ਨਾਸਾ ਦਾ ਚੰਦਰਮਾ ਮਿਸ਼ਨ ਆਰਟੇਮਿਸ II ਕਦੋਂ ਲਾਂਚ ਹੋਵੇਗਾ ਅਤੇ ਕਰੂ 'ਚ ਕੌਣ-ਕੌਣ ਸ਼ਾਮਲ ਹੈ

ਆਰਟੇਮਿਸ II ਟੀਮ ਵਿੱਚ ਸ਼ਾਮਿਲ ਮੈਂਬਰਾਂ ਦੀ ਤਸਵੀਰ

ਤਸਵੀਰ ਸਰੋਤ, NASA

ਤਸਵੀਰ ਕੈਪਸ਼ਨ, ਆਰਟੇਮਿਸ II ਟੀਮ: ਖੱਬੇ ਕ੍ਰਿਸਟੀਨਾ ਕੋਚ, ਪਿੱਛੇ ਵਿਕਟਰ ਗਲੋਵਰ (ਪਾਇਲਟ), ਅੱਗੇ ਰੀਡ ਵਾਈਸਮੈਨ (ਕਮਾਂਡਰ), ਸੱਜੇ ਜੇਰੇਮੀ ਹੈਨਸਨ
    • ਲੇਖਕ, ਪੱਲਬ ਘੋਸ਼
    • ਰੋਲ, ਵਿਗਿਆਨ ਪੱਤਰਕਾਰ
    • ਲੇਖਕ, ਐਲੀਸਨ ਫਰਾਂਸਿਸ
    • ਰੋਲ, ਸੀਨੀਅਰ ਵਿਗਿਆਨ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

ਕਰੀਬ 50 ਸਾਲਾਂ ਬਾਅਦ ਨਾਸਾ ਅਪ੍ਰੈਲ ਦੀ ਸ਼ੁਰੂਆਤ 'ਚ ਆਪਣਾ ਪਹਿਲਾ ਮਨੁੱਖੀ ਚੰਦਰਮਾ ਮਿਸ਼ਨ ਲਾਂਚ ਕਰਨ ਜਾ ਰਿਹਾ ਹੈ।

ਆਰਟੇਮਿਸ II ਮਿਸ਼ਨ ਜੋ ਕਿ ਕਰੀਬ 10 ਦਿਨਾਂ ਤੱਕ ਚੱਲੇਗਾ, ਆਪਣੇ ਪੁਲਾੜ ਯਾਤਰੀਆਂ ਨੂੰ ਪੁਲਾੜ ਦੇ ਉਸ ਹਿੱਸੇ ਤੱਕ ਲੈ ਕੇ ਜਾਵੇਗਾ ਜਿੱਥੇ ਅਜੇ ਤੱਕ ਕੋਈ ਨਹੀਂ ਪਹੁੰਚਿਆ।

ਇਸ ਦਾ ਮਕਸਦ, 1960 ਅਤੇ 1970 ਦਹਾਕੇ ਦੇ ਅਪੋਲੋ ਮਿਸ਼ਨਾਂ ਤੋਂ ਬਾਅਦ ਪਹਿਲੀ ਵਾਰ ਇਨਸਾਨ ਨੂੰ ਚੰਦਰਮਾ ਦੀ ਧਰਤੀ 'ਤੇ ਲੈਂਡ ਕਰਵਾਉਣਾ ਹੈ।

ਆਰਟੇਮਿਸ II ਕਦੋਂ ਲਾਂਚ ਹੋਵੇਗਾ ?

ਨਾਸਾ ਮੁਤਾਬਕ ਸੰਭਾਵੀ ਤਰੀਕਾਂ ਹਨ, ਅਪ੍ਰੈਲ ਮਹੀਨੇ ਦੀ 1, 2, 3, 4, 5, 6 ਅਤੇ 30 ।

ਦਸੰਬਰ 2024 ਵਿੱਚ, ਇਸ ਪੁਲਾੜ ਏਜੰਸੀ ਨੇ ਟੀਚਾ ਮਿੱਥਿਆ ਸੀ ਕਿ ਆਰਟੇਮਿਸ II ਨੂੰ ਅਪ੍ਰੈਲ 2026 ਦੇ ਅਖੀਰ ਤੋਂ ਪਹਿਲਾਂ ਲਾਂਚ ਕਰ ਦਿੱਤਾ ਜਾਵੇਗਾ।

