'ਇੱਕ ਸਿਰ ਵੱਢੋਗੇ ਤਾਂ ਹੋਰ ਨਵੇਂ ਉੱਗ ਆਉਣਗੇ', ਈਰਾਨ ਦੇ ਹਾਕਮਾਂ ਨੇ ਸੱਤਾ 'ਚ ਬਣੇ ਰਹਿਣ ਲਈ ਕਿਵੇਂ ਬਣਾਇਆ ਅਜਿਹਾ ਸਿਸਟਮ

ਇਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖ਼ਾਮੇਨੇਈ ਦੀ ਇਕ ਵੱਡੀ ਤਸਵੀਰ, ਜੋ ਕਿ ਅਲੀ ਖ਼ਾਮੇਨਈ ਦੇ ਸਪੁੱਤਰ ਹਨ

ਤਸਵੀਰ ਸਰੋਤ, Morteza Nikoubazl/NurPhoto via Getty Images

ਤਸਵੀਰ ਕੈਪਸ਼ਨ, ਮਾਹਰਾਂ ਦਾ ਕਹਿਣਾ ਹੈ ਕਿ ਈਰਾਨ ਦੇ ਸੱਤਾ ਢਾਂਚੇ ਨੇ ਸ਼ਾਸਨ ਨੂੰ ਵਾਰ-ਵਾਰ ਲੱਗਣ ਵਾਲੇ ਝਟਕਿਆਂ ਨੂੰ ਸਹਿਣ ਦੇ ਯੋਗ ਬਣਾਇਆ ਹੈ।
    • ਲੇਖਕ, ਲੁਇਸ ਬਰੁਚੋ
    • ਰੋਲ, ਬੀਬੀਸੀ ਵਰਲਡ ਸਰਵਿਸ
  • ਪੜ੍ਹਨ ਦਾ ਸਮਾਂ: 8 ਮਿੰਟ

1979 ਦੀ ਕ੍ਰਾਂਤੀ ਰਾਹੀਂ ਈਰਾਨ ਦੀ ਸੱਤਾ ਵਿੱਚ ਆਏ ਹਾਕਮਾਂ ਨੂੰ ਕਰੀਬ ਚਾਰ ਦਹਾਕਿਆਂ ਤੋਂ ਵੱਧ ਸਮੇਂ ਬਾਅਦ, ਹੁਣ ਸਭ ਤੋਂ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਮਰੀਕਾ ਅਤੇ ਇਜ਼ਰਾਇਲ ਦੇ ਸਾਂਝੇ ਹਵਾਈ ਹਮਲਿਆਂ ਵਿੱਚ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨਈ ਅਤੇ ਹੋਰ ਚੋਟੀ ਦੇ ਫੌਜੀ ਕਮਾਂਡਰ ਮਾਰੇ ਗਏ ਹਨ ਅਤੇ ਨਾਲ ਹੀ ਅਹਿਮ ਬੁਨਿਆਦੀ ਢਾਂਚੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

ਅਮਰੀਕਾ ਅਤੇ ਇਜ਼ਰਾਇਲ ਦੋਵਾਂ ਨੇ ਹੀ ਸੱਤਾ ਤਬਦੀਲੀ ਦੇ ਸੰਕੇਤ ਦਿੱਤੇ ਹਨ ਅਤੇ ਈਰਾਨੀਆਂ ਨੂੰ ਆਪਣੀ ਸਰਕਾਰ ਦਾ ਤਖ਼ਤਾ ਪਲਟਣ ਦੀ ਅਪੀਲ ਕੀਤੀ ਹੈ।

ਹਾਲਾਂਕਿ, ਮਾਹਰਾਂ ਦਾ ਕਹਿਣਾ ਹੈ ਕਿ ਈਰਾਨ ਸ਼ਾਸਨ ਨੇ ਜਾਣਬੁੱਝ ਕੇ ਇੱਕ ਅਜਿਹਾ ਸ਼ਕਤੀਸ਼ਾਲੀ ਢਾਂਚਾ ਤਿਆਰ ਕੀਤਾ ਹੈ ਜੋ ਬਹੁਤ ਟਿਕਾਊ ਹੈ ਅਤੇ ਜਿਸ ਨੂੰ ਆਸਾਨੀ ਨਾਲ ਡੇਗਣਾ ਮੁਸ਼ਕਲ ਹੈ।

ਤਾਂ ਫਿਰ ਇਸ ਸਿਸਟਮ ਦੀ ਮਜ਼ਬੂਤੀ ਦਾ ਕਾਰਨ ਕੀ ਹੈ ਅਤੇ ਇਹ ਮੱਧ ਪੂਰਬ ਦੇ ਹੋਰ ਦੇਸ਼ਾਂ ਨਾਲੋਂ ਕਿਵੇਂ ਵੱਖਰਾ ਹੈ?

ਹਾਈਡਰਾ ਵਰਗਾ ਢਾਂਚਾ'

 ਮੋਜਤਬਾ ਖ਼ਾਮੇਨਈ ਦੀ ਤਸਵੀਰ

ਤਸਵੀਰ ਸਰੋਤ, Morteza Nikoubazl/NurPhoto via Getty Images

ਤਸਵੀਰ ਕੈਪਸ਼ਨ, ਨਵੇਂ ਸੁਪਰੀਮ ਲੀਡਰ ਮੋਜਤਬਾ ਖ਼ਾਮੇਨਈ ਤੋਂ ਆਪਣੇ ਪਿਤਾ ਦੇ ਕੱਟੜਪੰਥੀ ਸ਼ਾਸਨ ਨੂੰ ਜਾਰੀ ਰੱਖਣ ਦੀ ਉਮੀਦ ਕੀਤੀ ਜਾ ਰਹੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਈਰਾਨ ਦੀ ਬਾਦਸ਼ਾਹੀ ਦਾ ਤਖ਼ਤਾ ਪਲਟਣ ਤੋਂ ਬਾਅਦ, ਇਸਲਾਮਿਕ ਰਿਪਬਲਿਕ ਨੇ ਲਗਾਤਾਰ ਇੱਕ ਅਜਿਹੀ ਸਿਆਸੀ ਪ੍ਰਣਾਲੀ ਵਿਕਸਿਤ ਕੀਤੀ ਹੈ ਜੋ ਵੱਡੇ ਝਟਕਿਆਂ ਨੂੰ ਸਹਿਣ ਲਈ ਤਿਆਰ ਕੀਤੀ ਗਈ ਹੈ।

