ਕੀ ਵਾਕਈ ਕੋਈ ਸਿਰਫ਼ ਤੁਹਾਡੇ ਲਈ ਬਣਿਆ ਹੈ? ਸੋਲਮੇਟਸ ਬਾਰੇ ਕੀ ਕਹਿੰਦਾ ਵਿਗਿਆਨ?

ਤਸਵੀਰ ਸਰੋਤ, Getty Images
- ਲੇਖਕ, ਪੱਲਬ ਘੋਸ਼
- ਰੋਲ, ਵਿਗਿਆਨ ਪੱਤਰਕਾਰ
- ਪੜ੍ਹਨ ਦਾ ਸਮਾਂ: 13 ਮਿੰਟ
ਵੈਲੇਨਟਾਈਨ ਡੇਅ 'ਤੇ ਅਕਸਰ ਇਹ ਅਹਿਸਾਸ ਉੱਭਰਦਾ ਹੈ ਕਿ ਕਿਤੇ ਨਾ ਕਿਤੇ 'ਉਹ' (ਦਿ ਵਨ) ਜ਼ਰੂਰ ਹੋਵੇਗਾ, ਇੱਕ ਅਜਿਹਾ ਇਨਸਾਨ ਜੋ ਸਾਡੀ ਰੂਹ ਦਾ ਸਾਥੀ ਹੈ, ਬਿਲਕੁਲ ਪਰਫੈਕਟ ਮੇਲ, ਉਹ ਸ਼ਖ਼ਸ ਜੋ ਮੇਰੇ ਨਾਲ ਰਹਿਣ ਲਈ ਹੀ ਬਣਿਆ ਹੈ।
ਪੂਰੇ ਇਤਿਹਾਸ 'ਚ ਇਨਸਾਨ ਇਸ ਵਿਚਾਰ ਵੱਲ ਖਿੱਚਿਆ ਜਾਂਦਾ ਰਿਹਾ ਹੈ ਕਿ ਪਿਆਰ ਐਵੇਂ ਹੀ ਨਹੀਂ ਹੁੰਦਾ। ਪ੍ਰਾਚੀਨ ਗ੍ਰੀਸ ਵਿੱਚ ਪਲੇਟੋ ਨੇ ਕਲਪਨਾ ਕੀਤੀ ਸੀ ਕਿ ਕਦੇ ਸਾਡੀ ਪੂਰੀ ਹੋਂਦ ਸੀ- ਚਾਰ ਹੱਥ, ਚਾਰ ਪੈਰ, ਦੋ ਚਿਹਰੇ ਅਤੇ ਅਸੀਂ ਇੰਨੇ ਸ਼ਕਤੀਸ਼ਾਲੀ ਸੀ ਕਿ ਜਿਊਸ ਨੇ ਸਾਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਉਦੋਂ ਤੋਂ ਹਰ ਅੱਧਾ ਹਿੱਸਾ ਧਰਤੀ 'ਤੇ ਆਪਣੇ ਗੁਆਚੇ ਦੂਜੇ ਹਿੱਸੇ ਨੂੰ ਲੱਭਦਾ ਫਿਰ ਰਿਹਾ ਹੈ।
ਇਹੀ ਮਿੱਥ ਅੱਜ ਦੇ 'ਸੋਲਮੇਟ' ਨੂੰ ਇਸਦੀ ਕਾਵਿਕ ਪਛਾਣ ਦਿੰਦੀ ਹੈ ਅਤੇ ਇਹ ਉਮੀਦ ਵੀ ਕਿ ਕਿਤੇ ਨਾ ਕਿਤੇ, ਕੋਈ ਤਾਂ ਹੈ ਜੋ ਅੰਤ ਵਿੱਚ ਸਾਨੂੰ ਸੰਪੂਰਨਤਾ ਦਾ ਅਹਿਸਾਸ ਕਰਵਾਏਗਾ।
ਮੱਧ ਯੁੱਗ ਵਿੱਚ, ਟਰੂਬੇਡੋ ਅਤੇ ਆਰਥਰੀਅਨ ਕਹਾਣੀਆਂ ਨੇ ਇਸੇ ਤਾਂਘ ਨੂੰ 'ਸ਼ਿਸ਼ਟ ਪਿਆਰ' ਵਜੋਂ ਦਰਸਾਇਆ, ਇੱਕ ਡੂੰਘੀ, ਅਕਸਰ ਵਰਜਿਤ ਸ਼ਰਧਾ, ਜਿਵੇਂ ਲੈਂਸਲਾਟ ਦਾ ਗਵੀਨੀਵਿਅਰ ਲਈ ਪਿਆਰ, ਜਿਸ 'ਚ ਕੋਈ ਬਹਾਦਰ ਆਪਣੀ ਕੀਮਤ ਇਹ ਦਿਖਾ ਕੇ ਸਾਬਿਤ ਕਰਦਾ ਸੀ ਕਿ ਉਹ ਆਪਣੀ ਪ੍ਰੇਮਿਕਾ, ਜਿਸ ਦਾ ਨਾਂਅ ਵੀ ਉਹ ਖੁੱਲ੍ਹ ਕੇ ਨਹੀਂ ਲੈ ਸਕਦਾ, ਲਈ ਆਪਣੀ ਕੁਰਬਾਨੀ ਤੱਕ ਦੇ ਸਕਦਾ ਹੈ।
ਪੁਨਰਜਾਗਰਣ ਦੇ ਸਮੇਂ ਤੱਕ, ਸ਼ੇਕਸਪੀਅਰ ਵਰਗੇ ਲੇਖਕ "ਨਸੀਬ ਕਰਕੇ ਵਿਛੜੇ ਪ੍ਰੇਮੀਆਂ" ਦੀ ਗੱਲ ਕਰਨ ਲੱਗੇ, ਜੋ ਅਟੁੱਟ ਲਗਾਅ ਨਾਲ ਬੱਝੇ ਹੋਣ ਪਰ ਪਰਿਵਾਰ, ਕਿਸਮਤ ਜਾਂ ਹਾਲਾਤ ਉਨ੍ਹਾਂ ਨੂੰ ਵੱਖ ਕਰ ਦੇਣ। ਜਿਵੇਂ ਕਾਇਨਾਤ ਹੀ ਉਨ੍ਹਾਂ ਦੀ ਪ੍ਰੇਮ ਕਹਾਣੀ ਲਿਖ ਰਹੀ ਹੋਵੇ ਅਤੇ ਉਨ੍ਹਾਂ ਨੂੰ ਸੁਖਾਵਾਂ ਅੰਤ ਹਾਸਲ ਕਰਨ ਤੋਂ ਰੋਕ ਰਹੀ ਹੋਵੇ।
ਆਧੁਨਿਕ ਦੌਰ ਵਿੱਚ, ਹਾਲੀਵੁੱਡ ਅਤੇ ਰੋਮਾਂਸ ਨਾਵਲਾਂ ਨੇ ਸਾਨੂੰ ਪਰੀ-ਕਥਾ ਵਰਗੀਆਂ ਪ੍ਰੇਮ ਕਹਾਣੀਆਂ ਵੇਚ ਦਿੱਤੀਆਂ ਹਨ।
ਪਰ ਤਾਜ਼ਾ ਵਿਗਿਆਨ ਸੋਲਮੇਟਸ ਬਾਰੇ ਕੀ ਕਹਿੰਦਾ ਹੈ? ਕੀ ਸੱਚਮੁੱਚ ਕਿਤੇ ਕੋਈ ਖ਼ਾਸ ਇਨਸਾਨ ਸਿਰਫ਼ ਸਾਡੇ ਲਈ ਬਣਿਆ ਹੈ?
