਪਰ ਦੋਵੇਂ ਮਾਹਰਾਂ ਦੇ ਅਨੁਸਾਰ ਸਰੀਰ ਪਹਿਲਾਂ ਹੀ ਕੁਝ ਮਹੱਤਵਪੂਰਨ ਸੰਕੇਤ ਦੇ ਰਿਹਾ ਹੁੰਦਾ ਹੈ।

ਡਾ. ਰਘੁਰਾਮ ਸ਼ੇਖਰ ਕਹਿੰਦੇ ਹਨ, "ਭਾਰਾਪਣ, ਸ਼ਾਮ ਨੂੰ ਦਰਦ ਦਾ ਵੱਧਣਾ, ਗਿੱਟਿਆਂ ਦੇ ਆਲੇ-ਦੁਆਲੇ ਸੋਜਿਸ਼ ਸਿਰਫ ਕੋਸਮੈਟਿਕ ਵਿੱਚ ਬਦਲਾਅ ਨਹੀਂ ਹਨ, ਸਗੋਂ ਇਹ ਖ਼ਰਾਬ ਖੂਨ ਦੇ ਸੰਚਾਰ ਦੇ ਸੰਕੇਤ ਹਨ।"

ਉਨ੍ਹਾਂ ਦੇ ਅਨੁਸਾਰ, ਜੇ ਲੰਬੇ ਸਮੇਂ ਤੱਕ ਇਸ ਦਾ ਇਲਾਜ ਨਾ ਕੀਤਾ ਜਾਵੇ, ਤਾਂ ਇਸ ਨਾਲ ਚਮੜੀ ਮੋਟੀ ਹੋ ਸਕਦੀ ਹੈ, ਗਿੱਟਿਆਂ 'ਤੇ ਜ਼ਖਮ ਕਾਲੇ ਪੈ ਸਕਦੇ ਹਨ ਅਤੇ ਠੀਕ ਨਾ ਹੋਣ ਦੀ ਸਮੱਸਿਆ ਹੋ ਸਕਦੀ ਹੈ।

ਕੁਝ ਮਰੀਜ਼ਾਂ ਵਿੱਚ ਉੱਪਰੀ ਨਸਾਂ ਵਿੱਚ ਖੂਨ ਇਕੱਠਾ ਹੋਣ ਕਰਕੇ ਬਿਨਾ ਖ਼ਤਰੇ ਵਾਲੇ ਥੱਕੇ ਬਣ ਜਾਂਦੇ ਹਨ। ਉਹ ਦੱਸਦੇ ਹਨ, "ਉੱਪਰੀ ਨਸਾਂ ਦੀ ਥ੍ਰੋਮਬੋਸਿਸ ਦਰਦਨਾਕ ਹੁੰਦੀ ਹੈ, ਪਰ ਜਾਨਲੇਵਾ ਨਹੀਂ ਹੁੰਦੀ। ਲੋਕ ਇਸ ਤੋਂ ਡਰਦੇ ਹਨ, ਪਰ ਖ਼ਤਰਨਾਕ ਥੱਕੇ ਡੂੰਘੀਆਂ ਨਸਾਂ ਵਿੱਚ ਬਣਦੇ ਹਨ।"

ਡਾ. ਸ਼ੋਏਬ ਪਦਾਰੀਆ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ 'ਲੱਛਣ ਨਾ ਦਿਖਣ 'ਤੇ ਵੀ ਖ਼ਤਰਾ ਹੋ ਸਕਦਾ ਹੈ।' ਉਹ ਸਲਾਹ ਦਿੰਦੇ ਹਨ, "ਭਾਵੇਂ ਵੱਡੀਆਂ ਨਸਾਂ ਵਿੱਚ ਦਰਦ ਨਾ ਹੋਵੇ, ਪਰ ਪੈਰਾਂ ਦੀ ਚਮੜੀ ਹੌਲੀ-ਹੌਲੀ ਨੁਕਸਾਨੀ ਜਾ ਸਕਦੀ ਹੈ। ਇਸ ਲਈ ਹਰ ਵੱਡੀ ਨਸ ਲਈ ਸਮੇਂ-ਸਮੇਂ 'ਤੇ ਕਿਸੇ ਮਾਹਰ ਨਾਲ ਸਲਾਹ ਕਰਨੀ ਜ਼ਰੂਰੀ ਹੈ।"

ਇਲਾਜ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ?

