ਅਮਰੀਕਾ ਗੈਰ-ਕਾਨੂੰਨੀ ਪਰਵਾਸੀਆਂ ਨੂੰ ਕਿਸ ਪ੍ਰੋਗਰਾਮ ਤਹਿਤ ਡਿਪੋਰਟ ਹੋਣ 'ਤੇ 2.5 ਲੱਖ ਰੁਪਏ ਅਤੇ ਵਾਪਸੀ ਲਈ ਮੁਫ਼ਤ ਟਿਕਟ ਦੇਵੇਗਾ

ਸਵੈ-ਡਿਪੋਰਟ ਹੋਣ ਦੀ ਚੋਣ ਕਰਨ ਵਾਲਿਆਂ ਨੂੰ ਘਰ ਵਾਪਸ ਜਾਣ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਵੈ-ਡਿਪੋਰਟ ਹੋਣ ਦੀ ਚੋਣ ਕਰਨ ਵਾਲਿਆਂ ਨੂੰ ਘਰ ਵਾਪਸ ਜਾਣ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ
ਪੜ੍ਹਨ ਦਾ ਸਮਾਂ: 5 ਮਿੰਟ

ਅਮਰੀਕਾ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਹੁਣ ਗੈਰ-ਕਾਨੂੰਨੀ ਪਰਵਾਸੀਆਂ ਨੂੰ ਦੇਸ਼ ਛੱਡਣ ਲਈ 2,600 ਡਾਲਰ (ਕਰੀਬ 2.5 ਲੱਖ ਰੁਪਏ) ਦਾ ਐਗਜ਼ਿਟ ਬੋਨਸ ਤੇ ਘਰ ਵਾਪਸ ਜਾਣ ਲਈ ਮੁਫ਼ਤ ਹਵਾਈ ਜਹਾਜ਼ ਦੀ ਟਿਕਟ ਦਿੱਤੀ ਜਾਵੇਗੀ।

ਜੇਕਰ ਕੋਈ ਵਿਅਕਤੀ ਇਸ ਪ੍ਰਕਿਰਿਆ ਦੀ ਚੋਣ ਕਰਦਾ ਹੈ, ਤਾਂ ਅਮਰੀਕਾ ਕੁਝ ਵਾਧੂ ਲਾਭ ਵੀ ਆਫ਼ਰ ਕਰੇਗਾ, ਜਿਵੇਂ ਕਿ ਦੇਸ਼ ਨਾ ਛੱਡਣ 'ਤੇ ਲੱਗੇ ਜੁਰਮਾਨਿਆਂ ਦੀ ਮੁਆਫੀ ਵੀ ਮਿਲ ਜਾਵੇਗੀ।

ਇਹ ਜਾਣਕਾਰੀ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਹੈ।

ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਮੁਤਾਬਕ ਸੀਬੀਪੀ (ਯੂਐੱਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ) ਹੋਮ ਪ੍ਰੋਗਰਾਮ ਤਹਿਤ ਯੋਗ ਵਿਅਕਤੀਆਂ ਨੂੰ ਬਿਨਾਂ ਕਿਸੇ ਗ੍ਰਿਫਤਾਰੀ, ਨਜ਼ਰਬੰਦੀ ਜਾਂ ਪਾਬੰਦੀਆਂ ਦੇ, ਨਿਯਮਤ ਯਾਤਰੀਆਂ ਵਜੋਂ ਘਰ ਪਰਤਣ ਦੀ ਆਗਿਆ ਦਿੱਤੀ ਜਾਵੇਗੀ। ਇਹ ਡਰ ਦੀ ਬਜਾਏ ਸਹਾਇਤਾ ਅਤੇ ਫਲੇਕਸੀਬੀਲਿਟੀ ਪ੍ਰਦਾਨ ਕਰਨ ਵਾਲਾ ਇੱਕ ਸੁਰੱਖਿਅਤ ਅਤੇ ਸੁਚਾਰੂ ਬਦਲ ਹੈ।