ਅਸੀਂ ਕਿਵੇਂ "ਉਸੇ ਨੂੰ" ਦਿਲ ਦੇ ਬੈਠਦੇ ਹਾਂ

ਤਸਵੀਰ ਸਰੋਤ, Getty Images
ਕੈਂਬ੍ਰਿਜ ਦੀ ਐਂਗਲੀਆ ਰਸਕਿਨ ਯੂਨੀਵਰਸਿਟੀ (ਏਆਰਯੂ) ਵਿੱਚ ਸੋਸ਼ਲ ਸਾਈਕੋਲੋਜੀ ਦੇ ਪ੍ਰੋਫੈਸਰ ਵੀਰੇਨ ਸਵਾਮੀ ਨੇ ਸਾਡੇ ਅੱਜ ਦੇ ਯੂਰਪੀ ਰੋਮਾਂਟਿਕ ਪਿਆਰ ਦੇ ਨਜ਼ਰੀਏ ਦੀ ਪੜਤਾਲ ਮੱਧਕਾਲੀ ਯੂਰਪ ਤੱਕ ਕੀਤੀ ਹੈ, ਜਿੱਥੇ ਕੈਮੇਲਾਟ, ਲੈਂਸਲਾਟ, ਗਵੀਨੀਵਿਅਰ ਅਤੇ ਰਾਊਂਡ ਟੇਬਲ ਦੇ ਨਾਈਟਸ ਦੀ ਸ਼ਿਸ਼ਟਤਾ ਵਾਲੀਆਂ ਕਹਾਣੀਆਂ ਪੂਰੇ ਮਹਾਦੀਪ 'ਚ ਫੈਲ ਗਈਆਂ ਸਨ।
ਉਹ ਕਹਿੰਦੇ ਹਨ, "ਇਨ੍ਹਾਂ ਕਹਾਣੀਆਂ ਨੇ ਪਹਿਲੀ ਵਾਰ ਇਹ ਖ਼ਿਆਲ ਅੱਗੇ ਵਧਾਇਆ ਕਿ ਤੁਹਾਨੂੰ ਇੱਕ ਹੀ ਇਨਸਾਨ ਨੂੰ ਆਪਣਾ ਸਾਥੀ ਚੁਣਨਾ ਚਾਹੀਦਾ ਅਤੇ ਉਹੀ ਸਾਥੀ ਪੂਰੀ ਜ਼ਿੰਦਗੀ ਲਈ ਹੁੰਦਾ ਹੈ।"
"ਇਸ ਤੋਂ ਪਹਿਲਾਂ, ਯੂਰੋਪ ਦੇ ਵੱਡੇ ਹਿੱਸੇ 'ਚ ਜਿਨ੍ਹੇ ਲੋਕਾਂ ਨਾਲ ਚਾਹੋ, ਉਨ੍ਹੇ ਲੋਕਾਂ ਨਾਲ ਪਿਆਰ ਕਰ ਸਕਦੇ ਸੀ ਅਤੇ ਪਿਆਰ ਬਹੁਤ ਲਚੀਲਾ ਸੀ ਅਤੇ ਅਕਸਰ ਉਸਦਾ ਸਰੀਰਕ ਸਬੰਧਾਂ ਨਾਲ ਕੋਈ ਖਾਸ ਲੈਣ-ਦੇਣ ਨਹੀਂ ਹੁੰਦਾ ਸੀ।"
ਸਮੇਂ ਦੇ ਨਾਲ ਜਦੋਂ ਉਦਯੋਗੀਕਰਨ, ਲੋਕਾਂ ਨੂੰ ਉਨ੍ਹਾਂ ਦੇ ਖੇਤੀ ਅਧਾਰਿਤ ਬਸਤੀਆਂ ਅਤੇ ਜਾਣ-ਪਛਾਣ ਵਾਲੇ ਰਿਸ਼ਤਿਆਂ ਤੋਂ ਦੂਰ ਲੈ ਕੇ ਜਾਣ ਲੱਗਾ ਤਾਂ ਲੋਕ ਇਕੱਲੇ ਪੈਣ ਲੱਗੇ। ਉਹ ਕਹਿੰਦੇ ਹਨ, "ਉਹ ਕਿਸੇ ਇੱਕ ਅਜਿਹੇ ਇਨਸਾਨ ਨੂੰ ਲੱਭਣ ਲੱਗੇ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਬਦਤਰ ਜ਼ਿੰਦਗੀ ਦੇ ਹਾਲਾਤਾਂ ਤੋਂ ਬਚਾ ਲਵੇ।"
ਅੱਜ ਦੇ ਡੇਟਿੰਗ ਐਪਸ ਉਸ ਕਹਾਣੀ ਨੂੰ ਇੱਕ ਐਲਗੋਰਿਦਮ 'ਚ ਬਦਲ ਦਿੰਦੇ ਹਨ, ਜਿਸਨੂੰ ਮਾਲਕ 'ਰਿਲੇਸ਼ਨ-ਸ਼ੌਪਿੰਗ' ਕਹਿੰਦੇ ਹਨ।
ਉਹ ਕਹਿੰਦੇ ਹਨ, "ਤੁਸੀਂ ਇੱਕ ਸਾਥੀ ਦੀ ਖਰੀਦਦਾਰੀ ਕਰ ਰਹੇ ਹੋ। ਡੇਟਿੰਗ ਐਪ 'ਤੇ ਸ਼ਾਇਦ ਦਰਜਨਾਂ ਲੋਕਾਂ ਨੂੰ ਦੇਖਦੇ ਹੋਏ, ਜਦੋਂ ਤੱਕ ਤੁਸੀਂ ਉਸ ਮੁਕਾਮ 'ਤੇ ਨਾ ਪਹੁੰਚ ਜਾਓ, ਜਿੱਥੇ ਤੁਹਾਨੂੰ ਲੱਗੇ..ਬੱਸ, ਹੁਣ ਮੈਨੂੰ ਰੁਕਣਾ ਪਵੇਗਾ।"
ਸਿਰਫ਼ ਉਹੀ ਜਾਂ 'ਦਿ ਵਨ'

ਤਸਵੀਰ ਸਰੋਤ, Getty Images
ਅਮਰੀਕਾ ਦੇ ਯੂਟਾ ਸੂਬੇ ਦੇ ਪ੍ਰੋਵੋ 'ਚ ਸਥਿਤ ਬ੍ਰਿਘਮ ਯੰਗ ਯੂਨੀਵਰਸਿਟੀ ਦੇ ਪ੍ਰੋਫੈਸਰ ਜੇਸਨ ਕੈਰੋਲ ਮੈਰਿਜ ਐਂਡ ਫੈਮਿਲੀ ਸਟਡੀਜ਼ ਪੜ੍ਹਾਉਂਦੇ ਹਨ। ਉਹ 'ਦਿ ਵਨ' ਦੀ ਤਾਂਘ ਪ੍ਰਤੀ ਹਮਦਰਦੀ ਰੱਖਦੇ ਹਨ।