ਡਾ. ਪਦਾਰੀਆ ਦੇ ਮੁਤਾਬਕ, ਇਲਾਜ ਦੀ ਚੋਣ ਕਰਦੇ ਸਮੇਂ ਚਾਰ ਕਾਰਕ ਫੈਸਲਾਕੁੰਨ ਹੁੰਦੇ ਹਨ: ਨਸ ਦਾ ਆਕਾਰ, ਉਸ ਦੀ ਗਹਿਰਾਈ, ਉਸ ਦੀ ਸਿੱਧਾਈ ਅਤੇ ਚਮੜੀ ਨਾਲ ਉਸ ਦੀ ਨਜ਼ਦੀਕੀ।

ਨਸ ਦੇ ਆਕਾਰ ਅਨੁਸਾਰ

  • ਜੇ ਨਸ ਦਾ ਆਕਾਰ 4-5 ਮਿਮੀ ਤੋਂ ਘੱਟ ਹੈ ਤਾਂ ਫੋਮ ਸਕਲੇਰੋਥੈਰੇਪੀ ਵਰਤੀ ਜਾਂਦੀ ਹੈ।
  • ਜੇ ਆਕਾਰ 5-12 ਮਿਮੀ ਹੈ ਤਾਂ ਲੇਜ਼ਰ (ਈਵੀਐੱਲਟੀ) ਜਾਂ ਆਰਐੱਫ ਐਬਲੇਸ਼ਨ ਵਰਤੀ ਜਾਂਦੀ ਹੈ।
  • ਲੇਜ਼ਰ (ਈਵੀਐੱਲਟੀ) 12-15 ਮਿਮੀ ਜਾਂ ਇਸ ਤੋਂ ਵੱਧ ਆਕਾਰ ਵਿੱਚ ਹੋਰ ਪ੍ਰਭਾਵਸ਼ਾਲੀ ਹੁੰਦਾ ਹੈ।

ਨਸ ਦੀ ਬਣਾਵਟ ਅਨੁਸਾਰ

  • ਜੇ ਮੁੱਖ ਨਸ ਸਿੱਧੀ ਹੈ ਤਾਂ ਲੇਜ਼ਰ/ਆਰਐੱਫ ਇਲਾਜ ਦੀ ਸਲਾਹ ਦਿੱਤੀ ਜਾਂਦੀ ਹੈ।
  • ਜੇ ਨਸ ਟੇਢੀ-ਮੇਢੀ ਹੈ ਤਾਂ ਫੋਮ ਸਕਲੇਰੋਥੈਰੇਪੀ ਦੀ ਸਲਾਹ ਦਿੱਤੀ ਜਾਂਦੀ ਹੈ।

ਚਮੜੀ ਦੇ ਨੇੜੇ ਡੂੰਘਾਈ ਅਨੁਸਾਰ

  • 5 ਮਿਮੀ ਤੋਂ ਵੱਧ ਗਹਿਰਾਈ 'ਤੇ ਲੇਜ਼ਰ/ਆਰਐਫ ਸੁਰੱਖਿਅਤ ਹੈ
  • ਜੇ ਚਮੜੀ ਦੇ ਬਹੁਤ ਨੇੜੇ ਹੋਵੇ (<5 ਮਿਮੀ) ਤਾਂ ਗਲੂ ਜਾਂ ਫੋਮ ਵਰਤਿਆ ਜਾਂਦਾ ਹੈ

(ਕਿਉਂਕਿ ਇਨ੍ਹਾਂ ਤਰੀਕਿਆਂ ਵਿੱਚ ਗਰਮੀ ਦੀ ਊਰਜਾ ਵਰਤੀ ਨਹੀਂ ਜਾਂਦੀ, ਇਸ ਕਰਕੇ ਚਮੜੀ ਸੜਨ ਦਾ ਖਤਰਾ ਘੱਟ ਹੁੰਦਾ ਹੈ)

ਵੈਰੀਕੋਜ਼ ਵੇਨਜ਼ ਦੇ ਇਲਾਜ ਲਈ ਵਰਤੀਆਂ ਜਾਣ ਵਾਲੇ ਚਾਰ ਤਰੀਕੇ- ਲੇਜ਼ਰ (ਈਵੀਐੱਲਟੀ), ਰੇਡੀਓਫ੍ਰੀਕਵੈਂਸੀ (ਆਰਐੱਫ), ਗਲੂ ਅਤੇ ਫੋਮ ਸਕਲੇਰੋਥੈਰੇਪੀ, ਦੇ ਆਪਣੇ-ਆਪਣੇ ਫਾਇਦੇ ਅਤੇ ਵਰਤੋਂ ਦੇ ਵੱਖਰੇ ਸੰਕੇਤ ਹੁੰਦੇ ਹਨ।

