ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਅਤੇ ਉਨ੍ਹਾਂ ਦੇ ਪਿਤਾ 'ਤੇ ਐੱਫਆਈਆਰ ਦਰਜ, ਖੁਦਕੁਸ਼ੀ ਕਰਨ ਵਾਲੇ ਮੁਲਾਜ਼ਮ ਦੇ ਪਰਿਵਾਰ ਨੇ ਕੀ ਕਿਹਾ

ਲਾਲਜੀਤ ਭੁੱਲਰ

ਤਸਵੀਰ ਸਰੋਤ, Laljit Singh Bhullar/FB

ਤਸਵੀਰ ਕੈਪਸ਼ਨ, ਲਾਲਜੀਤ ਭੁੱਲਰ ਨੇ ਸੋਸ਼ਲ ਮੀਡੀਆ ਉੱਤੇ ਬਿਆਨ ਜਾਰੀ ਕਰਕੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ (ਫਾਈਲ ਫੋਟੋ)
    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਸਹਿਯੋਗੀ
  • ਪੜ੍ਹਨ ਦਾ ਸਮਾਂ: 8 ਮਿੰਟ

ਅੰਮ੍ਰਿਤਸਰ ਦੇ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਦੇ ਡਿਸਟ੍ਰਿਕ ਮੈਨੇਜਰ ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ਵਿੱਚ ਲੰਘੀ 21 ਮਾਰਚ ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 108, 351 (3) ਅਤੇ 3 (5) ਦੇ ਤਹਿਤ ਐਫਆਈਆਰ ਦਰਜ ਹੋ ਗਈ ਹੈ।

ਇਸ ਵਿੱਚ ਮੁੱਖ ਮੁਲਜ਼ਮ ਵਜੋਂ ਸਾਬਕਾ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪੀਏ ਦਿਲਬਾਗ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਇਸ ਪੂਰੇ ਵਿਵਾਦ ਦੇ ਚਲਦਿਆਂ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਤੋਂ ਅਸਤੀਫ਼ਾ ਲੈ ਲਿਆ ਹੈ।

ਖੁਦਕੁਸ਼ੀ ਕਰਨ ਵਾਲੇ ਮੁਲਾਜ਼ਮ ਦਾ ਪਰਿਵਾਰ ਹੁਣ ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਦੀ ਮੰਗ 'ਤੇ ਅੜਿਆ ਹੋਇਆ।

ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਜਦੋਂ ਤੱਕ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਨਾ ਤਾਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਅੰਤਿਮ ਸਸਕਾਰ ਹੋਵੇਗਾ।

ਮ੍ਰਿਤਕ ਦਾ ਨਾਂ ਗਗਨਦੀਪ ਸਿੰਘ ਰੰਧਾਵਾ ਹੈ। ਸ਼ਨੀਵਾਰ ਨੂੰ ਗਗਨਦੀਪ ਸਿੰਘ ਨੂੰ ਅੰਮ੍ਰਿਤਸਰ ਦੇ ਈਐੱਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਅੰਮ੍ਰਿਤਸਰ ਦੇ ਏਡੀਸੀਪੀ ਸ੍ਰੀਵੇਨੇਲਾ ਨੇ ਦੱਸਿਆ, "ਇਹ ਕਾਫੀ ਮੰਦਭਾਗਾ ਹੈ। ਗਗਨਦੀਪ ਰੰਧਾਵਾ ਨਾਂ ਦੇ ਸਰਕਾਰੀ ਮੁਲਾਜ਼ਮ ਨੇ ਖੁਦਕੁਸ਼ੀ ਕਰ ਲਈ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਸ ਮਾਮਲੇ ਦੀ ਤਹਿ ਤੱਕ ਜਾਵਾਂਗੇ।"

ਗਗਨਦੀਪ ਰੰਧਾਵਾ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਲਾਲਜੀਤ ਭੁੱਲਰ ਉੱਤੇ ਗੰਭੀਰ ਇਲਜ਼ਾਮ ਲਗਾ ਰਹੇ ਹਨ।

