ਜਿਸ ਬਾਰੇ ਦੇਸ਼ ਬਹੁਤ ਘੱਟ ਗੱਲ ਕਰਦੇ ਹਨ, ਉਸ ਸਾਈਬਰ ਵਾਰਫੇਅਰ ਦੀ ਅਮਰੀਕਾ-ਇਜ਼ਰਾਇਲ ਦੀ ਈਰਾਨ ਨਾਲ ਜੰਗ 'ਚ ਕੀ ਹੈ ਭੂਮਿਕਾ?

ਤਸਵੀਰ ਸਰੋਤ, Josef Cole, ALSSA
- ਲੇਖਕ, ਜੋ ਟਾਈਡੀ
- ਰੋਲ, ਸਾਈਬਰ ਪੱਤਰਕਾਰ, ਬੀਬੀਸੀ ਵਰਲਡ ਸਰਵਿਸ
- ਪੜ੍ਹਨ ਦਾ ਸਮਾਂ: 8 ਮਿੰਟ
ਜਿੱਥੋਂ ਤੱਕ ਫੌਜੀ ਤਾਕਤ ਦੀ ਗੱਲ ਹੈ ਤਾਂ ਅਮਰੀਕਾ ਅਤੇ ਇਜ਼ਰਾਇਲ ਇਹ ਦੱਸਣ 'ਚ ਹਿਚਕਿਚਾਉਂਦੇ ਨਹੀਂ ਕਿ ਉਹ ਈਰਾਨ 'ਤੇ ਕਿਵੇਂ ਹਮਲੇ ਕਰ ਰਹੇ ਹਨ।
ਪੇਸ਼ੇਵਰ ਤਸਵੀਰਾਂ ਅਤੇ ਆਕਰਸ਼ਕ ਵੀਡੀਓਜ਼ ਦੇ ਨਾਲ, ਯੂਐਸ ਸੈਂਟਰਲ ਕਮਾਂਡ ਹਰ ਕੁਝ ਘੰਟਿਆਂ 'ਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਹਥਿਆਰਾਂ ਅਤੇ ਲੜਾਕੂ ਜਹਾਜ਼ਾਂ ਬਾਰੇ ਪੋਸਟ ਕਰ ਰਹੀ ਹੈ, ਜਿਨ੍ਹਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਪਰ ਸਾਈਬਰ ਸਪੇਸ ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਅਮਰੀਕਾ ਅਤੇ ਇਜ਼ਰਾਇਲ ਕਾਫ਼ੀ ਜ਼ਿਆਦਾ ਸਾਵਧਾਨ ਹਨ।
ਕਈ ਘੰਟਿਆਂ ਦੀ ਪ੍ਰੈਸ ਕਾਨਫਰੰਸ, ਭਾਸ਼ਣਾਂ ਅਤੇ ਦਰਜਨਾਂ ਸੋਸ਼ਲ ਮੀਡੀਆ ਪੋਸਟਾਂ ਦਰਮਿਆਨ ਸਾਈਬਰ ਆਪ੍ਰੇਸ਼ਨਾਂ ਦਾ ਜ਼ਿਕਰ ਬੇਹੱਦ ਘੱਟ ਹੈ।
ਪਰ ਇਸ ਜੰਗ ਵਿੱਚ ਸਾਈਬਰ ਸਪੇਸ ਦੀ ਅਹਿਮ ਭੂਮਿਕਾ ਹੈ। ਇਸ ਦਾ ਸੰਕੇਤ ਯੂਐਸ ਸੈਂਟਰਲ ਕਮਾਂਡ ਦੇ ਕਮਾਂਡਰ ਐਡਮਿਰਲ ਬਰੈਡ ਕੂਪਰ ਨੇ ਹਾਲ ਹੀ 'ਚ ਇੱਕ ਪ੍ਰੈਸ ਅਪਡੇਟ 'ਚ ਦਿੱਤਾ ਸੀ।