ਇਹ ਸਿਸਟਮ ਸਖ਼ਤ ਕੰਟਰੋਲ ਵਾਲੀਆਂ ਸੰਸਥਾਵਾਂ, ਵਿਚਾਰਧਾਰਕ ਪ੍ਰਚਾਰ, ਕੁਲੀਨ ਵਰਗ ਦੀ ਅੰਦਰੂਨੀ ਇਕਜੁੱਟਤਾ ਅਤੇ ਖਿੰਡੇ ਹੋਏ ਵਿਰੋਧੀ ਪੱਖ ਦਾ ਸੁਮੇਲ ਹੈ।

ਬੈਲਜੀਅਮ ਦੇ 'ਯੂਰਪੀਅਨ ਜੀਓਪੋਲੀਟਿਕਲ ਇੰਸਟੀਚਿਊਟ' ਦੇ ਮੱਧ-ਪੂਰਬ ਖੋਜਕਰਤਾ ਸੇਬੇਸਟੀਅਨ ਬੋਸੋਇਸ ਕਹਿੰਦੇ ਹਨ, "ਇਹ ਇੱਕ ਹਾਈਡਰਾ ਵਰਗਾ ਢਾਂਚਾ ਹੈ, ਤੁਸੀਂ ਇੱਕ ਸਿਰ ਵੱਢਦੇ ਹੋ ਅਤੇ ਉਸ ਦੀ ਥਾਂ ਨਵੇਂ ਸਿਰ ਉੱਗ ਆਉਂਦੇ ਹਨ।"

ਐਤਵਾਰ ਨੂੰ ਅਲੀ ਖ਼ਾਮੇਨਈ ਦੇ ਪੁੱਤਰ ਮੋਜਤਬਾ ਖ਼ਾਮੇਨਈ ਨੂੰ ਉਨ੍ਹਾਂ ਦਾ ਉੱਤਰਾਧਿਕਾਰੀ ਚੁਣ ਲਿਆ ਗਿਆ, ਜੋ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਹੋਇਆ ਹੈ।

ਇਹ ਵਿਆਪਕ ਤੌਰ 'ਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਪਿਤਾ ਦੇ ਸਖ਼ਤ ਸ਼ਾਸਨ ਨੂੰ ਜਾਰੀ ਰੱਖਣਗੇ।

'ਬਹੁ-ਪੱਖੀ ਤਾਨਾਸ਼ਾਹੀ'

ਅਲੀ ਖ਼ਾਮੇਨੇਈ ਦੀ ਤਸਵੀਰਾਂ ਹੱਥਾਂ 'ਚ ਲੈ ਕੇ ਈਰਾਨੀ ਪ੍ਰਦਰਸ਼ਨ ਕਰ ਰਹੇ

ਤਸਵੀਰ ਸਰੋਤ, Majid Asgaripour/WANA (West Asia News Agency) via REUTERS

ਮਾਹਰ ਤਰਕ ਦਿੰਦੇ ਹਨ ਕਿ ਟਿਊਨੀਸ਼ੀਆ, ਮਿਸਰ ਅਤੇ ਸੀਰੀਆ ਵਰਗੇ ਖੇਤਰ ਦੇ ਹੋਰਨਾਂ ਦੇਸ਼ਾਂ ਦੇ ਉਲਟ, ਜਿੱਥੇ ਸ਼ਾਸਕਾਂ ਦਾ ਤਖ਼ਤਾ ਪਲਟ ਦਿੱਤਾ ਗਿਆ ਸੀ।

ਈਰਾਨ ਆਪਣੇ ਵਿਚਾਰਧਾਰਕ ਸੁਰੱਖਿਆ ਢਾਂਚੇ ਕਾਰਨ ਬਾਹਰੀ ਝਟਕਿਆਂ ਨੂੰ ਸਹਿਣ ਵਿੱਚ ਵਧੇਰੇ ਸਮਰੱਥ ਰਿਹਾ ਹੈ।

ਤਹਿਰਾਨ ਸਥਿਤ 'ਫ੍ਰੈਂਚ ਇੰਸਟੀਚਿਊਟ ਫਾਰ ਰਿਸਰਚ ਇਨ ਈਰਾਨ' ਦੇ ਸਾਬਕਾ ਡਾਇਰੈਕਟਰ ਬਰਨਾਰਡ ਹੌਰਕੇਡ ਕਹਿੰਦੇ ਹਨ ਕਿ ਈਰਾਨ ਇੱਕ ਵਿਅਕਤੀ ਦੇ ਆਲੇ-ਦੁਆਲੇ ਕੇਂਦਰਿਤ ਰਵਾਇਤੀ ਤਾਨਾਸ਼ਾਹੀ ਦੀ ਬਜਾਏ, ਇੱਕ "ਬਹੁ-ਪੱਖੀ ਤਾਨਾਸ਼ਾਹੀ (ਪੌਲੀ-ਡਿਕਟੇਟਰਸ਼ਿਪ)'' ਦੇ ਤਹਿਤ ਕੰਮ ਕਰਦਾ ਹੈ, ਜੋ ਕਿ "ਸਿਆਸੀ ਇਸਲਾਮ ਦੇ ਸਮਰਥਕਾਂ ਅਤੇ ਕੱਟੜ ਈਰਾਨੀ ਰਾਸ਼ਟਰਵਾਦ ਵਿਚਾਲੇ ਇੱਕ ਗਠਜੋੜ" ਹੈ।

