ਕੀ ਮੌਤ ਤੋਂ ਬਾਅਦ ਵੀ ਆਪਣਿਆਂ ਨਾਲ ਗੱਲ ਕਰਵਾਏਗਾ ਏਆਈ, 'ਡੈਥਬੋਟ' ਬਾਰੇ ਕੀ ਕਹਿੰਦੇ ਹਨ ਮਾਹਰ

ਤਸਵੀਰ ਸਰੋਤ, Dr Jenny Kidd
- ਲੇਖਕ, ਐਮੀ ਮੈਕਰਿਲ
- ਰੋਲ, ਬੀਬੀਸੀ ਨਿਊਜ਼
- ਪੜ੍ਹਨ ਦਾ ਸਮਾਂ: 5 ਮਿੰਟ
ਜੇ ਤੁਹਾਡਾ ਕੋਈ ਅਜੀਜ਼ ਇਨਸਾਨ ਮਰ ਜਾਵੇ, ਤਾਂ ਕੀ ਤੁਸੀਂ ਉਸ ਨਾਲ ਗੱਲ ਕਰਨਾ ਜਾਰੀ ਰੱਖਣਾ ਚਾਹੋਗੇ?
ਯਾਦਾਂ ਜਾਂ ਸੇਵ ਕੀਤੇ ਮੈਸੇਜਾਂ ਰਾਹੀਂ ਨਹੀਂ, ਬਲਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਰਾਹੀਂ।
ਜਾਂ ਹੀ, ਏਆਈ ਰਾਹੀਂ ਇੱਕ ਚੈਟਬੋਟ ਤਿਆਰ ਕਰ ਕੇ ਜੋ ਉਸ ਵਿਅਕਤੀ ਦੇ ਟੈਕਸਟ, ਈਮੇਲ ਅਤੇ ਵੌਇਸ ਨੋਟਸ ਦੀ ਵਰਤੋਂ ਕਰਕੇ ਉਸੇ ਦੇ ਲਹਿਜ਼ੇ ਅਤੇ ਅੰਦਾਜ਼ ਵਿੱਚ ਜਵਾਬ ਦੇਵੇ।
ਹੁਣ ਕਈ ਟੈਕਨੋਲੋਜੀ ਕੰਪਨੀਆਂ ਇਸ ਤਰ੍ਹਾਂ ਦੀਆਂ ਸੇਵਾਵਾਂ ਦੇ ਰਹੀਆਂ ਹਨ। ਇਹ ਸੇਵਾਵਾਂ "ਡਿਜੀਟਲ ਆਫਟਰਲਾਈਫ" ਉਦਯੋਗ ਦਾ ਹਿੱਸਾ ਹਨ, ਜਿਸ ਦੀ ਕੀਮਤ 100 ਬਿਲੀਅਨ ਪਾਊਂਡ ਤੋਂ ਵੀ ਵੱਧ ਹੈ। ਕੁਝ ਲੋਕ ਇਸ ਨੂੰ ਆਪਣੇ ਦੁੱਖ ਨਾਲ ਨਜਿੱਠਣ ਦਾ ਤਰੀਕਾ ਮੰਨਦੇ ਹਨ।
ਕਾਰਡਿਫ ਯੂਨੀਵਰਸਿਟੀ ਦੀ ਡਾ. ਜੈਨੀ ਕਿਡ ਨੇ ਇਨ੍ਹਾਂ ਕਥਿਤ "ਡੈਥਬੋਟਸ" ਉੱਤੇ ਰਿਸਰਚ ਦੀ ਅਗਵਾਈ ਕੀਤੀ।

ਤਸਵੀਰ ਸਰੋਤ, Getty Images
ਇਹ ਅਧਿਐਨ ਕੈਂਬ੍ਰਿਜ ਯੂਨੀਵਰਸਿਟੀ ਪ੍ਰੈੱਸ ਦੇ ਜਰਨਲ ਮੈਮੋਰੀ, ਮਾਇੰਡ ਐਂਡ ਮੀਡੀਆ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਹਾਲਾਂਕਿ, ਉਨ੍ਹਾਂ ਨੇ ਇਸ ਦੇ ਨਤੀਜਿਆਂ ਨੂੰ "ਦਿਲਚਸਪ ਵੀ ਅਤੇ ਬੇਚੈਨ ਕਰਨ ਵਾਲੇ ਵੀ" ਦੱਸਿਆ।