ਉਨ੍ਹਾਂ ਕਿਹਾ, "ਅਸੀਂ ਸਮੁੰਦਰ ਦੀਆਂ ਗਹਿਰਾਈਆਂ ਤੋਂ ਲੈ ਕੇ ਪੁਲਾੜ ਅਤੇ ਸਾਈਬਰ ਸਪੇਸ ਤੱਕ ਈਰਾਨ 'ਤੇ ਹਮਲੇ ਜਾਰੀ ਰੱਖੇ ਹੋਏ ਹਨ।"
ਤਾਂ ਆਓ ਇਹ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਸਾਈਬਰ ਆਪ੍ਰੇਸ਼ਨ ਕੀਤੇ ਜਾ ਰਹੇ ਹਨ ਅਤੇ ਇਸ ਨਾਲ ਨਵੇਂ ਦੌਰ ਦੀ ਜੰਗ ਬਾਰੇ ਕੀ ਸੰਕੇਤ ਮਿਲਦਾ ਹੈ।
ਹਮਲੇ ਤੋਂ ਪਹਿਲਾਂ ਕਿਵੇਂ ਹੁੰਦੀ ਹੈ ਸਾਈਬਰ ਜਾਸੂਸੀ

ਤਸਵੀਰ ਸਰੋਤ, AFP via Getty Images
ਸਾਈਬਰ ਜਾਸੂਸੀ ਅਤੇ ਹੈਕਿੰਗ ਨੂੰ ਜੰਗ ਦੀ ਤਿਆਰੀ 'ਚ ਤਥਾਕਥਿਤ "ਪ੍ਰੀ-ਪੋਜ਼ੀਸ਼ਨਿੰਗ" 'ਚ ਵੱਡੀ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ।
ਪੇਂਟਾਗਨ 'ਚ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਜਰਨਲ ਡੈਨ ਕੇਨ ਨੇ ਇੱਕ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਜੰਗ ਲਈ ਮਹੀਨਿਆਂ ਅਤੇ ਕੁਝ ਮਾਮਲਿਆਂ 'ਚ ਸਾਲਾਂ ਦੀ ਯੋਜਨਾ ਬਣਾਈ ਗਈ। ਇਸ 'ਚ ਹਮਲਿਆਂ ਲਈ ਤਥਾਕਥਿਤ "ਟਾਰਗੇਟ ਸੈੱਟ" ਤਿਆਰ ਕੀਤੇ ਗਏ।
ਸੰਭਵ ਹੈ ਕਿ ਅਮਰੀਕਾ ਅਤੇ ਇਜ਼ਰਾਇਲ ਦੇ ਹੈਕਰ ਕਿਸੇ ਅਸਲ ਹਮਲੇ ਦੀ ਯੋਜਨਾ ਬੁਣਨ ਤੋਂ ਬਹੁਤ ਪਹਿਲਾਂ ਹੀ ਈਰਾਨ ਦੇ ਕੰਪਿਊਟਰ ਨੈੱਟਵਰਕ 'ਚ ਘੁਸਪੈਠ ਕਰ ਚੁੱਕੇ ਹੁੰਦੇ ਹਨ।
ਹਵਾਈ ਰੱਖਿਆ ਪ੍ਰਣਾਲੀ ਜਾਂ ਫੌਜੀ ਸੰਚਾਰ ਦੇ ਪਿੱਛੇ ਕੰਮ ਕਰਨ ਵਾਲੇ ਕੰਪਿਊਟਰ ਨੈੱਟਵਰਕ ਇਨ੍ਹਾਂ ਹਮਲਿਆਂ ਦਾ ਸਭ ਤੋਂ ਵੱਡਾ ਟੀਚਾ ਰਹੇ ਹੋਣਗੇ।