ਉਹ ਕਹਿੰਦੇ ਹਨ, "ਅਸੀਂ ਅਜਿਹੇ ਜੀਅ ਹਾਂ ਜੋ ਆਪਸੀ ਲਗਾਅ 'ਤੇ ਟਿਕੇ ਹਾਂ। ਸਾਨੂੰ ਉਸ ਰਿਸ਼ਤੇ ਦੀ ਚਾਹਤ ਹੁੰਦੀ ਹੈ" ਪਰ ਆਪਣੇ ਲੈਕਚਰਾਂ 'ਚ ਉਹ ਵਿਦਿਆਰਥੀਆਂ ਨੂੰ ਕਹਿੰਦੇ ਹਨ ਕਿ ਉਨ੍ਹਾਂ ਨੂੰ ਸੋਲਮੇਟ ਵਾਲੇ ਵਿਚਾਰ ਨੂੰ ਤਿਆਗਣਾ ਹੋਵੇਗਾ, ਬਿਨਾਂ 'ਦਿ ਵਨ' ਦੀ ਚਾਹਤ ਨੂੰ ਛੱਡਦੇ ਹੋਏ।
ਸੁਣਨ 'ਚ ਇਹ ਦੋਵੇਂ ਵਿਚਾਰ ਮੇਲ ਨਹੀਂ ਖਾਂਦੇ ਪਰ ਕੈਰੋਲ ਲਈ ਇਹ ਕਿਸਮਤ ਅਤੇ ਮਿਹਨਤ ਦੇ ਵਿਚਲਾ ਫ਼ਰਕ ਹੈ।
ਉਹ ਕਹਿੰਦੇ ਹਨ, "ਸੋਲਮੇਟ ਤਾਂ ਬੱਸ ਮਿਲ ਜਾਂਦਾ ਹੈ। ਉਹ ਪਹਿਲਾਂ ਤੋਂ ਬਣਿਆ ਹੋਇਆ ਹੁੰਦਾ ਹੈ ਪਰ 'ਇੱਕ ਉਹੀ ਅਤੇ ਸਿਰਫ਼ ਉਹੀ", ਉਹ ਹੁੰਦਾ ਹੈ ਜਿਸਨੂੰ ਦੋ ਲੋਕ ਮਿਲ ਕੇ ਸਾਲਾਂ ਦੇ ਤਾਲਮੇਲ, ਮੁਆਫ਼ੀ ਮੰਗਣ ਅਤੇ ਕਦੇ-ਕਦੇ ਸਮਝੌਤਿਆਂ ਦੇ ਨਾਲ ਬਣਾਉਂਦੇ ਹਨ।
ਸੋਲਮੇਟ ਦਾ ਜਾਲ
ਕੈਰੋਲ ਦੀ ਦਲੀਲ ਦਹਾਕਿਆਂ ਦੇ ਅਧਿਐਨ 'ਤੇ ਅਧਾਰਿਤ ਹੈ, ਜਿਸਨੂੰ ਉਨ੍ਹਾਂ ਆਪਣੀ ਰਿਪੋਰਟ 'ਦਿ ਸੋਲਮੇਟ ਟਰੈਪ', 'ਚ ਪਾਇਆ ਹੈ।
ਇਹ ਅਧਿਐਨ ਦੋ ਤਰ੍ਹਾਂ ਦੀ ਸੋਚ 'ਚ ਫ਼ਰਕ ਨੂੰ ਦਰਸਾਉਂਦੀ ਹੈ। ਪਹਿਲਾ ਤਾਂ ਉਹ, ਜਿਸਨੂੰ ਮਨੋਵਿਗਿਆਨੀ 'ਕਿਸਮਤ 'ਤੇ ਯਕੀਨ' ਕਹਿੰਦੇ ਹਨ, ਭਾਵ ਇਹ ਮਾਨਤਾ ਕਿ ਸਹੀ ਰਿਸ਼ਤਾ ਬਿਨਾਂ ਮਿਹਨਤ ਦੇ ਆਪਣੇ ਆਪ ਚੱਲਦਾ ਰਹੇਗਾ ਅਤੇ ਦੂਜੀ ਹੈ, 'ਕੋਸ਼ਿਸ਼ਾਂ 'ਤੇ ਭਰੋਸਾ' ਜੋ ਇਸ 'ਤੇ ਜ਼ੋਰ ਦਿੰਦੀ ਹੈ ਕਿ ਸਾਥੀ ਕੀ ਕਰ ਸਕਦੇ ਹਨ ਤਾਂ ਜੋ ਰਿਸ਼ਤਾ ਬਿਹਤਰ ਬਣੇ।
ਸੰਨ 1990 ਦੇ ਦਹਾਕੇ ਦੇ ਅੰਤ ਅਤੇ 2000 ਦੇ ਸ਼ੁਰੂਆਤੀ ਸਾਲਾਂ ਵਿੱਚ ਯੂਨੀਵਰਸਿਟੀ ਆਫ ਹਿਊਸਟਨ ਦੇ ਪ੍ਰੋਫੈਸਰ ਸੀ ਰੇਮੰਡ ਨੀਅ ਦੀ ਅਗਵਾਈ ਹੇਠ ਕਈ ਅਧਿਐਨ ਕੀਤੇ ਗਏ। ਇਹ ਅਧਿਐਨ ਅਕਸਰ ਵੱਡੇ ਪੱਧਰ 'ਤੇ ਹਵਾਲੇ ਦਿੱਤੇ ਜਾਂਦੇ ਹਨ।
ਇਨ੍ਹਾਂ ਵਿੱਚ ਪਾਇਆ ਗਿਆ ਕਿ ਜੋ ਲੋਕ ਮੰਨਦੇ ਸਨ ਕਿ ਰਿਸ਼ਤੇ ਪਹਿਲਾਂ ਤੋਂ ਹੀ ਬਣੇ ਬਣਾਏ ਹੁੰਦੇ ਹਨ, ਉਹ ਤਕਰਾਰ ਤੋਂ ਬਾਅਦ ਆਪਣੇ ਕਮਿਟਮੈਂਟ 'ਤੇ ਕਾਫ਼ੀ ਵੱਧ ਸ਼ੱਕ ਕਰਦੇ ਸਨ।
ਇਸਦੇ ਉਲਟ, ਜਿਨ੍ਹਾਂ ਦਾ ਨਜ਼ਰੀਆ ਵਧੇਰੇ ਗ੍ਰੋਥ-ਮਾਈਂਡਡ ਜਾਂ ਕੋਸ਼ਿਸ਼ਾਂ 'ਤੇ ਭਰੋਸੇ ਵਾਲਾ ਸੀ, ਉਹ ਬਹਿਸ ਹੋਣ ਵਾਲੇ ਦਿਨਾਂ ਵਿੱਚ ਵੀ ਰਿਸ਼ਤੇ ਵਿੱਚ ਜ਼ਿਆਦਾ ਟਿਕੇ ਰਹਿੰਦੇ ਸਨ।
ਕੈਰੋਲ ਕਹਿੰਦੇ ਹਨ ਕਿ ਕੋਸ਼ਿਸ਼ਾਂ 'ਤੇ ਭਰੋਸਾ ਕਰਨ ਵਾਲੇ ਲੋਕ ਵੀ ਕੁਝ ਖ਼ਾਸ ਚਾਹੁੰਦੇ ਹਨ, ਪਰ ਉਹ ਮੁਸ਼ਕਲ ਦੌਰ ਦੀ ਉਮੀਦ ਵੀ ਰੱਖਦੇ ਹਨ। "ਉਹ ਆਪਣੇ ਆਪ ਨੂੰ ਪੁੱਛਦੇ ਹਨ ਕਿ ਉਹ ਕੀ ਕਰ ਸਕਦੇ ਹਨ ਜਿਸ ਨਾਲ ਉਨ੍ਹਾਂ ਦਾ ਰਿਸ਼ਤਾ ਬਿਹਤਰ ਹੋਵੇ, ਉਸ ਵਿੱਚ ਸੁਧਾਰ ਆਏ ਅਤੇ ਉਸ ਵਿੱਚ ਵਿਕਾਸ ਹੋਵੇ?"