ਮਰੇ ਹੋਏ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੋਈ ਨਵੀਂ ਗੱਲ ਨਹੀਂ ਹੈ।
ਸੇਓਂਸ (ਆਤਮਾਵਾਂ ਨੂੰ ਬੁਲਾਉਣ ਦੀਆਂ ਰਸਮਾਂ) ਤੋਂ ਲੈ ਕੇ ਅਧਿਆਤਮਕ ਮਾਧਿਅਮਾਂ ਤੱਕ, ਅਜਿਹੀਆਂ ਪ੍ਰਥਾਵਾਂ ਸਦੀਆਂ ਤੋਂ ਮੌਜੂਦ ਹਨ।
ਪਰ ਜਿਵੇਂ-ਜਿਵੇਂ ਟੈਕਨੋਲੋਜੀ ਅੱਗੇ ਵੱਧ ਰਹੀ ਹੈ, ਏਆਈ ਇਨ੍ਹਾਂ ਨੂੰ ਹੋਰ ਯਕੀਨੀ ਅਤੇ ਕਾਫੀ ਵੱਡੇ ਪੱਧਰ 'ਤੇ ਸੰਭਵ ਬਣਾ ਸਕਦੀ ਹੈ।
2024 ਵਿੱਚ ਜੇਮਸ ਵਲਾਹੋਸ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਹ ਦੁਖਦਾਈ ਖ਼ਬਰ ਮਿਲੀ ਕਿ ਉਨ੍ਹਾਂ ਦੇ ਪਿਤਾ ਕੈਂਸਰ ਕਾਰਨ ਮਰਨ ਵਾਲੇ ਹਨ ਤਾਂ ਉਨ੍ਹਾਂ ਨੇ ਆਪਣੇ ਪਿਤਾ ਦੀ ਆਵਾਜ਼ ਰਿਕਾਰਡ ਕੀਤੀ ਅਤੇ ਇੱਕ ਏਆਈ ਚੈਟਬੋਟ ਬਣਾਇਆ।
ਉਨ੍ਹਾਂ ਨੇ ਦੱਸਿਆ ਕਿ ਆਪਣੇ ਪਿਤਾ ਦੀ ਯਾਦ ਨੂੰ ਜ਼ਿੰਦਾ ਰੱਖਣ ਦਾ ਇਹ ਤਰੀਕਾ ਬਹੁਤ ਖ਼ਾਸ ਸੀ।
ਹਾਲਾਂਕਿ, ਇਸ ਨਾਲ ਉਨ੍ਹਾਂ ਦੀ ਮੌਤ ਦਾ ਦੁੱਖ ਤਾਂ ਖ਼ਤਮ ਨਹੀਂ ਹੋਇਆ, ਪਰ ਉਨ੍ਹਾਂ ਨੇ ਕਿਹਾ, "ਮੇਰੇ ਕੋਲ ਹੁਣ ਇੱਕ ਵਧੀਆ ਇੰਟਰਐਕਟਿਵ ਸੰਗ੍ਰਹਿ ਹੈ ਜਿਸ ਦਾ ਮੈਂ ਸਹਾਰਾ ਲੈ ਸਕਦਾ ਹਾਂ।"
ਵਰਕਪਲੇਸ ਬਰੀਵਮੈਂਟ ਸਹਾਇਤਾ ਸਮੂਹ ਨੇ ਕਿਹਾ ਕਿ ਉਹ ਡੈਥਬੋਟਸ ਦੀ ਵੱਡੇ ਪੱਧਰ 'ਤੇ ਵਰਤੋਂ ਨਹੀਂ ਦੇਖ ਰਹੇ, ਪਰ ਲੋਕਾਂ ਵਿੱਚ ਇਸ ਬਾਰੇ ਜਿਗਿਆਸਾ ਜ਼ਰੂਰ ਹੈ।
ਸੰਸਥਾ ਦੀ ਸੰਸਥਾਪਕ ਜੈਕਲੀਨ ਗਨ ਨੇ ਕਿਹਾ, "ਇਹ ਡੈਥਬੋਟ ਅਤੇ ਏਆਈ ਟੂਲ ਓਨੇ ਹੀ ਚੰਗੇ ਹੁੰਦੇ ਹਨ ਜਿੰਨੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ।"