ਗਗਨਦੀਪ ਰੰਧਾਵਾ ਦੇ ਰਿਸ਼ਤੇਦਾਰ ਨੇ ਦੱਸਿਆ, "ਗਗਨਦੀਪ ਰੰਧਾਵਾ ਉੱਤੇ ਲਾਲਜੀਤ ਭੁੱਲਰ ਵੱਲੋਂ ਉਨ੍ਹਾਂ ਦੇ ਪਿਤਾ ਦੇ ਹੱਕ ਵਿੱਚ ਟੈਂਡਰ ਪਾਸ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ। ਜਦੋਂ ਟੈਂਡਰ ਉਨ੍ਹਾਂ ਦੀ ਮਰਜ਼ੀ ਅਨੁਸਾਰ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਮਾਨਸਿਕ ਸ਼ੋਸ਼ਣ ਵੀ ਕੀਤਾ ਗਿਆ।"

ਲਾਲਜੀਤ ਭੁੱਲਰ ਨੇ ਸੋਸ਼ਲ ਮੀਡੀਆ ਉੱਤੇ ਬਿਆਨ ਜਾਰੀ ਕਰਕੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਉਸ ਪੋਸਟ ਵਿੱਚ ਲਾਲਜੀਤ ਭੁੱਲਰ ਨੇ ਕਿਹਾ ਹੈ ਕਿ ਕੇਸ ਦੀ ਨਿਰਪੱਖ ਜਾਂਚ ਲਈ ਉਹ ਮੁੱਖ ਮੰਤਰੀ ਨੂੰ ਉਨ੍ਹਾਂ ਦਾ ਪੰਜਾਬ ਕੈਬਨਿਟ ਤੋਂ ਅਸਤੀਫ਼ਾ ਮਨਜ਼ੂਰ ਕਰਨ ਦੀ ਬੇਨਤੀ ਕਰਦੇ ਹਨ।

ਲਾਲਜੀਤ ਭੁੱਲਰ ਤਰਨ ਤਾਰਨ ਦੇ ਪੱਟੀ ਤੋਂ ਵਿਧਾਇਕ ਹਨ।

ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਜਾਂਚ ਪ੍ਰਭਾਵਿਤ ਨਾ ਹੋ ਸਕੇ ਇਸ ਲਈ ਲਾਲਜੀਤ ਭੁੱਲਰ ਅਸਤੀਫ਼ਾ ਲੈ ਲਿਆ ਗਿਆ ਹੈ।

ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਜਦੋਂ ਤੱਕ ਲਾਲਜੀਤ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪਿਤਾ ਦੀ ਗ੍ਰਿਫਤਾਰੀ ਨਹੀਂ ਹੋਵੇਗੀ, ਉਹ ਆਪਣੇ ਪਤੀ ਦਾ ਸਸਕਾਰ ਨਹੀਂ ਕਰਨਗੇ।

ਉਨ੍ਹਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ।

ਐਫਆਈਆਰ ਵਿੱਚ ਕੀ ਸ਼ਿਕਾਇਤ ਦਰਜ?

ਲਾਲਜੀਤ ਸਿੰਘ ਭੁੱਲਰ

ਤਸਵੀਰ ਸਰੋਤ, Laljit Singh Bhullar/FB

ਮ੍ਰਿਤਕ ਗਗਨਦੀਪ ਸਿੰਘ ਦੇ ਪਤਨੀ ਵੱਲੋਂ ਦਰਜ ਕਰਵਾਈ ਗਈ ਇਸ ਐਫਆਈਆਰ ਵਿੱਚ ਸ਼ਿਕਾਇਤ ਕੀਤੀ ਗਈ ਹੈ ਕਿ 'ਲਾਲਜੀਤ ਸਿੰਘ ਭੁੱਲਰ ਵੱਲੋਂ ਉਨ੍ਹਾਂ ਦੇ ਪਤੀ 'ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਗੋਦਾਮਾਂ ਦੀ ਉਸਾਰੀ ਦਾ ਟੈਂਡਰ ਉਨ੍ਹਾਂ (ਲਾਲਜੀਤ ਭੁੱਲਰ) ਦੇ ਪਿਤਾ ਦੇ ਨਾਮ ਮੰਜ਼ੂਰ ਕੀਤੇ ਜਾਣ।'

