'ਧੁਰੰਦਰ ਵਰਗੀਆਂ ਫਿਲਮਾਂ ਦੇਖ ਲਈਆਂ ਤਾਂ ਇਹ ਫੈਸਲਾ ਕਰ ਲਿਆ ਕਿ ਨਹੀਂ ਮੈਂ ਤਾਂ ਲਿਯਾਰੀ ਦਾ ਡੌਨ ਹੀ ਬਣਸਾਂ'- ਹਨੀਫ਼ ਦੀ ਟਿੱਪਣੀ

    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
  • ਪੜ੍ਹਨ ਦਾ ਸਮਾਂ: 4 ਮਿੰਟ

ਡਿਪਲੋਮੈਸੀ ਇੱਕ ਬਹੁਤ ਹੀ ਕਦੀਮੀ ਧੰਦਾ ਹੈ ਅਤੇ ਇੱਕ ਬਹੁਤ ਪੁਰਾਣਾ ਆਰਟ ਵੀ ਹੈ। ਹਜ਼ਾਰਾਂ ਸਾਲਾਂ ਤੋਂ- ਕੌਮਾਂ ਦੇ, ਜੰਗਾਂ ਦੇ, ਬਾਰਡਰਾਂ ਦੇ ਫੈਸਲੇ- ਡਿਪਲੋਮੈਟ, ਬੂਹੇ ਬੰਦ ਕਰਕੇ, ਪਿੱਛੇ ਗੱਲਬਾਤ ਕਰਕੇ ਕਰਦੇ ਰਹੇ ਹਨ।

ਬੰਦ ਕਮਰਿਆਂ 'ਚ ਜ਼ਾਹਰ ਹੈ ਬਹਿਸ-ਮੁਬਾਹਸਾ ਵੀ ਹੁੰਦਾ ਹੋਵੇਗਾ, ਕਦੇ ਗਾਲ੍ਹ-ਮੰਦਾ ਵੀ ਕਰ ਲੈਂਦੇ ਹੋਣਗੇ ਲੇਕਿਨ ਬਾਹਰ ਆ ਕੇ ਹਮੇਸ਼ਾ ਤੋਂ ਪੋਲੀਆਂ-ਪੋਲੀਆਂ ਗੱਲਾਂ ਕਰਦੇ ਹਨ।

ਕਹਿੰਦੇ ਹਨ ਕਿ ਬਹੁਤ ਪੌਜ਼ੀਟਿਵ ਡਿਸਕਸ਼ਨ ਹੋਈ। ਜ਼ਿਆਦਾ ਤੋਂ ਜ਼ਿਆਦਾ ਇਹ ਕਹਿ ਦੇਣਗੇ ਕਿ 'ਵੀ ਐਗਰੀ ਟੂ ਡਿਸਐਗਰੀ।'

'ਗੱਲ ਤੁਰ ਪਈ ਪਾਕਿਸਤਾਨ ਜੰਗ ਰੁਕਵਾਉਣ ਲਈ ਵਿਚੋਲਾ ਬਣ ਸਕਦਾ'

ਹੁਣ ਜਦੋਂ ਤੋਂ ਅਮਰੀਕਾ ਤੇ ਇਜ਼ਰਾਇਲ ਦੇ ਈਰਾਨ 'ਤੇ ਹਮਲੇ ਸ਼ੁਰੂ ਹੋਏ ਹਨ ਅਤੇ ਜੰਗ ਗਲਫ਼ ਦੇ ਮੁਲਕਾਂ 'ਚ ਫੈਲ ਗਈ ਹੈ। ਪਹਿਲਾਂ ਪਾਕਿਸਤਾਨ ਦੀ ਜਾਨ ਵੀ ਸ਼ਿਕੰਜੇ 'ਚ ਆਉਂਦੀ ਨਜ਼ਰ ਆਈ। ਫਿਰ ਇਨ੍ਹਾਂ ਦੇ ਧੰਨ ਭਾਗ ਜਾਗ ਗਏ।

