You’re viewing a text-only version of this website that uses less data. View the main version of the website including all images and videos.
'ਸਾਡਾ ਇੱਕ-ਇੱਕ ਪਲ਼ ਮੌਤ ਦੇ ਬਹੁਤ ਨੇੜਿਓਂ ਲੰਘਿਆ', ਈਰਾਨ ਤੋਂ ਪਰਤੇ ਇਨ੍ਹਾਂ ਭਾਰਤੀਆਂ ਨੇ ਕੀ ਦੱਸਿਆ
- ਲੇਖਕ, ਮੁਹੰਮਦ ਸਰਤਾਜ ਆਲਮ
- ਰੋਲ, ਬੀਬੀਸੀ ਸਹਿਯੋਗੀ
- ਪੜ੍ਹਨ ਦਾ ਸਮਾਂ: 8 ਮਿੰਟ
ਪਿਛਲੇ ਸਾਲ 8 ਦਸੰਬਰ ਨੂੰ ਈਰਾਨੀ ਅਧਿਕਾਰੀਆਂ ਨੇ ਜਿਸ ਸਮੁੰਦਰੀ ਜਹਾਜ਼ 'ਐਮਟੀ ਵੈਲੈਂਟ ਰੋਰ' ਨੂੰ ਆਪਣੇ ਕਬਜ਼ੇ ਵਿੱਚ ਲਿਆ ਸੀ, ਉਸ ਦੇ ਚਾਲਕ ਦਲ ਦੇ ਅੱਠ ਭਾਰਤੀ ਮੈਂਬਰ ਐਤਵਾਰ ਤੜਕੇ ਭਾਰਤ ਪਹੁੰਚ ਗਏ।
ਪਿਛਲੇ ਸਾਲ 8 ਦਸੰਬਰ ਨੂੰ ਯੂਏਈ ਦੇ ਡਿੱਬਾ ਬੰਦਰਗਾਹ ਦੇ ਨੇੜੇ ਅੰਤਰਰਾਸ਼ਟਰੀ ਜਲ ਖੇਤਰ ਤੋਂ ਫੜੇ ਗਏ ਇਸ ਜਹਾਜ਼ ਵਿੱਚ ਕੁੱਲ 16 ਭਾਰਤੀ ਕਰਮਚਾਰੀ ਮੌਜੂਦ ਸਨ। ਇਨ੍ਹਾਂ ਵਿੱਚੋਂ 8 ਕਰਮਚਾਰੀ 10 ਫਰਵਰੀ ਨੂੰ ਹੀ ਭਾਰਤ ਵਾਪਸ ਆ ਗਏ ਸਨ, ਪਰ ਬਾਕੀ 8 ਕਰਮਚਾਰੀ 27 ਫਰਵਰੀ ਨੂੰ ਰਿਹਾਅ ਹੋਣ ਦੇ ਬਾਵਜੂਦ ਵੀ ਘਰ ਨਹੀਂ ਆ ਸਕੇ।
ਇਰਾਨ 'ਤੇ ਇਜ਼ਰਾਇਲ ਅਤੇ ਅਮਰੀਕਾ ਦੇ ਹਮਲੇ ਕਾਰਨ ਜਹਾਜ਼ ਦੇ ਕਪਤਾਨ ਸਮੇਤ ਬਾਕੀ ਅੱਠ ਜਹਾਜ਼ੀ ਸੰਘਰਸ਼ਪੂਰਨ ਹਾਲਾਤਾਂ ਵਿੱਚ ਅਰਮੀਨੀਆ ਦੇ ਰਾਹੀਂ 29 ਮਾਰਚ ਨੂੰ ਭਾਰਤ ਪਹੁੰਚੇ।
ਈਰਾਨ 'ਤੇ ਇਜ਼ਰਾਇਲ ਅਤੇ ਅਮਰੀਕਾ ਦੇ ਹਮਲੇ ਕਾਰਨ ਜਹਾਜ਼ ਦੇ ਕਪਤਾਨ ਸਣੇ ਬਾਕੀ ਅੱਠ ਜਹਾਜ਼ੀ ਸੰਘਰਸ਼ਮਈ ਹਾਲਾਤਾਂ ਵਿੱਚ ਅਰਮੀਨੀਆ ਦੇ ਰਾਹੀਂ 29 ਮਾਰਚ ਨੂੰ ਭਾਰਤ ਪਹੁੰਚੇ।
ਇੱਕ ਸਮਾਂ ਉਹ ਵੀ ਆਇਆ ਜਦੋਂ ਇਹ ਜਹਾਜ਼ੀ ਉਮੀਦ ਗਵਾ ਬੈਠੇ ਸਨ। ਹੁਣ ਭਾਰਤ ਵਾਪਸ ਆ ਕੇ ਉਹ ਆਪਣੀ ਜ਼ਿੰਦਗੀ ਨਵੇਂ ਸਿਰੇ ਨਾਲ ਸ਼ੁਰੂ ਕਰਨ ਬਾਰੇ ਸੋਚ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਦਾ ਛੇਤੀ ਹੀ ਵਿਆਹ ਹੋਣ ਵਾਲਾ ਹੈ।