ਤਸਵੀਰ ਸਰੋਤ, Getty Images
ਉਨ੍ਹਾਂ ਦੇ ਮੁਤਾਬਕ ਸਮੱਸਿਆ 'ਸੋਲਮੇਟ' ਵਿੱਚ ਨਹੀਂ, ਸਗੋਂ ਇਸ ਉਮੀਦ ਵਿੱਚ ਹੈ ਕਿ ਪਿਆਰ ਵਿੱਚ ਕਦੇ ਵੀ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ। ਉਹ ਕਹਿੰਦੇ ਹਨ ਕਿ ਇੱਕ ਲੰਬੇ ਰਿਸ਼ਤੇ ਦਾ ਸਭ ਤੋਂ 'ਰੂਹਾਨੀ' ਹਿੱਸਾ ਕੋਈ ਫ਼ਿਲਮੀ ਪਲ ਨਹੀਂ ਹੁੰਦਾ, ਬਲਕਿ ਇਕ-ਦੂਜੇ ਦੀਆਂ ਤਾਕਤਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਚੁਣੌਤੀਆਂ ਅਤੇ ਕਮਜ਼ੋਰੀਆਂ ਨੂੰ ਨੇੜੇ ਤੋਂ ਦਿਖਾਉਣ ਵਾਲੀਆਂ 'ਫਰੰਟ-ਰੋ ਸੀਟਸ' ਹੁੰਦੀਆਂ ਹਨ।
ਉਹ ਕਹਿੰਦੇ ਹਨ, "ਉਹ ਇੱਕ ਕਾਫ਼ੀ ਪਵਿੱਤਰ ਜਿਹੀ ਥਾਂ ਹੁੰਦੀ ਹੈ। ਅਸੀਂ ਉਨ੍ਹਾਂ ਚੀਜ਼ਾਂ ਨੂੰ ਸਿਰਫ਼ ਇਸ ਲਈ ਜਾਣਦੇ ਹਾਂ ਕਿਉਂਕਿ ਉਨ੍ਹਾਂ ਨੇ ਸਾਨੂੰ ਉੱਥੇ ਰਹਿਣ ਦਿੱਤਾ ਹੈ।"
ਕੈਰੋਲ ਮੁਤਾਬਕ, ਜਦੋਂ ਪਿਆਰ ਨੂੰ ਕਿਸਮਤ ਨਾਲ ਮਿਲਿਆ ਹੋਇਆ ਮੰਨ ਲਿਆ ਜਾਂਦਾ ਹੈ, ਤਾਂ ਲੋਕ ਉਹ ਸਧਾਰਣ ਜਿਹਾ ਪਰ ਜ਼ਰੂਰੀ ਕੰਮ ਘੱਟ ਕਰਨ ਲੱਗਦੇ ਹਨ ਜੋ ਅਸਲ ਵਿੱਚ ਰਿਸ਼ਤੇ ਨੂੰ ਜ਼ਿੰਦਾ ਰੱਖਦੇ ਹਨ।
ਉਹ ਕਹਿੰਦੇ ਹਨ ਕਿ 'ਸੋਲਮੇਟ' ਵਾਲਾ ਜਾਲ ਰਿਸ਼ਤੇ ਵਿੱਚ ਪਹਿਲੀ ਗੰਭੀਰ ਮੁਸ਼ਕਿਲ ਆਉਣ 'ਤੇ ਹਾਲਾਤ ਹੋਰ ਔਖੇ ਕਰ ਦਿੰਦਾ ਹੈ।
"ਪਹਿਲੀ ਵਾਰ ਜਦੋਂ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਰੰਤ ਖ਼ਿਆਲ ਆਉਂਦਾ ਹੈ, 'ਮੈਨੂੰ ਲੱਗਿਆ ਸੀ ਤੁਸੀਂ ਮੇਰੇ ਸੋਲਮੇਟ ਹੋ। ਪਰ ਸ਼ਾਇਦ ਨਹੀਂ, ਕਿਉਂਕਿ ਸੋਲਮੇਟਸ ਨੂੰ ਤਾਂ ਅਜਿਹੀਆਂ ਚੀਜ਼ਾਂ ਨਹੀਂ ਝੱਲਣੀਆਂ ਚਾਹੀਦੀਆਂ'।"
ਉਹ ਕਹਿੰਦੇ ਹਨ, "ਪਰ ਜੇ ਕੋਈ ਰਿਸ਼ਤਾ ਲੰਬੇ ਸਮੇਂ ਤੱਕ ਚੱਲਣਾ ਹੈ, ਤਾਂ ਉਹ ਕਦੇ ਵੀ ਇਕ ਸਿੱਧੀ ਢਲਾਨ ਵਾਂਗ ਆਸਾਨ ਨਹੀਂ ਹੋ ਸਕਦਾ।"

ਸਪਾਰਕ ਜਾਂ ਟ੍ਰੌਮਾ?
ਵਿੱਕੀ ਪੈਵਿਟ, ਲੰਡਨ 'ਚ ਵਸੀ ਲਵ ਕੋਚ ਹੈ। ਉਹ ਅਕਸਰ ਉਨ੍ਹਾਂ ਲੋਕਾਂ ਦੀ ਮਦਦ ਕਰਦੀ ਹੈ ਜਿਨ੍ਹਾਂ ਨੂੰ ਲੱਗਿਆ ਸੀ ਕਿ ਉਨ੍ਹਾਂ ਨੂੰ ਸੋਲਮੇਟ ਮਿਲ ਗਿਆ ਹੈ, ਪਰ ਬਾਅਦ 'ਚ ਪਤਾ ਲੱਗਾ ਕਿ ਉਸ ਪਰੀ-ਕਥਾ ਦੇ ਨਾਲ ਭਾਵਨਾਤਮਕ ਜੋੜ-ਤੋੜ, ਅਸਥਿਰਤਾ ਅਤੇ ਲਗਾਤਾਰ ਬੇਚੈਨੀ ਵੀ ਜੁੜੀ ਹੋਈ ਸੀ।
ਉਹ ਕਹਿੰਦੀ ਹੈ, "ਜਦੋਂ ਬਹੁਤ ਜ਼ਿਆਦਾ ਕੈਮਿਸਟਰੀ ਅਤੇ ਸਪਾਰਕ ਹੁੰਦਾ ਹੈ ਤਾਂ ਕਈ ਵਾਰ ਉਹ ਪੁਰਾਣੇ, ਤਕਲੀਫ਼ਦੇਹ ਪੈਟਰਨ ਖੁੱਲ੍ਹਣ ਨਾਲ ਵੀ ਹੋ ਸਕਦਾ ਹੈ... ਜਿਵੇਂ ਪੁਰਾਣੇ ਜ਼ਖਮ।"
"ਕੋਈ ਅਜਿਹਾ ਇਨਸਾਨ ਜੋ ਲਗਾਤਾਰ ਬਦਲਦਾ ਰਹੇ ਜਾਂ ਕਦੇ ਗਰਮ, ਕਦੇ ਠੰਢਾ ਵਤੀਰਾ ਕਰੇ, ਉਹ ਤੁਹਾਨੂੰ ਅਜਿਹਾ ਮਹਿਸੂਸ ਕਰਵਾ ਸਕਦਾ ਹੈ ਕਿ 'ਮੈਂ ਇਨ੍ਹਾਂ ਨੂੰ ਦੁਬਾਰਾ ਮਿਲਣ ਦਾ ਇੰਤਜ਼ਾਰ ਨਹੀਂ ਕਰ ਸਕਦਾ।' ਪਰ ਅਸਲ 'ਚ ਹੋ ਕੀ ਰਿਹਾ ਹੁੰਦਾ ਹੈ।'"
ਪੈਵਿਟ ਕਹਿੰਦੇ ਹਨ ਕਿ ਜਿਸਨੂੰ ਅਸੀਂ ਕਿਸਮਤ ਮੰਨ ਲੈਂਦੇ ਹਾਂ, ਉਹ ਅਸਲ ਵਿੱਚ ਸਾਡੇ ਨਰਵਸ ਸਿਸਟਮ ਦਾ ਖਿਚਾਅ ਵੀ ਹੋ ਸਕਦਾ ਹੈ ਜੋ ਕਿਸੇ ਅਜਿਹੀ ਚੀਜ਼ ਨੂੰ ਪਛਾਣਦਾ ਹੈ ਜਿਸਨੇ ਸਾਨੂੰ ਪਹਿਲਾਂ ਸੱਟ ਪਹੁੰਚਾਈ ਸੀ ਅਤੇ ਜਿਸਨੂੰ ਅਸੀਂ ਹੁਣ ਠੀਕ ਕਰਨਾ ਚਾਹੁੰਦੇ ਹਾਂ। ਥੈਰੇਪਿਸਟ ਇਸਨੂੰ 'ਟ੍ਰੌਮਾ ਬੌਂਡ' ਕਹਿੰਦੇ ਹਨ।