ਹੁਣ ਮਿਸਰ, ਤੁਰਕੀ, ਸਾਊਦੀ ਅਰਬ ਦੇ ਵਜ਼ੀਰ-ਏ-ਖਾਰਿਜਾ ਇਸਲਾਮਾਬਾਦ ਪਹੁੰਚੇ ਹਨ। ਗੱਲ ਇਹ ਤੁਰ ਪਈ ਹੈ ਕਿ ਪਾਕਿਸਤਾਨ ਇਸ ਜੰਗ ਨੂੰ ਰੁਕਵਾਉਣ ਲਈ ਵਿਚੋਲਾ ਬਣ ਸਕਦਾ ਹੈ।

ਗਾਰੰਟੀ ਕਿਸੇ ਦੀ ਕੋਈ ਨਹੀਂ ਪਰ ਇੰਨਾ ਕੁ ਤਾਂ ਹੋ ਸਕਦਾ ਕਿ ਸਾਰੇ ਮੁਲਕ ਸਿਰ ਜੋੜ ਕੇ ਬੈਠ ਜਾਣ ਅਤੇ ਦੁਨੀਆ ਨੂੰ ਇਸ ਤੀਸਰੀ ਜੰਗ-ਏ-ਅਜ਼ੀਮ ਤੋਂ ਬਚਾ ਲੈਣ।

ਜਿਹੜੇ ਪਾਕਿਸਤਾਨੀ ਆਪਣੀ ਹਕੂਮਤ ਨੂੰ ਹਰ ਵੇਲੇ ਲਾਹਨ-ਤਾਹਨ ਕਰਦੇ ਸਨ ਉਹ ਵੀ ਸ਼ਾਬਾਸ਼ੀ ਦੇ ਰਹੇ ਹਨ ਅਤੇ ਬਾਕੀ ਹੁਕਮਰਾਨ ਤਾਂ ਆਪਣੀ ਬੱਲੇ-ਬੱਲੇ ਹੁੰਦੀ ਵੇਖ ਖੁਸ਼ ਹੈ ਹੀ ਹਨ।

ਪਰ ਉਧਰ ਇੰਡੀਆ 'ਚ ਸਿਆਪਾ ਪੈ ਗਿਆ ਹੈ ਕਿ ਇਹ ਪਾਕਿਸਤਾਨ ਜਿਸਨੂੰ ਅਸੀਂ ਦਹਿਸ਼ਤਗਰਦ-ਦਹਿਸ਼ਤਗਰਦ ਕਹਿੰਦੇ ਹਾਂ, ਇਹ ਮੁਲਕ ਜਿਸਨੂੰ ਅਸੀਂ ਦੁਨੀਆ 'ਚ ਇਕੱਲਾ ਕਰਨ ਤੁਰੇ ਸਾਂ, ਇਹ ਕਿੱਥੋਂ ਆ ਕੇ ਪ੍ਰਧਾਨ ਬਣ ਕੇ ਬੈਠ ਗਿਆ।

ਹੁਣ ਗੁਆਂਢੀਆਂ 'ਚ ਥੋੜ੍ਹਾ ਬਹੁਤ ਸਾੜ ਤਾਂ ਚੱਲਦਾ ਹੀ ਰਹਿੰਦਾ ਹੈ ਲੇਕਿਨ ਇੰਡੀਆ ਦੇ ਵਜ਼ੀਰ-ਏ-ਖਾਰਿਜਾ ਸਾਬ੍ਹ ਨੇ ਇੱਕ ਸਰਕਾਰੀ ਮੀਟਿੰਗ 'ਚ ਇਹ ਕਹਿ ਦਿੱਤਾ ਕਿ ਇੰਡੀਆ, ਪਾਕਿਸਤਾਨ ਦੀ ਤਰ੍ਹਾਂ ਇੱਕ ਦਲਾਲ ਕੌਮ ਨਹੀਂ।