ਫਰਵਰੀ ਵਿੱਚ ਸੰਭਾਵੀ ਲਾਂਚ ਨੂੰ ਇਸ ਕਰਕੇ ਰੱਦ ਕਰ ਦਿੱਤਾ ਗਿਆ ਕਿਉਂਕਿ ਪ੍ਰੀ-ਫਲਾਈਟ ਟੈਸਟ, ਜਿਸਨੂੰ ਵੈੱਟ ਡਰੈੱਸ ਰਿਹਰਸਲ ਵੀ ਕਿਹਾ ਜਾਂਦਾ ਹੈ, ਵਿੱਚ ਲਾਂਚ ਟਾਵਰ ਨੂੰ ਰਾਕੇਟ ਨਾਲ ਜੋੜਨ ਵਾਲੇ ਹਿੱਸੇ 'ਚ ਹਾਈਡ੍ਰੋਜਨ ਫਿਊਲ ਲੀਕ ਹੋ ਗਿਆ ਸੀ।

ਮਾਰਚ 'ਚ ਹੋਣ ਵਾਲਾ ਸੰਭਾਵੀ ਲਾਂਚ ਵੀ ਹੀਲੀਅਮ ਲੀਕ ਹੋਣ ਕਾਰਨ ਰੱਦ ਕਰਨਾ ਪਿਆ ਸੀ।

ਤਕਨੀਕੀ ਸਮੱਸਿਆਵਾਂ ਤੋਂ ਇਲਾਵਾ ਮਿਸ਼ਨ ਤਿਆਰ ਕਰਨ ਵਾਲਿਆਂ ਨੂੰ ਉਸ ਸਮੇਂ ਦੀ ਵੀ ਉਡੀਕ ਕਰਨੀ ਪੈਂਦੀ ਹੈ ਜਦੋਂ ਚੰਦਰਮਾ ਓਰਬਿਟ 'ਚ ਸਹੀ ਜਗ੍ਹਾ 'ਤੇ ਹੋਵੇ। ਇਸਦੇ ਆਧਾਰ 'ਤੇ ਮਿਸ਼ਨ ਲਾਂਚ ਦੀਆਂ ਤਰੀਕਾਂ ਤੈਅ ਕੀਤੀਆਂ ਜਾਂਦੀਆਂ ਹਨ।

ਇਸ ਕਰਕੇ ਆਮ ਤੌਰ 'ਤੇ ਰਾਕੇਟ ਨੂੰ ਸਹੀ ਦਿਸ਼ਾ ਵੱਲ ਦਾਗਣ ਲਈ ਕਿਸੇ ਮਹੀਨੇ ਦਾ ਸ਼ੁਰੂਆਤੀ ਪਹਿਲਾ ਹਫਤਾ ਸਹੀ ਮੰਨਿਆ ਜਾਂਦਾ ਹੈ ਜਦੋਂਕਿ ਫਿਰ ਅਗਲੇ ਤਿੰਨ ਹਫਤਿਆਂ ਤੱਕ ਅਜਿਹਾ ਕੋਈ ਮੌਕਾ ਨਹੀਂ ਮਿਲਦਾ।

ਆਰਟੇਮਿਸ-II ਕਰੂ ਦੇ ਮੈਂਬਰ ਕੌਣ ਹਨ ?

ਆਰਟੇਮਿਸ-II ਕਰੂ ਵਿੱਚ ਕੁੱਲ ਚਾਰ ਮੈਂਬਰ ਸ਼ਾਮਿਲ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਰਟੇਮਿਸ-II ਕਰੂ ਵਿੱਚ ਸ਼ਾਮਿਲ ਚਾਰ ਮੈਂਬਰਾਂ ਦੀ ਤਸਵੀਰ

ਆਰਟੇਮਿਸ-II ਕਰੂ ਵਿੱਚ ਕੁੱਲ ਚਾਰ ਮੈਂਬਰ ਸ਼ਾਮਿਲ ਹਨ, ਜਿਨ੍ਹਾਂ ਵਿੱਚ ਨਾਸਾ ਕਮਾਂਡਰ ਰੀਡ ਵਾਈਸਮੈਨ, ਪਾਇਲਟ ਵਿਕਟਰ ਗਲੋਵਰ ਅਤੇ ਮਿਸ਼ਨ ਸਪੈਸ਼ਲਿਸਟ ਕ੍ਰਿਸਟੀਨਾ ਕੋਚ ਸ਼ਾਮਿਲ ਹਨ। ਇਸ ਤੋਂ ਇਲਾਵਾ ਇੱਕ ਹੋਰ ਮਿਸ਼ਨ ਸਪੈਸ਼ਲਿਸਟ ਜੇਰੇਮੀ ਹੈਨਸਨ ਜੋ ਕਿ ਕੈਨੇਡਾ ਦੀ ਸਪੇਸ ਏਜੰਸੀ ਨਾਲ ਜੁੜੇ ਹਨ, ਵੀ ਇਸ ਮਿਸ਼ਨ ਦਾ ਹਿੱਸਾ ਹੋਣਗੇ।