ਉਹ ਕਹਿੰਦੇ ਹਨ ਕਿ ਇਹ ਬੌਂਡ ਕਈ ਵਾਰ ਪਿਆਰ ਜਿਹਾ ਲੱਗਦਾ ਹੈ ਅਤੇ ਲੋਕ ਗ਼ੈਰ-ਸਿਹਤਮੰਦ ਰਿਸ਼ਤਿਆਂ ਵੱਲ ਚੁੰਬਕ ਵਾਂਗ ਖਿੱਚੇ ਜਾਂਦੇ ਹਨ, ਇਸ ਲਈ ਨਹੀਂ ਕਿ ਉਹ ਸਹੀ ਮੇਲ ਹੈ, ਸਗੋਂ ਇਸ ਲਈ ਕਿ ਉਹ ਰਿਸ਼ਤੇ ਜਾਣੇ-ਪਛਾਣੇ ਲੱਗਦੇ ਹਨ।
ਕੈਨੇਡੀਅਨ ਮਨੋਵਿਗਿਆਨੀ ਡੌਨਲਡ ਡਟਨ ਅਤੇ ਸੂਜ਼ਨ ਪੇਂਟਰ ਦੇ ਇੱਕ ਅਧਿਐਨ ਦਾ ਵੀ ਅਕਸਰ ਜ਼ਿਕਰ ਹੁੰਦਾ ਹੈ। 1993 ਵਿੱਚ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ 75 ਔਰਤਾਂ ਦਾ ਅਧਿਐਨ ਕੀਤਾ, ਜਿਨ੍ਹਾਂ ਨੇ ਉਸੇ ਸਮੇਂ ਆਪਣੇ ਹਿੰਸਕ ਸਾਥੀਆਂ ਨੂੰ ਛੱਡਿਆ ਸੀ।
ਟੀਮ ਨੇ ਜਾਣਿਆ ਕਿ ਉਸ ਵੇਲੇ ਵੀ ਉਹ ਔਰਤਾਂ ਆਪਣੇ ਪੁਰਾਣੇ ਸਾਥੀ ਨਾਲ ਕਿੰਨਾ ਜੁੜਾਅ ਮਹਿਸੂਸ ਕਰਦੀਆਂ ਸਨ ਅਤੇ ਇਸਦੀ ਤੁਲਨਾ ਉਨ੍ਹਾਂ ਦੇ ਰਿਸ਼ਤਿਆਂ ਦੀ ਅਸਲ ਹਕੀਕਤ ਨਾਲ ਕੀਤੀ।
ਉਨ੍ਹਾਂ ਨੇ ਪਾਇਆ ਕਿ ਸਭ ਤੋਂ ਮਜ਼ਬੂਤ ਜੁੜਾਅ ਉਨ੍ਹਾਂ ਔਰਤਾਂ ਵਿੱਚ ਨਹੀਂ ਸੀ ਜਿਨ੍ਹਾਂ ਨਾਲ ਲਗਾਤਾਰ ਦੁਰਵਿਵਹਾਰ ਕੀਤਾ ਗਿਆ ਸੀ, ਸਗੋਂ ਉਨ੍ਹਾਂ ਵਿੱਚ ਸੀ ਜਿਨ੍ਹਾਂ ਦੇ ਸਾਥੀ ਕਦੇ ਆਕਰਸ਼ਕ ਤੇ ਕਦੇ ਨਿਰਦਈ ਹੁੰਦੇ ਸਨ।
ਡਟਨ ਅਤੇ ਪੇਂਟਰ ਕਹਿੰਦੇ ਹਨ ਕਿ ਇਹ ਟ੍ਰੌਮਾ ਬੌਂਡ ਸਮਝਾਉਂਦਾ ਹੈ ਕਿ ਲੋਕ ਉਨ੍ਹਾਂ ਰਿਸ਼ਤਿਆਂ ਵੱਲ ਮੁੜ ਕਿਉਂ ਖਿੱਚੇ ਜਾਂਦੇ ਹਨ ਜੋ ਉਨ੍ਹਾਂ ਲਈ ਸਾਫ਼ ਤੌਰ 'ਤੇ ਨੁਕਸਾਨਦੇਹ ਹਨ ਕਿਉਂਕਿ ਖ਼ਤਰੇ ਅਤੇ ਸਨੇਹ ਦਾ ਮਿਲਿਆ-ਜੁਲਿਆ ਅਹਿਸਾਸ ਉਨ੍ਹਾਂ ਲਈ ਜਾਣਿਆ-ਪਛਾਣਿਆ ਹੁੰਦਾ ਹੈ, ਨਾ ਕਿ ਇਸ ਲਈ ਕਿ ਉਹ ਰਿਸ਼ਤਾ ਸਿਹਤਮੰਦ ਹੈ।
ਕੋਚਿੰਗ ਵਿੱਚ ਪੈਵਿਟ ਇਸੇ ਫ਼ਰਕ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਹਨ, "ਇਹ ਸਮਝਣ ਦੀ ਗੱਲ ਹੈ ਕਿ ਜੋ ਕੈਮਿਸਟਰੀ ਤੁਸੀਂ ਮਹਿਸੂਸ ਕਰ ਰਹੇ ਹੋ, ਕੀ ਉਹ ਇਹ ਦੱਸ ਰਹੀ ਹੈ ਕਿ ਇਹ ਇਨਸਾਨ ਮੇਰੇ ਲਈ ਠੀਕ ਹੈ, ਜਾਂ ਫਿਰ ਇਹ ਉਹੀ ਜਾਣੀ-ਪਛਾਣੀ ਬੇਚੈਨੀ ਹੈ?"
ਉਹ ਕਹਿੰਦੇ ਹਨ, "ਆਪਣੀ ਭਾਸ਼ਾ ਵਿੱਚ ਮੈਂ ਕਦੇ ਸੋਲਮੇਟਸ ਦੀ ਗੱਲ ਨਹੀਂ ਕਰਦੀ। ਮੈਂ ਨਿੱਜੀ ਤੌਰ 'ਤੇ ਨਹੀਂ ਮੰਨਦੀ ਕਿ ਹਰ ਕਿਸੇ ਲਈ ਸਿਰਫ਼ ਇੱਕ ਹੀ ਵਿਅਕਤੀ ਬਣਿਆ ਹੈ ਪਰ ਮੈਂ ਇਹ ਮੰਨਦੀ ਹਾਂ ਕਿ ਅਸੀਂ ਕਿਸੇ ਲਈ 'ਦਿ ਵਨ' ਬਣ ਜਾਂਦੇ ਹਾਂ।"

ਤਸਵੀਰ ਸਰੋਤ, Vicki Pavitt
ਅਸਲ ਕੈਮਿਸਟਰੀ
ਜੇਕਰ ਸੋਲਮੇਟਸ ਦੀ ਹੋਂਦ ਨੂੰ ਨਕਾਰਨਾ ਤੁਹਾਨੂੰ ਗ਼ੈਰ-ਰੋਮਾਂਟਿਕ ਲੱਗੇ ਤਾਂ ਖਿੱਚ ਦੀ ਬਾਇਓਲੋਜੀ ਵੀ ਉਸੇ ਦਿਸ਼ਾ ਵੱਲ ਇਸ਼ਾਰਾ ਕਰਦੀ ਹੈ।
ਹਾਰਮੋਨਲ ਗਰਭਨਿਰੋਧਕ ਇਹ ਬਰੀਕੀ ਨਾਲ ਬਦਲ ਸਕਦੇ ਹਨ ਕਿ ਪਾਰਟਨਰ ਇੱਕ-ਦੂਜੇ ਬਾਰੇ ਕਿਹੋ ਜਿਹਾ ਮਹਿਸੂਸ ਕਰਦੇ ਹਨ।
ਰਿਸਰਚ ਦੱਸਦੀ ਹੈ ਕਿ ਅਜਿਹੀਆਂ ਗੋਲੀਆਂ ਜੋ ਪ੍ਰਜਨਨ ਚੱਕਰ ਦੀ ਕੁਦਰਤੀ ਲੈਅ ਨੂੰ ਰੋਕ ਦਿੰਦੇ ਹਨ, ਉਹ ਆਕਰਸ਼ਣ 'ਚ ਆਉਣ ਵਾਲੇ ਉਨ੍ਹਾਂ ਬਦਲਾਵਾਂ ਨੂੰ ਦਬਾ ਸਕਦੀਆਂ ਹਨ ਜੋ ਆਮ ਤੌਰ 'ਤੇ ਮਾਸਿਕ ਚੱਕਰ ਦੌਰਾਨ ਆਉਂਦੇ ਹਨ ਅਤੇ ਇਸ ਨਾਲ ਸਾਥੀ ਦੀ ਚੋਣ 'ਤੇ ਵੀ ਅਸਰ ਪੈ ਸਕਦਾ ਹੈ।