ਐਫਆਈਆਰ ਮੁਤਾਬਕ, ਗਗਨਦੀਪ ਸਿੰਘ ਦੇ ਪਤਨੀ ਨੇ ਇਲਜ਼ਾਮ ਲਗਾਇਆ ਹੈ ਕਿ 'ਲਾਲਜੀਤ ਭੁੱਲਰ, ਉਨ੍ਹਾਂ ਦੇ ਪਿਤਾ ਅਤੇ ਪੀਏ ਲਗਾਤਾਰ ਗਗਨਦੀਪ ਸਿੰਘ ਨੂੰ ਧਮਕੀਆਂ ਦਿੰਦੇ ਸਨ ਕਿ ਜੇਕਰ ਟੈਂਡਰ ਉਨ੍ਹਾਂ ਦੇ ਪਿਤਾ ਨੂੰ ਨਹੀਂ ਮਿਲਿਆ ਤਾਂ ਗਗਨਦੀਪ ਸਿੰਘ ਨੂੰ ਇਸਦਾ ਖਾਮਿਆਜਾ ਭੁਗਤਣਾ ਪਵੇਗਾ।''

ਐਫਆਈਆਰ ਵਿੱਚ ਪਤਨੀ ਦਾ ਦਾਅਵਾ ਹੈ ਕਿ ''ਲਾਲਜੀਤ ਸਿੰਘ ਭੁੱਲਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਗਗਨਦੀਪ ਸਿੰਘ ਦੇ ਬੱਚੇ ਕਿੱਥੇ ਪੜ੍ਹਦੇ ਹਨ ਤੇ ਪਤਨੀ ਕਿੱਥੇ ਨੌਕਰੀ ਕਰਦੇ ਹਨ।''

ਉਨ੍ਹਾਂ ਇਲਜ਼ਾਮ ਲਗਾਇਆ ਕਿ ''ਭੁੱਲਰ ਦੇ ਪਿਤਾ ਨੂੰ ਟੈਂਡਰ ਨਾ ਮਿਲਣ ਉਤੇ ਉਹ ਬਹੁਤ ਭੜਕ ਗਏ ਸਨ ਅਤੇ ਗਗਨਦੀਪ ਸਿੰਘ ਨੂੰ ਲਗਾਤਾਰ ਧਮਕੀਆਂ ਦੇ ਰਹੇ ਸਨ ਕਿ ਟੈਂਡਰ ਉਨ੍ਹਾਂ ਦੇ ਪਿਤਾ ਦੇ ਨਾਮ ਕਰਨ ਨਹੀਂ ਤਾਂ ਚੰਗਾ ਨਹੀਂ ਹੋਵੇਗਾ।''

ਗਗਨਦੀਪ ਸਿੰਘ ਦੇ ਪਤਨੀ ਵੱਲੋਂ ਦਰਜ ਸ਼ਿਕਾਇਤ ਮੁਤਾਬਕ, '13 ਮਾਰਚ 2026 ਨੂੰ ਲਾਲਜੀਤ ਸਿੰਘ ਭੁੱਲਰ ਨੇ ਉਨ੍ਹਾਂ ਦੇ ਪਤੀ ਨੂੰ ਘਰ ਬੁਲਾਇਆ ਅਤੇ ਕੁੱਟਮਾਰ ਕੀਤੀ। ਇਸ ਦੌਰਾਨ ਲਾਲਜੀਤ ਸਿੰਘ ਭੁੱਲਰ ਨੇ ਆਪਣੀ ਪਿਸਤੌਲ ਦਾ ਮੁੱਠਾ ਗਗਨਦੀਪ ਸਿੰਘ ਦੇ ਸਰ ਵਿੱਚ ਮਾਰੀਆ।'