ਬੀਬੀਸੀ ਨਾਲ ਫੋਨ 'ਤੇ ਗੱਲ ਕਰਦੇ ਹੋਏ ਇਨ੍ਹਾਂ ਜਹਾਜ਼ੀਆਂ ਨੇ ਈਰਾਨ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਪੈਦਾ ਹੋਏ ਬਹੁਤ ਮੁਸ਼ਕਲ ਹਾਲਾਤਾਂ ਬਾਰੇ ਦੱਸਿਆ।
'...ਲੱਗਿਆ ਸੀ ਕਿ ਕਦੇ ਭਾਰਤ ਨਹੀਂ ਪਹੁੰਚ ਸਕਾਂਗੇ'
ਈਰਾਨੀ ਅਧਿਕਾਰੀਆਂ ਨੇ 6,000 ਮੀਟ੍ਰਿਕ ਟਨ ਗ਼ੈਰ-ਕਾਨੂੰਨੀ ਡੀਜ਼ਲ ਲੈ ਜਾਣ ਦੇ ਇਲਜ਼ਾਮ ਵਿੱਚ ਸਮੁੰਦਰੀ ਜਹਾਜ਼ 'ਐਮਟੀ ਵੈਲੈਂਟ ਰੋਰ' ਨੂੰ ਡਿੱਬਾ ਬੰਦਰਗਾਹ ਦੇ ਨੇੜੇ ਅੰਤਰਰਾਸ਼ਟਰੀ ਜਲ ਖੇਤਰ ਤੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਇਸ ਦੇ 18 ਕਰੂ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਸ ਜਹਾਜ਼ ਦੇ ਕਪਤਾਨ ਵਿਜੈ ਨੇ ਦੱਸਿਆ ਕਿ ਯੂਏਈ ਦੇ ਡਿੱਬਾ ਬੰਦਰਗਾਹ ਦੇ ਨੇੜੇ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਜਹਾਜ਼ 'ਤੇ ਅਚਾਨਕ ਫਾਇਰਿੰਗ ਸ਼ੁਰੂ ਹੋ ਗਈ ਸੀ। ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਕਾਰਵਾਈ ਈਰਾਨੀ ਸੁਰੱਖਿਆ ਬਲ 'ਇਸਲਾਮਿਕ ਰਿਵੋਲਿਊਸ਼ਨਰੀ ਗਾਰਡ' ਨੇ ਕੀਤੀ ਹੈ।
ਇਸ ਤੋਂ ਬਾਅਦ ਈਰਾਨੀ ਸੁਰੱਖਿਆ ਬਲ ਇਸ ਜਹਾਜ਼ ਨੂੰ ਅੰਤਰਰਾਸ਼ਟਰੀ ਜਲ ਖੇਤਰ ਤੋਂ ਈਰਾਨੀ ਬੰਦਰਗਾਹ ਬੰਦਰਅੱਬਾਸ ਤੱਕ ਲੈ ਗਏ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਉਸ ਦੌਰਾਨ ਈਰਾਨੀ ਅਧਿਕਾਰੀਆਂ ਨੇ ਜਹਾਜ਼ ਦੇ ਸਾਰੇ ਕਰਮਚਾਰੀਆਂ ਤੋਂ ਉਨ੍ਹਾਂ ਦੇ ਪੈਸੇ, ਸਮਾਨ, ਮੋਬਾਈਲ, ਲੈਪਟਾਪ, ਸਾਰੇ ਕੱਪੜੇ, ਪਾਸਪੋਰਟ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਸਿੱਖਿਅਕ ਪ੍ਰਮਾਣ ਪੱਤਰ ਵੀ ਜ਼ਬਤ ਕਰ ਲਏ।
ਕਪਤਾਨ ਵਿਜੈ ਨੇ ਕਿਹਾ, "ਸਾਨੂੰ ਕਈ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਨ ਲਈ ਕਿਹਾ ਗਿਆ ਪਰ ਅਸੀਂ ਇਨਕਾਰ ਕਰ ਦਿੱਤਾ।"