ਲੇਜ਼ਰ ਅਤੇ ਆਰਐੱਫ ਦੋਵੇਂ ਤਰੀਕਿਆਂ ਵਿੱਚ ਗਰਮੀ ਦੀ ਵਰਤੋਂ ਹੁੰਦੀ ਹੈ, ਇਸ ਲਈ ਨਸ ਨੂੰ ਅੰਦਰੋਂ ਬੰਦ ਕਰਨ ਲਈ ਥਰਮਲ ਊਰਜਾ ਦੀ ਲੋੜ ਹੁੰਦੀ ਹੈ ਅਤੇ ਪ੍ਰਕਿਰਿਆ ਦੌਰਾਨ ਲੋਕਲ ਐਨੇਸਥੀਸੀਆ, ਭਾਵ ਟਿਊਮੇਸੈਂਟ ਇੰਜੈਕਸ਼ਨ ਦੀ ਲੋੜ ਪੈਂਦੀ ਹੈ।

ਇਨ੍ਹਾਂ ਦੋਵੇਂ ਇਲਾਜਾਂ ਨਾਲ ਹਲਕਾ ਤੋਂ ਦਰਮਿਆਨਾ ਦਰਦ ਹੋ ਸਕਦਾ ਹੈ, ਪਰ ਨਤੀਜੇ ਲੰਬੇ ਸਮੇਂ ਤੱਕ ਰਹਿਣ ਵਾਲੇ ਅਤੇ ਭਰੋਸੇਯੋਗ ਹੁੰਦੇ ਹਨ। ਇਹ ਇਲਾਜ ਵੱਡੀਆਂ ਮੁੱਖ ਨਸਾਂ ਜਾਂ ਸਿੱਧੀਆਂ ਫੈਲੀਆਂ ਜੀਐੱਸਵੀ ਵਰਗੀਆਂ ਨਸਾਂ ਲਈ ਹੋਰ ਉਚਿਤ ਮੰਨੇ ਜਾਂਦੇ ਹਨ ਅਤੇ ਦੁਬਾਰਾ ਹੋਣ ਦਾ ਖਤਰਾ ਬਹੁਤ ਘੱਟ ਹੁੰਦਾ ਹੈ।

ਇਸ ਦੇ ਉਲਟ, ਗਲੂ ਟਰੀਟਮੈਂਟ ਅਤੇ ਫੋਮ ਸਕਲੇਰੋਥੈਰੇਪੀ ਗੈਰ-ਥਰਮਲ ਤਰੀਕੇ ਹਨ, ਭਾਵ ਇਨ੍ਹਾਂ ਵਿੱਚ ਗਰਮੀ ਦੀ ਵਰਤੋਂ ਨਹੀਂ ਹੁੰਦੀ। ਇਸ ਕਰਕੇ ਸੋਜਿਸ਼ ਪੈਦਾ ਕਰਨ ਵਾਲੇ ਇੰਜੈਕਸ਼ਨ ਦੀ ਲੋੜ ਨਹੀਂ ਹੁੰਦੀ ਅਤੇ ਪ੍ਰਕਿਰਿਆ ਤੋਂ ਬਾਅਦ ਦਰਦ ਬਹੁਤ ਘੱਟ ਜਾਂ ਨਾ ਦੇ ਬਰਾਬਰ ਹੁੰਦਾ ਹੈ।

ਗਲੂ ਟਰੀਟਮੈਂਟ ਆਮ ਤੌਰ 'ਤੇ ਉਨ੍ਹਾਂ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ ਜੋ ਐਨੇਸਥੀਸੀਆ ਨਹੀਂ ਲੈਣਾ ਚਾਹੁੰਦੇ ਜਾਂ ਜਿਨ੍ਹਾਂ ਦੀਆਂ ਨਸਾਂ ਚਮੜੀ ਦੇ ਬਹੁਤ ਨੇੜੇ ਹੁੰਦੀਆਂ ਹਨ। ਫੋਮ ਸਕਲੇਰੋਥੈਰੇਪੀ ਉਨ੍ਹਾਂ ਨਸਾਂ ਲਈ ਵਧੀਆ ਮੰਨੀ ਜਾਂਦੀ ਹੈ ਜੋ ਟੇਢੀਆਂ-ਮੇਢੀਆਂ, ਛੋਟੀਆਂ ਜਾਂ ਬਾਰੀਕ ਤੌਰ 'ਤੇ ਫੈਲੀਆਂ ਹੋਈਆਂ ਦਿਖਦੀਆਂ ਹਨ।