'ਉਨ੍ਹਾਂ ਨੇ ਗਗਨਦੀਪ ਸਿੰਘ 'ਤੇ ਪਿਸਤੌਲ ਤਾਣ ਕੇ ਜ਼ਬਰਦਸਤੀ ਝੂਠਾ ਵੀਡੀਓ ਬਣਵਾਇਆ ਕਿ ਉਨ੍ਹਾਂ ਨੇ 10 ਲੱਖ ਰੁਪਏ ਲੈ ਕੇ ਟੈਂਡਰ ਭੁੱਲਰ ਦੇ ਪਿਤਾ ਤੋਂ ਇਲਾਵਾ ਕਿਸੇ ਹੋਰ ਨੂੰ ਦਿੱਤੇ ਸਨ।'

ਸ਼ਿਕਾਇਤ ਮੁਤਾਬਕ, 'ਭਾਰੀ ਦਬਾਅ ਕਾਰਨ ਗਗਨਦੀਪ ਸਿੰਘ ਨੇ 21 ਮਾਰਚ 2026 ਨੂੰ ਆਪਣਾ ਜੀਵਨ ਸਮਾਪਤ ਕਰ ਲਿਆ।'

ਕੀ ਬੋਲੇ ਸੀਐਮ ਮਾਨ

ਭਗਵੰਤ ਮਾਨ

ਤਸਵੀਰ ਸਰੋਤ, Bhagwant Mann/FB

ਤਸਵੀਰ ਕੈਪਸ਼ਨ, ਸੀਐਮ ਮਾਨ ਨੇ ਕਿਹਾ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ ਅਤੇ ਅਸੀਂ ਕਿਸੇ ਵੀ ਤਰੀਕੇ ਦੀ ਕੋਤਾਹੀ ਬਰਦਾਸ਼ਤ ਨਹੀਂ ਕਰਾਂਗੇ (ਫਾਈਲ ਫੋਟੋ)

ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਗਗਨਦੀਪ ਰੰਧਾਵਾ ਦੀ ਮੌਤ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, "ਮਾਮਲਾ ਮੇਰੇ ਨੋਟਿਸ ਵਿੱਚ ਆਇਆ ਹੈ। ਕਿਸੇ ਦੀ ਵੀ ਜਾਨ ਜਾਣਾ ਕਾਫੀ ਦੁਖਦ ਹੈ, ਮੇਰੀ ਸੰਵੇਦਨਾ ਪਰਿਵਾਰ ਦੇ ਨਾਲ ਹੈ।''

''ਅਜੇ ਉਨ੍ਹਾਂ ਦੀ ਮੌਤ ਦਾ ਕਾਰਨ ਜਾਂਚ ਦਾ ਵਿਸ਼ਾ ਹੈ। ਜਾਂਚ ਪ੍ਰਭਾਵਿਤ ਨਾ ਹੋ ਸਕੇ ਇਸ ਲਈ ਲਾਲਜੀਤ ਭੁੱਲਰ ਤੋਂ ਅਸੀਂ ਅਸਤੀਫ਼ਾ ਲੈ ਲਿਆ ਹੈ। ਅਸੀਂ ਕਿਸੇ ਵੀ ਤਰੀਕੇ ਦੀ ਕੋਤਾਹੀ ਬਰਦਾਸ਼ਤ ਨਹੀਂ ਕਰਾਂਗੇ। ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ। ਮੈਂ ਚੀਫ਼ ਸਕੱਤਰ ਨੂੰ ਜਾਂਚ ਲਈ ਕਿਹਾ ਹੈ।"

ਮਹੱਤਵਪੂਰਨ ਸੂਚਨਾ

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਲਾਲਜੀਤ ਭੁੱਲਰ ਨੇ ਇਲਜ਼ਾਮਾਂ ਉੱਤੇ ਕੀ ਕਿਹਾ