ਹੁਣ ਲਫ਼ਜ਼ ਦਲਾਲ ਸ਼ਾਇਦ ਹਿੰਦੀ ਤੇ ਉਰਦੂ 'ਚ ਤਾਂ ਚੱਲ ਜਾਂਦਾ ਹੋਵੇ ਲੇਕਿਨ ਪੰਜਾਬੀ 'ਚ ਤਾਂ ਸਿੱਧੀ-ਸਿੱਧੀ ਗਾਲ੍ਹ ਹੈ।

ਫਿਰ ਪਰੇਸ਼ਾਨੀ ਹੋਈ ਕਿ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਸਭ ਤੋਂ ਸੀਨੀਅਰ ਡਿਪਲੋਮੈਟ ਗਾਲ੍ਹ-ਮੰਦਾ ਕਿਉਂ ਕਰਨ ਲੱਗ ਪਿਆ।

ਫਿਰ ਸ਼ੱਕ ਹੋਇਆ ਬਈ ਸ਼ਾਇਦ ਬਾਕੀ ਇੰਡੀਅਨਜ਼ ਦੀ ਤਰ੍ਹਾਂ ਉਨ੍ਹਾਂ ਨੇ ਵੀ ਧੁਰੰਦਰ ਤੋਂ ਬਾਅਦ ਧੁਰੰਦਰ-2 ਵੇਖ ਲਈ ਹੈ ਤੇ ਉਨ੍ਹਾਂ ਨੂੰ ਵੀ ਹੁਣ ਬਾਕੀ ਸਾਰੀ ਦੁਨੀਆ ਭੁੱਲ ਗਈ ਹੈ, ਸਿਰਫ਼ ਪਾਕਿਸਤਾਨ, ਪਾਕਿਸਤਾਨ 'ਚ ਕਰਾਚੀ ਤੇ ਕਰਾਚੀ 'ਚ ਲਿਯਾਰੀ ਯਾਦ ਰਹਿ ਗਿਆ। ਹੁਣ ਸਾਰੀ ਡਿਪਲੋਮੈਸੀ, ਹਰ ਯੁੱਧ ਧੁਰੰਦਰ ਦੀ ਜ਼ੁਬਾਨ 'ਚ ਹੀ ਹੋਵੇਗਾ।

ਇੰਡੀਆ ਨੂੰ ਆਪਣੀ ਪੰਜ-ਦਸ ਹਜ਼ਾਰ ਸਾਲ ਦੀ ਤਰੀਕ 'ਤੇ ਬਹੁਤ ਮਾਣ ਸੀ ਤੇ ਲੱਖਾਂ ਖੁਦਾ, ਹਜ਼ਾਰਾਂ ਜ਼ੁਬਾਨਾਂ, ਕਦੀਮੀ ਇੰਡੀਆ ਤਾਂ ਕਦੀਮੀ ਲੇਕਿਨ ਮਾਡਰਨ ਇੰਡੀਆ ਨੂੰ ਵੀ ਲੋਕ ਸ਼ਾਈਨਿੰਗ ਇੰਡੀਆ ਕਹਿੰਦੇ ਨਹੀਂ ਥੱਕਦੇ ਸਨ।

ਆਈਟੀ ਦੇ ਏਡੇ ਵੱਡੇ-ਵੱਡੇ ਹੱਬ, ਗੂਗਲ ਤੋਂ ਲੈਕੇ ਪੈਪਸੀ ਤੱਕ, ਕੋਈ ਹਰ ਵੱਡੀ ਗਲੋਬਲ ਕੰਪਨੀ ਦੇਖੋ, ਉਸਦਾ ਚੇਅਰਮੈਨ ਕੋਈ ਨਾ ਕੋਈ ਇੰਡੀਅਨ ਲੱਗਾ ਹੁੰਦਾ ਸੀ।

ਇੰਡੀਆ ਘਰੋਂ ਤਾਂ ਸੁਪਰ ਪਾਵਰ ਬਣਨ ਨਿਕਲਿਆ ਸੀ, ਫਿਰ ਧੁਰੰਦਰ ਵਰਗੀਆਂ ਫਿਲਮਾਂ ਦੇਖ ਲਈਆਂ। ਇਹ ਫੈਸਲਾ ਕਰ ਲਿਆ ਕਿ ਨਹੀਂ ਮੈਂ ਤਾਂ ਲਿਯਾਰੀ ਦਾ ਡੌਨ ਹੀ ਬਣਸਾਂ।