ਇਸ ਜਹਾਜ਼ ਦੇ 18 ਕਰੂ ਮੈਂਬਰਾਂ ਵਿੱਚੋਂ 16 ਭਾਰਤੀ ਸਨ। ਇਨ੍ਹਾਂ ਵਿੱਚੋਂ 10 ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ 6 ਨੂੰ ਈਰਾਨੀ ਗਾਰਡਜ਼ ਦੀ ਸਖ਼ਤ ਨਿਗਰਾਨੀ ਹੇਠ ਜਹਾਜ਼ ਦੇ ਮੈੱਸ ਰੂਮ ਵਿੱਚ 27 ਫਰਵਰੀ ਤੱਕ ਨਜ਼ਰਬੰਦ ਰੱਖਿਆ ਗਿਆ।
ਚਾਲਕ ਦਲ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉੱਥੇ ਬਹੁਤ ਖ਼ਰਾਬ ਹਾਲਾਤ ਵਿੱਚ ਰੱਖਿਆ ਹੋਇਆ ਸੀ।
ਫੋਨ 'ਤੇ ਹੋਈ ਗੱਲਬਾਤ ਵਿੱਚ ਜਹਾਜ਼ ਦੇ ਸੈਕੰਡ ਇੰਜੀਨੀਅਰ ਰਾਜਸ਼ੇਖਰ ਡੂੰਗਾ ਨੇ ਭਾਵੁਕ ਹੋ ਕੇ ਕਿਹਾ, "ਰਾਸ਼ਨ ਨਾ ਹੋਣ ਕਰਕੇ ਅਸੀਂ ਲੂਣ ਨਾਲ ਚੌਲ ਖਾਂਦੇ ਸੀ ਅਤੇ ਇੰਡਸਟ੍ਰੀਅਲ ਵਾਟਰ, ਜੋ ਪੀਣ ਯੋਗ ਨਹੀਂ ਸੀ, ਉਸ ਨੂੰ ਉਬਾਲ ਕੇ ਪੀਂਦੇ ਸੀ।"
ਇਸ ਵਿਚਾਲੇ ਚਾਲਕ ਦਲ ਦੇ ਪਰੇਸ਼ਾਨ ਪਰਿਵਾਰਕ ਮੈਂਬਰਾਂ ਨੇ ਜਨਵਰੀ ਮਹੀਨੇ ਵਿੱਚ ਦਿੱਲੀ ਹਾਈਕੋਰਟ ਦਾ ਰੁਖ਼ ਕੀਤਾ। ਹਾਈਕੋਰਟ ਨੇ 15 ਜਨਵਰੀ ਨੂੰ ਵਿਦੇਸ਼ ਮੰਤਰਾਲੇ ਤੋਂ ਜਵਾਬ ਮੰਗਿਆ, ਜਿਸ ਦਾ ਜਵਾਬ ਵਿਦੇਸ਼ ਮੰਤਰਾਲੇ ਨੇ 20 ਜਨਵਰੀ ਨੂੰ ਦਾਖ਼ਲ ਕੀਤਾ।
ਜਵਾਬ ਵਿੱਚ ਕਿਹਾ ਗਿਆ ਕਿ "ਸਥਿਤੀ 'ਤੇ ਵਿਦੇਸ਼ ਮੰਤਰਾਲਾ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਗ੍ਰਿਫ਼ਤਾਰ ਕਰੂ ਨੂੰ ਕਾਊਂਸਲਰ ਐਕਸੈਸ ਦਿੱਤਾ ਗਿਆ ਹੈ।"
ਜਹਾਜ਼ੀ ਸਤੀਸ਼ ਅਨੁਸਾਰ ਭਾਰਤੀ ਦੂਤਾਵਾਸ ਨੇ ਕਾਊਂਸਲਰ ਐਕਸੈਸ ਜਨਵਰੀ ਦੇ ਦੂਜੇ ਹਫ਼ਤੇ ਵਿੱਚ ਮੁਹੱਈਆ ਕਰਵਾਇਆ।
ਬੀਬੀਸੀ ਨਾਲ ਗੱਲ ਕਰਦੇ ਹੋਏ ਇਨ੍ਹਾਂ ਜਹਾਜ਼ੀਆਂ ਨੇ ਦੱਸਿਆ ਕਿ ਕਾਊਂਸਲਰ ਐਕਸੈਸ ਮਿਲਣ ਤੋਂ ਪਹਿਲਾਂ ਕਈ ਵਾਰ ਅਜਿਹਾ ਲੱਗਦਾ ਸੀ ਕਿ ਉਹ ਕਦੇ ਆਪਣੇ ਦੇਸ਼ ਵਾਪਸ ਨਹੀਂ ਪਹੁੰਚ ਸਕਣਗੇ, ਕਿਉਂਕਿ ਕਈ ਲੋਕ ਅਜਿਹੇ ਹੀ ਹਾਲਾਤ ਵਿੱਚ ਸਾਲਾਂ ਤੋਂ ਜਹਾਜ਼ਾਂ ਵਿੱਚ ਫਸੇ ਹੋਏ ਸਨ।
ਰਿਹਾਅ ਤਾਂ ਹੋ ਗਏ, ਪਰ...