ਫਾਈਨੈਂਸ਼ੀਅਲ ਟਾਈਮਜ਼ ਨੂੰ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਸੂਤਰਾਂ ਨੇ ਦੱਸਿਆ ਕਿ ਇਜ਼ਰਾਇਲ ਨੇ ਸੀਸੀਟੀਵੀ ਅਤੇ ਟ੍ਰੈਫਿਕ ਕੈਮਰਿਆਂ ਨੂੰ ਹੈਕ ਕਰਕੇ ਇੱਕ ਵੱਡਾ ਨਿਗਰਾਨੀ ਨੈੱਟਵਰਕ ਬਣਾਇਆ ਸੀ ਤਾਂ ਜੋ ਅਯਾਤੁੱਲਾ ਅਲੀ ਖਾਮੇਨੇਈ ਅਤੇ ਉਨ੍ਹਾਂ ਦੇ ਕਮਾਂਡਰਾਂ ਦੀ ਰੋਜ਼ਾਨਾ ਦੀਆਂ ਗਤੀਵਿਧੀਆਂ ਦੇ ਪੈਟਰਨ ਨੂੰ ਸਮਝਿਆ ਜਾ ਸਕੇ।
ਇਹ ਉਸ ਹਮਲੇ ਦੀ ਤਿਆਰੀ ਦਾ ਹਿੱਸਾ ਸੀ, ਜਿਸ ਵਿੱਚ ਅਲੀ ਖਾਮੇਨੇਈ ਦੀ ਮੌਤ ਹੋਈ।
ਸਾਈਬਰ ਸੁਰੱਖਿਆ ਕੰਪਨੀ ਚੈੱਕ ਪੁਆਇੰਟ ਦੇ ਥਰੈੱਟ ਇੰਟੈਲੀਜੈਂਸ ਮਾਹਰ ਸਰਗੇਈ ਸ਼ਾਈਕੇਵਿਚ ਨੇ ਕਿਹਾ ਕਿ ਇੰਟਰਨੈੱਟ ਨਾਲ ਜੁੜੇ ਕੈਮਰੇ ਸਾਈਬਰ ਜੰਗ 'ਚ ਨਿਸ਼ਾਨਾ ਬਣ ਗਏ ਹਨ ਕਿਉਂਕਿ ਉਹ "ਬਹੁਤ ਘੱਟ ਲਾਗਤ 'ਤੇ ਸੜਕਾਂ ਅਤੇ ਇਮਾਰਤਾਂ ਦੀ ਰੀਅਲ ਟਾਈਮ ਜਾਣਕਾਰੀ ਦਿੰਦੇ ਹਨ।"
ਮਾਹਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਜਾਣਕਾਰੀ ਦਾ ਗ੍ਰਾਊਂਡ 'ਤੇ ਮੌਜੂਦ ਜਾਸੂਸਾਂ ਤੋਂ ਮਿਲਣ ਵਾਲੀ ਰਵਾਇਤੀ ਖੂਫੀਆ ਜਾਣਕਾਰੀ ਨਾਲ ਮਿਲਾਨ ਕੀਤਾ ਜਾਂਦਾ ਹੈ।
ਸਾਬਕਾ ਇਜ਼ਰਾਇਲੀ ਫੌਜੀ ਸਾਈਬਰ ਰੱਖਿਆ ਮਾਹਰ ਅਤੇ ਸਾਈਬਰ ਸੁਰੱਖਿਆ ਪਲੈਟਫਾਰਮ ਰੇਮੇਡੀਓ ਦੇ ਸੰਸਥਾਪਕ ਤਾਲ ਕੋਲੇਂਡਰ ਨੇ ਕਿਹਾ, "ਸਾਈਬਰ ਆਮ ਤੌਰ 'ਤੇ ਆਪਣੇ ਆਪ 'ਚ ਨਿਰਣਾਇਕ ਹਥਿਆਰ ਨਹੀਂ ਹੁੰਦਾ ਪਰ ਇਹ ਤੁਹਾਡੀ ਤਾਕਤ ਨੂੰ ਕਈ ਗੁਣਾ ਵਧਾਉਂਦਾ ਹੈ ਅਤੇ ਜ਼ਮੀਨ 'ਤੇ ਚੱਲ ਰਹੇ ਅਭਿਆਨਾਂ ਨੂੰ ਸਮਰਥਨ ਦਿੰਦਾ ਹੈ।"
ਅਯਾਤੁੱਲਾ ਅਲੀ ਖਾਮੇਨੇਈ ਦੀ ਨਿਗਰਾਨੀ ਕਿਵੇਂ ਕੀਤੀ ਗਈ ਸੀ?