ਐਲਾਨ ਵਿੱਚ ਕਿਹਾ ਗਿਆ ਹੈ, "ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਨੇ ਗੈਰ-ਕਾਨੂੰਨੀ ਪਰਵਾਸੀਆਂ ਲਈ ਇੱਕ ਇਤਿਹਾਸਕ ਮੌਕੇ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਹ 'ਸੀਬੀਪੀ ਹੋਮ ਮੋਬਾਈਲ ਐਪ' ਰਾਹੀਂ ਮੁਫ਼ਤ ਯਾਤਰਾ, ਦੇਸ਼ ਨਾ ਛੱਡਣ 'ਤੇ ਲੱਗਣ ਵਾਲੇ ਕਿਸੇ ਵੀ ਜੁਰਮਾਨੇ ਦੀ ਮੁਆਫੀ, ਅਤੇ ਆਪਣੇ ਦੇਸ਼ ਜਾਂ ਕਿਸੇ ਹੋਰ ਦੇਸ਼ (ਜਿੱਥੇ ਉਹਨਾਂ ਦੀ ਕਾਨੂੰਨੀ ਵਿਵਸਥਾ ਹੈ) ਵਾਪਸ ਜਾਣ ਦੀ ਸਹੂਲਤ ਲਈ 2,600 ਡਾਲਰ ਦਾ ਐਗਜ਼ਿਟ ਬੋਨਸ ਪ੍ਰਾਪਤ ਕਰ ਸਕਦੇ ਹਨ।"

ਸੈਕਟਰੀ ਕ੍ਰਿਸਟੀ ਨੋਏਮ ਦਾ ਸੁਨੇਹਾ

ਇਹ ਕਿਵੇਂ ਕੰਮ ਕਰੇਗਾ ?

ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ

ਤਸਵੀਰ ਸਰੋਤ, X/@DHSgov

ਤਸਵੀਰ ਕੈਪਸ਼ਨ, ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਵਲੋਂ ਟਵੀਟ ਕੀਤੀ ਗਈ ਤਸਵੀਰ

ਇੱਕ ਵਾਰ ਜਦੋਂ ਗੈਰ-ਅਪਰਾਧਿਕ, ਗੈਰ-ਕਾਨੂੰਨੀ ਪਰਵਾਸੀ 'ਸੀਬੀਪੀ ਹੋਮ ਮੋਬਾਈਲ ਐਪ' ਰਾਹੀਂ ਦੇਸ਼ ਛੱਡਣ ਦਾ ਆਪਣਾ ਇਰਾਦਾ ਦਰਜ ਕਰਵਾਉਂਦੇ ਹਨ ਅਤੇ ਜਾਂਚ ਪ੍ਰਕਿਰਿਆ ਨੂੰ ਪਾਸ ਕਰਨੀ ਪਵੇਗੀ।

ਇਸ ਮਗਰੋਂ ਆਈਸੀਈ ਦੁਆਰਾ ਉਹਨਾਂ ਦੀ ਤੈਅਸ਼ੁਦਾ ਰਵਾਨਗੀ ਤੋਂ ਪਹਿਲਾਂ ਨਜ਼ਰਬੰਦੀ ਜਾਂ ਇਨਫੋਰਸਮੈਂਟ ਕਾਰਵਾਈਆਂ ਲਈ ਉਹਨਾਂ ਨੂੰ ਅਸਥਾਈ ਤੌਰ 'ਤੇ ਮੁਕਤ ਕਰ ਦਿੱਤਾ ਜਾਵੇਗਾ।

ਕਿਹੜੀ ਵਿੱਤੀ ਅਤੇ ਯਾਤਰਾ ਸਹਾਇਤਾ ਉਪਲਬਧ ਹੈ?