"ਇਹ ਉਸ ਤਰ੍ਹਾਂ ਨਹੀਂ ਵਧਦੇ ਜਾਂ ਢਲਦੇ ਨਹੀਂ ਹਨ ਜਿਵੇਂ ਦੁੱਖ ਬਦਲਦਾ ਹੈ। ਕੁਝ ਲੋਕਾਂ ਲਈ ਇਹ ਇੱਕ ਸ਼ੁਰੂਆਤੀ ਕਦਮ ਤਾਂ ਹੋ ਸਕਦੇ ਹਨ, ਪਰ ਇਹ ਅੰਤਿਮ ਮੰਜ਼ਿਲ ਨਹੀਂ ਹੋ ਸਕਦੇ। ਦੁੱਖ, ਮੌਤ 'ਤੇ ਮਨੁੱਖੀ ਪ੍ਰਤੀਕਿਰਿਆ ਹੁੰਦੀ ਹੈ ਜੋ ਬਹੁਤ ਨਿੱਜੀ ਹੁੰਦੀ ਹੈ ਅਤੇ ਜਿਸ ਲਈ ਸਮਾਂ, ਸਮਝ ਅਤੇ ਮਨੁੱਖੀ ਸਬੰਧ ਦੀ ਲੋੜ ਹੁੰਦੀ ਹੈ।"
ਕਿੰਗਜ਼ ਕਾਲਜ ਲੰਡਨ ਤੋਂ ਈਵਾ ਨੀਏਟੋ ਮੈਕਅਵੌਏ ਅਤੇ ਕਾਰਡਿਫ ਯੂਨੀਵਰਸਿਟੀ ਤੋਂ ਬੈਥਨ ਜੋਨਜ਼ ਨਾਲ ਕੰਮ ਕਰਦਿਆਂ, ਡਾ. ਕਿਡ ਨੇ ਵੇਖਿਆ ਕਿ ਇਹ ਟੈਕਨੋਲੋਜੀ ਅਸਲ ਵਿੱਚ ਕਿਵੇਂ ਕੰਮ ਕਰਦੀ ਹੈ।
ਉਨ੍ਹਾਂ ਨੇ ਇਹ ਵੀ ਦੇਖਿਆ ਕਿ ਮਰੇ ਹੋਏ ਲੋਕਾਂ ਦੇ ਡਿਜੀਟਲ ਨਿਸ਼ਾਨਾਂ ਦੀ ਵਰਤੋਂ ਕਰਕੇ ਏਆਈ ਸਿਸਟਮ ਉਨ੍ਹਾਂ ਦੀ ਆਵਾਜ਼, ਬੋਲਣ ਦੇ ਢੰਗ ਅਤੇ ਸ਼ਖਸੀਅਤ ਦੀ ਨਕਲ ਕਿਵੇਂ ਕਰਦੇ ਹਨ।
ਹਾਲਾਂਕਿ, ਅਕਸਰ ਇਨ੍ਹਾਂ ਨੂੰ ਸਕੂਨ ਅਤੇ ਜੁੜਾਅ ਦਾ ਸਰੋਤ ਕਹਿ ਕੇ ਪ੍ਰਚਾਰਿਆ ਜਾਂਦਾ ਹੈ, ਪਰ ਰਿਸਰਚ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਯਾਦਾਂ, ਪਛਾਣ ਅਤੇ ਰਿਸ਼ਤਿਆਂ ਦੀ ਇੱਕ ਸਧਾਰਣ ਸਮਝ 'ਤੇ ਆਧਾਰਿਤ ਹਨ।
ਡਾ. ਕਿਡ ਦੀ ਇਸ ਵਿਸ਼ੇ ਵਿੱਚ ਦਿਲਚਸਪੀ ਕੋਵਿਡ ਮਹਾਮਾਰੀ ਦੌਰਾਨ ਸ਼ੁਰੂ ਹੋਈ, ਜਦੋਂ ਸੋਸ਼ਲ ਮੀਡੀਆ 'ਤੇ ਏਆਈ ਨਾਲ ਬਣੀਆਂ ਐਨੀਮੇਟਡ ਤਸਵੀਰਾਂ ਅਚਾਨਕ ਬਹੁਤ ਵੱਧ ਗਈਆਂ।
ਲੋਕ ਆਪਣੇ ਪੁਰਖਿਆਂ ਦੀਆਂ ਪੁਰਾਣੀਆਂ ਤਸਵੀਰਾਂ ਅਪਲੋਡ ਕਰ ਰਹੇ ਸਨ ਅਤੇ ਫਿਰ ਉਹਨਾਂ ਨੂੰ ਅੱਖਾਂ ਝਪਕਦੇ, ਮੁਸਕਰਾਉਂਦੇ ਅਤੇ ਸਿਰ ਹਿਲਾਉਂਦੇ ਦੇਖ ਰਹੇ ਸਨ, ਜਿਵੇਂ ਸੌਫਟਵੇਅਰ ਨੇ ਉਨ੍ਹਾਂ ਨੂੰ "ਦੁਬਾਰਾ ਜ਼ਿੰਦਾ" ਕਰ ਦਿੱਤਾ ਹੋਵੇ।