ਤਸਵੀਰ ਸਰੋਤ, Getty Images
ਸ਼ੁਰੂਆਤੀ ਹਮਲਿਆਂ ਤੋਂ ਬਾਅਦ ਹੋਈ ਇੱਕ ਪ੍ਰੈਸ ਕਾਨਫਰੰਸ 'ਚ ਜਨਰਲ ਕੇਨ ਨੇ ਦੱਸਿਆ ਕਿ ਯੂਐਸ ਸਾਈਬਰ ਕਮਾਂਡ ਅਤੇ ਯੂਐਸ ਸਪੇਸ ਕਮਾਂਡ ਦੇ ਕਰਮਚਾਰੀ ਸਭ ਤੋਂ ਪਹਿਲਾਂ ਸਰਗਰਮ ਹੁੰਦੇ ਸਨ। ਉਨ੍ਹਾਂ ਨੇ ਈਰਾਨ ਦੀ ਦੇਖਣ, ਸੰਚਾਰ ਅਤੇ ਪ੍ਰਤੀਕਿਰਿਆ ਦੇਣ ਦੀ ਸਮਰੱਥਾ 'ਚ ਰੁਕਾਵਟਾਂ ਪੈਦਾ ਕੀਤੀਆਂ ਅਤੇ ਉਸਨੂੰ ਲਗਭਗ ਅੰਨ੍ਹਾ ਕਰ ਦਿੱਤਾ।
ਕੁਝ ਮਾਹਰਾਂ ਦਾ ਮੰਨਣਾ ਹੈ ਕਿ ਅਯਾਤੁੱਲਾ ਦੀ ਸੁਰੱਖਿਆ ਟੀਮ ਨੂੰ ਆਉਣ ਵਾਲੇ ਜੈੱਟ ਜਹਾਜ਼ਾਂ ਦੀ ਚਿਤਾਵਨੀ ਨਾ ਮਿਲ ਸਕੇ, ਇਸ ਲਈ ਤਹਿਰਾਨ ਦੇ ਮੋਬਾਈਲ ਟਾਵਰਾਂ ਨੂੰ ਜਾਮ ਕੀਤਾ ਗਿਆ ਜਾਂ ਬੰਦ ਕਰ ਦਿੱਤਾ ਗਿਆ।
ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਅਜਿਹਾ ਯੂਕ੍ਰੇਨ 'ਚ ਹੋ ਚੁੱਕਿਆ ਹੈ।
ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਹਾਲ ਦੀ ਇੱਕ ਪ੍ਰੈਸ ਕਾਨਫਰੰਸ 'ਚ ਇਹ ਵੀ ਕਿਹਾ ਕਿ ਈਰਾਨੀ ਫੌਜੀ "ਹਮਲਾ ਕਰਨਾ ਤਾਂ ਦੂਰ, ਇੱਕ-ਦੂਜੇ ਨਾਲ ਗੱਲ ਵੀ ਨਹੀਂ ਕਰ ਪਾ ਰਹੇ।"
ਇਹ ਟਿੱਪਣੀਆਂ ਰਾਸ਼ਟਰਪਤੀ ਟਰੰਪ ਦੇ ਉਨ੍ਹਾਂ ਸ਼ਬਦਾਂ ਦੀ ਯਾਦ ਦਵਾਉਂਦੀਆਂ ਹਨ ਜਦੋਂ ਉਨ੍ਹਾਂ ਨੇ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਫੜਣ ਦੀ ਸਫਲਤਾ ਦੀ ਤਾਰੀਫ ਕੀਤੀ ਸੀ। ਉਨ੍ਹਾਂ ਨੇ ਉਸ ਅਭਿਆਨ ਤੋਂ ਬਾਅਦ ਕਿਹਾ ਸੀ, "ਸਾਡੇ ਇੱਕ ਖਾਸ ਹੁਨਰ ਦੇ ਕਾਰਨ ਕਾਰਾਕਾਸ ਦੀ ਬਿਜਲੀ ਕਾਫੀ ਹੱਦ ਤੱਕ ਬੰਦ ਕਰ ਦਿੱਤੀ ਗਈ ਸੀ।"
ਇਹ ਪੁਸ਼ਟੀ ਨਹੀਂ ਹੋਈ ਹੈ ਕਿ ਰਾਸ਼ਟਰਪਤੀ ਸਾਈਬਰ ਹਮਲੇ ਦੀ ਗੱਲ ਕਰ ਰਹੇ ਸਨ ਜਾਂ ਨਹੀਂ, ਪਰ ਹਾਲ ਹੀ 'ਚ ਪ੍ਰਕਾਸ਼ਿਤ ਅਮਰੀਕੀ ਸਾਈਬਰ ਰਣਨੀਤੀ 'ਚ ਉਨ੍ਹਾਂ ਨੇ ਉਸ ਵਿਸ਼ੇਸ਼ ਅਭਿਆਨ ਲਈ ਆਪਣੀ ਸਾਈਬਰ ਫੋਰਸ ਦੀ ਤਾਰੀਫ ਕੀਤੀ।