ਹੁਣ ਇਨ੍ਹਾਂ ਨੂੰ ਕੌਣ ਸਮਝਾਵੇ ਕਿ ਲਿਯਾਰੀ ਵਾਲਿਆਂ ਨੇ ਆਪਣੇ ਆਪ ਨੂੰ ਸੰਭਾਲ ਲਿਆ। ਵੈਸੇ ਵੀ ਬਹੁਤ ਛੋਟੀ ਜਗ੍ਹਾ, ਇੰਡੀਆ ਬਹੁਤ ਵੱਡਾ ਮੁਲਕ ਹੈ। ਏਥੇ ਤਾਂ ਮੁੰਬਈ ਦਾ ਇੱਕ ਮਹੱਲਾ ਵੀ ਫਿਟ ਨਹੀਂ ਆਉਣਾ।

ਈਰਾਨ ਤੋਂ ਹਮਲਿਆਂ ਤੋਂ ਬਾਅਦ ਹਾਲ ਇਹ ਹੈ ਕਿ ਇੰਡੀਆ 'ਚ ਗੈਸ ਦੇ ਚੁੱਲ੍ਹੇ ਬੰਦ ਹੋ ਰਹੇ ਹਨ, ਪਾਕਿਸਤਾਨ 'ਚ ਪੈਟਰੋਲ ਏਨਾ ਮਹਿੰਗਾ ਹੋ ਗਿਆ ਕਿ ਸਕੂਲ-ਕਾਲਜ ਬੰਦ ਕੀਤੇ ਜਾ ਰਹੇ ਹਨ।

ਗਲਫ਼ 'ਚ ਕੰਮ ਕਰਨ ਵਾਲੇ ਲੱਖਾਂ ਇੰਡੀਅਨ-ਪਾਕਿਸਤਾਨੀਆਂ ਦੀਆਂ ਜਾਨਾਂ ਨੂੰ ਵੀ ਖ਼ਤਰਾ ਹੈ ਅਤੇ ਰੁਜ਼ਗਾਰ ਨੂੰ ਵੀ। ਇਸ ਤਰ੍ਹਾਂ ਦੇ ਮਾਹੌਲ 'ਚ ਅਗਰ ਛੋਟੀ-ਮੋਟੀ ਦਲਾਲੀ ਕਰਕੇ ਇਹ ਜੰਗ ਟਲ ਜਾਂਦੀ ਹੈ ਤਾਂ ਦੋਵੇਂ ਮੁਲਕਾਂ ਦਾ ਹੀ ਭਲਾ ਹੋਵੇਗਾ। ਬਾਕੀ ਗੁਆਂਢੀਆਂ ਦਾ ਸਾੜ ਆਪਣੀ ਜਗ੍ਹਾ 'ਤੇ ਲੇਕਿਨ ਇਸ ਸਾੜ 'ਚ ਪੂਰਾ ਮਹੱਲਾ ਸੁਆਹ ਨਹੀਂ ਕਰਨਾ ਚਾਹੀਦਾ।

ਸਾਡੀਆਂ ਮਾਂਵਾਂ ਸਾਨੂੰ ਸਮਝਾ ਗਈਆਂ ਸਨ ਬਈ ਗੁਆਂਢੀ ਦਾ ਮੂੰਹ ਲਾਲ ਹੋਵੇ ਤਾਂ ਆਪਣੇ ਮੂੰਹ 'ਤੇ ਚਪੇੜਾਂ ਨਹੀਂ ਮਾਰੀਦੀਆਂ।

ਰੱਬ ਰਾਖਾ।

ਨੋਟ: ਇਹ ਲੇਖਕ ਦੇ ਨਿੱਜੀ ਵਿਚਾਰ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)