ਰੀਡ ਵਾਈਸਮੈਨ 27 ਸਾਲਾਂ ਤੱਕ ਅਮਰੀਕੀ ਨੇਵੀ 'ਚ ਸੇਵਾਵਾਂ ਨਿਭਾ ਚੁੱਕੇ ਹਨ। ਇੱਕ ਪਾਇਲਟ ਅਤੇ ਇੰਜੀਨੀਅਰ ਹਨ ਜੋ ਮੈਰੀਲੈਂਡ ਦੇ ਬਾਲਟੀਮੋਰ ਵਿੱਚ ਰਹਿੰਦੇ ਹਨ। 2009 ਵਿੱਚ ਨਾਸਾ ਵੱਲੋਂ ਉਹ ਇੱਕ ਪੁਲਾੜ ਯਾਤਰੀ ਦੇ ਤੌਰ 'ਤੇ ਚੁਣੇ ਗਏ ਸਨ ਅਤੇ 2014 'ਚ ਕੌਮਾਂਤਰੀ ਸਪੇਸ ਸਟੇਸ਼ਨ (ISS) ਦੀ ਐਕਪੀਡੀਸ਼ਨ 41 ਲਈ ਫਲਾਈਟ ਇੰਜੀਨੀਅਰ ਦੀ ਭੂਮਿਕਾ ਨਿਭਾਈ ਸੀ।

ਗਲੋਵਰ ਸਾਲ 2013 'ਚ ਨਾਸਾ ਪੁਲਾੜ ਯਾਤਰੀ ਵੱਜੋਂ ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਹ ਸਪੇਸਐਕਸ ਕਰੂ-1 'ਚ ਬਤੌਰ ਪਾਇਲਟ ਸੇਵਾ ਨਿਭਾ ਚੁੱਕੇ ਹਨ ਅਤੇ ਉਨ੍ਹਾਂ ਕੋਲ ਤਿੰਨ ਮਾਸਟਰ ਡਿਗਰੀਆਂ ਹਨ। ਉਨ੍ਹਾਂ ਦਾ ਜਨਮ ਕੋਲੀਫੈਰਨੀਆ 'ਚ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਹ ਚਾਰ ਬੱਚਿਆਂ ਦੇ ਪਿਤਾ ਹਨ।

ਮਿਸ਼ੀਗਨ 'ਚ ਪੈਦਾ ਹੋਏ ਕੋਚ ਸਾਲ 2013 'ਚ ਪੁਲਾੜ ਯਾਤਰੀ ਬਣੇ। ਉਨ੍ਹਾਂ ਨੇ ਸਾਲ 2019 'ਚ ਕੌਮਾਂਤਰੀ ਸਪੇਸ ਸਟੇਸ਼ਨ 'ਚ ਕੰਮ ਕੀਤਾ ਸੀ ਅਤੇ ਸਭ ਤੋਂ ਲੰਬੇ ਸਮੇਂ ਲਈ ਸਿੰਗਲ ਸਪੇਸ ਫਲਾਈਟ ਵਾਲੀ ਪਹਿਲੀ ਮਹਿਲਾ ਹੋਣ ਦਾ ਰਿਕਾਰਡ ਬਣਾਇਆ ਸੀ। ਉਨ੍ਹਾਂ ਨੇ ਪਹਿਲੀ ਸਿਰਫ ਮਹਿਲਾਵਾਂ ਵੱਲੋਂ ਕੀਤੀ ਸਪੇਸਵੌਕ 'ਚ ਵੀ ਹਿੱਸਾ ਲਿਆ ਸੀ।

ਫਾਈਟਲ ਪਾਇਲਟ ਦੇ ਕਰੀਅਰ ਤੋਂ ਬਾਅਦ ਹੈਨਸਨ ਨੇ ਸਾਲ 2009 'ਚ ਕੈਨੇਡੀਅਨ ਸਪੇਸ ਏਜੰਸੀ ਜੁਆਇਨ ਕੀਤੀ ਸੀ। ਨਾਸਾ ਦੇ ਜੋਹਨਸਨ ਸਪੇਸ ਸੈਂਟਰ 'ਚ ਪੁਲਾੜ ਯਾਤਰੀਆਂ ਨੂੰ ਟ੍ਰੇਨਿੰਗ ਦੇਣ ਵਾਲੇ ਉਹ ਪਹਿਲੇ ਕੈਨੇਡੀਅਨ ਸਨ ਅਤੇ ਚੰਦਰਮਾ 'ਤੇ ਜਾਣ ਵਾਲੇ ਵੀ ਪਹਿਲੇ ਕੈਨੇਡੀਅਨ ਹੋਣਗੇ।