ਲਾਲਜੀਤ ਭੁੱਲਰ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, "ਮੇਰੇ ਉੱਪਰ ਜੋ ਇਲਜ਼ਾਮ ਲੱਗ ਰਹੇ ਨੇ ਉਹ ਬਿਲਕੁਲ ਬੇਬੁਨਿਆਦ ਅਤੇ ਝੂਠੇ ਹਨ ਪਰ ਸਾਡੀ ਪਾਰਟੀ ਹਮੇਸ਼ਾ ਸੱਚ ਦਾ ਸਾਥ ਦਿੰਦੀ ਹੈ ਤੇ ਹਮੇਸ਼ਾ ਸੱਚ ਦੇ ਨਾਲ ਖੜ੍ਹਦੀ ਹੈ ਇਸ ਲਈ ਮੇਰੇ 'ਤੇ ਜੋ ਇਲਜ਼ਾਮ ਲੱਗੇ ਹਨ, ਮੈਂ ਚਾਹੁੰਦਾ ਹਾਂ ਕਿ ਉਨ੍ਹਾਂ ਇਲਜ਼ਾਮਾਂ ਦੀ ਸਹੀ ਤਰੀਕੇ ਦੇ ਨਾਲ ਜਾਂਚ ਹੋਵੇ ਤਾਂ ਜੋ ਸਹੀ ਫੈਸਲਾ ਬਾਹਰ ਆ ਸਕੇ।"

"ਇਸ ਕਰਕੇ ਜਿੰਨੀ ਦੇਰ ਤੱਕ ਇਹ ਜਾਂਚ ਪੂਰੀ ਨਹੀਂ ਹੋ ਜਾਂਦੀ ਮੈਂ ਪਾਰਟੀ ਨੂੰ ਬੇਨਤੀ ਕਰਾਂਗਾ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਮੇਰਾ ਮੰਤਰੀ ਪਦ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਤਾਂ ਕਿ ਇਸ ਮਾਮਲੇ ਵਿੱਚ ਮੇਰਾ ਮੰਤਰੀ ਪਦ ਕੋਈ ਅੜਿੱਕਾ ਨਾ ਬਣੇ ਅਤੇ ਇਸ ਮਾਮਲੇ ਦੀ ਸਹੀ ਜਾਂਚ ਹੋਵੇ, ਸੋ ਮੈਂ ਆਪਣਾ ਅਸਤੀਫਾ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਨੂੰ ਭੇਜ ਰਿਹਾ ਹਾਂ।"

ਵਿਰੋਧੀ ਧਿਰ ਹਮਲਾਵਰ

ਸੁਨੀਲ ਜਾਖੜ

ਤਸਵੀਰ ਸਰੋਤ, BJP media cell

ਤਸਵੀਰ ਕੈਪਸ਼ਨ, ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਫੌਰੀ ਤੌਰ 'ਤੇ ਪਰਚਾ ਦਰਜ ਕਰਕੇ ਗ੍ਰਿਫਤਾਰੀ ਕੀਤੀ ਜਾਵੇ

ਭਾਜਪਾ ਆਗੂ ਸੁਨੀਲ ਜਾਖੜ ਨੇ ਗਗਨਦੀਪ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ ਤੇ ਨਾਲ ਹੀ 'ਆਪ' ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ''ਪਿਛਲੇ ਸਾਲ ਮਈ-ਜੂਨ ਮਹੀਨੇ 'ਚ ਮੈਂ ਇਸ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਸਾਰਿਆਂ ਦੇ ਖਾਤਿਆਂ ਦੀ ਜਾਂਚ ਕਰਵਾਓ। ਨਾ ਸਿਰਫ਼ ਆਮ ਆਦਮੀ ਪਾਰਟੀ ਦੇ ਸਗੋਂ ਕਾਂਗਰਸ, ਅਕਾਲੀ ਦਲ, ਭਾਜਪਾ ਸਾਰਿਆਂ ਦੇ ਆਗੂਆਂ ਦੀ ਜਾਂਚ ਕਰਵਾਓ।''

''ਜਿਹੜੇ ਲੋਕ ਤੁਸੀਂ ਕਹਿੰਦੇ ਸੀ ਕਿ ਗਰੀਬ ਘਰਾਂ 'ਚੋਂ ਉੱਠ ਕੇ ਆਏ ਨੇ, ਰਹਿਣ ਨੂੰ ਮਕਾਨ ਨਹੀਂ, ਅੱਜ ਉਨ੍ਹਾਂ ਦੇ ਮਹਿਲ ਕਿਵੇਂ ਬਣ ਗਏ? ਪੰਜ-ਪੰਜ ਦਸ-ਦਸ ਏਕੜ 'ਚ ਫਾਰਮ ਹਾਊਸ ਕਿਵੇਂ ਬਣ ਗਏ। ਇਹ ਸਾਰਾ ਭ੍ਰਿਸ਼ਟਾਚਾਰ ਹੈ।''