ਟਰੰਪ ਨੇ ਕਿਹਾ ਕਿ ਅਮਰੀਕਾ ਨੇ "ਇੱਕ ਬੇਦਾਗ ਫੌਜੀ ਅਭਿਆਨ ਦੇ ਦੌਰਾਨ ਆਪਣੇ ਵਿਰੋਧੀਆਂ ਨੂੰ ਅੰਨ੍ਹਾ ਅਤੇ ਗੁੰਮਰਾਹ ਕਰ ਦਿੱਤਾ।"
ਇਜ਼ਰਾਇਲ 'ਤੇ ਇਹ ਇਲਜ਼ਾਮ ਵੀ ਲਗਾਇਆ ਗਿਆ ਹੈ ਕਿ ਉਸਨੇ ਈਰਾਨ 'ਚ ਨਮਾਜ਼ ਦਾ ਸਮਾਂ ਦੱਸਣ ਵਾਲੀ ਇੱਕ ਲੋਕਪ੍ਰਿਯ ਐਪ ਬਾਦੇਸਬਾ ਨੂੰ ਹੈਕ ਕੀਤਾ ਜਿਸਨੂੰ 50 ਲੱਖ ਵਾਰ ਡਾਊਨਲੋਡ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images
ਰਾਇਟਰਸ ਦੀ ਰਿਪੋਰਟ ਮੁਤਾਬਕ, ਜਿਵੇਂ ਹੀ ਬੰਬ ਡਿੱਗਣੇ ਸ਼ੁਰੂ ਹੋਏ, ਇਸ ਐਪ ਦੇ ਯੂਜ਼ਰਸ ਨੂੰ ਇੱਕ ਪੁਸ਼ ਨੋਟੀਫਿਕੇਸ਼ਨ ਭੇਜਿਆ ਗਿਆ ਜਿਸ 'ਚ ਲਿਖਿਆ ਸੀ, "ਮਦਦ ਪਹੁੰਚ ਗਈ ਹੈ।"
ਅਮਰੀਕੀ ਰੱਖਿਆ ਮੰਤਰੀ ਹੇਗਸੇਥ ਨੇ ਇਸ ਹਫਤੇ ਕਿਹਾ ਹੈ ਕਿ ਅਮਰੀਕਾ ਨੇ ਹੋਰ ਸਿਸਟਮ ਲੱਭ ਕੇ ਉਨ੍ਹਾਂ ਨੂੰ ਤਬਾਹ ਕਰਨ ਦਾ ਅਭਿਆਨ ਜਾਰੀ ਰੱਖਿਆ ਹੈ।
ਜੰਗ ਦੇ ਇਸ ਪੜਾਅ 'ਚ ਸਾਈਬਰ ਦੀ ਭੂਮਿਕਾ ਹੋ ਸਕਦੀ ਹੈ, ਜਿੱਥੇ ਆਪ੍ਰੇਟਿਵ, ਓਪਨ ਸੋਰਸ ਇੰਟੈਲੀਜੈਂਸ, ਸੈਟੇਲਾਈਟ ਤਸਵੀਰਾਂ ਦੇ ਵਿਸ਼ਲੇਸ਼ਣ ਅਤੇ ਸਾਈਬਰ ਜਾਸੂਸੀ ਦਾ ਇਸਤੇਮਾਲ ਕਰਕੇ ਈਰਾਨ 'ਚ ਫੌਜੀ ਟਿਕਾਣਿਆਂ ਦਾ ਪਤਾ ਲਗਾ ਰਹੇ ਹੋਣ।
ਸੰਭਾਵਨ ਹੈ ਕਿ ਇਸ ਕੰਮ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵੀ ਵੱਡੇ ਪੈਮਾਨੇ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੋਵੇ। ਇਸ ਦਾ ਇੱਕ ਸੰਭਾਵੀ ਸੰਕੇਤ ਵੀ ਹੇਗਸੇਥ ਦੀ ਟਿੱਪਣੀ ਤੋਂ ਮਿਲਿਆ, ਜਦੋਂ ਉਨ੍ਹਾਂ ਨੇ ਇੱਕ ਖੂਫੀਆ ਅਧਿਕਾਰੀ ਦੀ ਤਾਰੀਫ ਕੀਤੀ, ਜਿਸਨੂੰ ਉਨ੍ਹਾਂ ਕੰਮ ਕਰਦੇ ਦੇਖਿਆ ਸੀ।