ਤਾਕਤ ਵੱਖ-ਵੱਖ ਕੇਂਦਰਾਂ ਵਿੱਚ ਵੰਡੀ ਹੋਈ ਹੈ, ਜਿਵੇਂ ਕਿ ਧਾਰਮਿਕ ਸੰਸਥਾਵਾਂ, ਹਥਿਆਰਬੰਦ ਸੈਨਾਵਾਂ ਅਤੇ ਅਰਥਵਿਵਸਥਾ ਦਾ ਇੱਕ ਵੱਡਾ ਹਿੱਸਾ, ਜੋ ਇਸ ਪ੍ਰਣਾਲੀ ਨੂੰ ਕਿਸੇ ਇੱਕ ਆਗੂ ਵਾਲੀ ਤਾਨਾਸ਼ਾਹੀ ਦੇ ਮੁਕਾਬਲੇ ਡੇਗਣਾ ਬਹੁਤ ਜ਼ਿਆਦਾ ਮੁਸ਼ਕਲ ਬਣਾ ਦਿੰਦੀ ਹੈ।

ਸ਼ਕਤੀਸ਼ਾਲੀ ਸੰਸਥਾਵਾਂ ਵਿੱਚ 'ਗਾਰਡੀਅਨ ਕੌਂਸਲ' ਵੀ ਸ਼ਾਮਲ ਹੈ, ਜੋ ਕਾਨੂੰਨਾਂ ਨੂੰ ਰੱਦ ਕਰ ਸਕਦੀ ਹੈ ਅਤੇ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਜਾਂਚ-ਪੜਤਾਲ ਕਰ ਸਕਦੀ ਹੈ।

ਇਹ ਵਿਵਸਥਾ ਕਿਸੇ ਵੀ ਇੱਕ ਧੜੇ ਵੱਲੋਂ ਰਾਜ ਦੇ ਵਿਰੁੱਧ ਕੋਈ ਗੰਭੀਰ ਚੁਣੌਤੀ ਖੜ੍ਹੀ ਕਰਨ ਦੀਆਂ ਸੰਭਾਵਨਾਵਾਂ ਨੂੰ ਹੋਰ ਘੱਟ ਕਰ ਦਿੰਦੀ ਹੈ।

ਹਾਲਾਂਕਿ ਈਰਾਨ ਨੂੰ ਵਿਆਪਕ ਤੌਰ 'ਤੇ ਇੱਕ ਤਾਨਾਸ਼ਾਹੀ ਮੰਨਿਆ ਜਾਂਦਾ ਹੈ, ਪਰ ਇਹ ਈਰਾਨੀਆਂ ਨੂੰ ਰਾਸ਼ਟਰਪਤੀ ਦੀ ਚੋਣ ਸਮੇਤ ਕੁਝ ਹੋਰ ਚੋਣਾਂ ਵਿੱਚ ਵੋਟ ਪਾਉਣ ਦਾ ਇੱਕ ਸੰਕੇਤਕ ਮੌਕਾ ਦਿੰਦਾ ਹੈ।

ਫਿਰ ਵੀ ਇਹ ਪ੍ਰਕਿਰਿਆ ਬਹੁਤ ਹੀ ਸਖ਼ਤ ਕੰਟਰੋਲ ਵਿੱਚ ਹੁੰਦੀ ਹੈ, ਜਿੱਥੇ 'ਗਾਰਡੀਅਨ ਕੌਂਸਲ' ਵੱਲੋਂ ਉਮੀਦਵਾਰਾਂ ਦੀ ਜਾਂਚ-ਪੜਤਾਲ ਇਸ ਆਧਾਰ 'ਤੇ ਕੀਤੀ ਜਾਂਦੀ ਹੈ ਕਿ ਉਹ ਇਸਲਾਮਿਕ ਰਿਪਬਲਿਕ ਪ੍ਰਤੀ ਕਿੰਨੇ ਵਚਨਬੱਧ ਹਨ।

ਰੈਵੋਲਿਊਸ਼ਨਰੀ ਗਾਰਡਜ਼ ਦੀ ਕੇਂਦਰੀ ਭੂਮਿਕਾ

ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦਾ ਸਿਪਾਹੀ ਏਕੇ47 ਨਾਲ ਤਾਇਨਾਤ

ਤਸਵੀਰ ਸਰੋਤ, NurPhoto via Getty Images

ਤਸਵੀਰ ਕੈਪਸ਼ਨ, ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਮਿਜ਼ਾਈਲ ਅਤੇ ਡਰੋਨ ਪ੍ਰੋਗਰਾਮਾਂ ਨੂੰ ਕੰਟਰੋਲ ਕਰਦੀ ਹੈ ਅਤੇ ਪ੍ਰਮੁੱਖ ਖੇਤਰੀ ਗਤੀਵਿਧੀਆਂ ਦੀ ਅਗਵਾਈ ਕਰਦੀ ਹੈ।

ਜੇਕਰ ਵੱਖ-ਵੱਖ ਸੰਸਥਾਵਾਂ ਇਸ ਸ਼ਾਸਨ ਦਾ ਪਿੰਜਰ ਹਨ ਤਾਂ ਸੁਰੱਖਿਆ ਬਲਾਂ ਨੂੰ ਇਸ ਦੀਆਂ ਮਾਸਪੇਸ਼ੀਆਂ ਵਜੋਂ ਦੇਖਿਆ ਜਾਂਦਾ ਹੈ।