ਜਿਹੜੇ ਲੋਕ ਸੀਬੀਪੀ ਹੋਮ ਮੋਬਾਈਲ ਐਪ ਰਾਹੀਂ ਸਵੈ-ਇੱਛਾ ਨਾਲ ਦੇਸ਼ ਛੱਡਣ ਲਈ ਰਜਿਸਟਰ ਕਰਦੇ ਹਨ, ਉਨ੍ਹਾਂ ਨੂੰ ਇਹ ਲਾਭ ਮਿਲਣਗੇ। ਸਹਾਇਤਾ ਦੀ ਮੰਗ ਕਰਨ ਵਾਲੇ ਵਿਅਕਤੀਆਂ ਲਈ ਸਮੇਂ ਸਿਰ ਰਵਾਨਗੀ ਦਾ ਪ੍ਰਬੰਧ ਕੀਤਾ ਜਾਵੇਗਾ।

ਸੀਬੀਪੀ ਹੋਮ ਮੋਬਾਈਲ ਐਪ ਉਪਭੋਗਤਾਵਾਂ ਨੂੰ ਆਪਣੀ ਵਾਪਸੀ ਦੀ ਧਿਆਨ ਨਾਲ ਯੋਜਨਾ ਬਣਾਉਣ ਦੀ ਇਜਾਜ਼ਤ ਦਿੰਦੀ ਹੈ।

ਇਸ ਪ੍ਰੋਗਰਾਮ ਤਹਿਤ ਲੋਕਾਂ ਦੀ ਸਮੇਂ ਦੀ ਸਹੂਲੀਅਤ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ। ਭਾਵ ਉਹਨਾਂ ਨੂੰ ਕੰਮ, ਸਕੂਲ ਅਤੇ ਨਿੱਜੀ ਮਾਮਲਿਆਂ ਨੂੰ ਸਮੇਟਣ, ਅਤੇ ਇੱਕ ਸੁਚਾਰੂ ਤੇ ਕਾਨੂੰਨੀ ਤਰੀਕੇ ਨਾਲ ਆਪਣੀ ਵਾਪਸੀ ਦਾ ਪ੍ਰਬੰਧ ਕਰਨ ਦੀ ਆਗਿਆ ਦਿੱਤੀ ਜਾਵੁੇਗੀ।

ਅਮਰੀਕਾ ਵਿੱਚ ਦੇਸ਼ ਨਿਕਾਲੇ ਦੇ ਅੰਤਿਮ ਹੁਕਮ ਜਾਂ ਸਵੈ-ਇੱਛਤ ਰਵਾਨਗੀ ਦੇ ਹੁਕਮਾਂ ਤੋਂ ਬਾਅਦ ਦੇਸ਼ ਨਾ ਛੱਡਣ ਲਈ ਲਗਾਏ ਗਏ ਸਿਵਲ ਜੁਰਮਾਨੇ ਮੁਆਫ ਕਰ ਦਿੱਤੇ ਜਾਣਗੇ। ਭਾਗੀਦਾਰਾਂ ਨੂੰ ਇਹ ਜੁਰਮਾਨੇ ਅਦਾ ਕਰਨ ਦੀ ਲੋੜ ਨਹੀਂ ਹੋਵੇਗੀ।

ਇਸ ਯੋਜਨਾ ਦੇ ਲਾਭ ਕੀ ਹਨ?

ਗੈਰ-ਕਾਨੂੰਨੀ ਪ੍ਰਵਾਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਹਾਇਤਾ ਦੀ ਮੰਗ ਕਰਨ ਵਾਲਿਆਂ ਲਈ ਸਮੇਂ ਸਿਰ ਰਵਾਨਗੀ ਦਾ ਪ੍ਰਬੰਧ ਕੀਤਾ ਜਾਵੇਗਾ

ਸਵੈ-ਡਿਪੋਰਟ ਹੋਣ ਲਈ ਸੀਬੀਪੀ ਹੋਮ ਮੋਬਾਈਲ ਐਪ ਦੀ ਵਰਤੋਂ ਹੇਠ ਲਿਖੇ ਪ੍ਰੋਤਸਾਹਨ ਦਿੰਦੀ ਹੈ:

2,600 ਡਾਲਰ ਦਾ ਐਗਜ਼ਿਟ ਬੋਨਸ: ਐਪ ਰਾਹੀਂ ਵਾਪਸੀ ਮੁਕੰਮਲ ਹੋਣ ਦੀ ਪੁਸ਼ਟੀ ਹੋਣ 'ਤੇ ਐਗਜ਼ਿਟ ਬੋਨਸ ਦਿੱਤਾ ਜਾਵੇਗਾ।