10 ਫਰਵਰੀ ਨੂੰ 8 ਕਰਮਚਾਰੀ ਰਿਹਾਅ ਹੋ ਕੇ ਭਾਰਤ ਪਹੁੰਚ ਗਏ। ਪਰ ਜੇਲ੍ਹ ਵਿੱਚ ਰਹਿ ਰਹੇ ਦਿੱਲੀ ਦੇ ਕੇਤਨ ਮਹਿਤਾ, ਉੱਤਰ ਪ੍ਰਦੇਸ਼ ਦੇ ਅਨਿਲ ਕੁਮਾਰ ਸਿੰਘ, ਹਰਿਆਣਾ ਦੇ ਸਤੀਸ਼ ਕੁਮਾਰ, ਆਂਧਰਾ ਪ੍ਰਦੇਸ਼ ਦੇ ਵੈਂਕਟ ਰਾਓ ਅਤੇ ਬਿਹਾਰ ਦੇ ਮਸੂਦ ਆਲਮ ਨੂੰ ਰਿਹਾਈ ਨਹੀਂ ਮਿਲੀ।
ਉਨ੍ਹਾਂ ਨੇ ਦੱਸਿਆ ਕਿ ਈਰਾਨੀ ਗਾਰਡਜ਼ ਉਨ੍ਹਾਂ ਨੂੰ ਵਾਪਸ ਜਹਾਜ਼ 'ਤੇ ਲੈ ਆਏ, ਜਿੱਥੇ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਕਪਤਾਨ ਵਿਜੈ, ਆਂਧਰਾ ਪ੍ਰਦੇਸ਼ ਦੇ ਰਾਜਸ਼ੇਖਰ ਡੂੰਗਾ ਅਤੇ ਨੰਦਕੀ ਵੈਂਕਟੇਸ਼ ਨਜ਼ਰਬੰਦ ਸਨ।
ਉਨ੍ਹਾਂ ਨੇ ਦੱਸਿਆ ਕਿ ਈਰਾਨੀ ਗਾਰਡਜ਼ ਉਨ੍ਹਾਂ ਨੂੰ ਵਾਪਸ ਜਹਾਜ਼ 'ਤੇ ਲੈ ਆਏ, ਜਿੱਥੇ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਕਪਤਾਨ ਵਿਜੈ, ਆਂਧਰਾ ਪ੍ਰਦੇਸ਼ ਦੇ ਰਾਜਸ਼ੇਖਰ ਡੂੰਗਾ ਅਤੇ ਨੰਦਕੀ ਵੈਂਕਟੇਸ਼ ਨਜ਼ਰਬੰਦ ਸਨ।
ਅਨਿਸ਼ਚਿਤਤਾ, ਡਰ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਲੋਕਾਂ ਨੂੰ ਰਿਹਾਈ ਦਾ ਹੁਕਮ 27 ਫਰਵਰੀ ਦੀ ਸ਼ਾਮ ਨੂੰ ਮਿਲਿਆ।
ਰਿਹਾਈ ਦਾ ਹੁਕਮ ਮਿਲਣ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਦਖ਼ਲ ਦੇ ਕੇ ਈਰਾਨੀ ਗਾਰਡਜ਼ ਤੋਂ ਸਾਰੇ ਅੱਠ ਕਰਮਚਾਰੀਆਂ ਦੇ ਪਾਸਪੋਰਟ ਵਾਪਸ ਦਿਵਾਏ। ਇਸ ਨਾਲ ਇਨ੍ਹਾਂ ਲੋਕਾਂ ਨੂੰ ਲੱਗਾ ਕਿ ਉਹ ਆਖ਼ਰਕਾਰ ਆਜ਼ਾਦ ਹੋ ਗਏ ਹਨ, ਪਰ ਰਾਤ ਵੇਲੇ ਇਜ਼ਰਾਇਲ ਅਤੇ ਅਮਰੀਕਾ ਨੇ ਈਰਾਨ 'ਤੇ ਹਮਲਾ ਕਰ ਦਿੱਤਾ।
ਜਹਾਜ਼ ਦੇ ਕਪਤਾਨ ਵਿਜੈ ਕੁਮਾਰ ਕਹਿੰਦੇ ਹਨ, "ਜੰਗ ਕਾਰਨ ਰਿਹਾਈ ਦੇ ਹੁਕਮ ਦੀ ਖੁਸ਼ੀ ਕੁਝ ਘੰਟਿਆਂ ਲਈ ਵੀ ਕਾਇਮ ਨਹੀਂ ਰਹੀ।"