ਹੌਰਕੇਡ ਕਹਿੰਦੇ ਹਨ ਕਿ 'ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ' (ਆਈਆਰਜੀਸੀ), ਜੋ ਫੌਜ ਦੇ ਨਾਲ ਮਿਲ ਕੇ ਕੰਮ ਕਰਦੀ ਹੈ ਉਸ ਨੂੰ ਅਕਸਰ "ਸ਼ਾਸਨ ਦੀ ਰੀੜ੍ਹ ਦੀ ਹੱਡੀ" ਮੰਨਿਆ ਜਾਂਦਾ ਹੈ।

ਆਪਣੀ ਫੌਜੀ ਭੂਮਿਕਾ ਤੋਂ ਇਲਾਵਾ, ਇਹ ਇੱਕ ਸਿਆਸੀ ਅਤੇ ਆਰਥਿਕ ਸ਼ਕਤੀ ਬਣ ਚੁੱਕੀ ਹੈ।

ਇਸ ਦੇ ਕਾਰੋਬਾਰ ਵਿੱਚ ਵਿਆਪਕ ਹਿੱਤ ਹਨ ਅਤੇ ਇੱਕ ਵਾਲੰਟੀਅਰ ਅਰਧ-ਸੈਨਿਕ ਸੰਗਠਨ, 'ਬਸੀਜ ਮਿਲੀਸ਼ੀਆ' ਰਾਹੀਂ ਇਸ ਦਾ ਵੱਡਾ ਪ੍ਰਭਾਵ ਹੈ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਵਾਰ-ਵਾਰ ਹੋਣ ਵਾਲੀ ਗੜਬੜੀ ਦੇ ਬਾਵਜੂਦ ਸੁਰੱਖਿਆ ਬਲ ਇਕਜੁੱਟ ਰਹੇ ਹਨ। ਬੋਸੋਇਸ ਇਸ ਵਫ਼ਾਦਾਰੀ ਨੂੰ ਵਿਚਾਰਧਾਰਾ ਨਾਲ ਜੋੜਦੇ ਹਨ।

ਉਹ ਕਹਿੰਦੇ ਹਨ, "ਸ਼ੀਆ ਮੁਸਲਮਾਨਾਂ (ਇਸਲਾਮ ਦੀਆਂ ਦੋ ਮੁੱਖ ਸ਼ਾਖਾਵਾਂ ਵਿੱਚੋਂ ਇੱਕ ਦੇ ਪੈਰੋਕਾਰ) ਅਤੇ ਹਮਾਸ ਤੇ ਹਿਜ਼ਬੁੱਲਾ ਵਰਗੇ ਸਮੂਹਾਂ ਵਿੱਚ ਪਾਈ ਜਾਣ ਵਾਲੀ ਇਹ 'ਸ਼ਹਾਦਤ ਦੀ ਸੰਸਕ੍ਰਿਤੀ' ਲਗਭਗ ਉਨ੍ਹਾਂ ਦੀ ਡਿਊਟੀ ਦਾ ਹਿੱਸਾ ਮੰਨੀ ਜਾਂਦੀ ਹੈ।"

ਈਰਾਨ ਦੇ ਡਿਪਟੀ ਰੱਖਿਆ ਮੰਤਰੀ, ਰਜ਼ਾ ਤਾਲਾਨਿਕ ਨੇ ਹਾਲ ਹੀ ਵਿੱਚ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਕਿਹਾ ਕਿ ਆਈਆਰਜੀਸੀ ਦੇ ਹਰ ਕਮਾਂਡਰ ਦੇ ਤਿੰਨ ਰੈਂਕ ਹੇਠਾਂ ਤੱਕ ਉੱਤਰਾਧਿਕਾਰੀ ਪਹਿਲਾਂ ਹੀ ਤੈਅ ਹੁੰਦੇ ਹਨ ਤਾਂ ਜੋ ਕੰਮ ਦੀ ਨਿਰੰਤਰਤਾ ਬਣੀ ਰਹੇ।

'ਯੂਨਾਈਟਿਡ ਅਗੇਂਸਟ ਨਿਊਕਲੀਅਰ ਈਰਾਨ' (ਯੂਏਐੱਨਆਈ) ਵਿਖੇ ਗਾਰਡਜ਼ 'ਤੇ ਖੋਜ ਦੇ ਮੁਖੀ ਕਸਰਾ ਆਰਾਬੀ ਦਾ ਕਹਿਣਾ ਹੈ ਕਿ ਈਰਾਨ ਦਾ ਇਹ ਵੱਖ-ਵੱਖ ਕੇਂਦਰਾਂ 'ਚ ਵੰਡਿਆ ਹੋਇਆ ਢਾਂਚਾ 2003 ਵਿੱਚ ਅਮਰੀਕੀ ਅਗਵਾਈ ਵਾਲੇ ਗਠਜੋੜ ਦੇ ਹਮਲੇ ਦੌਰਾਨ ਇਰਾਕੀ ਸੈਨਾਵਾਂ ਦੇ ਪਤਨ ਤੋਂ ਸਿੱਖੇ ਸਬਕਾਂ 'ਤੇ ਆਧਾਰਿਤ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਇਹ ਸ਼ਾਸਨ ਬਚਿਆ ਰਹਿੰਦਾ ਹੈ, ਤਾਂ "ਗਾਰਡਜ਼ ਦੀ ਭੂਮਿਕਾ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਅਹਿਮ ਹੋ ਜਾਵੇਗੀ।"