ਆਰਟੇਮਿਸ ਦਾ ਕਰੂ ਚੰਦਰਮਾ ਮਿਸ਼ਨ ਦੌਰਾਨ ਕੀ ਕਰੇਗਾ ?

ਆਰਟੇਮਿਸ ਦਾ ਕਰੂ ਓਰੀਅਨ ਨੂੰ ਟੈਸਟ ਕਰੇਗਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਰਟੇਮਿਸ ਦਾ ਕਰੂ ਟੈਸਟ ਕਰੇਗਾ ਕਿ ਓਰੀਅਨ ਕਿਵੇਂ ਕੰਮ ਕਰਦਾ ਹੈ

ਇਸ ਮਿਸ਼ਨ 'ਚ ਨਾਸਾ ਦੇ ਵਿਸ਼ਾਲ ਸਪੇਸ ਲਾਂਚ ਸਿਸਟਮ (ਐਸਐਲਐਸ) ਰਾਕੇਟ ਅਤੇ ਓਰੀਅਨ ਸਪੇਸ ਕੈਪਸੂਲ ਦੀ ਪਹਿਲੀ ਮਨੁੱਖੀ ਉਡਾਣ ਸ਼ਾਮਿਲ ਹੋਵੇਗੀ।

ਇੱਕ ਵਾਰ ਜਦੋਂ ਉਹ ਸੁਰੱਖਿਅਤ ਢੰਗ ਨਾਲ ਓਰਬਿਟ 'ਚ ਪਹੁੰਚ ਜਾਣਗੇ ਤਾਂ ਉਹ ਟੈਸਟ ਕਰਨਗੇ ਕਿ ਓਰੀਅਨ ਕਿਵੇਂ ਕੰਮ ਕਰਦਾ ਹੈ। ਇਸ ਵਿੱਚ ਕੈਪਸੂਲ ਨੂੰ ਧਰਤੀ ਦੀ ਓਰਬਿਟ 'ਚ ਮਨੁੱਖੀ ਢੰਗ ਨਾਲ ਪਹੁੰਚਾਉਣਾ ਅਤੇ ਭਵਿੱਖ 'ਚ ਚੰਦਰਮਾ ਲੈਂਡਿੰਗ ਲਈ ਸਪੇਸਕ੍ਰਾਫਟ ਨੂੰ ਸਹੀ ਢੰਗ ਨਾਲ ਸੈੱਟ ਕਰਨ ਦੀ ਪ੍ਰੈਕਟਿਸ ਕਰਨਗੇ।

ਫਿਰ ਇਸ ਤੋਂ ਬਾਅਦ ਉਹ ਚੰਦਰਮਾ ਤੋਂ ਕਈ ਹਜ਼ਾਰਾਂ ਕਿਲੋਮੀਟਰ ਦੂਰ ਇੱਕ ਬਿੰਦੂ ਤੱਕ ਜਾਣਗੇ ਤਾਂ ਜੋ ਓਰੀਅਨ ਦਾ ਲਾਈਫ ਸਪੋਰਟ, ਪ੍ਰੋਪਲਸ਼ਨ, ਪਾਵਰ ਅਤੇ ਨੈਵੀਗੇਸ਼ਨ ਸਿਸਟਮ ਦਾ ਟੈਸਟ ਕਰ ਸਕਣ।

ਇਸ ਤੋਂ ਇਲਾਵਾ ਇਹ ਕਰੂ ਮੈਡੀਕਲ ਟੈਸਟ ਸਬਜੈਕਟ ਵਜੋਂ ਵੀ ਕੰਮ ਕਰੇਗਾ ਅਤੇ ਪੁਲਾੜ ਦੀ ਗਹਿਰਾਈ ਤੋਂ ਡਾਟਾ ਅਤੇ ਤਸਵੀਰਾਂ ਭੇਜਣ ਵਾਲੇ ਸਿਸਟਮ ਨੂੰ ਵੀ ਚੈੱਕ ਕਰੇਗਾ।