ਉਨ੍ਹਾਂ ਨੇ ਕਿਹਾ, "ਮੈਂ ਇੱਕ ਨੌਜਵਾਨ ਕਰਨਲ ਨਾਲ ਗੱਲ ਕਰ ਰਿਹਾ ਸੀ ਜੋ ਇਸ 'ਤੇ ਕੰਮ ਕਰ ਰਿਹਾ ਹੈ ਕਿ ਅਸੀਂ ਟੀਚਾ ਕਿਵੇਂ ਤੈਅ ਕਰਦੇ ਹਾਂ ਅਤੇ ਈਰਾਨ ਜੋ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਸਦੇ ਵੱਖੋ-ਵੱਖਰੇ ਪਹਿਲੂਆਂ ਨੂੰ ਕਿਵੇਂ ਲੱਭਦੇ ਹਾਂ।"
ਸਾਈਬਰ ਜੰਗ ਦੀ ਧੁੰਦ

ਤਸਵੀਰ ਸਰੋਤ, AFP via Getty Images
ਅਮਰੀਕਾ ਅਤੇ ਇਜ਼ਰਾਇਲ ਦਾ ਈਰਾਨ ਖਿਲਾਫ ਵੱਡੇ ਸਾਈਬਰ ਹਮਲੇ ਕਰਨ ਦਾ ਲੰਬਾ ਇਤਿਹਾਸ ਰਿਹਾ ਹੈ ਪਰ ਦੋਵੇਂ ਦੇਸ਼ ਇਸ ਬਾਰੇ ਬੇਹੱਦ ਖੂਫੀਆ ਢੰਗ ਨਾਲ ਰਹਿੰਦੇ ਹਨ।
ਉਦਾਹਰਨ ਵੱਜੋਂ, ਸਾਲ 2010 'ਚ ਈਰਾਨ ਦੇ ਯੂਰੇਨੀਅਮ ਸੰਭਾਲ ਸਹੂਲਤਾਂ 'ਤੇ ਹੋਏ ਚਰਚਿਤ ਅਤੇ ਵਿਨਾਸ਼ਕਾਰੀ ਸਟਕਸਨੇਟ ਹੈਕ ਬਾਰੇ ਅਧਿਕਾਰੀ ਅਜੇ ਵੀ ਖੁੱਲ੍ਹ ਕੇ ਗੱਲ ਨਹੀਂ ਕਰਦੇ।
ਸਾਲ 2022 ਵਿੱਚ ਵੀ ਇਜ਼ਰਾਇਲ 'ਤੇ ਇਹ ਇਲਜ਼ਾਮ ਲੱਗਾ ਕਿ ਉਸਨੇ ਹੈਕਟਿਵਿਸਟ ਗਰੁੱਪ ਪ੍ਰੀਡੇਟਰੀ ਸਪੈਰੋ ਦੇ ਨਾਮ 'ਤੇ ਈਰਾਨ ਦੇ ਸਟੀਲ ਪਲਾਂਟ ਵਿੱਚ ਤਕਨੀਕੀ ਗੜਬੜ ਪੈਦਾ ਕੀਤੀ।
ਕੋਲੇਂਡਰ ਨੇ ਕਿਹਾ, "ਜੇ ਕੋਈ ਦੇਸ਼ ਖੁੱਲ੍ਹ ਕੇ ਆਪਣੀਆਂ ਸਮਰੱਥਾਵਾਂ ਜਾਂ ਵਿਸ਼ੇਸ਼ ਅਭਿਆਨਾਂ ਦਾ ਵੇਰਵਾ ਦਿੰਦਾ ਹੈ, ਤਾਂ ਉਹ ਅਜਿਹੀ ਤਕਨੀਕ, ਪਹੁੰਚ ਦੇ ਬਿੰਦੂ ਜਾਂ ਖੁਫ਼ੀਆ ਸਰੋਤ ਉਜਾਗਰ ਕਰਨ ਦਾ ਜ਼ੋਖਮ ਚੁੱਕਦਾ ਹੈ ਜਿਨ੍ਹਾਂ ਨੂੰ ਵਿਰੋਧੀ ਜਲਦੀ ਬੰਦ ਕਰ ਸਕਦੇ ਹਨ।"
ਉਨ੍ਹਾਂ ਨੇ ਅੱਗੇ ਕਿਹਾ, "ਸਾਈਬਰ ਜੰਗ ਵਿੱਚ ਕਿਸੇ ਸਮਰੱਥਾ ਦੀ ਅਸਲੀ ਤਾਕਤ ਅਕਸਰ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਦੂਜੀ ਧਿਰ ਨੂੰ ਠੀਕ ਤਰੀਕੇ ਨਾਲ ਪਤਾ ਨਾ ਲੱਗੇ ਕਿ ਇਹ ਕਿਵੇਂ ਕੰਮ ਕਰਦੀ ਹੈ।"