ਈਰਾਨ

ਸਰਪ੍ਰਸਤੀ ਦੇ ਨੈੱਟਵਰਕ ਅਤੇ ਕੁਲੀਨ ਵਰਗ ਦੀ ਇਕਜੁੱਟਤਾ

ਈਰਾਨ ਦੀ ਆਰਥਿਕਤਾ ਦਾ ਇੱਕ ਵੱਡਾ ਹਿੱਸਾ ਰਾਜ ਨਾਲ ਜੁੜੀਆਂ ਸੰਸਥਾਵਾਂ ਜਿਵੇਂ ਕਿ 'ਬੋਨਯਾਦਸ' ਵਲੋਂ ਕੰਟਰੋਲ ਕੀਤਾ ਜਾਂਦਾ ਹੈ।

ਇਹ ਚੈਰੀਟੇਬਲ ਟਰੱਸਟ ਹਨ ਜੋ ਹੁਣ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਹਜ਼ਾਰਾਂ ਕੰਪਨੀਆਂ ਦੇ ਮਾਲਕ ਬਣ ਚੁੱਕੇ ਹਨ।

ਇਹ ਨੈੱਟਵਰਕ ਸ਼ਾਸਨ ਪ੍ਰਤੀ ਵਫ਼ਾਦਾਰ ਲੋਕਾਂ ਨੂੰ ਨੌਕਰੀਆਂ ਅਤੇ ਠੇਕੇ ਵੰਡਦੇ ਹਨ।

ਆਈਆਰਜੀਸੀ ਦਾ ਕਾਰੋਬਾਰੀ ਸਾਮਰਾਜ, ਜਿਸ ਵਿੱਚ 'ਖ਼ਾਤਮ ਅਲ-ਅੰਬੀਆ' ਵਰਗੇ ਵੱਡੇ ਉਦਯੋਗਿਕ ਸਮੂਹ ਸ਼ਾਮਲ ਹਨ, ਇਹ ਵਪਾਰ ਦੇ ਇਸ "ਸਰਪ੍ਰਸਤੀ" ਸਿਸਟਮ ਨੂੰ ਹੋਰ ਮਜ਼ਬੂਤ ਕਰਦਾ ਹੈ।

ਮਾਹਰਾਂ ਦਾ ਤਰਕ ਹੈ ਕਿ ਭਾਵੇਂ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਨੇ ਈਰਾਨ ਦੀ ਆਮ ਆਰਥਿਕਤਾ ਨੂੰ ਭਾਰੀ ਸੱਟ ਮਾਰੀ ਹੈ।

ਪਰ ਇਹ ਨੈੱਟਵਰਕ ਮੁੱਖ ਕੁਲੀਨ ਵਰਗ ਨੂੰ ਪ੍ਰਭਾਵਾਂ ਤੋਂ ਬਚਾਉਣ ਅਤੇ ਇਸ ਸਿਸਟਮ ਦੇ ਬਚਾਅ ਵਿੱਚ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਮਦਦ ਕਰਦੇ ਹਨ।

ਬੋਸੋਇਸ ਅਨੁਸਾਰ, ਇਹ ਸਿਸਟਮ "ਇੰਨਾ ਮਜ਼ਬੂਤ ਹੈ ਕਿ ਸਾਨੂੰ ਲਗਭਗ ਕੋਈ ਵੀ ਦਲ-ਬਦਲੀ ਦੇਖਣ ਨੂੰ ਨਹੀਂ ਮਿਲਦੀ।"

ਵਿਚਾਰਧਾਰਾ ਅਤੇ ਇਨਕਲਾਬ ਦੀ ਵਿਰਾਸਤ

ਸੱਤਾ ਕਾਇਮ ਰੱਖਣ ਵਿੱਚ ਧਰਮ ਵੀ ਇੱਕ ਸ਼ਕਤੀਸ਼ਾਲੀ ਭੂਮਿਕਾ ਨਿਭਾਉਂਦਾ ਹੈ।

1979 ਦੇ ਇਨਕਲਾਬ ਨੇ ਧਾਰਮਿਕ, ਸਿਆਸੀ ਅਤੇ ਵਿਦਿਅਕ ਸੰਸਥਾਵਾਂ ਦਾ ਇੱਕ ਅਜਿਹਾ ਸਥਾਈ ਨੈੱਟਵਰਕ ਤਿਆਰ ਕੀਤਾ ਹੈ ਜੋ ਅੱਜ ਵੀ ਰਾਜ ਦੇ ਵਿਸ਼ਵ-ਦ੍ਰਿਸ਼ਟੀਕੋਣ ਨੂੰ ਘੜ ਰਿਹਾ ਹੈ।

ਬੋਸੋਇਸ ਕਹਿੰਦੇ ਹਨ, "ਇਹ ਬਹੁਤ ਪੁਰਾਣਾ ਅਤੇ ਬਹੁਤ ਸ਼ਕਤੀਸ਼ਾਲੀ ਢਾਂਚਾ ਵਿਚਾਰਧਾਰਕ, ਅਫ਼ਸਰਸ਼ਾਹੀ ਅਤੇ ਪ੍ਰਸ਼ਾਸਨਿਕ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ।"

ਉਨ੍ਹਾਂ ਦਾ ਤਰਕ ਹੈ ਕਿ ਇਹ ਵਿਚਾਰਧਾਰਾ "ਏਕਤਾ, ਕੰਮ ਪ੍ਰਤੀ ਸਮਰਪਣ ਅਤੇ ਨਵੀਂ ਭਰਤੀ ਦੇ ਇੱਕ ਅਸਲ ਸਰੋਤ ਵਜੋਂ ਕੰਮ ਕਰਦੀ ਹੈ।"