ਕਿਡ ਨੇ ਕਿਹਾ, "ਇਹ ਚੀਜ਼ਾਂ ਕਾਫੀ ਡਰਾਉਣੀਆਂ ਵੀ ਸਨ, ਪਰ ਨਾਲ ਹੀ ਕਾਫੀ ਦਿਲਚਸਪ ਵੀ। ਅਚਾਨਕ ਇਹ ਹਰ ਜਗ੍ਹਾ ਦਿਖਾਈ ਦੇਣ ਲੱਗੀਆਂ ਅਤੇ ਲੱਖਾਂ ਲੋਕ ਉਨ੍ਹਾਂ ਨੂੰ ਸਾਂਝਾ ਕਰ ਰਹੇ ਸਨ।"
"ਇਸ ਤਰ੍ਹਾਂ ਅਸੀਂ ਏਆਈ ਦੁਆਰਾ 'ਜ਼ਿੰਦਾ ਕਰਨ' ਵਾਲੇ ਕੰਮ ਵਿੱਚ ਦਾਖ਼ਲ ਹੋਏ।"

ਤਸਵੀਰ ਸਰੋਤ, Dr Jenny Kidd
'ਮੇਰੀ ਆਵਾਜ਼ ਆਸਟ੍ਰੇਲੀਆਈ ਲੱਗ ਰਹੀ ਸੀ'
ਟੀਮ ਨੇ ਕੁਝ ਡੈਥਬੋਟ ਪਲੇਟਫਾਰਮਾਂ ਨੂੰ ਖ਼ੁਦ ਆਜ਼ਮਾ ਕੇ ਦੇਖਣ ਦਾ ਫ਼ੈਸਲਾ ਕੀਤਾ ਅਤੇ ਚਾਰ ਵਪਾਰਕ ਪਲੇਟਫਾਰਮਾਂ ਦੀ ਜਾਂਚ ਕੀਤੀ।
ਕਿਡ ਨੇ ਕਿਹਾ, "ਇਸ ਤਰ੍ਹਾਂ ਆਪਣੇ ਆਪ ਨਾਲ ਗੱਲ ਕਰਨਾ ਥੋੜ੍ਹਾ ਅਜੀਬ ਸੀ, ਪਰ ਮੌਜੂਦਾ ਟੈਕਨੋਲੋਜੀ ਦੀਆਂ ਖ਼ਾਮੀਆਂ ਕਾਰਨ ਇਹ ਅਨੁਭਵ ਜ਼ਿਆਦਾ ਸੰਤੁਸ਼ਟ ਕਰਨ ਵਾਲਾ ਨਹੀਂ ਸੀ।"
ਇੱਕ ਪ੍ਰਯੋਗ ਵਿੱਚ ਕਿਡ ਨੇ ਆਪਣੀ ਹੀ ਆਵਾਜ਼ ਦੇ ਡਾਟਾ ਨਾਲ ਇੱਕ ਚੈਟਬੋਟ ਬਣਾਇਆ।
ਉਨ੍ਹਾਂ ਨੇ ਕਿਹਾ, "ਇਹ ਮੇਰੀ ਆਵਾਜ਼ ਮੇਰੀ ਆਵਾਜ਼ ਵਰਗੀ ਨਹੀਂ ਲੱਗਦੀ ਸੀ, ਅਸਲ ਵਿੱਚ ਇਹ ਕੁਝ ਆਸਟ੍ਰੇਲੀਆਈ ਲਹਿਜ਼ੇ ਵਾਂਗ ਲੱਗ ਰਹੀ ਸੀ।"
ਕਿਡ ਮੰਨਦੀ ਹੈ ਕਿ ਟੈਕਨੋਲੋਜੀ ਸਮੇਂ ਨਾਲ ਸੁਧਰੇਗੀ, ਪਰ ਉਹ ਇਸ ਗੱਲ ਨੂੰ ਲੈ ਕੇ ਖਦਸ਼ਾ ਜ਼ਾਹਿਰ ਕਰਦੇ ਹਨ ਕਿ ਕੀ ਇਸਦਾ ਵੱਡਾ ਬਾਜ਼ਾਰ ਬਣੇਗਾ।

ਉਨ੍ਹਾਂ ਨੇ ਕਿਹਾ, "ਮੌਤ ਨਾਲ ਜੁੜੀਆਂ ਸਾਡੇ ਕੋਲ ਪਹਿਲਾਂ ਹੀ ਕਈ ਰਸਮਾਂ ਅਤੇ ਰਵਾਇਤਾਂ ਹਨ। ਇਸ ਖੇਤਰ ਵਿੱਚ ਅਜੇ ਤੱਕ ਕੋਈ ਵੱਡੀ ਟੈਕਨੋਲੋਜੀਕਲ ਕਦਮ ਨਾ ਪੁਟਿਆ ਜਾਣਾ, ਸ਼ਾਇਦ ਇਹ ਦਰਸਾਉਂਦਾ ਹੈ ਕਿ ਇਸ ਲਈ ਵੱਡਾ ਬਾਜ਼ਾਰ ਨਹੀਂ ਹੈ।"