365 ਹੈਟਰੋਸੈਕਸ਼ੁਅਲ ਜੋੜਿਆਂ 'ਤੇ ਹੋਏ ਇੱਕ ਵੱਡੇ ਅਧਿਐਨ ਤੋਂ ਪਤਾ ਲੱਗਿਆ ਕਿ ਔਰਤਾਂ ਦੀ ਯੌਨ ਸੰਤੁਸ਼ਟੀ ਉਸ ਵੇਲੇ ਵੱਧ ਸੀ ਜਦੋਂ ਉਨ੍ਹਾਂ ਦਾ ਮੌਜੂਦਾ ਗਰਭਨਿਰੋਧਕ ਇਸਤੇਮਾਲ ਉਸੇ ਪੱਧਰ 'ਤੇ ਸੀ, ਜਿਵੇਂ ਉਸ ਸਮੇਂ ਸੀ ਜਦੋਂ ਉਨ੍ਹਾਂ ਨੇ ਆਪਣੇ ਸਾਥੀ ਨੂੰ ਪਹਿਲੀ ਵਾਰ ਚੁਣਿਆ ਸੀ।
ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਦਵਾਈ ਦੇ ਇਸਤੇਮਾਲ ਵਿੱਚ ਤਬਦੀਲੀ ਨਾਲ ਸਾਥੀ ਨੂੰ ਮਹਿਸੂਸ ਕਰਨ ਦਾ ਤਰੀਕਾ ਵੀ ਬਦਲ ਸਕਦਾ ਹੈ। ਇਹ ਅਸਰ ਛੋਟੇ ਹੁੰਦੇ ਹਨ, ਪਰ ਸਮੇਂ ਦੇ ਨਾਲ ਜੋੜਿਆਂ ਦੀ 'ਕੈਮਿਸਟਰੀ' ਵਿੱਚ ਆਉਣ ਵਾਲੇ ਹੈਰਾਨੀਜਨਕ ਬਦਲਾਵਾਂ ਨੂੰ ਸਮਝਣ 'ਚ ਮਦਦ ਕਰ ਸਕਦੇ ਹਨ।
ਜੇ ਹਾਰਮੋਨ ਅਤੇ ਗੋਲੀਆਂ ਇਸ ਗੱਲ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਕਿ ਕੌਣ 'ਦਿ ਵਨ' ਜਿਹਾ ਲੱਗਦਾ ਹੈ, ਤਾਂ ਇਹ ਮੰਨਣਾ ਮੁਸ਼ਿਕਲ ਹੋ ਜਾਂਦਾ ਹੈ ਕਿ ਕੋਈ ਇੱਕ ਪਹਿਲਾਂ ਤੋਂ ਤੈਅ ਮੇਲ ਹੈ ਅਤੇ ਇੱਥੇ ਹੀ ਗਣਿਤਕਾਰ ਤਸਵੀਰ 'ਚ ਆਉਂਦੇ ਹਨ।

ਤਸਵੀਰ ਸਰੋਤ, PA Wire
'ਦਿ ਵਨ'- ਪਰ ਸਿਰਫ਼ ਉਹੀ ਨਹੀਂ
ਮਨੋਵਿਗਿਆਨ ਅਤੇ ਜੀਵ ਵਿਗਿਆਨ 'ਦਿ ਵਨ' ਨੂੰ ਦੇਖਣ ਦਾ ਇੱਕ ਤਰੀਕਾ ਦੱਸਦੇ ਹਨ ਪਰ ਗਣਿਤ ਇੱਕ ਵੱਖਰੀ ਤਸਵੀਰ ਦਿਖਾਉਂਦਾ ਹੈ।
ਟੇਨੇਸੀ ਦੇ ਨੈਸ਼ਵਿਲ 'ਚ ਵੈਂਡਰਬਿਲਟ ਯੂਨੀਵਰਸਿਟੀ ਦੇ ਅਰਥਸ਼ਾਸਤਰੀ ਡਾਕਟਰ ਗ੍ਰੇਗ ਲਿਓ ਨੇ ਇੱਕ 'ਕੰਪੈਟੇਬਿਲਟੀ ਐਲਗੋਰਿਦਮ' ਬਣਾਇਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਤੁਹਾਡੇ ਕੋਲ ਸਿਰਫ਼ ਇੱਕ ਨਹੀਂ, ਬਲਕਿ 'ਕਈ ਵਨ' ਹੋ ਸਕਦੇ ਹਨ।
ਪਬਲਿਕ ਇਕੋਨੋਮਿਕ ਥਿਓਰੀ ਜਰਨਲ 'ਚ ਪ੍ਰਕਾਸ਼ਿਤ ਆਪਣੇ ਮੈਚਿੰਗ ਸੋਲਮੇਟਸ ਪੇਪਰ ਵਿੱਚ, ਉਨ੍ਹਾਂ ਨੇ ਕੰਪਿਊਟਰ ਸਿਮਯੂਲੇਟੇਡ ਡੇਟਿੰਗ ਪੂਲ ਬਣਾਇਆ, ਜਿਸ ਵਿੱਚ ਹਜ਼ਾਰਾਂ ਡਿਜੀਟਲ ਡੇਟਰਸ ਇੱਕ-ਦੂਜੇ ਨੂੰ ਰੈਂਕਿੰਗ ਦਿੰਦੇ ਹਨ।
ਉਨ੍ਹਾਂ ਦਾ ਐਲਗੋਰਿਦਮ 'ਫਰਸਟ ਆਰਡਰ ਸੋਲਮੇਟਸ' ਚੁਣਦਾ ਹੈ, ਅਜਿਹੇ ਜੋੜੇ ਜੋ ਇੱਕ-ਦੂਜੇ ਨੂੰ ਸਟੇਬਲ ਮੈਚਿੰਗ 'ਚ ਚੁਣਦੇ ਹਨ। ਫਿਰ ਉਨ੍ਹਾਂ ਨੂੰ ਹਟਾ ਕੇ ਉਹੀ ਪ੍ਰਕਿਰਿਆ ਬਾਕੀ ਬਚੇ ਲੋਕਾਂ ਨਾਲ ਦੁਹਰਾਈ ਜਾਂਦੀ ਹੈ ਅਤੇ ਤੁਹਾਨੂੰ ਸੈਕਿੰਡ ਆਰਡਰ ਸੋਲਮੇਟਸ ਮਿਲਦੇ ਹਨ, ਫਿਰ ਥਰਡ ਆਰਡਰ ਅਤੇ ਇਸੇ ਤਰ੍ਹਾਂ ਹੋਰ।
ਉਨ੍ਹਾਂ ਦੇ ਨਤੀਜਿਆਂ ਵਿੱਚ, ਇਹ ਬਹੁਤ ਘੱਟ ਦੇਖਣ ਨੂੰ ਮਿਲਿਆ ਕਿ ਕਿਸੇ ਵਿਅਕਤੀ ਨੂੰ ਉਸਦਾ ਮਿਊਚਲ ਫਰਸਟ ਪਿਕ ਮਿਲੇ ਪਰ ਬਹੁਤ ਸਾਰੇ ਲੋਕਾਂ ਕੋਲ ਅਜਿਹੇ ਸਾਥੀ ਸਨ ਜੋ ਦੂਜੀ ਜਾਂ ਤੀਜੀ ਵਾਰ 'ਚ ਪਸੰਦ ਆਉਂਦੇ ਸਨ।
ਇਸ ਮਾਡਲ 'ਚ ਜੋੜੇ ਉਦੋਂ ਖੁਸ਼ ਮੰਨੇ ਜਾਂਦੇ ਹਨ ਜਦੋਂ ਉਹ ਇੱਕ-ਦੂਜੇ ਦੀ ਲਿਸਟ 'ਚ ਉੱਪਰ ਹੋਣ ਅਤੇ ਨਾ ਉਨ੍ਹਾਂ ਨੂੰ ਅਤੇ ਨਾ ਹੀ ਸਾਹਮਣੇ ਵਾਲੇ ਨੂੰ ਅਜਿਹਾ ਕੋਈ ਹੋਰ ਵਿਅਕਤੀ ਮਿਲ ਸਕੇ ਜਿਸਨੂੰ ਦੋਵੇਂ ਜ਼ਿਆਦਾ ਪਸੰਦ ਕਰਨ।
ਇਹ ਸਭ ਭਾਵੇਂ ਸਿਰਫ਼ ਨੰਬਰਾਂ ਦੀ ਖੇਡ ਲੱਗੇ ਪਰ ਇਹ ਲਵ ਐਲਗੋਰਿਦਮ ਸਾਨੂੰ ਦੱਸਦਾ ਹੈ ਕਿ ਸਾਡੇ ਲਈ ਕਈ ਢੁੱਕਵੇਂ ਸਾਥੀ ਹੁੰਦੇ ਹਨ, ਸਿਰਫ਼ 'ਦਿ ਵਨ' ਹੀ ਨਹੀਂ।
ਛੋਟੀਆਂ-ਛੋਟੀਆਂ ਗੱਲਾਂ ਦਾ ਅਸਰ

ਤਸਵੀਰ ਸਰੋਤ, Getty Images
ਤਾਂ ਫਿਰ ਇੱਕ ਜੋੜਾ ਕਿਵੇਂ ਮਿਲ ਕੇ ਇੱਕ-ਦੂਜੇ ਲਈ 'ਦਿ ਵਨ' ਬਣ ਸਕਦੇ ਹਨ?