ਵੋਟਿੰਗ ਦੌਰਾਨ ਲਈ ਗਈ ਇੱਕ ਤਸਵੀਰ

ਤਸਵੀਰ ਸਰੋਤ, KHOSHIRAN/Middle East Images/AFP via Getty Images

ਤਸਵੀਰ ਕੈਪਸ਼ਨ, ਈਰਾਨੀਆਂ ਨੂੰ ਕੁਝ ਚੋਣਾਂ ਵਿੱਚ ਵੋਟ ਪਾਉਣ ਦੀ ਇਜਾਜ਼ਤ ਹੈ, ਜਿਸ ਵਿੱਚ ਰਾਸ਼ਟਰਪਤੀ ਦੀ ਚੋਣ ਵੀ ਸ਼ਾਮਲ ਹੈ।

ਇੱਕ ਖਿੰਡਿਆ ਹੋਇਆ ਵਿਰੋਧੀ ਪੱਖ

ਇਤਿਹਾਸਕ ਤੌਰ 'ਤੇ, ਈਰਾਨ ਦਾ ਵਿਰੋਧੀ ਪੱਖ ਹਮੇਸ਼ਾ ਹੀ ਧੜਿਆਂ ਵਿੱਚ ਵੰਡਿਆ ਰਿਹਾ ਹੈ।

ਇਨ੍ਹਾਂ ਵਿੱਚ ਸੁਧਾਰਵਾਦੀ , ਰਾਜਸ਼ਾਹੀ ਦੇ ਸਮਰਥਕ, ਖੱਬੇ-ਪੱਖੀ ਸਮੂਹ, ਵਿਦੇਸ਼ਾਂ ਵਿੱਚ ਬੈਠੀਆਂ ਲਹਿਰਾਂ ਜਿਵੇਂ ਕਿ 'ਨੈਸ਼ਨਲ ਕੌਂਸਲ ਆਫ਼ ਰੇਜ਼ਿਸਟੈਂਸ ਆਫ਼ ਈਰਾਨ' (ਐੱਨਸੀਆਰਆਈ) ਅਤੇ ਵੱਖ-ਵੱਖ ਨਸਲੀ ਸੰਗਠਨ ਸ਼ਾਮਲ ਹਨ।

ਯੂਕੇ ਸਥਿਤ ਥਿੰਕ-ਟੈਂਕ 'ਯੂਰਪੀਅਨ ਕੌਂਸਲ ਆਨ ਫੌਰਨ ਰਿਲੇਸ਼ਨਜ਼' ਦੀ ਸੀਨੀਅਰ ਪਾਲਿਸੀ ਫੈਲੋ ਐਲੀ ਗੇਰਾਨਮਾਯੇਹ ਕਹਿੰਦੇ ਹਨ ਕਿ ਇਹ ਧੜੇਬੰਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਇਨਕਲਾਬ ਤੋਂ ਬਾਅਦ, ਸਿਆਸੀ ਪਾਰਟੀਆਂ ਬਣਾਉਣ ਦੀ ਬਹਿਸ ਨੂੰ ਪਾਸੇ ਕਰ ਦਿੱਤਾ ਗਿਆ ਸੀ। ਇਸ ਦਾ ਇੱਕ ਵੱਡਾ ਕਾਰਨ 1980 ਵਿੱਚ ਈਰਾਨ ਦੀ ਇਰਾਕ ਨਾਲ ਸ਼ੁਰੂ ਹੋਈ ਜੰਗ ਸੀ, ਜੋ ਲਗਭਗ ਅੱਠ ਸਾਲ ਚੱਲੀ।

ਗੇਰਾਨਮਾਯੇਹ ਦਾ ਕਹਿਣਾ ਹੈ ਕਿ ਵੱਖ-ਵੱਖ ਸਮਿਆਂ 'ਤੇ ਸ਼ਾਸਨ ਅਤੇ ਕੱਟੜਪੰਥੀ ਧੜਿਆਂ ਵੱਲੋਂ ਉਦਾਰਵਾਦੀ ਜਾਂ ਨਰਮ ਖਿਆਲੀ ਧੜਿਆਂ ਨੂੰ "ਹਾਸ਼ੀਏ 'ਤੇ ਧੱਕ ਦਿੱਤਾ ਗਿਆ, ਬਦਨਾਮ ਕੀਤਾ ਗਿਆ ਜਾਂ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ" ਹੈ।

ਪਿਛਲੇ ਸਾਲਾਂ ਦੌਰਾਨ ਇਸ ਸ਼ਾਸਨ ਵਿਰੁੱਧ ਕਈ ਵੱਡੇ ਵਿਰੋਧ ਪ੍ਰਦਰਸ਼ਨ ਹੋਏ ਹਨ ਜਿਵੇਂ ਕਿ 2009 ਦੀ 'ਗ੍ਰੀਨ ਮੂਵਮੈਂਟ' ਅਤੇ 2022 ਵਿੱਚ ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਭੜਕੇ ਮੁਜ਼ਾਹਰੇ।

ਪਰ ਉਨ੍ਹਾਂ ਪ੍ਰਦਰਸ਼ਨਾਂ ਵਿੱਚ ਕੋਈ ਕੇਂਦਰੀ ਲੀਡਰਸ਼ਿਪ ਨਹੀਂ ਸੀ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਬਹੁਤ ਸਖ਼ਤੀ ਨਾਲ ਦਬਾ ਦਿੱਤਾ ਗਿਆ।

ਹਾਲਾਂਕਿ, ਇਸ ਸਾਲ ਅਤੇ ਪਿਛਲੇ ਸਾਲ ਹੋਏ ਵਿਰੋਧ ਪ੍ਰਦਰਸ਼ਨਾਂ ਦੀ ਤਾਜ਼ਾ ਲਹਿਰ ਮਰਹੂਮ ਸ਼ਾਹ ਦੇ ਜਲਾਵਤਨ ਪੁੱਤਰ ਵੱਲੋਂ 'ਗਲੋਬਲ ਡੇਅ ਆਫ਼ ਐਕਸ਼ਨ' ਦੇ ਦਿੱਤੇ ਸੱਦੇ ਤੋਂ ਬਾਅਦ ਦੇਖਣ ਨੂੰ ਮਿਲੀ ਹੈ।