ਹਾਲਾਂਕਿ, ਫੋਮ ਨਾਲ ਨਸਾਂ ਦੇ ਮੁੜ ਵੱਧਣ ਦਾ ਖ਼ਤਰਾ ਹੋਰ ਤਰੀਕਿਆਂ ਦੇ ਮੁਕਾਬਲੇ ਥੋੜ੍ਹਾ ਵੱਧ ਹੋ ਸਕਦਾ ਹੈ।

ਕੁੱਲ ਮਿਲਾ ਕੇ, ਹਰ ਤਰੀਕੇ ਦੀ ਵਰਤੋਂ ਵੱਖ-ਵੱਖ ਹਾਲਤਾਂ ਵਿੱਚ ਕੀਤੀ ਜਾਂਦੀ ਹੈ। ਲੇਜ਼ਰ ਜਾਂ ਆਰਐੱਫ ਤਕਨੀਕ ਵੱਡੀਆਂ ਅਤੇ ਸਿੱਧੀਆਂ ਨਸਾਂ ਲਈ ਢੁੱਕਵੀਂ ਹੁੰਦੀ ਹੈ, ਜਦਕਿ ਗਲੂ ਜਾਂ ਫੋਮ ਤਕਨੀਕ ਛੋਟੀਆਂ, ਮੁੜੀਆਂ ਹੋਈਆਂ ਜਾਂ ਚਮੜੀ ਦੇ ਨੇੜੇ ਮੌਜੂਦ ਨਸਾਂ ਲਈ ਉਚਿਤ ਹੁੰਦੀ ਹੈ। ਸਹੀ ਚੋਣ ਹਮੇਸ਼ਾ ਡਾਪਲਰ ਮੈਪਿੰਗ ਅਤੇ ਮਾਹਰ ਦੇ ਮੁਲਾਂਕਣ 'ਤੇ ਨਿਰਭਰ ਕਰਦੀ ਹੈ।

ਦੋਵੇਂ ਡਾਕਟਰਾਂ ਦਾ ਕਹਿਣਾ ਹੈ, "ਹਰ ਕਿਸੇ ਦੀਆਂ ਖੂਨ ਦੀਆਂ ਨਸਾਂ ਵੱਖਰੀਆਂ ਹੁੰਦੀਆਂ ਹਨ। ਇਸ ਲਈ 'ਇੱਕ ਹੀ ਇਲਾਜ ਸਭ ਲਈ ਕਾਰਗਰ' ਨਹੀਂ ਹੁੰਦਾ। ਡਾਪਲਰ ਮੈਪਿੰਗ ਇਲਾਜ ਦੀ ਚੋਣ ਕਰਨ ਦਾ ਪਹਿਲਾ ਅਤੇ ਸਭ ਤੋਂ ਸਹੀ ਤਰੀਕਾ ਹੈ।"

ਜੀਵਨ ਸ਼ੈਲੀ ਵਿੱਚ ਬਦਲਾਅ

ਡਾ. ਸ਼ੇਖਰ ਅਤੇ ਡਾ. ਪਦਾਰੀਆ ਦੇ ਅਨੁਸਾਰ, ਆਧੁਨਿਕ ਜੀਵਨਸ਼ੈਲੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾਉਣ ਵਾਲੇ ਮੁੱਖ ਕਾਰਕਾਂ ਵਿੱਚੋਂ ਇੱਕ ਹੈ। ਇਸ ਲਈ ਕੁਝ ਸਧਾਰਣ ਬਦਲਾਅ ਵੱਡਾ ਅਸਰ ਪਾ ਸਕਦੇ ਹਨ।

  • ਰੋਜ਼ਾਨਾ ਤੁਰਨ ਨਾਲ ਪਿੰਡਲੀ ਦੀਆਂ ਮਾਸਪੇਸ਼ੀਆਂ ਦਾ ਪੰਪ ਸਰਗਰਮ ਹੁੰਦਾ ਹੈ, ਜਿਸ ਨਾਲ ਖੂਨ ਦਿਲ ਵੱਲ ਉੱਪਰ ਨੂੰ ਧੱਕਿਆ ਜਾਂਦਾ ਹੈ।
  • ਆਪਣਾ ਵਜ਼ਨ ਕਾਬੂ ਵਿੱਚ ਰੱਖਣ ਨਾਲ ਪੈਰਾਂ 'ਤੇ ਦਬਾਅ ਘੱਟ ਹੁੰਦਾ ਹੈ।
  • ਹਰ 30 ਮਿੰਟ ਵਿੱਚ ਬੈਠਣ ਜਾਂ ਖੜ੍ਹੇ ਹੋਣ ਦੀ ਸਥਿਤੀ ਬਦਲੋ।
  • ਪੈਰਾਂ ਨੂੰ ਥੋੜ੍ਹਾ ਉੱਪਰ ਕਰਕੇ ਆਰਾਮ ਕਰਨ ਨਾਲ ਸੋਜਿਸ਼ ਅਤੇ ਭਾਰਾਪਣ ਘੱਟ ਹੁੰਦਾ ਹੈ।
  • ਕੰਪ੍ਰੈਸ਼ਨ ਮੋਜ਼ੇ ਦੀ ਵਰਤੋਂ, ਖ਼ਾਸ ਕਰਕੇ ਸ਼ੁਰੂਆਤੀ ਪੜਾਅ ਵਿੱਚ ਫਾਇਦੇਮੰਦ ਹੁੰਦੀ ਹੈ।