ਇਜ਼ਰਾਇਲ-ਅਮਰੀਕਾ ਅਤੇ ਈਰਾਨ ਦੀ ਜੰਗ ਦੇ ਨਾਲ ਹੀ ਈਰਾਨ ਦੇ ਬਾਰਡਰ ਅਤੇ ਹਵਾਈ ਅੱਡਿਆਂ ਤੋਂ ਆਵਾਜਾਈ ਰੁਕ ਗਈ, ਜਿਸ ਕਾਰਨ ਰਿਹਾਈ ਤੋਂ ਬਾਅਦ ਵੀ ਇਹ ਲੋਕ ਭਾਰਤ ਵਾਪਸ ਨਹੀਂ ਆ ਸਕੇ।
'ਬੇਵੱਸ ਹੋ ਕੇ ਆਲੇ-ਦੁਆਲੇ ਡਿੱਗ ਰਹੀਆਂ ਮਿਜ਼ਾਈਲਾਂ ਨੂੰ ਦੇਖਦੇ ਰਹੇ'
ਇਨ੍ਹਾਂ ਦਾ ਕਹਿਣਾ ਹੈ ਕਿ ਬੰਦਰ ਅੱਬਾਸ ਵਿੱਚ ਈਰਾਨੀ ਨੇਵੀ ਬੇਸ ਦੇ ਬਿਲਕੁਲ ਨੇੜੇ ਉਨ੍ਹਾਂ ਦਾ ਜਹਾਜ਼ ਮੌਜੂਦ ਸੀ। ਅਜਿਹੇ ਵਿੱਚ ਜੰਗ ਸ਼ੁਰੂ ਹੋਣ ਨਾਲ ਸਭ ਨੂੰ ਇੱਕ ਨਵੀਂ ਚਿੰਤਾ ਨੇ ਘੇਰ ਲਿਆ।
ਕਪਤਾਨ ਵਿਜੈ ਨੇ ਦੱਸਿਆ ਕਿ ਉਹ ਚਾਹੁੰਦੇ ਹੋਏ ਵੀ ਜਹਾਜ਼ ਨੂੰ ਕਿਸੇ ਹੋਰ ਥਾਂ ਨਹੀਂ ਲੈ ਜਾ ਸਕਦੇ ਸਨ, ਕਿਉਂਕਿ ਜਹਾਜ਼ ਦੇ ਸਾਰੇ ਨੇਵੀਗੇਸ਼ਨ ਉਪਕਰਨ ਪਹਿਲਾਂ ਹੀ ਈਰਾਨੀ ਅਧਿਕਾਰੀ ਹਟਾ ਚੁੱਕੇ ਸਨ।
ਉਹ ਕਹਿੰਦੇ ਹਨ, "ਅਜਿਹੇ ਵਿੱਚ ਅਸੀਂ ਸਾਰੀ ਰਾਤ ਬੇਵੱਸ ਹੋ ਕੇ ਅਸਮਾਨ ਤੋਂ ਆ ਰਹੀਆਂ ਮਿਜ਼ਾਇਲਾਂ ਨੂੰ ਦੇਖਦੇ ਰਹੇ, ਜੋ ਸਾਡੇ ਆਲੇ-ਦੁਆਲੇ ਡਿੱਗ ਰਹੀਆਂ ਸਨ।"
ਕਪਤਾਨ ਵਿਜੈ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਕੰਪਨੀ ਨੂੰ ਇਸ ਸਥਿਤੀ ਬਾਰੇ ਜਾਣਕਾਰੀ ਵੀ ਦਿੱਤੀ ਕਿ ਉਨ੍ਹਾਂ ਕੋਲ ਅੱਗ ਨਾਲ ਨਜਿੱਠਣ ਜਾਂ ਜ਼ਿੰਦਗੀ ਬਚਾਉਣ ਵਾਲੇ ਉਪਕਰਨ ਨਹੀਂ ਹਨ। ਪਰ ਕੰਪਨੀ ਦਾ ਹੁਕਮ ਸੀ ਕਿ ਉਹ ਸਾਰੇ ਜਹਾਜ਼ 'ਤੇ ਹੀ ਰਹਿਣ।
ਬੀਬੀਸੀ ਨੇ ਕਪਤਾਨ ਵਿਜੈ ਦੇ ਇਸ ਦਾਅਵੇ ਬਾਰੇ ਕੰਪਨੀ ਦੇ ਮਾਲਕ ਜੋਗਵਿੰਦਰ ਬਰਾੜ ਨਾਲ ਸੰਪਰਕ ਕੀਤਾ, ਪਰ ਉਨ੍ਹਾਂ ਨੇ ਕਾਲ ਦਾ ਜਵਾਬ ਨਹੀਂ ਦਿੱਤਾ।
3 ਮਾਰਚ ਦੀ ਰਾਤ ਭਾਰਤੀ ਦੂਤਾਵਾਸ ਨੇ ਸਾਰਿਆਂ ਨੂੰ ਰੈਸਕਿਊ ਕਰਵਾ ਕੇ ਬੰਦਰ ਅੱਬਾਸ ਦੇ ਇੱਕ ਹੋਟਲ ਵਿੱਚ ਠਹਿਰਾਇਆ।