ਉਹ ਇੱਕ ਭਾਰਹੀਣਤਾ ਵਾਲੇ ਛੋਟੇ ਜਿਹੇ ਕੈਬਿਨ ਵਿੱਚ ਕੰਮ ਕਰਨਗੇ। ਕੌਮਾਂਤਰੀ ਸਪੇਸ ਸਟੇਸ਼ਨ, ਜੋ ਕਿ ਧਰਤੀ ਦੇ ਓਰਬਿਟ ਦੇ ਹੇਠਲੇ ਹਿੱਸੇ ਵਿੱਚ ਹੈ, ਦੇ ਮੁਕਾਬਲੇ ਰੇਡੀਏਸ਼ਨ ਦਾ ਪੱਧਰ ਵੱਧ ਹੋਵੇਗਾ ਕਿਉਂਕਿ ਪਰ ਉਹ ਸੁਰੱਖਿਅਤ ਹੋਣਗੇ।

ਧਰਤੀ 'ਤੇ ਵਾਪਸੀ ਕਰਦੇ ਸਮੇਂ ਪੁਲਾੜ ਯਾਤਰੀਆਂ ਨੂੰ ਵਾਤਾਵਰਨ 'ਚ ਦਾਖਲ ਹੁੰਦੇ ਸਮੇਂ ਝਟਕਾ ਲੱਗੇਗਾ ਅਤੇ ਉਹ ਪ੍ਰਸ਼ਾਂਤ ਮਹਾਸਾਗਰ ਦੇ ਪੱਛਮੀ ਤੱਟ 'ਤੇ ਸਪਲੈਸ਼ਡਾਊਨ ਕਰਨਗੇ।

ਕੀ ਆਰਟੇਮਿਸ-II ਚੰਦਰਮਾ 'ਤੇ ਲੈਂਡ ਕਰੇਗਾ ?

ਮਿਸ਼ਨ ਆਰਟੇਮਿਸ-II ਕਰੂ ਦੇ ਚਾਰੇ ਮੈਂਬਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਸ਼ਨ ਆਰਟੇਮਿਸ-II ਕਰੂ ਦੇ ਚਾਰੇ ਮੈਂਬਰ

ਨਹੀਂ। ਦਰਅਸਲ ਇਹ ਮਿਸ਼ਨ ਸਾਲ 2028 'ਚ ਆਯੋਜਿਤ ਆਰਟੇਮਿਸ IV ਮਿਸ਼ਨ ਤਹਿਤ ਚੰਦਰਮਾ 'ਤੇ ਲੈਂਡਿੰਗ ਦਾ ਆਧਾਰ ਬਣਾਉਣ ਲਈ ਕੀਤਾ ਜਾ ਰਿਹਾ।

ਇਸ ਤੋਂ ਪਹਿਲਾਂ ਨਾਸਾ ਸਾਲ 2027 ਵਿੱਚ ਇਕ ਹੋਰ ਮਨੁੱਖੀ ਟੈਸਟ ਮਿਸ਼ਨ ਆਰਟੇਮਿਸ III ਮਿਸ਼ਨ ਨੂੰ ਭੇਜਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਓਰੀਅਨ ਦਾ ਚੰਦਰਮਾ ਲੈਂਡਰ ਨਾਲ ਮਿਲਾਪ ਅਤੇ ਇੱਕ ਜਾਂ ਇੱਕ ਤੋਂ ਵੱਧ ਲੁਨਾਰ ਲੈਂਡਰ ਨਾਲ ਟਕਰਾਅ ਤੋਂ ਬਚਾਅ ਦੀ ਪ੍ਰੈਕਟਿਸ ਕੀਤੀ ਜਾ ਸਕੇ ਅਤੇ ਨਵੇਂ ਸਪੇਸਸੂਟ (ਜੇਕਰ ਉਸ ਸਮੇਂ ਤੱਕ ਤਿਆਰ ਹੋਏ) ਦੀ ਟੈਸਟਿੰਗ ਕੀਤੀ ਜਾ ਸਕੇ।