ਇਸਦੇ ਬਾਵਜੂਦ, ਰੌਇਲ ਯੂਨਾਈਟੈੱਡ ਸਰਵਿਸਿਜ਼ ਇੰਸਟੀਚਿਊਟ ਦੀ ਡਾ. ਲੁਈਸ ਮੈਰੀ ਹਿਊਰਲ ਦਾ ਕਹਿਣਾ ਹੈ ਕਿ ਅਮਰੀਕਾ ਜਿੰਨੀ ਜਾਣਕਾਰੀ ਜਨਤਕ ਕਰ ਰਿਹਾ ਹੈ, ਉਸ ਨਾਲ ਉਨ੍ਹਾਂ ਨੂੰ ਕੁਝ ਹੱਦ ਤੱਕ ਹੈਰਾਨੀ ਹੋਈ ਹੈ।
ਪਰ ਉਨ੍ਹਾਂ ਦਾ ਤਰਕ ਹੈ ਕਿ ਇਸ ਜੰਗ ਨੇ ਦਿਖਾਇਆ ਹੈ ਕਿ ਸਾਈਬਰ ਨੂੰ ਰਵਾਇਤੀ ਫੌਜੀ ਕਾਰਵਾਈ ਵਾਂਗ ਹੀ ਚਰਚਾ ਵਿੱਚ ਲਿਆਉਣਾ ਚਾਹੀਦਾ ਹੈ, ਤਾਂ ਜੋ ਸੰਘਰਸ਼ ਨਾਲ ਜੁੜੇ ਨਿਯਮ ਸਪੱਸ਼ਟ ਰਹਿ ਸਕਣ।
ਉਨ੍ਹਾਂ ਨੇ ਕਿਹਾ, "ਇਹ ਸਾਡੇ ਲਈ ਇੱਕ ਮੌਕਾ ਹੈ ਕਿ ਅਸੀਂ ਵੱਡੇ ਪੱਧਰ ਦੇ ਫੌਜੀ ਅਭਿਆਨਾਂ ਅਤੇ ਸੰਕਟ ਦੀਆਂ ਸਥਿਤੀਆਂ ਵਿੱਚ ਸਾਈਬਰ ਤੋਂ ਮਿਲਣ ਵਾਲੇ ਸਮਰਥਨ ਅਤੇ ਰਣਨੀਤਿਕ ਫਾਇਦਿਆਂ 'ਤੇ ਹੋਰ ਜਨਤਕ ਬਹਿਸ ਕਰੀਏ।"
ਉਨ੍ਹਾਂ ਨੇ ਕਿਹਾ, "ਜੇ ਸਾਈਬਰ ਨੂੰ ਹਮਲੇ ਦਾ ਅਟੁੱਟ ਹਿੱਸਾ ਖੁੱਲ੍ਹੇ ਤੌਰ 'ਤੇ ਮੰਨਿਆ ਜਾਵੇ, ਤਾਂ ਇਸ ਨਾਲ ਹਥਿਆਰਬੰਦ ਸੰਘਰਸ਼ ਦੀ ਪਰਿਭਾਸ਼ਾ ਵਰਗੇ ਸਵਾਲ ਹੋਰ ਸਪੱਸ਼ਟ ਹੋ ਸਕਦੇ ਹਨ।"
ਸਾਈਬਰ ਜੰਗ ਵਿੱਚ ਈਰਾਨ ਕਿੱਥੇ ਖੜ੍ਹਾ ਹੈ?

ਤਸਵੀਰ ਸਰੋਤ, AFP via Getty Images
ਇਸ ਜੰਗ ਦਾ ਇੱਕ ਉਲਝਾਉਣ ਵਾਲਾ ਪਹਿਲੂ ਇਹ ਹੈ ਕਿ ਸਾਈਬਰ ਖੇਤਰ ਵਿੱਚ ਈਰਾਨ ਦੀ ਭੂਮਿਕਾ ਅਜੇ ਤੱਕ ਕਾਫ਼ੀ ਹੱਦ ਤੱਕ ਦਿਖਾਈ ਨਹੀਂ ਦਿੱਤੀ ਹੈ।
ਈਰਾਨ ਨੂੰ ਲੰਮੇ ਸਮੇਂ ਤੋਂ ਇੱਕ ਸਮਰੱਥ ਸਾਈਬਰ ਤਾਕਤ ਮੰਨਿਆ ਜਾਂਦਾ ਹੈ। ਪੱਛਮੀ ਸਾਈਬਰ ਸੁਰੱਖਿਆ ਜਗਤ, ਸਰਕਾਰਾਂ ਨਾਲ ਜੁੜੇ ਹੈਕਰਾਂ ਵੱਲੋਂ ਹਮਲਿਆਂ ਲਈ ਤਿਆਰ ਵੀ ਹਨ, ਪਰ ਅਜੇ ਤੱਕ ਗਤੀਵਿਧੀ ਬਹੁਤ ਘੱਟ ਦਿਖਾਈ ਦਿੱਤੀ ਹੈ।