ਕੇਤਨ ਮਹਿਤਾ ਕਹਿੰਦੇ ਹਨ ਕਿ ਉੱਥੇ ਵੀ ਆਲੇ-ਦੁਆਲੇ ਪਿਆ ਮਲਬਾ ਦੇਖ ਕੇ ਦਿਨ ਵਿੱਚ ਨੀਂਦ ਨਹੀਂ ਆਉਂਦੀ ਸੀ ਅਤੇ ਰਾਤ ਵੀ ਮਿਜ਼ਾਈਲਾਂ ਦੇ ਖ਼ੌਫ਼ ਵਿੱਚ ਹੀ ਲੰਘਦੀ ਸੀ।
ਕੇਤਨ ਮਹਿਤਾ ਦੀ ਗੱਲ ਨੂੰ ਵਿਚਕਾਰੋਂ ਰੋਕਦੇ ਹੋਏ ਚੀਫ਼ ਇੰਜੀਨੀਅਰ ਅਨਿਲ ਕੁਮਾਰ ਸਿੰਘ ਕਹਿੰਦੇ ਹਨ, "ਪੰਜਾਹ ਸਾਲ ਦੀ ਉਮਰ ਤੱਕ ਮੈਂ ਕਦੇ ਦੁੱਖ, ਤਕਲੀਫ਼ ਜਾਂ ਖ਼ੌਫ਼ ਦਾ ਅਜਿਹਾ ਮੰਜ਼ਰ ਨਹੀਂ ਦੇਖਿਆ। ਪਰ ਇਸ ਸਫ਼ਰ ਵਿੱਚ ਸਾਡਾ ਇੱਕ-ਇੱਕ ਪਲ ਮੌਤ ਦੇ ਬਿਲਕੁਲ ਨੇੜਿਓਂ ਲੰਘਿਆ।"
ਭਾਰਤੀ ਕਰੂ ਅਨੁਸਾਰ ਹਾਲਾਤ ਅਜਿਹੇ ਸਨ ਕਿ ਆਲੇ-ਦੁਆਲੇ ਹੋ ਰਹੀ ਬੰਬਾਰੀ ਕਾਰਨ ਪੂਰੀ ਰਾਤ ਉਨ੍ਹਾਂ ਦੇ ਹੋਟਲ ਦੀਆਂ ਕੰਧਾਂ ਜ਼ੋਰ ਨਾਲ ਕੰਬਦੀਆਂ ਰਹਿੰਦੀਆਂ ਸਨ।
ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਨਿਲ ਕੁਮਾਰ ਸਿੰਘ ਦੱਸਦੇ ਹਨ ਕਿ 3 ਤੋਂ 11 ਮਾਰਚ ਤੱਕ ਹਾਲਾਤ ਬਹੁਤ ਹੀ ਖ਼ਰਾਬ ਰਹੇ, ਪਰ 11 ਮਾਰਚ ਤੋਂ ਬਾਅਦ ਹਮਲਿਆਂ ਵਿੱਚ ਕਮੀ ਆ ਗਈ।
ਬਿਨ੍ਹਾਂ ਪੈਸਿਆਂ ਦੇ ਦੋ ਦੇਸ਼ਾਂ ਦੀ ਯਾਤਰਾ
15 ਮਾਰਚ ਨੂੰ ਭਾਰਤੀ ਦੂਤਾਵਾਸ ਨੇ ਕਪਤਾਨ ਵਿਜੈ ਨੂੰ ਅਰਮੀਨੀਆ ਸਰਹੱਦ ਖੁਲ੍ਹਣ ਦੀ ਜਾਣਕਾਰੀ ਦਿੱਤੀ।
ਚਾਲਕ ਦਲ ਦੇ ਮੈਂਬਰਾਂ ਨੇ ਦੱਸਿਆ ਕਿ ਗ੍ਰਿਫ਼ਤਾਰੀ ਵੇਲੇ ਉਨ੍ਹਾਂ ਦੇ ਪੈਸੇ-ਕੱਪੜੇ ਸਭ ਕੁਝ ਈਰਾਨੀ ਅਧਿਕਾਰੀਆਂ ਨੇ ਲੈ ਲਿਆ ਸੀ, ਇਸ ਲਈ ਵਾਪਸ ਆਉਣ ਲਈ ਉਨ੍ਹਾਂ ਨੂੰ ਕਿਤਿਓਂ ਉਧਾਰ ਪੈਸਿਆਂ ਦਾ ਇੰਤਜ਼ਾਮ ਕਰਨਾ ਪਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਕੈਬ ਲਈ। ਸਫ਼ਰ ਦੌਰਾਨ ਉਹ ਇੱਕ ਅਜਿਹੇ ਇਲਾਕੇ ਤੋਂ ਵੀ ਲੰਘੇ ਜਿੱਥੇ ਬੰਬਾਰੀ ਹੋ ਰਹੀ ਸੀ। ਅਰਮੀਨੀਆ ਸਰਹੱਦ ਤੋਂ ਲਗਭਗ 60 ਕਿਲੋਮੀਟਰ ਪਹਿਲਾਂ ਈਰਾਨ ਦੇ ਜੌਲਫਾ ਵਿੱਚ ਉਨ੍ਹਾਂ ਨੂੰ ਰੁਕਣਾ ਪਿਆ।