ਬਚਣ ਯੋਗ ਆਦਤਾਂ

  • ਘੰਟਿਆਂ ਤੱਕ ਇੱਕ ਹੀ ਥਾਂ 'ਤੇ ਖੜ੍ਹੇ ਰਹਿਣਾ।
  • ਲੰਬੇ ਸਮੇਂ ਤੱਕ ਬੈਠੇ ਰਹਿਣਾ।
  • ਬਹੁਤ ਜ਼ਿਆਦਾ ਟਾਈਟ ਜਾਂ ਬਹੁਤ ਢਿੱਲੀਆਂ ਸੈਂਡਲਾਂ ਅਤੇ ਹਾਈ ਹੀਲਾਂ ਪਹਿਨਣ ਨਾਲ ਪਿੰਡਲੀ ਦੀਆਂ ਮਾਸਪੇਸ਼ੀਆਂ ਦੀ ਤਾਕਤ ਘੱਟ ਹੁੰਦੀ ਹੈ।
  • ਪੈਰਾਂ ਨੂੰ ਗਰਮ ਪਾਣੀ ਵਿੱਚ ਪਾ ਕੇ ਰੱਖਣ ਦੀ ਆਦਤ ਨਾਲ ਨਸਾਂ ਵਿੱਚ ਸੋਜਿਸ਼ ਵੱਧ ਸਕਦੀ ਹੈ।

ਡਾ. ਸ਼ੇਖਰ ਕਹਿੰਦੇ ਹਨ, "ਜੇ ਲੱਛਣ ਹਲਕੇ ਹਨ ਤਾਂ ਜੀਵਨਸ਼ੈਲੀ ਵਿੱਚ ਬਦਲਾਅ ਬਹੁਤ ਮਦਦਗਾਰ ਹੋ ਸਕਦੇ ਹਨ। ਪਰ ਜੇ ਚਮੜੀ ਵਿੱਚ ਬਦਲਾਅ ਜਾਂ ਸੋਜਿਸ਼ ਸ਼ੁਰੂ ਹੋ ਜਾਵੇ, ਤਾਂ ਤੁਹਾਨੂੰ ਕਿਸੇ ਮਾਹਰ ਨਾਲ ਸਲਾਹ ਲੈਣੀ ਚਾਹੀਦੀ ਹੈ।"

ਜੇ ਤੁਸੀਂ ਆਪਣੀ ਜੀਵਨਸ਼ੈਲੀ ਵਿੱਚ ਕੋਈ ਵੱਡਾ ਬਦਲਾਅ ਕਰਨਾ ਚਾਹੁੰਦੇ ਹੋ, ਆਪਣੇ ਖਾਣ-ਪੀਣ ਵਿੱਚ ਤਬਦੀਲੀ ਲਿਆਉਣੀ ਚਾਹੁੰਦੇ ਹੋ ਜਾਂ ਸਰੀਰਕ ਕਸਰਤ ਸ਼ੁਰੂ ਕਰਨੀ ਚਾਹੁੰਦੇ ਹੋ, ਤਾਂ ਡਾਕਟਰ ਅਤੇ ਯੋਗ ਟ੍ਰੇਨਰ ਦੀ ਸਹਾਇਤਾ ਲੈਣਾ ਜ਼ਰੂਰੀ ਹੈ।

ਸਭ ਤੋਂ ਵਧੀਆ ਇਹ ਹੈ ਕਿ ਤੁਸੀਂ ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਠੀਕ ਤਰੀਕੇ ਨਾਲ ਜਾਂਚ ਕਰਵਾਓ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਹੀ ਜੀਵਨਸ਼ੈਲੀ ਵਿੱਚ ਬਦਲਾਅ ਕਰੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)