ਦਿ ਓਪਨ ਯੂਨੀਵਰਸਿਟੀ ਸੋਸ਼ਿਓਲੋਜੀ ਅਤੇ ਇੰਟੀਮੈਸੀ ਦੀ ਪ੍ਰੋਫੈਸਰ ਜੈਕੀ ਗੈਬ ਨੇ ਇਸਨੂੰ ਆਪਣੀ ਐਨਡਿਓਰਿੰਗ ਲਵ ਪ੍ਰੋਜੈਕਟ 'ਚ ਪਰਖਿਆ, ਜੋ 2015 'ਚ ਸੋਸ਼ਿਓਲੋਜੀ ਜਰਨਲ 'ਚ ਪ੍ਰਕਾਸ਼ਿਤ ਹੋਈ ਸੀ।
ਇਸ ਪ੍ਰੋਜੈਕਟ 'ਚ ਕਰੀਬ 5,000 ਲੋਕਾਂ ਦਾ ਸਰਵੇ ਕੀਤਾ ਗਿਆ ਅਤੇ ਫਿਰ 50 ਜੋੜਿਆਂ ਨੂੰ ਬੇਹੱਦ ਬਰੀਕੀ ਨਾਲ, ਕਦੇ-ਕਦੇ ਥੋੜ੍ਹੀ ਦਖਲਅੰਦਾਜ਼ੀ ਵਾਲੀ ਡਿਟੇਲਸ ਤੱਕ, ਫੋਲੋ ਕੀਤਾ ਗਿਆ।
ਅੰਕੜਿਆਂ ਦੇ ਨਾਲ-ਨਾਲ ਇਸ 'ਚ ਡਾਇਰੀ, ਇੰਟਰਵਿਊ ਅਤੇ ਘਰ ਦੇ ਅੰਦਰ ਕੀ ਹੋਇਆ, ਇਸਦੇ 'ਇਮੋਸ਼ਨ ਮੈਪਸ' ਵੀ ਸ਼ਾਮਿਲ ਸਨ।
ਜਦੋਂ ਉਨ੍ਹਾਂ ਲੋਕਾਂ ਤੋਂ ਪੁੱਛਿਆ ਕਿ ਕਿਹੜੀਆਂ ਚੀਜ਼ਾਂ ਨੇ ਉਨ੍ਹਾਂ ਨੂੰ ਸ਼ਲਾਘਾਯੋਗ ਮਹਿਸੂਸ ਕਰਵਾਇਆ ਤਾਂ ਜਵਾਬ ਨਾ ਤਾਂ ਸ਼ਾਮ ਨੂੰ ਸੂਰਜ ਦੀ ਰੌਸ਼ਨੀ 'ਚ ਕੀਤਾ ਪਿਆਰ ਦਾ ਇਜ਼ਹਾਰ ਸੀ ਅਤੇ ਨਾ ਹੀ ਪੈਰਿਸ ਦੀ ਸਰਪ੍ਰਾਈਜ਼ ਟਰਿੱਪ।
ਬਲਕਿ ਸਨ, ਅਚਾਨਕ ਦਿੱਤੇ ਗਏ ਤੋਹਫ਼ੇ, ਪਿਆਰ ਵਾਲਾ ਰਵੱਈਆ ਅਤੇ ਬੈੱਡ 'ਤੇ ਹੀ ਚਾਹ ਲਿਆ ਕੇ ਦੇਣ ਵਰਗੀਆਂ ਚੀਜ਼ਾਂ।
ਠੰਡੀ ਸਵੇਰ 'ਚ ਕਾਰ ਨੂੰ ਪਹਿਲਾਂ ਤੋਂ ਗਰਮ ਕਰ ਦੇਣਾ। ਰਾਹ ਚੋਂ ਜੰਗਲੀ ਫੁੱਲ ਤੋੜ ਫੁੱਲਦਾਨ 'ਚ ਰੱਖਣਾ। ਕਿਸੇ ਪਾਰਟੀ 'ਚ ਤੁਹਾਨੂੰ ਵੇਖ ਕੇ ਚੁੱਪਚਾਪ ਮੁਸਕਾਉਣਾ।
ਗੈਬ ਦੇ ਮੁਤਾਬਿਕ,' ਇਹ 'ਹਰ ਰੋਜ਼ ਦੀਆਂ ਧਿਆਨ ਦੇਣ ਵਾਲੀਆਂ ਗੱਲਾਂ' ਵੱਡੇ ਰੋਮਾਂਟਿਕ ਕੰਮਾਂ ਤੋਂ ਕਿਤੇ ਵੱਧ ਪ੍ਰਭਾਵਸ਼ਾਲੀ ਨਿਕਲੀਆਂ।
ਉਨ੍ਹਾਂ ਦੇ ਸਰਵੇ ਵਿੱਚ, 22 ਫੀਸਦ ਮਾਂਵਾਂ ਅਤੇ 20 ਫੀਸਦ ਅਜਿਹੀਆਂ ਔਰਤਾਂ, ਜਿਨ੍ਹਾਂ ਦੇ ਬੱਚੇ ਨਹੀਂ ਸਨ, ਨੇ ਇਨ੍ਹਾਂ ਛੋਟੇ ਇਸ਼ਾਰਿਆਂ ਨੂੰ ਉਨ੍ਹਾਂ ਦੋ ਅਹਿਮ ਚੀਜ਼ਾਂ 'ਚ ਗਿਣਿਆ ਜੋ ਉਨ੍ਹਾਂ ਨੂੰ ਖਾਸ ਮਹਿਸੂਸ ਕਰਵਾਉਂਦੀ ਸਨ। ਇਹ ਵੱਡੀਆਂ ਪਾਰਟੀਆਂ ਜਾਂ ਮਹਿੰਗੇ ਤੋਹਫ਼ਿਆਂ ਤੋਂ ਜ਼ਿਆਦਾ ਸੀ।
ਡਾਟਾ 'ਚ ਰਿਸ਼ਤੇ ਦੀ ਸੰਤੁਸ਼ਟੀ ਦਾ ਮੁੱਖ ਕਾਰਣ ਨਾ ਪੈਸਾ ਸੀ, ਨਾ ਰੋਮਾਂਸ, ਬਲਕਿ ਸੀ, "ਇੰਟੀਮੇਟ ਕਪਲ ਨੋਲੇਜ"। ਇੱਕ ਦੂਜੇ ਨੂੰ ਡੂੰਘਾਈ ਨਾਲ ਜਾਣਨਾ ਅਤੇ ਉਸ ਸਮਝ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਜ਼ਾਹਰ ਕਰਨਾ।
ਇਸ ਪ੍ਰੋਜੈਕਟ ਲਈ ਲਿਖੀ ਗਈ ਇੱਕ ਨੌਜਵਾਨ ਜੋੜੇ ਦੀ ਡਾਇਰੀ 'ਚ, ਸੁਮੈਰਾ ਆਪਣੇ ਸਾਥੀ ਦੇ ਘਰ ਵਾਪਿਸ ਆਉਣ ਬਾਰੇ ਦੱਸਦੀ ਹੈ, ਉਸ ਖਾਣੇ ਬਾਰੇ ਦੱਸਦੀ ਹੈ ਜੋ ਉਸਨੇ ਬਣਾਇਆ ਹੈ, ਹਾਲਵੇ 'ਚ ਇੱਕ ਜੱਫ਼ੀ ਅਤੇ ਦੋਹਾਂ ਦੇ ਮੇਜ਼ 'ਤੇ ਇਕੱਠੇ ਖਾਣਾ ਖਾਉਣ ਦਾ ਜ਼ਿਕਰ ਕਰਦੀ ਹੈ।
ਉਹ ਆਪਣੀ ਖੋਜ ਡਾਇਰੀ 'ਚ ਲਿਖਦੀ ਹੈ, "ਇਹ ਪਰਫੈਕਟ ਹੈ, ਬੱਸ ਅਸੀਂ ਅਤੇ ਖਾਣਾ। ਮੈਨੂੰ ਹੋਰ ਕੀ ਚਾਹੀਦਾ?"