ਤਿੰਨ ਦਿਨ ਦੇ ਇੰਤਜ਼ਾਰ ਤੋਂ ਬਾਅਦ ਸਾਰਿਆਂ ਨੂੰ ਅਰਮੀਨੀਆ ਦਾ ਵੀਜ਼ਾ ਮਿਲਿਆ। 27 ਮਾਰਚ ਨੂੰ ਇਹ ਅਰਮੀਨੀਆ ਦੀ ਰਾਜਧਾਨੀ ਯੇਰੇਵਾਨ ਪਹੁੰਚੇ। ਉੱਥੇ ਸਾਰਿਆਂ ਨੇ ਏਅਰਪੋਰਟ ਦੇ ਨੇੜੇ ਇੱਕ ਹੋਟਲ ਵਿੱਚ ਰਾਤ ਬਿਤਾਈ।
28 ਮਾਰਚ ਦੀ ਸ਼ਾਮ ਇਹ ਸਾਰੇ ਦੁਬਈ ਪਹੁੰਚੇ, ਜਿੱਥੋਂ 29 ਮਾਰਚ ਸਵੇਰੇ 5 ਵਜੇ ਇਹ ਲੋਕ ਮੁੰਬਈ ਪਹੁੰਚ ਗਏ।
ਚਾਲਕ ਦਲ ਦੇ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ ਉਡਾਣਾਂ ਲਈ ਡੀਜੀ ਸ਼ਿਪਿੰਗ ਆਫ਼ ਇੰਡੀਆ ਦੀ ਪਹਿਲ 'ਤੇ ਸਾਰਿਆਂ ਨੂੰ ਫਲਾਈਟ ਦੀਆਂ ਟਿਕਟਾਂ ਮੁਹੱਈਆ ਕਰਵਾਈਆਂ ਗਈਆਂ।
ਕਪਤਾਨ ਵਿਜੈ ਕਹਿੰਦੇ ਹਨ, "ਈਰਾਨੀ ਕੰਟ੍ਰੋਲ ਦੌਰਾਨ ਜਹਾਜ਼ 'ਤੇ ਖਾਣ-ਪੀਣ ਤੋਂ ਲੈ ਕੇ ਹੋਰ ਜ਼ਰੂਰੀ ਚੀਜ਼ਾਂ, ਵਕੀਲ, ਹੋਟਲ, ਕੈਬ ਆਦਿ ਦਾ ਖਰਚ ਅਤੇ ਸਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਕੰਪਨੀ ਦੇ ਮਾਲਕ ਦੀ ਸੀ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਾ ਮਿਲਣਾ ਸਾਡੇ ਲਈ ਨਿਰਾਸ਼ਾ ਭਰਿਆ ਰਿਹਾ।"
ਉਹ ਦੱਸਦੇ ਹਨ ਕਿ ਭਾਰਤੀ ਦੂਤਾਵਾਸ ਦੇ ਦਖ਼ਲ ਤੋਂ ਬਾਅਦ ਕੰਪਨੀ ਨੇ ਸਿਰਫ਼ ਬੰਦਰਅੱਬਾਸ ਦੇ ਹੋਟਲ ਦਾ ਖਰਚਾ ਚੁਕਾਇਆ, ਜਦਕਿ ਜੌਲਫਾ ਦੇ ਹੋਟਲ ਦਾ ਖਰਚਾ ਅੰਬੈਸੀ ਨੇ ਭਰਿਆ। ਅਰਮੀਨੀਆ ਪਹੁੰਚਣ 'ਤੇ ਲਿਆ ਗਿਆ ਹੋਟਲ ਦਾ ਖਰਚਾ ਕਰੂ ਨੇ ਖੁਦ ਚੁਕਾਇਆ।
ਕਪਤਾਨ ਵਿਜੈ ਨਾਲ ਸਹਿਮਤ ਮਸੂਦ ਆਲਮ ਕਹਿੰਦੇ ਹਨ, "ਸਾਡੇ ਸਾਰੇ ਕਰੂ ਦੀ ਕਈ ਮਹੀਨਿਆਂ ਦੀ ਤਨਖ਼ਾਹ ਅਜੇ ਤੱਕ ਨਹੀਂ ਦਿੱਤੀ ਗਈ। ਦੱਸੋ ਅਸੀਂ ਦੁਬਾਰਾ ਇਸ ਕੰਪਨੀ ਦੇ ਜਹਾਜ਼ 'ਤੇ ਜਾਣ ਦੀ ਹਿੰਮਤ ਕਿਵੇਂ ਕਰਾਂਗੇ?"