ਯਾਤਰਾ ਸਹਾਇਤਾ: ਜਿਹੜੇ ਲੋਕ ਸਵੈ-ਇੱਛਤ ਰਵਾਨਗੀ ਲਈ ਰਜਿਸਟਰ ਕਰਦੇ ਹਨ, ਉਹਨਾਂ ਨੂੰ ਯਾਤਰਾ ਸਹਾਇਤਾ ਮਿਲੇਗੀ, ਜਿਵੇਂ ਕਿ ਬੱਚਿਆਂ ਅਤੇ ਵਿਸਤ੍ਰਿਤ ਪਰਿਵਾਰ ਲਈ ਯਾਤਰਾ ਦਾ ਪ੍ਰਬੰਧ ਕਰਨਾ, ਜਾਂ ਵੈਧ ਯਾਤਰਾ ਦਸਤਾਵੇਜ਼ ਪ੍ਰਾਪਤ ਕਰਨਾ।

21 ਦਿਨਾਂ ’ਚ ਪ੍ਰਸਤਾਵਿਤ ਵਾਪਸੀ: ਸਹਾਇਤਾ ਦੀ ਮੰਗ ਕਰਨ ਵਾਲਿਆਂ ਲਈ ਸਮੇਂ ਸਿਰ ਰਵਾਨਗੀ ਦਾ ਪ੍ਰਬੰਧ ਕੀਤਾ ਜਾਵੇਗਾ। ਮਨਜ਼ੂਰੀ ਦੇ 21 ਦਿਨਾਂ ਦੇ ਅੰਦਰ ਰਵਾਨਗੀ ਦਾ ਅਨੁਮਾਨ ਹੈ।

ਜੁਰਮਾਨਿਆਂ ਦੀ ਮੁਆਫੀ: ਪਹਿਲਾਂ ਦੇਸ਼ ਨਾ ਛੱਡਣ ਲਈ ਲਗਾਏ ਗਏ ਕਿਸੇ ਵੀ ਸਿਵਲ ਜੁਰਮਾਨੇ ਨੂੰ ਮੁਆਫ ਕਰ ਦਿੱਤਾ ਜਾਵੇਗਾ।

ਭਵਿੱਖ ਦੇ ਬਿਹਤਰ ਵਿਕਲਪ: ਆਪਣੀ ਮਰਜ਼ੀ ਨਾਲ ਦੇਸ਼ ਛੱਡਣ ਨਾਲ ਭਵਿੱਖ ਦੇ ਇਮੀਗ੍ਰੇਸ਼ਨ ਵਿਕਲਪਾਂ ਵਿੱਚ ਸੁਧਾਰ ਹੋ ਸਕਦਾ ਹੈ।

ਆਈਸੀਈ (ICE) ਵੱਲੋਂ ਮਿਲੇਗੀ ਛੋਟ: ਇੱਕ ਵਾਰ ਐਪ ਰਾਹੀਂ ਦੇਸ਼ ਛੱਡਣ ਦਾ ਇਰਾਦਾ ਦਰਜ ਹੋ ਜਾਣ ਅਤੇ ਜਾਂਚ ਪਾਸ ਹੋਣ 'ਤੇ, ਭਾਗੀਦਾਰਾਂ ਨੂੰ ਉਨ੍ਹਾਂ ਦੀ ਤੈਅਸ਼ੁਦਾ ਰਵਾਨਗੀ ਤੋਂ ਪਹਿਲਾਂ ਆਈਸੀਈ ਦੁਆਰਾ ਇਨਫੋਰਸਮੈਂਟ ਕਾਰਵਾਈਆਂ, ਨਜ਼ਰਬੰਦੀ ਅਤੇ ਦੇਸ਼ ਨਿਕਾਲੇ ਤੋਂ ਮੁਕਤ ਕਰ ਦਿੱਤਾ ਜਾਵੇਗਾ।

ਕੀ ਅਪਲਾਈ ਕਰਨ ਦੀ ਕੋਈ ਆਖਰੀ ਤਰੀਕ ਹੈ?