ਈਰਾਨ ਇਸ ਖੇਤਰ ਵਿੱਚ ਸਭ ਤੋਂ ਉੱਨਤ ਨਿਗਰਾਨੀ ਪ੍ਰਣਾਲੀਆਂ ਵਿੱਚੋਂ ਇੱਕ ਚਲਾਉਂਦਾ ਹੈ, ਜਿਸ ਵਿੱਚ ਲਗਾਤਾਰ ਇੰਟਰਨੈੱਟ ਬੰਦ ਕਰਨਾ, ਏਆਈ-ਅਧਾਰਿਤ ਨਿਗਰਾਨੀ ਅਤੇ ਵਿਦੇਸ਼ਾਂ ਵਿੱਚ ਸਰਗਰਮ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਸਾਈਬਰ ਇਕਾਈਆਂ ਸ਼ਾਮਲ ਹਨ।

ਜਨਤਕ ਸਾਵਧਾਨੀ ਤੇ ਇਹ ਕਿਉਂ ਖਤਮ ਹੋ ਰਹੀ ਹੈ?

ਗੇਰਾਨਮਾਯੇਹ ਕਹਿੰਦੇ ਹਨ ਕਿ ਅਫ਼ਗਾਨਿਸਤਾਨ ਅਤੇ ਇਰਾਕ ਵਿੱਚ ਅਮਰੀਕੀ ਦਖਲਅੰਦਾਜ਼ੀ ਦੇ ਨਤੀਜਿਆਂ ਨੂੰ ਦੇਖਦੇ ਹੋਏ, ਕਈ ਸਾਲਾਂ ਤੱਕ ਬਹੁਤ ਸਾਰੇ ਈਰਾਨੀ ਸ਼ਾਸਨ ਬਦਲਣ ਦੀ ਮੰਗ ਕਰਨ ਤੋਂ ਝਿਜਕਦੇ ਰਹੇ।

ਉਹ ਅੱਗੇ ਕਹਿੰਦੇ ਹਨ ਕਿ 'ਅਰਬ ਸਪਰਿੰਗ' ਤੋਂ ਬਾਅਦ ਦੇ ਹਾਲਾਤਾਂ ਨੇ ਇਸ ਸਾਵਧਾਨੀ ਨੂੰ ਹੋਰ ਡੂੰਘਾ ਕਰ ਦਿੱਤਾ ਸੀ।

ਪਰ ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਇਹ ਸੋਚ ਬਦਲ ਗਈ ਹੈ। ਬਹੁਤ ਸਾਰੇ ਈਰਾਨੀ ਮਹਿਸੂਸ ਕਰਦੇ ਹਨ ਕਿ ਸੂਬਾ ਹੁਣ ਨੌਕਰੀਆਂ ਤੋਂ ਲੈ ਕੇ ਸਾਫ਼ ਪਾਣੀ ਤੱਕ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕਰਨ ਦੇ ਯੋਗ ਨਹੀਂ ਰਿਹਾ, ਜਦਕਿ ਵਿਰੋਧ ਨੂੰ ਦਬਾਉਣ ਲਈ ਬੇਤਹਾਸ਼ਾ ਤਾਕਤ ਦੀ ਵਰਤੋਂ ਕੀਤੀ ਜਾ ਰਹੀ ਹੈ।

ਉਹ ਅੱਗੇ ਕਹਿੰਦੇ ਹਨ ਕਿ ਜਨਵਰੀ ਵਿੱਚ ਵਿਰੋਧ ਪ੍ਰਦਰਸ਼ਨਾਂ ਦੀ ਨਵੀਂ ਲਹਿਰ ਵਿਰੁੱਧ ਕੀਤੀ ਗਈ ਬੇਰਹਿਮ ਕਾਰਵਾਈ, ਜਿਸ ਵਿੱਚ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰਦਰਸ਼ਨਾਂ ਤੋਂ ਬਾਅਦ ਹਜ਼ਾਰਾਂ ਲੋਕ ਮਾਰੇ ਗਏ ਸਨ, ਉਨ੍ਹਾਂ ਨੇ ਇਸ ਬਦਲਾਅ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰ ਦਿੱਤਾ ਹੈ।

ਹੌਰਕੇਡ ਦਾ ਕਹਿਣਾ ਹੈ ਕਿ ਈਰਾਨੀਆਂ ਅਤੇ ਸ਼ਾਸਨ ਪ੍ਰਤੀ ਉਨ੍ਹਾਂ ਦੇ ਰਵੱਈਏ ਵਿੱਚ ਇੱਕ "ਪੀੜ੍ਹੀ ਦਾ ਪਾੜਾ" ਹੈ।

ਉਨ੍ਹਾਂ ਦਾ ਤਰਕ ਹੈ ਕਿ ਨੌਜਵਾਨ ਈਰਾਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਉੱਚ ਸਿੱਖਿਅਤ ਹਨ, ਦੁਨੀਆ ਨਾਲ ਜੁੜੇ ਹੋਏ ਹਨ ਅਤੇ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹਨ, ਉਹ ਇਸ ਸ਼ਾਸਨ ਨੂੰ ਰੱਦ ਕਰਦੇ ਹਨ। ਉਹ ਇਸ ਨੂੰ "ਭ੍ਰਿਸ਼ਟ, ਦਮਨਕਾਰੀ ਅਤੇ ਆਪਣੀਆਂ ਇੱਛਾਵਾਂ ਲਈ ਗੈਰ-ਪ੍ਰਸੰਗਿਕ" ਮੰਨਦੇ ਹਨ।