ਖ਼ਤਰਨਾਕ ਮੁਲਜ਼ਮਾਂ ਨਾਲ ਕੈਦ ਤੋਂ ਲੈ ਕੇ ਵਿਆਹ ਦੀਆਂ ਤਿਆਰੀਆਂ ਤੱਕ
ਮਸੂਦ ਦਾ ਕਹਿਣਾ ਹੈ ਕਿ ਇਹ ਸਫ਼ਰ ਇੱਕ ਅਜਿਹੀ ਹਕੀਕਤ ਹੈ ਜਿਸ ਤੋਂ ਬਾਹਰ ਆਉਣਾ ਬਹੁਤ ਮੁਸ਼ਕਲ ਹੈ।
ਉਹ ਕਹਿੰਦੇ ਹਨ, "ਸਾਨੂੰ ਈਰਾਨੀਆਂ ਨੇ ਰੇਪ, ਡਰੱਗ ਤਸਕਰੀ ਅਤੇ ਕਤਲ ਵਰਗੇ ਗੰਭੀਰ ਮੁਲਜ਼ਮਾਂ ਨਾਲ ਰੱਖਿਆ ਜੋ ਬੇਹੱਦ ਦੁਖਦਾਈ ਸੀ, ਕਿਉਂਕਿ ਅਸੀਂ ਸਾਰੇ ਬੇਕਸੂਰ ਸੀ। ਇਹ ਗੱਲ ਅਸੀਂ ਕਦੇ ਨਹੀਂ ਭੁੱਲ ਸਕਦੇ। ਇਸ ਦੀ ਜ਼ਿੰਮੇਵਾਰੀ ਸਿਰਫ਼ ਕੰਪਨੀ ਦੀ ਹੈ।"
ਹਾਲਾਂਕਿ, ਭਾਰਤ ਵਾਪਸ ਆਉਣ ਤੋਂ ਬਾਅਦ ਇਹ ਸਾਰੇ ਜਹਾਜ਼ੀ ਕਾਫ਼ੀ ਰਾਹਤ ਮਹਿਸੂਸ ਕਰ ਰਹੇ ਹਨ।
ਮਸੂਦ ਦਾ ਈਦ ਤੋਂ ਬਾਅਦ ਵਿਆਹ ਹੋਣਾ ਸੀ, ਜੋ ਇੱਕ ਵਾਰ ਲੱਗਦਾ ਸੀ ਕਿ ਰੁਕ ਜਾਵੇਗਾ, ਪਰ ਹੁਣ ਫਿਰ ਉਮੀਦ ਵਾਪਸ ਆ ਗਈ ਹੈ।
ਵਿਆਹ ਦੀ ਨਵੀਂ ਤਰੀਕ ਤੈਅ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਘਰ ਵਿੱਚ ਮੁੜ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਬੀਬੀਸੀ ਨਾਲ ਗੱਲਬਾਤ ਵਿੱਚ ਮਸੂਦ ਦੇ ਜੀਜੇ ਨੇ ਖੁਸ਼ ਹੋ ਕੇ ਦੱਸਿਆ ਕਿ ਅੱਜਕੱਲ੍ਹ ਸਾਰੇ ਲੋਕ ਵਿਆਹ ਲਈ ਖਰੀਦਦਾਰੀ ਵਿੱਚ ਮਸਰੂਫ਼ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