ਨਾਸਾ ਨੇ ਆਰਟੇਮਿਸ ਲਈ ਦੋ ਵਿਰੋਧੀ ਕੰਪਨੀਆਂ ਦੇ ਲੈਂਡਰ ਚੁਣੇ ਹਨ। ਇੱਕ ਸਪੇਸਐਕਸ ਦਾ ਸਟਾਰਸ਼ਿਪ ਅਤੇ ਦੂਜਾ ਜੈਫ ਬੇਜੋਸ ਦੀ ਕੰਪਨੀ ਬਲੂ ਓਰੀਜਨ ਵੱਲੋਂ ਡਿਜ਼ਾਈਨ ਕੀਤਾ ਗਿਆ ਕ੍ਰਾਫਟ। ਨਾਸਾ ਬਾਅਦ ਵਿੱਚ ਫੈਸਲਾ ਕਰੇਗਾ ਕਿ ਕਿਹੜਾ ਲੈਂਡਰ ਕਿਸ ਮਿਸ਼ਨ ਲਈ ਇਸਤੇਮਾਲ ਕੀਤਾ ਜਾਵੇਗਾ।

ਜਦੋਂ ਆਰਟੇਮਿਸ IV ਉਡਾਣ ਭਰੇਗਾ ਤਾਂ ਪੁਲਾੜ ਯਾਤਰੀ ਚੰਦਰਮਾ ਦੇ ਦੱਖਣੀ ਧੁਰੇ ਵੱਲ ਜਾਣਗੇ।

ਇਸ ਟੀਚੇ ਤੋਂ ਬਾਅਦ ਸਾਲ 2028 ਦੇ ਅਖੀਰ 'ਚ ਆਰਟੇਮਿਸ V ਮਿਸ਼ਨ ਜ਼ਰੀਏ ਇੱਕ ਹੋਰ ਲੈਂਡਿੰਗ ਕਰਨ ਦਾ ਟੀਚਾ ਹੈ ਤਾਂ ਜੋ ਚੰਦਰਮਾ 'ਤੇ ਲੰਬੇ ਸਮੇਂ ਲਈ ਮਨੁੱਖੀ ਮੌਜੂਦਗੀ ਬਣਾਈ ਜਾ ਸਕੇ।

ਅੱਗੇ ਆਉਣ ਵਾਲੇ ਆਰਟੇਮਿਸ ਮਿਸ਼ਨਾਂ ਵਿੱਚ, ਚੰਦਰਮਾ ਦੇ ਆਲੇ-ਦੁਆਲੇ ਘੁੰਮਣ ਵਾਲਾ ਇੱਕ ਛੋਟਾ ਸਪੇਸ ਸਟੇਸ਼ਨ ਬਣਾਉਣ ਲਈ ਗੇਟਵੇਅ ਤਿਆਰ ਕੀਤਾ ਜਾਵੇਗਾ। ਜਿਸ ਤੋਂ ਬਾਅਦ ਚੰਦਰਮਾ 'ਤੇ ਹੋਰ ਲੈਂਡਿੰਗਸ ਕੀਤੀਆਂ ਜਾਣਗੀਆਂ, ਗੇਟਵੇਅ ਨਾਲ ਵਾਧੂ ਮੋਡਿਊਲ ਜੋੜੇ ਜਾਣਗੇ ਅਤੇ ਚੰਦਰਮਾ ਦੀ ਧਰਤੀ ਨੂੰ ਹੋਰ ਜਾਨਣ ਲਈ ਨਵੇਂ ਰੋਬੋਟਿਕ ਰੋਵਰਜ਼ ਭੇਜੇ ਜਾਣਗੇ।

ਇਸ ਕੋਸ਼ਿਸ਼ ਨਾਲ ਹੋਰ ਵੀ ਮੁਲਕ ਜੁੜਨਗੇ ਕਿਉਂਕਿ ਚੰਦਰਮਾ 'ਤੇ ਲੰਬਾ ਸਮਾਂ ਰਹਿਣਾ ਯਕੀਨੀ ਬਣਾਉਣ ਲਈ ਵੱਖ-ਵੱਖ ਮੁਲਕਾਂ ਦੇ ਪੁਲਾੜ ਯਾਤਰੀ ਕੰਮ ਕਰਨ 'ਚ ਜੁਟੇ ਹੋਏ ਹਨ।

ਆਖਰੀ ਮਨੁੱਖੀ ਚੰਦਰਮਾ ਮਿਸ਼ਨ ਕਿਹੜਾ ਸੀ ?