'ਹਰ ਸ਼ਾਸਨ ਦਾ ਅੰਤ ਨਿਸ਼ਚਿਤ ਹੈ'

ਈਰਾਨ 'ਤੇ ਹਮਲਿਆਂ ਦੀ ਫੋਟੋ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਅਮਰੀਕਾ ਅਤੇ ਇਜ਼ਰਾਇਲ ਦੇ ਸਾਂਝੇ ਹਮਲਿਆਂ ਨੇ ਈਰਾਨ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਤਾਨਾਸ਼ਾਹੀ ਸ਼ਾਸਨ ਉਦੋਂ ਡਿੱਗਦੇ ਹਨ ਜਦੋਂ ਤਿੰਨ ਸਥਿਤੀਆਂ ਇੱਕੋ ਸਮੇਂ ਬਣਦੀਆਂ ਹਨ: ਜਨਤਕ ਲਾਮਬੰਦੀ, ਸੱਤਾਧਾਰੀ ਕੁਲੀਨ ਵਰਗ ਵਿੱਚ ਫੁੱਟ ਅਤੇ ਸੁਰੱਖਿਆ ਬਲਾਂ ਦਾ ਸਾਥ ਛੱਡਣਾ।

ਮਾਹਰਾਂ ਅਨੁਸਾਰ, ਪਿਛਲੇ ਸਮੇਂ ਵਿੱਚ ਈਰਾਨ ਨੇ ਅਕਸਰ ਪਹਿਲੀ ਸਥਿਤੀ (ਜਨਤਕ ਲਾਮਬੰਦੀ) ਦਾ ਸਾਹਮਣਾ ਤਾਂ ਕੀਤਾ ਹੈ, ਪਰ ਬਾਕੀ ਦੋ ਕਦੇ ਨਹੀਂ ਵਾਪਰੀਆਂ। ਹੌਰਕੇਡ ਦਾ ਮੰਨਣਾ ਹੈ ਕਿ ਇਸਲਾਮਿਕ ਰਿਪਬਲਿਕ ਦਾ ਅੰਤ ਲਾਜ਼ਮੀ ਹੈ, ਪਰ ਇਹ ਬਹੁਤ ਜਲਦੀ ਹੋਣ ਵਾਲਾ ਨਹੀਂ ਹੈ।

"ਹਰ ਸ਼ਾਸਨ ਦਾ ਆਖ਼ਰਕਾਰ ਅੰਤ ਹੁੰਦਾ ਹੈ। ਅਸਲ ਸਵਾਲ ਸਮੇਂ ਯਾਨੀ ਕਾਲ-ਕ੍ਰਮ ਦਾ ਹੈ।"

ਉਨ੍ਹਾਂ ਦਾ ਤਰਕ ਹੈ ਕਿ ਖ਼ਾਮੇਨਈ ਦੀ ਮੌਤ ਸ਼ਾਸਨ ਲਈ ਇੱਕ ਵੱਡਾ ਝਟਕਾ ਸੀ। "ਉਨ੍ਹਾਂ ਵਰਗਾ ਦੂਜਾ ਕੋਈ ਨਹੀਂ ਹੋਵੇਗਾ। ਉਨ੍ਹਾਂ ਦੀ ਥਾਂ ਲੈਣ ਵਾਲੇ ਕੋਲ ਕਦੇ ਵੀ ਉਹ ਅਧਿਕਾਰ ਜਾਂ ਦਬਦਬਾ ਨਹੀਂ ਹੋਵੇਗਾ ਜੋ ਖ਼ਾਮੇਨਈ ਕੋਲ ਸੀ।"

ਪਰ ਬੋਸੋਇਸ ਦਾ ਕਹਿਣਾ ਹੈ ਕਿ ਇਸਲਾਮਿਕ ਰਿਪਬਲਿਕ ਦਾ ਪਤਨ ਇੰਨਾ ਯਕੀਨੀ ਨਹੀਂ ਹੈ। ਉਹ ਕਹਿੰਦੇ ਹਨ ਕਿ ਜੇਕਰ ਅਜਿਹਾ ਹੁੰਦਾ ਹੈ ਅਤੇ ਇਸ ਦਾ ਕਾਰਨ ਵਿਦੇਸ਼ੀ ਫੌਜੀ ਦਖਲਅੰਦਾਜ਼ੀ ਬਣਦੀ ਹੈ, ਤਾਂ ਉਸ ਤੋਂ ਬਾਅਦ ਦੇ ਹਾਲਾਤ ਹੋਰ ਵੀ ਮਾੜੇ ਹੋ ਸਕਦੇ ਹਨ।

ਟਰੰਪ ਨੇ ਪਹਿਲਾਂ 'ਨਿਊਯਾਰਕ ਟਾਈਮਜ਼' ਨੂੰ ਦੱਸਿਆ ਸੀ ਕਿ ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਅਮਰੀਕਾ ਵੱਲੋਂ ਗ੍ਰਿਫ਼ਤਾਰੀ ਈਰਾਨ ਲਈ ਇੱਕ "ਆਦਰਸ਼ ਦ੍ਰਿਸ਼" ਹੋਵੇਗਾ।

ਪਰ ਬੋਸੋਇਸ ਕਹਿੰਦੇ ਹਨ: "ਇਸ ਦੇ ਉਲਟ ਵੀ ਹੋ ਸਕਦਾ ਹੈ, ਜਿਵੇਂ ਕਿ ਉੱਤਰੀ ਕੋਰੀਆ ਜਾਂ ਕਿਊਬਾ ਵਿੱਚ ਹੋਇਆ, ਜਿੱਥੇ ਸ਼ਾਸਨ ਦਾ ਕੱਟੜਪੰਥੀ ਹਿੱਸਾ ਹੋਰ ਵੀ ਮਜ਼ਬੂਤ ਹੋ ਗਿਆ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)