ਇਹ ਮੰਨਣਾ ਮੁਸ਼ਕਿਲ ਲੱਗਦਾ ਹੈ ਕਿ ਇਸ ਜੰਗ ਵਿੱਚ ਈਰਾਨ ਸਾਈਬਰ ਦਾ ਇਸਤੇਮਾਲ ਨਾ ਕਰ ਰਿਹਾ ਹੋਵੇ। ਇਹ ਸੰਭਵ ਹੈ ਕਿ ਜਾਂ ਤਾਂ ਇਜ਼ਰਾਇਲ ਦੇ ਕਥਿਤ ਹਮਲਿਆਂ ਨੇ ਈਰਾਨ ਦੀ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ ਜਾਂ ਫਿਰ ਉਸਦੀ ਤਾਕਤ ਦਾ ਮੁਲਾਂਕਣ ਵਧਾ-ਚੜ੍ਹਾ ਕੇ ਕੀਤਾ ਗਿਆ ਸੀ।
ਈਰਾਨ ਦੀ ਸਾਖ਼ ਪਿਛਲੇ ਹਮਲਿਆਂ ਤੋਂ ਬਣੀ ਹੈ। ਈਰਾਨ ਨੇ ਸਾਲ 2012 ਵਿੱਚ ਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ਖਿਲਾਫ 'ਵਾਈਪਰ' ਮੈਲਵੇਅਰ ਦਾ ਇਸਤੇਮਾਲ ਕਰਕੇ 30,000 ਕੰਪਿਊਟਰ ਤਬਾਹ ਕਰ ਦਿੱਤੇ ਸਨ।
ਬੁੱਧਵਾਰ ਨੂੰ ਖ਼ਬਰ ਆਈ ਕਿ ਈਰਾਨ ਨਾਲ ਜੁੜੇ ਇੱਕ ਹੈਕਿੰਗ ਸਮੂਹ ਹੈਂਡਾਲਾ ਨੇ ਮੈਡੀਕਲ ਟੈਕਨਾਲੋਜੀ ਕੰਪਨੀ ਸਟ੍ਰਾਈਕਰ 'ਤੇ ਤਥਾਕਥਿਤ ਵਾਈਪਰ ਮੈਲਵੇਅਰ ਨਾਲ ਹਮਲਾ ਕੀਤਾ।
ਵਾਈਪਰ ਹਮਲਿਆਂ ਤੋਂ ਇਲਾਵਾ, ਈਰਾਨ 'ਤੇ ਅਹਿਮ ਕੌਮੀ ਢਾਂਚੇ 'ਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਵੀ ਲੱਗੇ ਹਨ ਤਾਂ ਜੋ ਸਰੀਰਕ ਨੁਕਸਾਨ ਪਹੁੰਚਾਇਆ ਜਾ ਸਕੇ।
ਹਿਊਰਲ ਚਿਤਾਵਨੀ ਦਿੰਦੇ ਹਨ ਕਿ ਈਰਾਨ ਦੀ ਹੈਕਰ ਗਰੁੱਪਾਂ ਜ਼ਰੀਏ ਜਵਾਬੀ ਕਾਰਵਾਈ ਕਰਨ ਦੀ ਸਮਰੱਥਾ ਨੂੰ ਘੱਟ ਨਹੀਂ ਸਮਝਣਾ ਚਾਹੀਦਾ।
ਉਨ੍ਹਾਂ ਨੇ ਕਿਹਾ, "ਮੈਂ ਈਰਾਨ ਬਾਰੇ ਜਲਦੀ ਨਤੀਜੇ 'ਤੇ ਨਹੀਂ ਪਹੁੰਚਾਂਗੀ, ਕਿਉਂਕਿ ਅਸੀਂ ਕਾਫੀ ਹੈਕਟਿਵਿਸਟ ਗਤੀਵਿਧੀ ਦੇਖੀ ਹੈ ਅਤੇ ਜਨਤਕ ਰਿਪੋਰਟਾਂ ਵਿੱਚ ਪਹਿਲਾਂ ਵੀ ਦਿਖਾਇਆ ਗਿਆ ਹੈ ਕਿ ਕਦੇ-ਕਦੇ ਦੇਸ਼ ਭਗਤੀ ਦਿਖਾਉਣ ਵਾਲੇ ਹੈਕਰ ਗਰੁੱਪਾਂ ਦੀ ਪਹਿਚਾਣ ਦਾ ਇਸਤੇਮਾਲ ਸਰਕਾਰ ਨਾਲ ਜੁੜੇ ਸਮੂਹਾਂ ਲਈ ਢਾਲ ਵਜੋਂ ਕੀਤਾ ਜਾਂਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)






