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਡਿਜੀਟਲ ਤੌਰ 'ਤੇ ਦੁਬਾਰਾ ਬਣਾਉਣ, ਤਾਂ ਖੋਜਕਾਰਾਂ ਦੀਆਂ ਮਿਲੀਆਂ-ਜੁਲੀਆਂ ਭਾਵਨਾਵਾਂ ਸਨ।
ਕਿਡ ਨੇ ਕਿਹਾ, "ਮੇਰੀ ਪਹਿਲੀ ਪ੍ਰਤੀਕਿਰਿਆ ਇਹ ਹੈ ਕਿ ਜੇਕਰ ਉਹ ਅਜਿਹਾ ਕਰਨਾ ਚਾਹੁੰਦੇ ਹਨ ਅਤੇ ਇਹ ਸਿਰਫ਼ ਮਜ਼ਾਕੀਆ ਤਰੀਕੇ ਨਾਲ ਹੈ, ਤਾਂ ਠੀਕ ਹੈ।"
"ਪਰ ਜੇ ਭਵਿੱਖ ਵਿੱਚ ਇਹ ਡਿਜੀਟਲ ਸ਼ਖਸੀਅਤ ਬਦਲਣ ਲੱਗੇ, ਉਹ ਗੱਲਾਂ ਕਹੇ ਜੋ ਮੈਂ ਕਦੇ ਨਹੀਂ ਕਹਿੰਦੀ, ਜਾਂ ਉਹ ਵਿਚਾਰ ਰੱਖੇ ਜੋ ਮੇਰੇ ਨਹੀਂ ਹਨ ਅਤੇ ਇਸ ਨਾਲ ਲੋਕਾਂ ਦੀ ਮੇਰੇ ਬਾਰੇ ਅਸਲ ਯਾਦਾਂ ਬਦਲਣ ਲੱਗਣ, ਤਾਂ ਮੈਨੂੰ ਇਸ ਨਾਲ ਵੱਡੀ ਸਮੱਸਿਆ ਹੋਵੇਗੀ।"
ਡਾ. ਨੀਏਟੋ ਮੈਕਅਵੌਏ ਨੇ ਕਿਹਾ ਕਿ ਉਹ ਇਸ ਬਾਰੇ "ਜ਼ਿਆਦਾ ਪਰੇਸ਼ਾਨ ਨਹੀਂ"।
ਉਨ੍ਹਾਂ ਨੇ ਕਿਹਾ, "ਮੈਂ ਬਹੁਤ ਧਾਰਮਿਕ ਨਹੀਂ ਹਾਂ ਅਤੇ ਮਰਨ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਮੇਰੇ ਕੋਲ ਕੋਈ ਮਜ਼ਬੂਤ ਵਿਚਾਰ ਨਹੀਂ ਹਨ। ਜਦੋਂ ਮੈਂ ਮਰ ਜਾਵਾਂਗੀ ਤਾਂ ਕਿਸੇ ਨੂੰ ਕੀ ਫਰਕ ਪੈਣਾ ਹੈ?"
"ਜੇ ਇਹ ਉਨ੍ਹਾਂ ਦੀ ਮਦਦ ਕਰਦਾ ਹੈ ਤਾਂ ਠੀਕ ਹੈ... ਪਰ ਇਸ ਨੂੰ ਗ਼ਲਤ ਵੀ ਸਮਝਿਆ ਜਾ ਸਕਦਾ ਹੈ। ਅਤੇ ਕੀ ਮੈਂ ਚਾਹੁੰਦੀ ਹਾਂ ਕਿ ਮੇਰਾ ਪਰਿਵਾਰ ਇਸ ਸੇਵਾ ਲਈ ਪੈਸੇ ਦੇਵੇ... ਮੈਨੂੰ ਨਹੀਂ ਪਤਾ, ਇਹ ਕਾਫੀ ਜਟਿਲ ਗੱਲ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