ਉਨ੍ਹਾਂ ਕਿਹਾ ਕਿ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਬਣਦੀ ਹੈ। ''ਮੇਰੀ ਗੁਜ਼ਾਰਿਸ਼ ਹੈ ਕਿ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਫੌਰੀ ਤੌਰ 'ਤੇ ਪਰਚਾ ਦਰਜ ਕਰਕੇ ਗ੍ਰਿਫਤਾਰੀ ਹੋਵੇ ਤੇ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਨਿਆਂ ਮਿਲੇ।''

ਬਿਕਰਮ ਸਿੰਘ ਮਜੀਠੀਆ

ਤਸਵੀਰ ਸਰੋਤ, Bikram Singh Majithia/FB

ਤਸਵੀਰ ਕੈਪਸ਼ਨ, ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲਾਲਜੀਤ ਭੁੱਲਰ ਦੇ ਅਸਤੀਫ਼ੇ ਦਾ ਸਿਰਫ਼ ਡਰਾਮਾ ਕੀਤਾ ਗਿਆ ਹੈ

ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਮਾਮਲੇ 'ਚ ''ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ। ਕਿਉਂਕਿ ਸਰਕਾਰ ਨੂੰ ਸਮਝ ਆ ਗਿਆ ਹੈ ਕਿ ਮਾਮਲਾ ਬਹੁਤ ਵੱਡਾ ਬਣ ਜਾਣਾ ਹੈ।''

ਉਨ੍ਹਾਂ ਕਿਹਾ, ''ਲਾਲਜੀਤ ਭੁੱਲਰ ਦੇ ਅਸਤੀਫ਼ੇ ਦਾ ਸਿਰਫ਼ ਡਰਾਮਾ ਕੀਤਾ ਗਿਆ ਹੈ।''

ਉਨ੍ਹਾਂ ਮੰਗ ਕੀਤੀ ਕਿ ''ਜੇ ਸਰਕਾਰ ਇਸ ਮੁੱਦੇ 'ਤੇ ਸੱਚੀ ਹੈ ਅਤੇ ਇਨਸਾਫ਼ ਚਾਹੁੰਦੀ ਹੈ ਤਾਂ ਭਗਵੰਤ ਮਾਨ ਜੀ ਤੁਸੀਂ ਆਪ ਹੀ ਸੀਬੀਆਈ ਜਾਂਚ ਕਰਵਾਓ।''

ਕੌਣ ਹਨ ਲਾਲਜੀਤ ਭੁੱਲਰ?

ਲਾਲਜੀਤ ਭੁੱਲਰ ਦੇ ਸਿਆਸੀ ਸਫ਼ਰ ਅਤੇ ਉਨ੍ਹਾਂ ਨਾਲ ਜੁੜੇ ਵਿਵਾਦਾਂ ਬਾਰੇ ਬੀਬੀਸੀ ਸਹਿਯੋਗੀ ਨਵਜੋਤ ਕੌਰ ਦੀ ਰਿਪੋਰਟ

ਲਾਲਜੀਤ ਭੁੱਲਰ

ਲਾਲਜੀਤ ਸਿੰਘ ਭੁੱਲਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਧਾਨਸਭਾ ਹਲਕਾ ਪੱਟੀ ਤੋਂ ਚੋਣ ਜਿੱਤੇ ਤੇ ਵਿਧਾਇਕ ਬਣੇ। ਬਾਅਦ ਵਿੱਚ ਉਹਨਾਂ ਨੂੰ ਭਗਵੰਤ ਮਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਦਾ ਅਹੁਦਾ ਵੀ ਮਿਲਿਆ।

ਲਾਲਜੀਤ ਭੁੱਲਰ ਪੱਟੀ ਦੇ ਰਹਿਣ ਵਾਲੇ ਹਨ ਅਤੇ 12ਵੀਂ ਪਾਸ ਹਨ। ਲਾਲਜੀਤ ਭੁੱਲਰ ਨੂੰ 16ਵੀਂ ਪੰਜਾਬ ਵਿਧਾਨ ਸਭਾ ਵਿੱਚ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਅਤੇ ਟਰਾਂਸਪੋਰਟ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦਾ ਚਾਰਜ ਦਿੱਤਾ ਗਿਆ।