ਦਸੰਬਰ 1972 ਨੂੰ ਲਾਂਚ ਹੋਏ ਮਿਸ਼ਨ ਅਪੋਲੋ 17 ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਸੰਬਰ 1972 ਨੂੰ ਲਾਂਚ ਹੋਏ ਮਿਸ਼ਨ ਅਪੋਲੋ 17 ਦੀ ਫਾਈਲ ਤਸਵੀਰ

ਆਖਰੀ ਮਨੁੱਖੀ ਚੰਦਰਮਾ ਮਿਸ਼ਨ ਅਪੋਲੋ 17 ਸੀ ਜੋ ਦਸੰਬਰ 1972 ਨੂੰ ਲੈਂਡ ਹੋਇਆ ਸੀ ਅਤੇ ਇਸੇ ਮਹੀਨੇ ਦੇ ਅਖੀਰ ਧਰਤੀ 'ਤੇ ਵਾਪਸ ਮੁੜਿਆ ਸੀ।

ਹੁਣ ਤੱਕ ਹੋਏ ਅਪੋਲੋ ਪ੍ਰੋਗਰਾਮਾਂ ਤਹਿਤ, ਕੁੱਲ 24 ਪੁਲਾੜ ਯਾਤਰੀ ਹੁਣ ਤੱਕ ਚੰਦਰਮਾ ਦੀ ਯਾਤਰਾ ਕਰ ਚੁੱਕੇ ਹਨ ਜਿਨ੍ਹਾਂ ਚੋਂ 12 ਚੰਦਰਮਾ ਦੀ ਧਰਤੀ 'ਤੇ ਤੁਰੇ ਵੀ ਹਨ। ਹੁਣ ਤੱਕ ਚੰਦਰਮਾ 'ਤੇ ਗਏ 24 ਪੁਲਾੜ ਯਾਤਰੀਆਂ ਚੋਂ ਪੰਜ ਅਜੇ ਵੀ ਜੀਵਿਤ ਹਨ।

ਅਮਰੀਕਾ ਪਹਿਲਾ ਵਾਰ 1960 ਦੇ ਦਹਾਕੇ 'ਚ ਚੰਦਰਮਾ 'ਤੇ ਗਿਆ ਸੀ। ਉਦੋਂ ਟੀਚਾ ਭੂਗੋਲਿਕ ਅਤੇ ਤਕਨੀਕੀ ਖੇਤਰ 'ਚ ਸੋਵੀਅਤ ਯੂਨੀਅਨ 'ਤੇ ਆਪਣਾ ਦਬਦਬਾ ਕਾਇਮ ਕਰਨਾ ਸੀ। ਇੱਕ ਵਾਰ ਇਹ ਟੀਚਾ ਪੂਰਾ ਹੋਣ ਤੋਂ ਬਾਅਦ, ਚੰਦਰਮਾ ਮਿਸ਼ਨਾਂ 'ਚ ਸਿਆਸੀ ਅਤੇ ਜਨਤਾ ਦੀ ਦਿਲਚਸਪੀ ਘੱਟਦੀ ਗਈ ਅਤੇ ਇਨ੍ਹਾਂ ਮਿਸ਼ਨਾਂ ਲਈ ਪੈਸਾ ਵੀ।

ਆਰਟੇਮਿਸ ਪ੍ਰੋਗਰਾਮ ਇਸ ਮੰਤਵ ਨਾਲ ਸ਼ੁਰੂ ਕੀਤਾ ਗਿਆ ਕਿ ਇਨਸਾਨਾਂ ਨੂੰ ਮੁੜ ਚੰਦਰਮਾ 'ਤੇ ਭੇਜਿਆ ਜਾਵੇ ਪਰ ਇਸ ਵਾਰ ਨਵੀਂ ਤਕਨੀਕ ਅਤੇ ਵਪਾਰਕ ਸਾਂਝੇਦਾਰੀਆਂ ਦੇ ਸਹਿਯੋਗ ਨਾਲ ਲੰਬੇ ਸਮੇਂ ਲਈ।

ਕੀ ਬਾਕੀ ਮੁਲਕ ਵੀ ਅਜਿਹੀ ਯੋਜਨਾ ਬਣਾ ਰਹੇ ?

2023 ’ਚ ਇਸਰੋ ਦਾ ਚੰਦਰਯਾਨ-3 ਮਿਸ਼ਨ ਕਾਮਯਾਬ ਹੋਇਆ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2023 'ਚ ਉਸ ਸਮੇਂ ਦੇ ਇਸਰੋ ਚੀਫ ਐਸ ਸੋਮਨਾਥ ਦੀ ਅਗਵਾਈ ਹੇਠ ਚੰਦਰਯਾਨ-3 ਮਿਸ਼ਨ ਕਾਮਯਾਬ ਰਿਹਾ (ਫਾਈਲ ਫੋਟੋ)