ਫ਼ਿਲਹਾਲ ਅਪਲਾਈ ਕਰਨ ਦੀ ਕੋਈ ਆਖਰੀ ਤਰੀਕ ਨਹੀਂ ਹੈ। ਹਾਲਾਂਕਿ,ਅਸਧਿਕਾਰੀਆਂ ਵਲੋਂ ਯੋਗ ਵਿਅਕਤੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ ਇਸ ਸਵੈ-ਡਿਪੋਰਟੇਸ਼ਨ ਮੌਕੇ ਦਾ ਲਾਭ ਲੈਣ, ਇਸ ਤੋਂ ਪਹਿਲਾਂ ਕਿ ਆਈਸੀਈ ਉਹਨਾਂ ਨੂੰ ਜ਼ਬਰਦਸਤੀ ਡਿਪੋਰਟ ਕਰਨ ਲਈ ਕਾਰਵਾਈ ਕਰੇ।

ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਮੁਤਾਬਕ "ਸੀਬੀਪੀ ਹੋਮ ਮੋਬਾਈਲ ਐਪ ਦੀ ਵਰਤੋਂ ਕਰਕੇ, ਉਹ ਆਪਣੀ ਸਥਿਤੀ ਨੂੰ ਕੰਟਰੋਲ ਕਰ ਸਕਦੇ ਹਨ, ਵਿੱਤੀ ਅਤੇ ਯਾਤਰਾ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਅਤੇ ਆਈਸੀਈ ਦੀ ਗ੍ਰਿਫਤਾਰੀ ਅਤੇ ਨਜ਼ਰਬੰਦੀ ਤੋਂ ਬਚ ਸਕਦੇ ਹਨ।"

ਕੀ ਪਰਿਵਾਰ ਇਕੱਠੇ ਸਫ਼ਰ ਕਰ ਸਕਦੇ ਹਨ?

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਉਹ ਗੈਰ-ਕਾਨੂੰਨੀ ਇਮੀਗ੍ਰੇਸ਼ਨ 'ਤੇ ਨਕੇਲ ਕੱਸਣ ਲਈ ਹੁਣ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਛੱਡਣ ਲਈ 2,600 ਡਾਲਰ ਦਾ ਐਗਜ਼ਿਟ ਬੋਨਸ, ਘਰ ਵਾਪਸ ਜਾਣ ਲਈ ਮੁਫ਼ਤ ਹਵਾਈ ਜਹਾਜ਼ ਦੀ ਟਿਕਟ ਦੇਵਗਾ

ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਮੁਤਾਬਕ ਪਰਿਵਾਰ ਇਕੱਠੇ ਸਫ਼ਰ ਕਰ ਸਕਦੇ ਹਨ।

ਅਜਿਹਾ ਕਰਨ ਲਈ, ਪਰਿਵਾਰਕ ਮੈਂਬਰਾਂ ਨੂੰ ਸੀਬੀਪੀ ਹੋਮ ਮੋਬਾਈਲ ਐਪ ਵਿੱਚ ਸਹਿ-ਯਾਤਰੀਆਂ ਵਜੋਂ ਰਜਿਸਟਰ ਕੀਤਾ ਜਾਣਾ ਲਾਜ਼ਮੀ ਹੋਵੇਗਾ। ਇੱਕ ਵਾਰ ਪਹਿਲੇ ਬਾਲਗ ਦੀ ਜਾਣਕਾਰੀ ਦਰਜ ਹੋਣ ਤੋਂ ਬਾਅਦ, ਐਪ ਪੁੱਛੇਗੀ ਕਿ ਕੀ ਤੁਸੀਂ ਕਿਸੇ ਹੋਰ ਵਿਅਕਤੀ ਨੂੰ ਸ਼ਾਮਲ ਕਰਨਾ ਚਾਹੁੰਦੇ ਹੋ। ਉਸੇ ਐਪ ਸੈਸ਼ਨ ਜਾਂ ਉਸੇ ਈਮੇਲ ਖਾਤੇ ਦੇ ਅਧੀਨ ਸ਼ਾਮਲ ਕੀਤੇ ਗਏ ਵਿਅਕਤੀਆਂ ਨੂੰ ਸਹਿ-ਯਾਤਰੀ ਮੰਨਿਆ ਜਾਵੇਗਾ।