ਮੌਜੂਦਾ ਸਮੇਂ ਉਹ ਟਰਾਂਸਪੋਰਟ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗਾਂ ਦਾ ਚਾਰਜ ਸੰਭਾਲ ਰਹੇ ਸਨ।

ਲਾਲਜੀਤ ਭੁੱਲਰ ਨਾਲ ਜੁੜੇ ਪੁਰਾਣੇ ਵਿਵਾਦ

ਲਾਲਜੀਤ ਭੁੱਲਰ

ਤਸਵੀਰ ਸਰੋਤ, Laljit Singh Bhullar/FB

ਤਸਵੀਰ ਕੈਪਸ਼ਨ, ਲਾਲਜੀਤ ਸਿੰਘ ਭੁੱਲਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਧਾਨਸਭਾ ਹਲਕਾ ਪੱਟੀ ਤੋਂ ਚੋਣ ਜਿੱਤੇ ਤੇ ਵਿਧਾਇਕ ਬਣੇ (ਫਾਈਲ ਫੋਟੋ)

ਲਾਲਜੀਤ ਸਿੰਘ ਭੁੱਲਰ ਇਸ ਤੋਂ ਪਹਿਲਾਂ ਵੀ ਆਪਣੇ ਬਿਆਨਾਂ, ਵੀਡੀਓਜ਼ ਅਤੇ ਰਾਜਨੀਤਿਕ ਗਤੀਵਿਧੀਆਂ ਕਰਕੇ ਚਰਚਾ ਵਿੱਚ ਆਉਂਦੇ ਰਹੇ।

ਸਾਬਕਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਉੱਤੇ 2024 ਲੋਕ ਸਭਾ ਚੋਣਾਂ ਦੌਰਾਨ ਪੱਟੀ (ਤਰਨ ਤਾਰਨ) ਵਿੱਚ ਇੱਕ ਮੀਟਿੰਗ ਦੌਰਾਨ ਸਾਬਕਾ ਕਾਂਗਰਸੀ ਐੱਮਐੱਲਏ ਹਰਮਿੰਦਰ ਸਿੰਘ ਗਿੱਲ ਬਾਰੇ ਜਾਤੀਸੂਚਕ ਸ਼ਬਦ ਵਰਤਣ ਦੇ ਇਲਜ਼ਾਮ ਲੱਗੇ ਸਨ। ਇਸ ਮਗਰੋਂ ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਅਤੇ ਲਾਲਜੀਤ ਭੁੱਲਰ ਖਿਲਾਫ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ।

ਵਿਵਾਦ ਵਧਣ ਮਗਰੋਂ ਲਾਲਜੀਤ ਭੁੱਲਰ ਨੇ ਇੱਕ ਵੀਡੀਓ ਜਾਰੀ ਕਰਕੇ ਮੁਆਫੀ ਮੰਗੀ ਸੀ।

ਕਾਰ ਦੀ ਸਨਰੂਫ ਵਿਚੋਂ ਸਟੰਟ ਕਰਨ ਦਾ ਵਿਵਾਦ

ਸਾਲ 2022 'ਚ ਆਪਣੇ ਇੱਕ ਪੁਰਾਣੇ ਵੀਡੀਓ ਵਿੱਚ ਲਾਲਜੀਤ ਭੁੱਲਰ ਚੱਲਦੀ ਕਾਰ ਦੇ ਸਨਰੂਫ ਤੋਂ ਬਾਹਰ ਨਿਕਲ ਕੇ ਸਟੰਟ ਕਰਦੇ ਦਿਖਾਈ ਦਿੱਤੇ ਜਿਸ ਮਗਰੋਂ ਲਾਲਜੀਤ ਭੁੱਲਰ ਨੂੰ ਵਿਰੋਧੀਆਂ ਦੀਆਂ ਸਖਤ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)