ਕਈ ਹੋਰ ਮੁਲਕ ਵੀ 2030 ਦੇ ਦਹਾਕੇ ਤੱਕ ਇਨਸਾਨਾਂ ਨੂੰ ਚੰਦਰਮਾ 'ਤੇ ਲਿਜਾਉਣ ਦੇ ਇਛੁੱਕ ਹਨ।

ਯੂਰਪੀ ਪੁਲਾੜ ਯਾਤਰੀ ਅਗਲੇ ਆਰਟੇਮਿਸ ਮਿਸ਼ਨਾਂ 'ਚ ਹਿੱਸਾ ਲੈਣ ਲਈ ਤਿਆਰ ਹਨ ਅਤੇ ਜਾਪਾਨ ਨੇ ਵੀ ਆਪਣੇ ਪੁਲਾੜ ਯਾਤਰੀਆਂ ਲਈ ਸੀਟਾਂ ਸੁਰੱਖਿਅਤ ਕਰ ਲਈਆਂ ਹਨ।

ਚੀਨ ਵੀ 2030 ਤੱਕ ਚੰਦਰਮਾ ਦੇ ਦੱਖਣੀ ਧੁਰੇ 'ਤੇ ਪਹਿਲੀ ਲੈਂਡਿੰਗ ਕਰਨ ਲਈ ਆਪਣਾ ਸਪੇਸਕ੍ਰਾਫਟ ਤਿਆਰ ਕਰ ਰਿਹਾ ਹੈ।

ਰੂਸ ਵੀ 2030 ਤੋਂ 2035 ਦਰਮਿਆਨ ਚੰਦਰਮਾ ਦੀ ਸਤਿਹ 'ਤੇ ਆਪਣੇ ਪੁਲਾੜ ਯਾਤਰੀਆਂ ਨੂੰ ਭੇਜਣ ਅਤੇ ਉੱਥੇ ਇੱਕ ਛੋਟਾ ਬੇਸ ਤਿਆਰ ਕਰਨ ਦੀਆਂ ਗੱਲਾਂ ਲਗਾਤਾਰ ਕਰਦਾ ਆ ਰਿਹਾ।

ਹਾਲਾਂਕਿ ਪਾਬੰਦੀਆਂ, ਫੰਡਿੰਗ ਦੀ ਘਾਟ ਅਤੇ ਤਕਨੀਕੀ ਸਮੱਸਿਆਵਾਂ ਕਾਰਨ ਇਸ ਦੀ ਸਮਾਂ-ਸਾਰਣੀ ਕਾਫ਼ੀ ਹੱਦ ਤੱਕ ਆਸ਼ਾਵਾਦੀ ਮੰਨੀ ਜਾਂਦੀ ਹੈ।

ਭਾਰਤ ਨੇ ਵੀ ਇੱਕ ਦਿਨ ਚੰਦਰਮਾ ਦੀ ਧਰਤੀ 'ਤੇ ਆਪਣੇ ਪੁਲਾੜ ਯਾਤਰੀਆਂ ਨੂੰ ਤੁਰਦਾ ਦੇਖਣ ਦੀ ਇੱਛਾ ਜਤਾਈ ਹੈ।

ਅਗਸਤ 2023 'ਚ ਚੰਦਰਯਾਨ 3 ਦੇ ਤਹਿਤ ਚੰਦਰਮਾ ਦੇ ਦੱਖਣੀ ਧੁਰੇ 'ਤੇ ਸਫਲ ਲੈਂਡਿੰਗ ਤੋਂ ਬਾਅਦ ਭਾਰਤੀ ਸਪੇਸ ਏਜੰਸੀ ਨੇ ਸਾਲ 2040 ਤੱਕ ਆਪਣੇ ਪੁਲਾੜ ਯਾਤਰੀਆਂ ਨੂੰ ਚੰਦਰਮਾ 'ਤੇ ਭੇਜਣ ਦਾ ਟੀਚਾ ਮਿੱਥਿਆ ਹੈ। ਇਸ ਨਾਲ ਭਾਰਤ ਨੂੰ ਆਪਣੇ ਮਨੁੱਖੀ ਸਪੇਸਫਲਾਈਟ ਪ੍ਰੋਗਰਾਮ ਨੂੰ ਧਰਤੀ ਦੇ ਹੇਠਲੇ ਓਰਬਿਟ ਤੋਂ ਅੱਗੇ ਪਹੁੰਚਾਉਣ 'ਚ ਸਹਿਯੋਗ ਮਿਲੇਗਾ।

ਸਹਿਯੋਗੀ ਰਿਪੋਰਟਿੰਗ: ਕੇਵਿਨ ਚਰਚ ਅਤੇ ਐਮਿਲੀ ਸੇਲਵਾਦੁਰਈ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)