ਕਾਨੂੰਨੀ ਨਾਬਾਲਗ (ਬੱਚੇ) ਆਪਣੇ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤਾਂ ਨਾਲ ਯਾਤਰਾ ਕਰ ਸਕਦੇ ਹਨ, ਬਸ਼ਰਤੇ:

ਉਹ ਮਿਆਰੀ ਸੀਬੀਪੀ ਜਾਂਚਾਂ ਪਾਸ ਕਰਨ, ਜਿਵੇਂ ਕਿ ਆਈਡੀ ਅਤੇ ਇਮੀਗ੍ਰੇਸ਼ਨ ਸਥਿਤੀ ਦੀ ਤਸਦੀਕ ਕਰਨਾ।

ਯਾਤਰਾ ਕਰਨ ਵਾਲੇ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤਾਂ ਕੋਲ ਬੱਚੇ ਨਾਲ ਯਾਤਰਾ ਨਾ ਕਰਨ ਵਾਲੇ ਕਿਸੇ ਵੀ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਤੋਂ ਨੋਟਰੀ ਕੀਤਾ ਹੋਇਆ ਸਹਿਮਤੀ ਪੱਤਰ ਹੋਣਾ ਜ਼ਰੂਰੀ ਹੋਵੇਗਾ।

ਇਸ ਦਸਤਾਵੇਜ਼ ਦੀਆਂ ਉਦਾਹਰਣਾਂ 'ਮਾਈਨਰ ਟਰੈਵਲ ਕੰਸੈਂਟ ਫਾਰਮ' ਜਾਂ 'ਲੈਟਰ ਆਫ਼ ਕੰਸੈਂਟ ਟੂ ਟਰੈਵਲ ਵਿਦ ਏ ਮਾਈਨਰ' ਖੋਜ ਕੇ ਆਨਲਾਈਨ ਲੱਭੀਆਂ ਜਾ ਸਕਦੀਆਂ ਹਨ।

ਭਾਗੀਦਾਰਾਂ ਨੂੰ ਐਗਜ਼ਿਟ ਬੋਨਸ ਕਿਵੇਂ ਜਾਰੀ ਕੀਤੇ ਜਾਣਗੇ?

ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਐਗਜ਼ਿਟ ਬੋਨਸ ਵੰਡਣ ਲਈ ਪ੍ਰੋਜੈਕਟ ਹੋਮਕਮਿੰਗ ਭਾਈਵਾਲਾਂ ਨਾਲ ਕੰਮ ਕਰ ਰਿਹਾ ਹੈ। ਭਾਗੀਦਾਰਾਂ ਨੂੰ ਉਨ੍ਹਾਂ ਦੇ ਪਹੁੰਚਣ ਵਾਲੇ ਦੇਸ਼ ਵਿੱਚ ਉਤਰਨ ਤੋਂ ਬਾਅਦ ਬੋਨਸ ਮਿਲੇਗਾ।

ਇਸਦੀ ਅਦਾਇਗੀ ਦਾ ਤਰੀਕਾ ਦੇਸ਼-ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਦੇ ਆਧਾਰ 'ਤੇ ਵੱਖ-ਵੱਖ ਹੋਵੇਗਾ। ਹਾਲਾਂਕਿ, ਐਗਜ਼ਿਟ ਬੋਨਸ ਪ੍ਰਾਪਤ ਕਰਨ ਲਈ ਬੈਂਕ ਖਾਤੇ ਦੀ ਲੋੜ ਨਹੀਂ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, ਭਾਗੀਦਾਰ ਆਪਣੇ ਦੇਸ਼ ਵਿੱਚ ਹੀ ਇਹ ਫੰਡ ਪ੍ਰਾਪਤ ਕਰਨਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)