ਫਿਰ ਲਿਵਿੰਗ ਰੂਮ 'ਚ ਅਚਾਨਕ ਕੀਤਾ ਗਿਆ ਡਾਂਸ, ਘਾਹ 'ਤੇ ਲੰਬੀ ਸੈਰ ਜਿੱਥੇ ਉਹ ਹਨ੍ਹੇਰੇ ਤੋਂ ਡਰ ਜਾਂਦੀ ਹੈ ਅਤੇ ਇੱਕ ਤਸਵੀਰ ਜਿਸਨੂੰ ਉਸਦਾ ਸਾਥੀ ਇਨ੍ਹਾਂ ਪਸੰਦ ਕਰਦਾ ਹੈ ਕਿ ਉਸਨੂੰ ਆਪਣੇ ਫੋਨ ਦੀ ਬੈਕਗ੍ਰਾਊਂਡ ਬਣਾ ਲੈਂਦਾ ਹੈ।
ਇਹ ਇੱਕ ਪਿਆਰੀ, ਰੋਜ਼ਮਰਰਾ ਦੀ ਕਹਾਣੀ ਵਾਂਗ ਲੱਗਦੀ ਹੈ, ਕੋਈ ਪਰੀ-ਕਹਾਣੀ ਨਹੀਂ: ਕੱਚ ਦੀਆਂ ਚੱਪਲਾਂ ਨਹੀਂ, ਸਗੋਂ ਰੱਬਰ ਦੀਆਂ ਜੁੱਤੀਆਂ।
ਗੈਬ ਦੱਸਦੀ ਹੈ ਕਿ ਇਸ ਮਿਠਾਸ ਦੇ ਨਾਲ ਹੀ ਪੈਸਿਆਂ ਦੀ ਚਿੰਤਾ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਡਿਪ੍ਰੈਸ਼ਨ ਦਾ ਇਤਿਹਾਸ ਵੀ ਜੁੜਿਆ ਹੋਇਆ ਹੈ, ਜਿਨ੍ਹਾਂ ਨਾਲ ਇਹ ਜੋੜਾ ਮਿਲ ਕੇ ਨਜਿੱਠਣਾ ਸਿੱਖ ਰਿਹਾ ਹੈ।
ਉਹ ਕਹਿੰਦੀ ਹੈ, "ਇੱਥੇ ਸੋਲਮੇਟ ਵਰਗਾ ਅਹਿਸਾਸ ਜ਼ਿੰਦਗੀ ਤੋਂ ਉੱਪਰ ਤੈਰਦਾ ਨਹੀਂ; ਇਹ ਜ਼ਿੰਦਗੀ ਤੋਂ ਹੀ, ਹੌਲੀ-ਹੌਲੀ, ਇੰਚ ਦਰ ਇੰਚ ਬਣਦਾ ਹੈ, ਇਸ ਗੱਲ ਵਿੱਚ ਕਿ ਦੋਵੇਂ ਉਨ੍ਹਾਂ ਦਬਾਵਾਂ ਦਾ ਸਾਹਮਣਾ ਕਿਵੇਂ ਕਰਦੇ ਹਨ।"

ਤਸਵੀਰ ਸਰੋਤ, Getty Images
ਵੈਲੇਨਟਾਈਨ ਦਾ ਡਿਨਰ
ਕੈਰੋਲ ਦੇ ਮੁਤਾਬਕ, ਵਿਗਿਆਨ ਰੋਮਾਂਸ ਨੂੰ ਖੋਂਹਦਾ ਨਹੀਂ ਹੈ ਬਲਕਿ ਚੰਗੇ ਅਤੇ ਮਾੜੇ ਦੋਵੇਂ ਸਮਿਆਂ 'ਚ ਉਸਨੂੰ ਖਿੜਨ 'ਚ ਮਦਦ ਕਰਦਾ ਹੈ।
ਉਹ ਕਹਿੰਦੇ ਹਨ, "ਮੈਂ ਇਸ ਖ਼ਾਹਿਸ਼ ਨਾਲ ਪੂਰੀ ਤਰ੍ਹਾਂ ਸਹਿਜ ਹਾਂ ਕਿ ਕੋਈ ਇੱਕ ਬਹੁਤ ਹੀ ਖ਼ਾਸ ਰਿਸ਼ਤਾ ਹੋਵੇ, ਬੱਸ ਇਹ ਯਾਦ ਰਹੇ ਕਿ ਉਸਨੂੰ ਸਾਨੂੰ ਆਪ ਬਣਾਉਣਾ ਪੈਂਦਾ ਹੈ।"
ਪੈਵਿਟ ਦਾ ਮੰਨਣਾ ਹੈ, "ਇਹ ਬਿਲਕੁਲ ਠੀਕ ਹੈ, ਬਲਕਿ ਮਦਦਗਾਰ ਵੀ, ਕਿ ਤੁਸੀਂ ਇਹ ਵਿਸ਼ਵਾਸ ਕਰੋ ਕਿ ਤੁਹਾਡਾ ਖ਼ਾਸ ਇਨਸਾਨ ਕਿਤੇ ਨਾ ਕਿਤੇ ਹੈ, ਪਰ ਸ਼ਰਤ ਇਹ ਹੈ ਕਿ ਤੁਸੀਂ ਇਹ ਵੀ ਜਾਣੋ ਕਿ ਤੁਸੀਂ ਕਈ ਲੋਕਾਂ ਨਾਲ ਇਕ ਬਿਹਤਰੀਨ ਜੁੜਾਅ ਬਣਾ ਸਕਦੇ ਹੋ ਅਤੇ ਕਿਸੇ ਤੋਂ ਵੀ ਪਰਫੈਕਟ ਹੋਣ ਦੀ ਉਮੀਦ ਕਰਨੀ ਛੱਡ ਦਿਓ।"
ਜਿੱਥੇ ਤੱਕ ਸੋਲਮੇਟਸ ਦਾ ਸਵਾਲ ਹੈ, ਵਿਗਿਆਨ ਇੱਕ ਵਿਰੋਧਾਭਾਸ ਦਿਖਾਉਂਦਾ ਹੈ। ਜਿਨ੍ਹਾਂ ਲੋਕਾਂ ਨੂੰ ਆਖ਼ਿਰਕਾਰ ਅਜਿਹਾ ਰਿਸ਼ਤਾ ਮਿਲਦਾ ਹੈ ਜੋ ਵਿਲੱਖਣ ਢੰਗ ਨਾਲ 'ਕਿਸਮਤ ਦੁਆਰਾ ਤੈਅ' ਲੱਗਦਾ ਹੈ, ਅਕਸਰ ਉਹੀ ਲੋਕ ਹੁੰਦੇ ਹਨ ਜਿਨ੍ਹਾਂ ਨੇ ਕਿਸਮਤ ਦਾ ਇੰਤਜ਼ਾਰ ਕਰਨਾ ਛੱਡ ਦਿੱਤਾ, ਸਾਹਮਣੇ ਵਾਲੇ ਅਪੂਰਨ ਇਨਸਾਨ ਵੱਲ ਰੁਖ ਕੀਤਾ ਅਤੇ ਮੰਨੋ ਕਿਹਾ: ਕਿਉਂ ਨਾ ਅਸੀਂ ਮਿਲ ਕੇ ਕੁਝ ਬਣਾਈਏ?
ਸਹਿਯੋਗੀ ਰਿਪੋਰਟਿੰਗ: ਫਲੋਰੈਂਸ ਫ੍ਰੀਮੈਨ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

































